ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 25 ਜੂਨ
ਕਰਤਾਰਪੁਰ-ਕਪੂਰਥਲਾ ਸੜਕ ’ਤੇ ਪਿੰਡ ਦਿੱਤੂ ਨੰਗਲ ਵਿੱਚ ਸੜਕ ਕਿਨਾਰੇ ਬਣੀਆਂ ਲਗਪਗ ਪੈਂਤੀ ਝੁੱਗੀਆਂ ਅੱਗ ਲੱਗਣ ਨਾਲ ਸੜ ਗਈਆਂ। ਅੱਗ ਲੱਗਣ ਕਾਰਨ ਝੁੱਗੀਆਂ ਵਿਚ ਪਿਆ ਕੀਮਤੀ ਸਾਮਾਨ ਅਤੇ ਨਗਦੀ ਸੜ ਗਈ। ਇਸੇ ਦੌਰਾਨ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਤ੍ਰਾਸਦੀ ਇਹ ਰਹੀ ਕਿ ਕਰਤਾਰਪੁਰ ਫਾਇਰ ਸਟੇਸ਼ਨ ਦੇ ਅਮਲੇ ਵੱਲੋਂ ਅੱਗ ’ਤੇ ਕਾਬੂ ਪਾਉਣ ਮੌਕੇ ਆਈਆਂ ਦੋ ਗੱਡੀਆਂ ਦਾ ਪਾਣੀ ਮੁੱਕ ਗਿਆ ਅਤੇ ਨੇੜਲੇ ਜ਼ਿਲ੍ਹਾ ਕਪੂਰਥਲਾ ਤੋਂ ਆਈ ਗੱਡੀ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦਵਿੰਦਰ ਕੁਮਾਰ ਨੇ ਦੱਸਿਆ ਕਿ ਝੁੱਗੀਆਂ ਵਿਚ ਰਹਿਣ ਵਾਲੇ ਸਾਰੇ ਵਿਅਕਤੀ ਆਪਣੇ ਕੰਮਾਂ ’ਤੇ ਗਏ ਸਨ ਤੇ ਝੁੱਗੀਆਂ ਵਿੱਚ ਛੋਟੇ ਬੱਚੇ ਹੀ ਮੌਜੂਦ ਸਨ ਤੇ ਇਨ੍ਹਾਂ ਬੱਚਿਆਂ ਦਾ ਬਚਾਅ ਹੋ ਗਿਆ ਨਹੀਂ ਤਾਂ ਵੱਡੀ ਤ੍ਰਾਸਦੀ ਵਾਪਰ ਸਕਦੀ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਝੁੱਗੀਆਂ ਵਿਚ ਪਿਆ ਸਾਮਾਨ, ਨਕਦੀ ਅਤੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਝੁੱਗੀਆਂ ਦੇ ਪਿਛਲੇ ਪਾਸੇ ਝੁੱਗੀਆਂ ਨੂੰ ਤੋੜਨ ਦੀ ਕਥਿਤ ਕੋਸ਼ਿਸ਼ ਕੀਤੀ ਗਈ ਸੀ। ਮਾਮਲਾ ਪੁਲੀਸ ਕੋਲ ਪਹੁੰਚਣ ਉਪਰੰਤ ਦੋਹਾਂ ਧਿਰਾਂ ਨੂੰ ਬੁਲਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਅਤੇ ਐੱਸਐੱਸਪੀ ਦਿਹਾਤੀ ਜਲੰਧਰ ਤੋਂ ਮੰਗ ਕੀਤੀ ਕਿ ਝੁੱਗੀਆਂ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਕੇ ਕਾਰਵਾਈ ਕੀਤੀ ਜਾਵੇ ਅਤੇ ਪੀੜਤਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ।