ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਸਤੰਬਰ
ਸਿੱਧ ਬਾਬਾ ਸੋਢਲ ਦਾ ਮੇਲਾ 9 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਜਦਕਿ ਸ਼ਰਧਾਲੂਆਂ ਨੇ ਪਹਿਲਾਂ ਹੀ ਆਉਣਾ ਸ਼ੁਰੂ ਕਰ ਦਿੱਤਾ ਹੈ। ਸੋਢਲ ਮੇਲੇ ਵਿੱਚ ਹਰ ਸਾਲ ਕਰੀਬ 3 ਤੋਂ 4 ਲੱਖ ਲੋਕ ਆਉਂਦੇ ਹਨ।
ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਪੁਲੀਸ ਤੇ ਪ੍ਰਸ਼ਾਸਨ ਨੇ ਵੀ ਤਿਆਰੀਆਂ ਕਰ ਲਈਆਂ ਹਨ। ਮੇਲੇ ਦੀ ਸੁਰੱਖਿਆ ਦਾ ਭਾਰ 1200 ਪੁਲੀਸ ਜਵਾਨਾਂ ਦੇ ਮੋਢਿਆਂ ’ਤੇ ਹੋਵੇਗਾ। ਤਿੰਨ ਡੀਸੀਪੀ, ਤਿੰਨ ਏਡੀਸੀਪੀ ਅਤੇ ਨੌਂ ਏਸੀਪੀ ਰੈਂਕ ਦੇ ਅਧਿਕਾਰੀ ਤਿੰਨ ਸ਼ਿਫਟਾਂ ਵਿੱਚ ਮੌਕੇ ’ਤੇ ਮੌਜੂਦ ਰਹਿਣਗੇ।
ਸੋਢਲ ਮੇਲੇ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਏਡੀਜੀਪੀ ਅਰਪਿਤ ਸ਼ੁਕਲਾ ਵੀ ਲੈ ਚੁੱਕੇ ਹਨ। ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਏਡੀਜੀਪੀ ਸ਼ੁਕਲਾ ਨੇ ਮੇਲੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੁਲੀਸ ਅਧਿਕਾਰੀਆਂ ਨੂੰ ਸੁਰੱਖਿਆ ਵਿੱਚ ਲਾਪਰਵਾਹੀ ਨਾ ਵਰਤਣ ਦੀ ਵੀ ਹਦਾਇਤ ਕੀਤੀ।
ਮੇਲੇ ਦੌਰਾਨ ਪੁਲੀਸ ਵੱਲੋਂ ਮੰਦਰ ਦੇ ਚਾਰੇ ਪਾਸੇ 20 ਤੋਂ ਵੱਧ ਸੀਸੀਟੀਵੀ ਕੈਮਰੇ ਲਾਏ ਗਏ ਹਨ। ਉਨ੍ਹਾਂ ਦਾ ਕੰਟਰੋਲ ਰੂਮ ਸੋਢਲ ਮੰਦਰ ਦੇ ਸਾਹਮਣੇ ਬਣਿਆ ਹੋਇਆ ਹੈ। ਮੇਲੇ ਵਾਲੀ ਥਾਂ ’ਤੇ ਸੁਰੱਖਿਆ ਲਈ ਡੌਗ ਸਕੁਐਡ ਤੇ ਬੰਬ ਸਕੁਐਡ ਦੀ ਟੀਮ ਵੀ ਮੌਜੂਦ ਰਹੇਗੀ। ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਇਹ ਟੀਮਾਂ ਦਿਨ ਭਰ ਉੱਥੇ ਹੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।