ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 16 ਨਵੰਬਰ
ਇਥੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਤ ਵਾਤਾਵਰਨ, ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੇ ਪੱਧਰ ’ਤੇ ਕੰਮ ਕਰ ਰਹੀ ਸੰਸਥਾ ‘ਨਰੋਆ ਪੰਜਾਬ’ ਵਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਤਹਿਤ ਪਿੰਡ ਜਾਡਲਾ ਵਿੱਚ ਕਰਵਾਇਆ ਗਿਆ ‘ਹਿੰਦ ਕੇਸਰੀ ਕੁਸ਼ਤੀ ਦੰਗਲ’ ਲੋਕਾਂ ਦੇ ਰਿਕਾਰਡ ਤੋੜ ਇਕੱਠ ਨਾਲ ਇਤਿਹਾਸਕ ਹੋ ਨਿੱਬੜਿਆ। ‘ਨਰੋਆ ਪੰਜਾਬ’ ਸੰਸਥਾ ਵੱਲੋਂ ਸ਼ਹੀਦ ਬਾਬਾ ਭੋਜ ਸਿੰਘ ਯਾਦਗਾਰੀ ਕਮੇਟੀ, ਆਲ ਇੰਡੀਆ ਰੁਸਤਮ-ਏ-ਹਿੰਦ ਰੈਸਲਿੰਗ ਵੈੱਲਫੇਅਰ ਐਸੋਸੀਏਸ਼ਨ ਅਤੇ ਪਹਿਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਦੇ ਸਹਿਯੋਗ ਨਾਲ ਕਰਵਾਏ ਇਸ ਕੁਸ਼ਤੀ ਦੰਗਲ ਵਿੱਚ 300 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਕੁਸ਼ਤੀਆਂ ਦੌਰਾਨ ਭੁਪਿੰਦਰ ਅਜਨਾਲਾ ਨੇ ਗੁਰਮੀਤ ਦਿੱਲੀ ਨੂੰ ਹਰਾ ਕੇ ‘ਹਿੰਦ ਕੇਸਰੀ’ ਦਾ ਖਿਤਾਬ ਜਿੱਤਿਆ। ਪ੍ਰਿਤਪਾਲ ਫਗਵਾੜਾ ਨੇ ਬੱਗਾ ਕੁਹਾਲੀ ਨੂੰ ਹਰਾ ਕੇ ‘ਭਾਰਤ ਕੇਸਰੀ’, ਕੀਰਤੀ ਬਾਹੜੋਵਾਲ ਨੇ ਦੀਪਕ ਹਰਿਆਣਾ ਨੂੰ ਹਰਾ ਕੇ ‘ਭਾਰਤ ਕੁਮਾਰ’, ਸੋਨੂੰ ਕਾਂਗੜਾ ਨੇ ਸੁੱਖਾ ਰਾਜਸਥਾਨ ਨੂੰ ਹਰਾ ਕੇ ‘ਹਿੰਦ ਕੁਮਾਰ’, ਬਲਕਾਰ ਲੱਲੀਆਂ ਨੇ ਜਸਬੀਰ ਫਗਵਾੜਾ ਨੂੰ ਹਰਾ ਕੇ ‘ਪੰਜਾਬ ਕੁਮਾਰ’ ਅਤੇ ਰਵਿੰਦਰ ਜਾਡਲਾ ਨੇ ਅਮਨ ਫਗਵਾੜਾ ਨੂੰ ਹਰਾ ਕੇ ‘ਪੰਜਾਬ ਕੇਸਰੀ’ ਜਾ ਖਿਤਾਬ ਜਿੱਤਿਆ। ਇਸ ਮੌਕੇ ਸ੍ਰੀ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਖੇਡਾਂ ਵਿੱਚ ਪਾਏ ਯੋਗਦਾਨ ਕਰ ਕੇ ‘ਸ਼ਾਨ-ਏ-ਪੰਜਾਬ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਹਿਲਵਾਨਾਂ ਨੂੰ ਲਗਪੱਗ 8 ਲੱਖ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਗਏ। ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਨੇ ਇਹ ਦੰਗਲ ਸਫ਼ਲਤਾ ਪੂਰਵਕ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਇਸ ਲੜੀ ਨੂੰ ਇਸੇ ਤਰ੍ਹਾਂ ਅੱਗੇ ਤੋਰਨ ਦਾ ਵੀ ਵਾਅਦਾ ਕੀਤਾ। ਪਹਿਲਵਾਨ ਭੁਪਿੰਦਰ ਪਾਲ ਜਾਡਲਾ ਨੇ ਸਮੁੱਚੇ ਪ੍ਰਬੰਧਾਂ ਲਈ ‘ਨਰੋਆ ਪੰਜਾਬ’ ਟੀਮ ਦਾ ਧੰਨਵਾਦ ਕੀਤਾ।