ਸੁਖਵਿੰਦਰ ਮਾਨ
ਕਹਾਣੀ
ਰੌਕੀ ਬੇਚੈਨ ਸੀ। ਉਸ ਦਾ ਜਨਮ ਦਿਨ ਕਿੰਜ ਮਨਾਇਆ ਜਾਵੇਗਾ? ਲੌਕਡਾਊਨ ਵਧ ਚੁੱਕਾ ਸੀ। ਉਹ ਉਦਾਸ ਸੀ। ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਦਾ ਸੀ। ਸਭ ਕੁਝ ਤਾਂ ਬੰਦ ਪਿਆ ਸੀ। ਜੋਮੈਟੋ ਤੇ ਸਵਿਗੀ ਜੋ ਘਰ ਕੇਕ ਅਤੇ ਜੰਕ ਫੂਡ ਪਹੁੰਚਾ ਦਿੰਦੇ ਸਨ, ਸਭ ਠੱਪ ਪਏ ਸਨ। 26 ਦੀ ਰਾਤ ਉਹ ਦੇਰ ਤਕ ਦੋਸਤਾਂ ਨਾਲ ਚੈਟ ਕਰਦਾ ਰਿਹਾ। ਉਸ ਦੀ ਕਦੋਂ ਅੱਖ ਲੱਗ ਗਈ ਉਸਨੂੰ ਪਤਾ ਹੀ ਨਹੀਂ ਚੱਲਿਆ। ਸਵੇਰੇ 10 ਵਜੇ ਰਾਮ, ਉਸਦੀ ਪਤਨੀ ਤੇ ਦਾਦਾ ਜੀ ਉਸ ਨੂੰ ਉਸਦੇ ਕਮਰੇ ਵਿਚ ਜਗਾਉਣ ਗਏ। ਉਹ ਅੱਖਾਂ ਮਲਦਾ ਉਠਿਆ। “ਹੈਪੀ ਬਰਥ ਡੇਅ ਟੂ ਯੂ …ਹੈਪੀ ਬਰਥ ਡੇਅ ਟੂ ਯੂ…।’’ ਰਾਮ ਤੇ ਉਸਦੀ ਪਤਨੀ ਨੇ ਗੁਣਗੁਣਾਇਆ। ਦਾਦਾ ਜੀ ਨੇ ਗਲੇ ਲਾ ਕੇ ਉਸਨੂੰ ਪਿਆਰ ਕੀਤਾ। ਉਹ ਜਦੋਂ ਉਪਰੋਂ ਤਿਆਰ ਹੋ ਕੇ ਥੱਲੇ ਡਰਾਇੰਗ ਰੂਮ ਵਿਚ ਆਇਆ ਤਾਂ ਉਹ ਸਜਿਆ ਹੋਇਆ ਕਮਰਾ ਦੇਖ ਕੇ ਹੈਰਾਨ ਰਹਿ ਗਿਆ।
ਦਾਦਾ ਜੀ ਰੌਕੀ ਦੀ ਫਜ਼ੂਲ ਖ਼ਰਚੀ ਤੋਂ ਬਹੁਤ ਚਿੰਤਤ ਸਨ। ਪੈਸੇ ਅਤੇ ਸਮੇਂ ਦਾ ਸਦਉਪਯੋਗ ਕਰ ਬਾਰੇ ਉਸਨੇ ਆਪਣੇ ਪੁੱਤਰ ਰਾਮ ਨੂੰ ਵੀ ਕਈ ਵਾਰ ਸਮਝਾਇਆ, ਪਰ ਮਾਇਆ ਦੀ ਖੁੱਲ੍ਹੀ ਆਮਦ ਨੇ ਸਭ ਦੀ ਅਕਲ ’ਤੇ ਪਰਦੇ ਪਾਏ ਹੋਏ ਸਨ।
