ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਅਗਸਤ
ਇੱਥੋਂ ਦੇ ਸੁੰਦਰ ਨਗਰ ਇਲਾਕੇ ਵਿੱਚ ਇੱਕ ਟੈਂਪੂ ਵਿੱਚੋਂ ਰਾਜਮਾਂਹ ਦੀ ਬੋਰੀ ਚੋਰੀ ਕਰਨ ’ਤੇ ਲੋਕਾਂ ਨੇ ਦੋ ਨੌਜਵਾਨਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇਸ ਦੌਰਾਨ ਇੱਕ ਨੌਜਵਾਨ ਦੇ ਸਿਰ ਦੇ ਕੁਝ ਵਾਲ ਕੱਟ ਕੇ ਦੋਵਾਂ ਨੌਜਵਾਨਾਂ ਦੀ ਪਿੱਠ ’ਤੇ ਸਪਰੇਅ ਨਾਲ ‘ਚੋਰ’ ਲਿਖ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਘਟਨਾ ਸਥਾਨ ’ਤੇ ਪੁੱਜ ਗਈ ਤੇ ਦੋਵਾਂ ਮੁਲਜ਼ਮਾਂ ਨੂੰ ਫੜ ਕੇ ਲੈ ਗਈ। ਟੈਂਪੂ ਚਾਲਕ ਨੇ ਦੱਸਿਆ ਕਿ ਉਹ ਰਾਜਮਾਂਹ ਤੇ ਚੌਲਾਂ ਦੀਆਂ ਬੋਰੀਆਂ ਲੈ ਕੇ ਸਪਲਾਈ ਦੇਣ ਆਇਆ ਸੀ। ਜਦੋਂ ਉਹ ਕਰਿਆਨੇ ਦੀ ਦੁਕਾਨ ’ਚ ਸਾਮਾਨ ਰਖਵਾ ਰਿਹਾ ਸੀ ਤਾਂ ਪਿੱਛਿਓਂ ਦੋ ਜਣੇ ਮੋਟਰਸਾਈਕਲ ’ਤੇ ਆਏ ਤੇ ਉਨ੍ਹਾਂ ਨੇ ਟੈਂਪੂ ’ਚੋਂ ਰਾਜਮਾਂਹ ਦੀ ਬੋਰੀ ਲਾਹ ਕੇ ਆਪਣੇ ਮੋਟਰਸਾਈਕਲ ’ਤੇ ਲੱਦ ਲਈ। ਪਤਾ ਲੱਗਣ ’ਤੇ ਟੈਂਪੂ ਚਾਲਕ ਨੇ ਰੌਲਾ ਪਾ ਦਿੱਤਾ ਤੇ ਲੋਕਾਂ ਨੇ ਚੋਰਾਂ ਨੂੰ ਘੇਰ ਲਿਆ। ਆਲੇ ਦੁਆਲੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਦੀ ਇੰਨੀ ਕੁੱਟਮਾਰ ਕੀਤੀ ਕਿ ਦੋਵਾਂ ਦੇ ਕੱਪੜੇ ਪਾਟ ਗਏ ਤੇ ਉਨ੍ਹਾਂ ਦੇ ਵਾਲ ਕੱਟ ਕੇ ਪਿੱਠ ਉੱਪਰ ਸਪਰੇਅ ਨਾਲ ‘ਚੋਰ’ ਲਿਖ ਦਿੱਤਾ। ਥਾਣਾ ਡਿਵੀਜ਼ਨ ਨੰਬਰ ਅੱਠ ਦੇ ਏਐੱਸਆਈ ਨਿਰਮਲ ਸਿੰਘ ਨੇ ਕਿਹਾ ਕਿ ਦੋਹਾਂ ਨੌਜਵਾਨਾਂ ਦਾ ਮੈਡੀਕਲ ਕਰਵਾਇਆ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ।