ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 22 ਅਕਤੂਬਰ
ਲੰਬੇ ਸਮੇਂ ਬਾਅਦ ‘ਆਪ’ ਸਰਕਾਰ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਇਕ ਵਾਰ ਫਿਰ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਆਜ਼ਾਦ ਕੌਂਸਲਰ ਦਵਿੰਦਰ ਰੌਣੀ ਨੂੰ ਦੋ ਵਿਅਕਤੀਆਂ ਸਣੇ ਨਾਜਾਇਜ਼ ਮਾਈਨਿੰਗ, ਵਸੂਲੀ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਹੈ। ਬਿਲਗਾ ਥਾਣਾ ਪੁਲੀਸ ਨੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਹਰਦੀਪ ਕੁਮਾਰ ਦੀ ਸ਼ਿਕਾਇਤ ’ਤੇ ਇਸ ਮਾਮਲੇ ’ਚ ਕੇਸ ਦਰਜ ਕੀਤਾ ਹੈ।
ਦਰਜ ਕੀਤੇ ਗਏ ਕੇਸ ਵਿੱਚ ਰੌਣੀ ’ਤੇ ਉਸ ਦੇ ਨਾਲ ਦੋ ਵਿਅਕਤੀਆਂ ’ਤੇ ਤਲਵੰਡੀ ਨੌਬਾਦ ਬੁਰਜ ਹਸਨ ਖੱਡ ਤੋਂ ਬੋਲੈਰੋ ਗੱਡੀ ਨੰਬਰ ਪੀ. ਬੀ. -08 ਡੀ. ਵਾਈ. 8330 ਵਿੱਚ ਸਵਾਰ ਹੋ ਕੇ ਰੇਤੇ ਦੀਆਂ ਪਰਚੀਆਂ ਕੱਟ ਕੇ ਜਬਰੀ ਜ਼ਿਆਦਾ ਵਸੂਲੀ ਕਰਨ ਦੇ ਦੋਸ਼ ਲਾਏ ਗਏ ਹਨ। ਦਵਿੰਦਰ ਰੌਣੀ ਜਲੰਧਰ ਦੇ 66 ਨੰ. ਵਾਰਡ ਤੋਂ ਆਜ਼ਾਦ ਕੌਂਸਲਰ ਬਣੇ ਸੀ ਤੇ ਬਾਅਦ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਲਾਕੇ ਦੇ ਲੋਕਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਨਾਜਾਇਜ਼ ਮਾਈਨਿੰਗ, ਵਸੂਲੀ ਬਾਰੇ ਸ਼ਿਕਾਇਤਾਂ ਕੀਤੀਆਂ ਸੀ ਤਾਂ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਹਰਦੀਪ ਕੁਮਾਰ ਨੇ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਵਾ ਕੇ ਕਾਰਵਾਈ ਕਰਵਾਈ ਹੈ।
ਹਰਦੀਪ ਕੁਮਾਰ ਮੁਤਾਬਕ ਸਰਕਾਰੀ ਖੱਡ ਤੋਂ ਰੇਤ ਲਿਆਉਣ ਵਾਲੀਆਂ ਟਰਾਲੀਆਂ, ਟਿੱਪਰਾਂ ਤੋਂ ਵਸੂਲੀ ਕੀਤੀ ਜਾ ਰਹੀ ਸੀ। ਮਾਈਨਿੰਗ ਇੰਸਪੈਕਟਰ ਨੇ ਮੌਕੇ ’ਤੇ ਦਰਿਆ ਦੀ ਖੱਡ ਕੋਲ ਹੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਟਰੈਕਟਰ-ਟਰਾਲੀਆਂ ਦੀ ਘੇਰਾਬੰਦੀ ਕਰਵਾਈ ਸੀ ਤਾਂ ਥਾਣਾ ਬਿਲਗਾ ਦੀ ਪੁਲੀਸ ਸੱਦ ਕੇ ਰੌਣੀ ਸਮੇਤ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਤਿੰਨਾਂ ਖ਼ਿਲਾਫ ਧਾਰਾ 383/34 ਆਈ.ਪੀ.ਸੀ. ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਰੌਣੀ ਤੋਂ ਇਲਾਵਾ ਅਮਨਦੀਪ ਸਿੰਘ ਤੇ ਹਰਜੀਤ ਸਿੰਘ ’ਤੇ ਵੀ ਕੇਸ ਦਰਜ ਕੀਤਾ ਹੈ। ਉੱਧਰ, ਥਾਣਾ ਬਿਲਗਾ ਦੇ ਐੱਸ.ਆਈ. ਮਹਿੰਦਰ ਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।