ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 7 ਅਕਤੂਬਰ
ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਪੁਲੀਸ ਪਾਰਟੀ 30 ਲੱਖ ਰੁਪਏ ਦੀ ਹਵਾਲਾ ਰਕਮ ਸਣੇ ਇੱਕ ਜਣੇ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਕਪਤਾਨ (ਜਾਂਚ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਅੱਜ ਥਾਣਾ ਮਕਸੂਦਾਂ ਦੇ ਏਰੀਆ ਤੋਂ ਚੈਕਿੰਗ ਦੌਰਾਨ ਐਕਟਿਵਾ ਸਵਾਰ ਨਵੀਨ ਨਿਸ਼ਚਰ ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਉਸ ਦੀ ਐਕਟਿਵਾ ਦੀ ਡਿੱਗੀ ਵਿੱਚੋਂ 30 ਲੱਖ ਰੁਪਏ ਨਗਦੀ ਬਰਾਮਦ ਹੋਈ। ਇਸ ਸਬੰਧੀ ਨਵੀਨ ਨਿਸ਼ਚਰ ਕੋਈ ਵੀ ਪੁਖਤਾ ਸਬੂਤ ਜਾਂ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਇਸ ’ਤੇ ਇਨਫੋਰਸਮੈਂਟ ਡਿਪਾਰਟਮੈਂਟ ਨਾਲ ਰਾਬਤਾ ਕਾਇਮ ਕਰ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਅੱਠ ਜੁਆਰੀਏ 63,050 ਰੁਪਏ ਨਗਦੀ ਸਣੇ ਕਾਬੂ
ਆਦਮਪੁਰ ਦੋਆਬਾ(ਜਲੰਧਰ) (ਪੱਤਰ ਪ੍ਰੇਰਕ): ਜਲੰਧਰ ਪੁਲੀਸ ਦੀ ਸੀਆਈਏ ਸਟਾਫ ਵੱਲੋਂ ਆਬਾਦਪੁਰਾ ਮੁਹੱਲੇ ਵਿਚ ਛਾਪਾ ਮਾਰ ਕੇ 8 ਜੁਆਰੀਆਂ ਨੂੰ 63,050 ਰੁਪਏ ਸਣੇ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੇ ਮੁਖੀ ਅਸ਼ੋਕ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਆਬਾਦਪੁਰ ਦੇ ਵਾਸੀ ਅਸ਼ਵਨੀ ਕੁਮਾਰ ਦੇ ਘਰ ਵਿਚ ਜੂਆ ਖੇਡਿਆ ਜਾ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀਸੀਪੀ ਜਸਕਿਰਨ ਸਿੰਘ ਤੇਜਾ ਤੇ ਸੀਆਈਏ ਸਟਾਫ ਦੇ ਮੁਖੀ ਅਸ਼ੋਕ ਕੁਮਾਰ ਨੇ ਪੁਲੀਸ ਟੀਮ ਨਾਲ ਰਾਤ 2.30 ਵਜੇ ਦੇ ਕਰੀਬ ਅਸ਼ਵਨੀ ਕੁਮਾਰ ਦੇ ਘਰ ਛਾਪਾ ਮਾਰਿਆ। ਪੁਲੀਸ ਨੇ ਉੱਥੋ ਅੱਠ ਜੁਆਰੀਆਂ ਨੂੰ ਕਾਬੂ ਕੀਤਾ ਗਿਆ ਤੇ ਉਨ੍ਹਾਂ ਕੋਲੋਂ 63,050 ਰੁਪਏ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪਛਾਣ ਅਰਸ਼ ਥਾਪਰ ਵਾਸੀ ਬਸਤੀ ਦਾਨਿਸ਼ਮੰਦਾ, ਅਸ਼ਵਨੀ ਕੁਮਾਰ ਵਾਸੀ ਅਬਾਦਪੁਰਾ, ਹਰਦੀਪ ਕੁਮਾਰ ਵਾਸੀ ਬਸਤੀ ਦਾਨਿਸ਼ਮੰਦਾ, ਮਨਿੰਦਰ ਸਿੰਘ ਵਾਸੀ ਉਜਾਲਾ ਨਗਰ, ਅਮਿਤ ਕੁਮਾਰ ਵਾਸੀ ਸੁਰਾਜਗੰਜ, ਸੁਸ਼ੀਲ ਕੁਮਾਰ ਵਾਸੀ ਮਖਦੂਮਪੁਰਾ, ਸੰਜੀਵ ਕੁਮਾਰ ਵਾਸੀ ਨਿਊ ਸੁਰਾਜਗੰਜ ਅਤੇ ਦੀਪਕ ਕੁਮਾਰ ਵਾਸੀ ਅਬਾਦਪੁਰਾ ਵਜੋਂ ਹੋਈ ਹੈ। ਪੁਲੀਸ ਨੇ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।