ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 13 ਨਵੰਬਰ
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀ ਸੰਸਥਾ ‘ਨਰੋਆ ਪੰਜਾਬ’ ਵੱਲੋਂ ਆਰੰਭੀ ‘ਉੱਡਦਾ ਪੰਜਾਬ’ ਮੁਹਿੰਮ ਤਹਿਤ ਪਿੰਡ ਜਾਡਲਾ ਵਿਚ 15 ਨਵੰਬਰ ਨੂੰ ਕੁਸ਼ਤੀਆਂ ਦਾ ਮਹਾਂ ਕੁੰਭ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ‘ਨਰੋਆ ਪੰਜਾਬ’ ਸੰਸਥਾ ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਨੇ ਦੱਸਿਆ ਕਿ ਕੁਸ਼ਤੀਆਂ ਵਿੱਚ ‘ਹਿੰਦ ਕੇਸਰੀ’, ‘ਭਾਰਤ ਕੇਸਰੀ’, ‘ਪੰਜਾਬ ਕੁਮਾਰ’, ‘ਸਿਤਾਰੇ ਪੰਜਾਬ’ ਅਤੇ ‘ਸਿਤਾਰੇ ਹਿੰਦ’ ਆਦਿ ਦੇ ਖਿਤਾਬਾਂ ਲਈ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਸ੍ਰੀ ਹੁਸੈਨਪੁਰ ਨੇ ਦੱਸਿਆ ਕਿ ਇਹ ਕੁਸ਼ਤੀ ਮੁਕਾਬਲੇ ਪਿੰਡ ਦੇ ਖੇਡ ਕਲੱਬ ਅਤੇ ਰੁਸਤਮੇ ਹਿੰਦ ਰੈਸਲਿੰਗ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੌਲਤਪੁਰ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫੁਟਬਾਲ ਟੂਰਨਾਮੈਂਟ, ਰਾਹੋਂ ਵਾਸੀਆਂ ਦੇ ਸਹਿਯੋਗ ਨਾਲ ਰਾਹੋਂ ਵਿਚ ਕ੍ਰਿਕਟ ਟੂਰਨਾਮੈਂਟ ਅਤੇ ਪਿੰਡ ਹੁਸੈਨਪੁਰ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਲਈ ਉਨ੍ਹਾਂ ਦੀ ਸੰਸਥਾ ਭਰਪੂਰ ਹੰਭਲੇ ਮਾਰੇਗੀ, ਤਾਂ ਜੋ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਿਆ ਜਾ ਸਕੇ ਅਤੇ ਉਹ ਸਮਾਜ ਦੇ ਵਿਕਾਸ ਵਿੱਚ ਭਰਪੂਰ ਯੋਗਦਾਨ ਪਾ ਸਕਣ।