ਪੱਤਰ ਪ੍ਰੇਰਕ
ਮਾਨਸਰ, 14 ਅਗਸਤ
ਸੰਯੁਕਤ ਕਿਸਾਨ ਮੋਰਚਾ ਇਕਾਈ ਮੁਕੇਰੀਆਂ ਵੱਲੋਂ ਅੱਜ ਭੰਗਾਲਾ ’ਚ ‘ਜੈ ਜਵਾਨ ਜੈ ਕਿਸਾਨ’ ਕਨਵੈਨਸ਼ਨ ਕਰਵਾਈ ਗਈ, ਜਿਸ ਵਿੱਚ ਕਿਸਾਨਾਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਮੁੱਖ ਬੁਲਾਰੇ ਪ੍ਰਿੰਸੀਪਲ ਜਨਮੀਤ ਸਿੰਘ ਤੇ ਮਾਸਟਰ ਯੋਧ ਸਿੰਘ ਨੇ ਸੰਬੋਧਨ ਕਰਦਿਆਂ ਮਜ਼ਦੂਰਾਂ, ਖੇਤ ਕਾਮਿਆਂ ਤੇ ਹੋਰ ਮਿਹਨਤੀ ਵਰਗਾਂ ਦੀ ਮਹਿੰਗਾਈ ਤੇ ਬੇਕਾਰੀ ਕਾਰਨ ਹੋ ਰਹੀਂ ਮੰਦਹਾਲੀ, ਕਿਸਾਨੀ ਸੰਕਟ, ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ ਤੇ ਬਿਜਲੀ ਸੋਧ ਬਿੱਲ ਦਾ ਜ਼ਿਕਰ ਕਰਦਿਆਂ ਸਮੂਹ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਫਿਰਕੂ ਏਜੰਡੇ ਨੂੰ ਭਾਂਜ ਦੇਣ ਲਈ ਸਾਂਝੇ ਸੰਘਰਸ਼ਾਂ ਦੀ ਉਸਾਰੀ ਕਰਨ। ਧਰਮਿੰਦਰ ਸਿੰਘ ਸਿੰਬਲੀ ਜਰਨਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਕਿਹਾ ਕਿ ਅਗਨੀਪਥ ਯੋਜਨਾ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਵਿਰੋਧ ਕਾਰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਉਸੇ ਤਰ੍ਹਾਂ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਘੋਲ ਦੇ ਨਾਲ ਅਗਨੀਪਥ ਯੋਜਨਾ ਵਰਗੀ ਸਕੀਮ ਨੂੰ ਰੱਦ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਸਕੀਮ ਰੱਦ ਕੀਤੀ ਜਾਵੇ ਤੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਇਸ ਮੌਕੇ ਵਿਜੈ ਕੁਮਾਰ ਬਹਬਿਲਮੰਜ, ਅਵਤਾਰ ਸਿੰਘ ਬੋਬੀ, ਬਲਜੀਤ ਸਿੰਘ ਛੰਨੀਨੰਦ ਸਿੰਘ, ਮਾਸਟਰ ਸਵਰਨ ਸਿੰਘ, ਕਿਰਨਜੀਤ ਸਿੰਘ, ਬਲਕਾਰ ਸਿੰਘ ਮੱਲ੍ਹੀ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਨਿਸ਼ਾ ਸੈਣੀ ਤੇ ਗਿਆਨ ਸਿੰਘ ਗੁਪਤਾ ਆਦਿ ਹਾਜ਼ਰ ਸਨ।