ਦਾਦਾ ਜੀ ਨੇ ਉਸ ਵਕਤ ਦੀ ਮਾਰ ਖਾਧੀ ਹੋਈ ਸੀ ਜਦੋਂ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ। ਮਜ਼ਦੂਰੀ ਕਰਕੇ ਪਰਿਵਾਰ ਦਾ ਢਿੱਡ ਭਰਨਾ ਬਹੁਤ ਮੁਸ਼ਕਿਲ ਸੀ। ਮਿਹਨਤ ਨਾਲ ਉਸ ਨੇ ਆਪਣੇ ਬੱਚੇ ਪੜ੍ਹਾ-ਲਿਖਾ ਦਿੱਤੇ।
ਹੁਣ ਇਕ ਮੁੰਡਾ ਲੁਧਿਆਣਾ ਵਿਖੇ ਬਿਜਲੀ ਮਹਿਕਮੇ ਵਿਚ ਐੱਸ. ਡੀ. ਓ. ਲੱਗਾ ਹੋਇਆ ਸੀ। ਛੋਟਾ ਚੰਡੀਗੜ੍ਹ ਜਿਸ ਕੋਲ ਉਹ ਰਹਿੰਦਾ ਸੀ, ਇਕ ਨਿੱਜੀ ਕੰਪਨੀ ਵਿਚ ਮੈਨੇਜਰ ਸੀ। ਪੈਸਾ ਮੀਂਹ ਵਾਂਗ ਵਰ੍ਹ ਰਿਹਾ ਸੀ। ਰਾਮ ਦੀ ਪਤਨੀ ਵੀ ਸਰਕਾਰੀ ਹਸਪਤਾਲ ਵਿਚ ਸੁਪਰਡੈਂਟ ਸੀ। ਰੌਕੀ ਦੀ ਹਰ ਇਕ ਗੱਲ ਪੁਗਾਈ ਜਾਂਦੀ ਸੀ।
ਇਕਲੌਤੀ ਸੰਤਾਨ ਅਕਸਰ ਵਿਗੜ ਹੀ ਜਾਂਦੀ ਹੈ ਜੇਕਰ ਸਮੇਂ ਸਮੇਂ ’ਤੇ ਸਮਝਾਇਆ- ਬੁਝਾਇਆ ਨਾ ਜਾਵੇ।
“ਦਾਦੂ ਇਸ ਵਾਰ ਮੈਂ ਆਪਣਾ ਜਨਮ ਦਿਨ ਮੈਰੀਅਟ ਹੋਟਲ ਵਿਚ ਮਨਾਊਂਗਾ।’’ ਰੌਕੀ ਮਹੀਨਾ ਭਰ ਪਹਿਲਾਂ ਹੀ ਦਾਦਾ ਜੀ ਨੂੰ ਆਪਣੀਆਂ ਸਕੀਮਾਂ ਸੁਣਾਉਣ ਲੱਗ ਪਿਆ ਸੀ। ਉਹ ਇਸ ਵਰ੍ਹੇ ਅਠਾਰਾਂ ਸਾਲਾਂ ਦਾ ਹੋਣ ਵਾਲਾ ਸੀ। ਉਹ ਬਾਲਗ ਹੋਣ ਵਾਲਾ ਸੀ, ਪਰ ਮਾਂ ਬਾਪ ਦੇ ਜ਼ਿਆਦਾ ਲਾਡ ਪਿਆਰ ਨੇ ਉਸਨੂੰ ਬੱਚਾ ਹੀ ਬਣਾਇਆ ਹੋਇਆ ਸੀ।
“ਘਰ ਵਿਚ ਜੋ ਮਜ਼ਾ ਪੁੱਤਰਾ, ਉਹ ਕਿਤੇ ਨ੍ਹੀਂ।’’ ਦਾਦਾ ਸਰੋ- ਸਰੀ ਆਪਣੇ ਮਨ ਦੀ ਕਹਿੰਦਾ, ਪਰ ਉਸਨੂੰ ਪਤਾ ਸੀ ਕਿ ਮਾਂ ਬਾਪ ਦੀ ਰਜ਼ਾ ਵੀ ਪੁੱਤ ਦੀਆਂ ਪੁਗਾਉਣ ਵਾਲੀ ਹੀ ਹੋਵੇਗੀ। ਪੈਸੇ ਅਤੇ ਰੁਤਬੇ ਦਾ ਦਿਖਾਵਾ ਇਹੋ ਜਿਹੇ ਪਖੰਡ ਕਰਕੇ ਹੀ ਕੀਤਾ ਜਾ ਸਕਦਾ ਸੀ।
