ਦਲੇਰ ਸਿੰਘ ਚੀਮਾ
ਭੁਲੱਥ, 3 ਜੁਲਾਈ
ਸੀਨੀਅਰ ਪੁਲੀਸ ਕਪਤਾਨ ਕਪੂਰਥਲਾ ਰਾਜਬਚਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲੀਸ ਨੇ ਰਮੀਦੀ ਪਿੰਡ ਤੋਂ 20 ਨੌਜਵਾਨਾਂ ਨੂੰ ਛੁਡਵਾ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਪਰਮਜੀਤ ਸਿੰਘ ਚੰਦੀ ਦੀ ਸ਼ਿਕਾਇਤ ’ਤੇ ਥਾਣਾ ਸੁਭਾਨਪੁਰ ਦੀ ਪੁਲੀਸ ਨੇ ਨਸ਼ਾ ਛੁਡਾਉੂ ਕੇਂਦਰ ’ਤੇ ਛਾਪਾ ਮਾਰ ਕੇ ਕੇਂਦਰ ਦੇ ਸੰਚਾਲਕ ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰਕੇ 20 ਬੰਦੀ ਨੌਜਵਾਨਾਂ ਨੂੰ ਛੁਡਵਾਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ’ਚ ਨਸ਼ਾ ਛੁਡਾਊ ਕੇਂਦਰ ਦਾ ਸੰਚਾਲਕ ਜਗਤਾਰ ਸਿੰਘ ਵਾਸੀ ਰਮੀਦੀ ਸਮੇਤ ਸੁਖਵਿੰਦਰ ਸਿੰਘ ਉਰਫ ਗਰਨੇਟ ਵਾਸੀ ਜੈ ਰਾਮਪੁਰ, ਬਲਜੀਤ ਸਿੰਘ , ਪਵਿੱਤਰ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਦੇ ਕਬਜ਼ੇ ਵਿੱਚੋਂ 4 ਲੱਕੜ ਦੇ ਡੰਡੇ, ਕੁਝ ਜ਼ਰੂਰੀ ਕਾਗਜ਼ਾਤ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਦੁਬਈ ਰਹਿੰਦਾ ਹੈ ਤੇ ਉਸ ਦੇ ਪਿੱਛੋਂ ਉਸ ਦਾ ਪੁੱਤਰ ਨਰਿੰਦਰਪਾਲ ਸਿੰਘ ਨਸ਼ਿਆਂ ਦਾ ਆਦੀ ਹੋ ਗਿਆ। ਉਸ ਨੂੰ ਪਤਾ ਲੱਗਿਆ ਕਿ ਰਮੀਦੀ ਪਿੰਡ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਨਸ਼ਾ ਛੁਡਾਉੂ ਕੇਂਦਰ ਜਗਤਾਰ ਸਿੰਘ ਵਾਸੀ ਰਮੀਦੀ ਵਲੋਂ ਚਲਾਇਆ ਜਾਂਦਾ ਹੈ ਜਿਸ ਵਿਚ ਗੁਰਮਤਿ ਸਿੱਖਿਆ ਨਾਲ ਨਸ਼ਿਆਂ ਤੋਂ ਨਿਜਾਤ ਦਿਵਾਈ ਜਾਂਦੀ ਹੈ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਪੁੱਤਰ ਨੂੰ ਵੀਹ ਹਜ਼ਾਰ ਰੁਪਏ ਦੇ ਕੇ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਾਇਆ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਆਪਣੇ ਪੁੱਤਰ ਦੀ ਕੁੱਟਮਾਰ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਨੇ ਲੜਕੇ ਨੂੰ ਛੱਡਣ ਦੀ ਬੇਨਤੀ ਕੀਤੀ ਪਰ ਡੇਰਾ ਸੰਚਾਲਕ ਵਲੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਉਸ ਦੇ ਲੜਕੇ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। ਇਸ ਉਪਰੰਤ ਥਾਣਾ ਸੁਭਾਨਪੁਰ ਵਿਚ ਸ਼ਿਕਾਇਤ ਦਰਜ ਕਰਾਉਣ ’ਤੇ ਥਾਣਾ ਮੁਖੀ ਹਰਜੀਤ ਸਿੰਘ ਵਲੋਂ ਕੇਸ ਦਰਜ ਕਰਕੇ ਇਹ ਕਾਰਵਾਈ ਕੀਤੀ ਗਈ। ਪੁਲੀਸ ਨੇ ਨਸ਼ਾ ਛੁਡਾਊ ਕੇਂਦਰ ਦੇ ਵੱਡੇ ਹਾਲ ਵਿੱਚ ਬੰਦ 20 ਨੌਜਵਾਨਾਂ ਨੂੰ ਛੁਡਾਇਆ।