ਜਸਬੀਰ ਸਿੰਘ ਚਾਨਾ
ਫਗਵਾੜਾ, 16 ਜੁਲਾਈ
ਅਤਿ ਦੀ ਗਰਮੀ ਕਾਰਨ ਬੰਗਾ ਰੋਡ ’ਤੇ ਸਥਿਤ ਬਿਜਲੀ ਘਰ ’ਚ ਸਮੱਸਿਆ ਆਉਣ ਕਾਰਨ ਕਰੀਬ 25 ਘੰਟੇ ਫਗਵਾੜਾ ਸ਼ਹਿਰ ਦੀ ਸਪਲਾਈ ਬੰਦ ਰਹੀ ਜਿਸ ਕਾਰਨ ਬੀਤੀ ਅੱਧੀ ਰਾਤ ਕਈ ਲੋਕਾਂ ਨੂੰ ਬੰਗਾ ਰੋਡ ਬਿਜਲੀ ਘਰ ਅੱਗੇ ਪੁੱਜ ਕੇ ਮੁਜ਼ਾਹਰਾ ਕਰਨਾ ਪਿਆ। ਲੋਕਾਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜੁਆਬ ਨਹੀਂ ਮਿਲਿਆ ਤੇ ਆਨਲਾਈਨ ਸ਼ਿਕਾਇਤਘਰ ਵਿਚੋਂ ਵੀ ਸਹੀ ਜਵਾਬ ਨਹੀਂ ਮਿਲਿਆ। ਲੰਬੇ ਕੱਟਾਂ ਕਾਰਨ ਇਨਵਰਟਰ ਵੀ ਜੁਆਬ ਦੇ ਗਏ ਤੇ ਕਈ ਇਲਾਕਿਆਂ ’ਚ ਲੋਕ ਪਾਣੀ ਤੋਂ ਵੀ ਵਾਂਝੇ ਰਹੇ।
ਜਾਣਕਾਰੀ ਅਨੁਸਾਰ ਬਿਜਲੀ ਦੀ ਸਪਲਾਈ ਕਰੀਬ 12.30 ਵਜੇ ਤੋਂ ਬਾਅਦ ਕਈ ਇਲਾਕਿਆਂ ’ਚ ਬੰਦ ਹੋ ਗਈ ਤੇ ਇਹ ਸਪਲਾਈ ਮੁੜ ਬਹਾਲ ਨਹੀਂ ਹੋਈ ਤੇ ਰਾਤ ਸਮੇਂ ਤੱਕ ਲੋਕਾਂ ਦੇ ਇਨਵਰਟਰ ਜੁਆਬ ਦੇ ਗਏ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਫੋਨ ਨਾ ਚੁੱਕਣ ਤੇ ਠੋਸ ਜੁਆਬ ਨਾ ਦੇਣ ਤੋਂ ਬਾਅਦ ਕੁੱਝ ਇਲਾਕਿਆਂ ਦੇ ਲੋਕ ਬੰਗਾ ਰੋਡ ਬਿਜਲੀ ਘਰ ਵਿਖੇ ਪੁੱਜ ਗਏ। ਲੋਕਾਂ ਨੇ ਬਿਜਲੀ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦਿਆਂਕਿਹਾ ਕਿ ਉਨ੍ਹਾਂ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ। ਸੂਚਨਾ ਮਿਲਦੇ ਸਾਰ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਤੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕੀਤਾ। ਉੱਧਰ ਬਿਜਲੀ ਵਿਭਾਗ ਦੇ ਜੇ.ਈ ਅਮਰਦੀਪ ਸਿੰਘ ਵਿਰਦੀ ਨੇ ਦੱਸਿਆ ਕਿ ਗਰਿੱਡ ਦੀ ਬਸਬਾਰ ਫ਼ਲੈਸ਼ ਹੋ ਗਈ ਜਿਸ ਕਾਰਨ ਬਹੁਤ ਘੱਟ ਸਪਲਾਈ ਇੱਕ ਸਾਈਡ ਦੀ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਖਰੇ ਵੱਖਰੇ ਇਲਾਕਿਆਂ ਵਿਚ ਸਪਲਾਈ ਚਲਾਈ ਗਈ। ਉੱਧਰ ਬਿਜਲੀ ਬੰਦ ਹੋਣ ਕਾਰਨ ਅੱਜ ਲੋਕਾਂ ਦੇ ਕੰਮਕਾਜ ਵੀ ਪ੍ਰਭਾਵਿਤ ਹੋਏ ਜਿਸ ਨਾਲ ਮਹਿਲਾਵਾਂ ਨੂੰ ਵੀ ਘਰਾਂ ਦੇ ਕੰਮ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਕਰੀਬ 25 ਘੰਟੇ ਬਾਅਦ ਚਾਲੂ ਹੋਈ ਬਿਜਲੀ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।