ਭਗਵਾਨ ਦਾਸ ਸੰਦਲ
ਦਸੂਹਾ, 12 ਸਤੰਬਰ
ਇਥੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਤੇ ਸ਼ਹਿਰੀ ਪ੍ਰਧਾਨ ਬਿਕਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਮਨੋਹਰ ਲਾਲ ਤੇ ਉਪ ਮੰਡਲ ਮੈਜਿਟ੍ਰੇਟ ਦਫ਼ਤਰ ਦੇ ਨਿਗਰਾਨ ਸੰਜੀਵ ਸ਼ਰਮਾ ਨੂੰ ਕੈਪਟਨ ਸਰਕਾਰ ਦੇ ਨਾਂਅ ਯਾਦ ਪੱਤਰ ਸੌਂਪਿਆ ਗਿਆ। ਇਸ ਮੌਕੇ ਸ੍ਰੀ ਘੁੰਮਣ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਵਾਸੀਆਂ ਨਾਲ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਸੱਤਾ ’ਚ ਆਉਣ ਤੋਂ ਸਾਢੇ ਚਾਰ ਸਾਲ ਬੀਤਣ ਮਗਰੋਂ ਵੀ ਉਨ੍ਹਾਂ ਆਪਣਾ ਵਾਅਦਾ ਨਹੀਂ ਪੁਗਾਇਆ। ਉਨ੍ਹਾਂ ਕਿਹਾ ਕਿ ਵਿਧਾਇਕ ਅਰੁਣ ਡੋਗਰਾ ਨੂੰ ਇਸ ਸਬੰਧੀ ਧਾਰੀ ਚੁੱਪੀ ਤੋੜ ਕੇ ਹਲਕਾ ਵਾਸੀਆਂ ਪ੍ਰਤੀ ਆਪਣਾ ਬਣਦਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਸ੍ਰੀ ਘੁੰਮਣ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜਲਦ ਵਾਅਦਾ ਪੂਰਾ ਨਾ ਕੀਤਾ ਤਾਂ ਲੌਲੀਪੋਪ ਵੰਡ ਕੇ ਕਾਂਗਰਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਨਿਗਰਾਨ ਸੰਜੀਵ ਸ਼ਰਮਾ ਨੇ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਤੱਕ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਇੰਦੂ, ਕੌਂਸਲਰ ਅਮਰਪ੍ਰੀਤ ਸਿੰਘ ਖਾਲਸਾ, ਰਾਮ ਸ਼ਰਨ ਪ੍ਰਾਸ਼ਰ, ਮਨਜੀਤ ਸਿੰਘ ਬਲਹੋਤਰਾ, ਹਰਵਿੰਦਰ ਸਿੰਘ ਫ਼ੌਜੀ, ਸੁੱਚਾ ਸਿੰਘ ਬਾਜਵਾ, ਮਨਜੀਤ ਸਿੰਘ ਸੰਧੂ ਆਦਿ ਮੌਜੂਦ ਸਨ।