ਸੁਰਜੀਤ ਮਜਾਰੀ
ਬੰਗਾ, 3 ਨਵੰਬਰ
ਜ਼ਿੰਦਗੀ ਦਾ ਤੋਰਾ ਤੋਰਨ ਲਈ ਸੁਖਵੀਰ ਕੌਰ ਤੇ ਉਸ ਦੀ ਧੀ ਨਵਜੋਤ ‘ਪਾਨੇ ਗੋਟੀਆਂ’ ਨਾਲ ਸਾਰਾ ਦਿਨ ਦੋ ਪਹੀਆ ਵਾਹਨ ਮੁਰੰਮਤ ਕਰਦੀਆਂ ਹਨ। ਇੱਥੋਂ ਦੇ ਬੱਸ ਅੱਡੇ ਕੋਲ ਇਸ ਕਾਰੋਬਾਰ ’ਚ ਉਹ ਹਿੰਮਤ ਤੇ ਲਗਨ ਦਾ ਮਿਹਨਤੀ ਸੁਮੇਲ ਬਣੀਆਂ ਹਨ। ਕਿਰਤ ਕਮਾਈ ਦੀ ਉਦਾਹਰਣ ਬਣ ਕੇ ਵਿਚਰ ਰਹੀਆਂ ਦੋਵੇਂ ਜਣੀਆਂ ਨੇ ਦਿਲਾਂ ਦੇ ਦਰਦ ਨੂੰ ਕਦੇ ਚਿਹਰਿਆਂ ’ਤੇ ਨਹੀਂ ਆਉਣ ਦਿੱਤਾ। ਪਤੀ ਦੀ ਮੌਤ ਤੋਂ ਬਾਅਦ ਸੁਖਵੀਰ ਕੌਰ ਨੇ ਉਸ ਦੇ ਵਾਹਨ ਮੁਰੰਮਤ ਕਰਨ ਦੇ ਕੰਮ ਨੂੰ ਸੰਭਾਲਿਆ ਤੇ ਉਸ ਦਾ ਹੱਥ ਵਟਾਉਣ ਲਈ ਇਕਲੌਤੀ ਧੀ ਨਵਜੋਤ ਵੀ ਸਹਾਰਾ ਬਣੀ। ਉਹ ਸਵੇਰ ਦੀ ਚਮਕੌਰ ਤੋਂ ਲੈ ਕੇ ਢਲ੍ਹਦੀ ਸ਼ਾਮ ਤੱਕ ਵਾਹਨਾਂ ਦੀ ਕਾਲਫ਼ ਨਾਲ ਲਬਿੜੇ ਹੱਥੀਂ ਜ਼ਿੰਦਗੀ ਸੰਵਾਰ ਰਹੀਆਂ ਹਨ। ਬੰਗਾ ਵਾਸੀ ਸੁਖਵੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੈਂਸਰ ਨਾਲ ਲੰਬਾ ਸਮਾਂ ਪੀੜਤ ਰਿਹਾ ਜਿਸ ਦੇ ਇਲਾਜ ’ਚ ਸਾਰੀ ਕਮਾਈ ਲੱਗ ਗਈ ਅਤੇ ਕਰਜ਼ਾ ਵੀ ਸਿਰ ਚੜ੍ਹ ਗਿਆ। ਇਹ ਗੱਲ ਕਰਦਿਆਂ ਉਸ ਦੀਆਂ ਨਮ ਅੱਖਾਂ ਤੇ ਬੋਲਾਂ ਦਾ ਕੰਬਣ ਹਲਾਤਾਂ ਦੀ ਮੰਦੀ ਆਪ ਮੁਹਾਰੇ ਬਿਆਨ ਗਈਆਂ। ਉਸ ਨੇ ਕਿਹਾ ਕਿ ਉਹ ਦੋਵੇਂ ਗੁਜ਼ਾਰੇ ਜੋਗਾ ਕੰਮ ਕਰਨ ਦੇ ਨਾਲ ਕੰਮ ਦੀਆਂ ਬਰੀਕੀਆਂ ਦਾ ਹੋਰ ਤਜਰਬਾ ਵੀ ਹਾਸਲ ਕਰ ਰਹੀਆਂ ਹਨ। ਉਨ੍ਹਾਂ ਥੋੜ੍ਹਾ ਸਪੇਅਰ ਪਾਰਟ ਦਾ ਸਾਮਾਨ ਵੀ ਰੱਖਿਆ ਹੋਇਆ ਹੈ। ਆਪਣੀ ਮਾਂ ਨਾਲ ਕੰਮ ’ਚ ਹੱਥ ਵਟਾ ਰਹੀ ਧੀ ਨਵਜੋਤ ਦਾ ਕਹਿਣਾ ਸੀ ਕਿ ਉਹ ਆਪਣੀ ਮਾਂ ਦੇ ਹਰ ਦੁੱਖ ਸੁੱਖ ’ਚ ਮੁੰਡਿਆਂ ਤੋਂ ਵੱਧ ਕੇ ਖੜ੍ਹੀ ਹੈ ਅਤੇ ਪਿਤਾ ਦੇ ਤੁਰ ਜਾਣ ਤੋਂ ਬਾਅਦ ਮਾਂ ਦੇ ਦਰਦ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀ ਹੈ। ਬਹਿ ਕੇ ਘਰ ਦਾ ਕੰਮ ਕਰਨ ਵਾਲੀ ਉਮਰ ’ਚ ਸੁਖਵੀਰ ਕੌਰ ਅਤੇ ਸਕੂਲ ਜਾਣ ਵਾਲੀ ਉਮਰ ’ਚ ਨਵਜੋਤ ਸਮਾਜ ਅੰਦਰ ਮਹਿਲਾ ਸ਼ਕਤੀਕਰਨ ਵਜੋਂ ਵੀ ਵੱਡੀ ਪ੍ਰੇਰਨਾ ਹੈ।
ਸਰਕਾਰੀ ਵਸੀਲਾ ਬਣਾਉਣ ਦੀ ਮੰਗ
ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਂ ਧੀ ਸਰਕਾਰੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਕਿਰਤੀ ਭਾਵਨਾ ਨੂੰ ਸਿਜਦਾ ਕਰਦਿਆਂ ਅਤੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣਨ ਵਜੋਂ ਸਮਾਜਿਕ ਸੰਸਥਾਵਾਂ ਨੂੰ ਵੀ ਇਨ੍ਹ੍ਵਾਂ ਦੀ ਆਰਥਿਕ ਸਹਾਰੇ ਵਜੋਂ ਬਣਦੇ ਫ਼ਰਜ ਨਿਭਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਵਿਸ਼ਵਕਰਮਾ ਦਿਵਸ ਮੌਕੇ ਮਾਂ-ਧੀ ਦਾ ‘ਕਿਰਤ ਦੀਆਂ ਧਨੀ’ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਜਦੋਂ ਇਸ ਸਬੰਧੀ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਕਿਹਾ ਕਿ ਉਹ ਇਸ ਮਾਂ ਧੀ ਹਰ ਸੰਭਵ ਮੱਦਦ ਲਈ ਪੰਜਾਬ ਸਰਕਾਰ ਨੂੰ ਇਸ ਸਬੰਧੀ ਲਿਖਤੀ ਅਪੀਲ ਕਰਨਗੇ।