ਸਾਰੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 14 ਸਤੰਬਰ
ਸੰਤ ਕਬੀਰ ਸਕੂਲ ਸੁਲਤਾਨਪੁਰ ਦੇ ਸਾਹਮਣੇ ਦੁਪਹਿਰ ਸਮੇਂ ਇੱਕ ਬੱਸ ਅਤੇ ਟਰਾਲੇ ਦੀ ਸਿੱਧੀ ਟੱਕਰ ਕਾਰਨ ਦੋਵਾਂ ਵਾਹਨਾਂ ਦੇ ਚਾਲਕ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਬੱਬਰੀ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਬੱਸ ਵਿਚਲੀਆਂ 13 ਦੇ ਕਰੀਬ ਸਵਾਰੀਆਂ ਵੀ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚ ਹਰਦੇਵ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਡੱਲਾ, ਪੰਮਾ ਪੁੱਤਰ ਜਲਾਲ ਵਾਸੀ ਨਬੀਂਪੁਰ, ਅਮਰੀਕ ਮਸੀਹ ਪੁੱਤਰ ਤੇਜਾ ਮਸੀਹ ਵਾਸੀ ਕੋਟ ਯੋਗ ਰਾਜ, ਨੀਰਜ ਪੁੱਤਰੀ ਦਲੀਪ ਕੁਮਾਰ, ਸੁਦੇਸ਼ ਕੁਮਾਰੀ ਪਤਨੀ ਦਲੀਪ ਕੁਮਾਰ, ਨੇਹਾ ਪੁੱਤਰੀ ਦਲੀਪ ਕੁਮਾਰ ਤਿੰਨੋਂ ਵਾਸੀ ਤਿੱਬੜ, ਸਹਿਜਪ੍ਰੀਤ ਕੌਰ ਪੁੱਤਰੀ ਹਜ਼ੂਰ ਸਿੰਘ ਵਾਸੀ ਕੋਟ ਯੋਗਰਾਜ, ਸੀਮਾ ਪਤਨੀ ਸੋਮਾ ਵਾਸੀ ਨਬੀਪੁਰ, ਨਿਰਮਲਜੀਤ ਪਤਨੀ ਤਰਸੇਮ ਮਸੀਹ ਵਾਸੀ ਨੈਨੇਕੋਟ, ਗੁਰਪ੍ਰੀਤ ਪਤਨੀ ਸਾਗਰ ਵਾਸੀ ਨੈਨੇਕੋਟ, ਨੀਤੂ ਬਾਲਾ ਪਤਨੀ ਸੁਭਾਸ਼ ਚੰਦਰ ਵਾਸੀ ਤਿੱਬੜ ਸ਼ਾਮਲ ਹਨ।
ਕੁਝ ਰਾਹਗੀਰਾਂ ਨੇ ਦੱਸਿਆ ਕਿ ਸਰੀਏ ਦਾ ਭਰਿਆ ਟਰਾਲਾ ਕਸਬਾ ਕਾਦੀਆਂ ਤੋਂ ਸ੍ਰੀਨਗਰ ਲਈ ਰਵਾਨਾ ਹੋਇਆ ਸੀ ਜੋ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਗੁਰਦਾਸਪੁਰ ਤੋਂ ਕਾਹਨੂੰਵਾਨ ਜਾ ਰਹੀ ਸੰਧੂ ਬੱਸ ਸਰਵਿਸ ਨੰਬਰ ਪੀ ਬੀ 06 ਐਫ 9992 ਦਾ ਚਾਲਕ ਅਚਾਨਕ ਬੱਸ ਦਾ ਕੰਟਰੋਲ ਖੋ ਬੈਠਾ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਏਨਾ ਜ਼ਬਰਦਸਤ ਸੀ ਕਿ ਬੱਸ ਅਤੇ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ। ਟਰਾਲੇ ਦੀ ਤੇਲ ਵਾਲੀ ਟੈਂਕੀ ਟੁੱਟ ਕੇ ਸਾਰਾ ਡੀਜ਼ਲ ਸੜਕ ਉੱਤੇ ਡੁੱਲ੍ਹ ਗਿਆ।
ਕੈਪਸ਼ਨ : ਹਾਦਸਾਗ੍ਰਸਤ ਬੱਸ ਅਤੇ ਟਰਾਲਾ।