ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਜੁਲਾਈ
ਕੋਵਿਡ-19 ਦੇ ਬਚਾਅ ਲਈ ਕੀਤੇ ਪ੍ਰਚਾਰ ਤੇ ਪ੍ਰਸਾਰ ਲਈ ਇੱਥੋਂ ਦੇ ਰਹਿਣ ਵਾਲੇ 11 ਸਾਲਾ ਮੀਧਾਂਸ਼ ਕੁਮਾਰ ਗੁਪਤਾ ਦਾ ਨਾਂ ਵਰਲਡ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਉਸ ਦਾ ਨਾਂ ‘ਯੰਗੈਸਟ ਅਚੀਵਰ’ ਲਈ ਦਰਜ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਮੀਂਧਾਸ਼ ਕੁਮਾਰ ਗੁਪਤਾ ਨੂੰ ‘ਨੌਜਵਾਨ ਕਰੋਨਾ ਯੋਧਾ’ ਦਾ ਸਰਟੀਫਿਕੇਟ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਥਾਨਕ ਡਿਫੈਂਸ ਕਲੋਨੀ ਦੇ ਰਹਿਣ ਵਾਲੇ ਮੀਧਾਂਸ਼ ਕੁਮਾਰ ਗੁਪਤਾ ਦਾ ਨਾਂ ਪਿਛਲੇ ਸਾਲ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਉਸ ਨੇ ਕੋਵਿਡ-19 ਤੋਂ ਬਚਾਅ ਲਈ ਵੈਬਸਾਈਟ ਤਿਆਰ ਕੀਤੀ ਸੀ। ਮੀਧਾਂਸ਼ ਦੇ ਪਿਤਾ ਸੰਦੀਪ ਗੁਪਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਪੰਜਾਬ ਸਰਕਾਰ ਲਈ ਮਿਸ਼ਨ ਫ਼ਤਹਿ ਨਾਂ ਦੀ ਵੈੱਬਸਾਈਟ ਤਿਆਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੀਧਾਂਸ਼ ਵੈੱਬਸਾਈਟ ਬਣਾਉਣ ਵਾਲਾ ਸਭ ਤੋਂ ਛੋਟੀ ਉਮਰ ਦਾ ਲੜਕਾ ਹੈ ਜਿਸ ਦੇ ਨਾਂ ਕੌਮੀ ਰਿਕਾਰਡ ਵੀ ਹੈ ਅਤੇ ਹੁਣ ਵਿਸ਼ਵ ਪੱਧਰ ’ਤੇ ਵੀ ਉਹ ਪਹਿਲਾ ਛੋਟੀ ਉਮਰ ਦਾ ਲੜਕਾ ਹੈ ਜਿਸ ਨੇ ਕਰੋਨਾ ਬਾਰੇ ਜਾਗਰੂਕਤਾ ਫੈਲਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਹ ਆਪਣੀ ਇਕ ਕੰਪਨੀ ਵੀ ਚਲਾ ਰਿਹਾ ਹੈ ਤੇ ਬੱਚਿਆਂ ਨੂੰ ਕੋਡਿੰਗ ਵੀ ਸਿਖਾ ਰਿਹਾ ਹੈ। ਪਿਛਲੇ ਸਾਲ ਇੰਟਰਨੈਸ਼ਨਲ ਬਿਜ਼ਨਸ ਨੈੱਟਵਰਕਿੰਗ ਈਵੈਂਟ ’ਚ ਸਭ ਤੋਂ ਛੋਟੀ ਉਮਰ ਦੇ ਉਦਮੀ ਦੇ ਤੌਰ ’ਤੇ ਉਸ ਨੂੰ ਸਨਮਾਨਤ ਵੀ ਕੀਤਾ ਗਿਆ ਸੀ।