“ਆਜ ਕੀ ਬੜੀ ਖ਼ਬਰ, ਚਾਈਨਾ ਮੇਂ ਏਕ ਨਈਂ ਬਿਮਾਰੀ ਸੇ 10 ਲੋਗੋਂ ਕੀ ਮੌਤ… ਵੁਹਾਨ ਸ਼ਹਿਰ ਕੋ ਲੌਕਡਾਊਨ ਕਿਆ ਗਯਾ…।’’ ਟੈਲੀਵਿਜ਼ਨ ’ਤੇ ਐਂਕਰ ਚੀਕ ਚੀਕ ਕੇ ਕਹਿ ਰਹੀ ਸੀ।
ਮੋਬਾਈਲ ’ਤੇ ਲੱਗੇ ਹੋਏ ਰੌਕੀ ਨੂੰ ਦਾਦਾ ਜੀ ਨੇ ਕਿਹਾ, “ਪੁੱਤਰਾ ਇਹ ਬਿਮਾਰੀ ਤਾਂ ਬੜੀ ਭਿਆਨਕ ਲੱਗਦੀ ਏ, ਕੋਈ ਨਵਾਂ ਵਾਇਰਸ ਆਇਆ ਜਿਸਦਾ ਕੋਈ ਇਲਾਜ ਨਹੀਂ।’’
“ਕੋਈ ਗੱਲ ਨਹੀਂ ਦਾਦਾ ਜੀ, ਚਾਈਨਾ ਵਾਲੇ ਸੰਭਾਲ ਲੈਣਗੇ।’’
“ਬਿਮਾਰੀ ਕਿਤੇ ਹੋਰ ਦੇਸ਼ਾਂ ਵਿਚ ਨਾ ਫੈਲ ਜਾਵੇ!’’
“ਕੁਝ ਨਹੀਂ ਹੁੰਦਾ ਭਾਪਾ ਜੀ।’’ ਕੰਪਿਊਟਰ ’ਤੇ ਲੱਗੇ ਹੋਏ ਰਾਮ ਨੇ ਟੋਕ ਕੇ ਕਿਹਾ।
ਰਾਮ ਤੇ ਰੌਕੀ ਦੀ ਭਵਿੱਖਬਾਣੀ ਸੱਚੀ ਨਹੀਂ ਹੋਈ। ਜਨਵਰੀ ਤੇ ਫਰਵਰੀ ਵਿਚ ਸਾਰਾ ਯੂਰੋਪ ਅਤੇ ਦੁਨੀਆਂ, ਇਸ ਦੀ ਲਪੇਟ ਵਿਚ ਆ ਗਏ।
ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਕੂਲ, ਕਾਲਜ, ਹੋਟਲ ਅਤੇ ਸਿਨਮਾ ਆਦਿ ਸਭ ਬੰਦ ਕਰ ਦਿੱਤੇ ਗਏ। 24 ਮਾਰਚ ਨੂੰ ਸਾਰੇ ਦੇਸ਼ ਵਿਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਕਿਉਂਕਿ ਸਮਾਜਿਕ ਦੂਰੀ ਨਾਲ ਹੀ ਇਸਨੂੰ ਕਾਬੂ ਕੀਤਾ ਜਾ ਸਕਦਾ ਸੀ। ਦੇਸ਼ ਵਿਚ ਸਿਹਤ ਸਹੂਲਤਾਂ ਦੀ ਕਮੀ ਉਜਾਗਰ ਹੋਈ, ਆਬਾਦੀ ਦਾ ਵਿਕਰਾਲ ਅਕਾਰ ਮੁਸੀਬਤ ਲੱਗਣ ਲੱਗਾ।
ਦਾਦਾ ਜੀ ਦੀ ਸੈਰ ਬੰਦ ਹੋ ਗਈ। ਰਾਮ ਘਰ ਤੋਂ ਹੀ ਕੰਮ ਕਰਨ ਲੱਗਾ। ਨੂੰਹ ਵੀ ਹਫ਼ਤੇ ਵਿਚ ਦੋ ਵਾਰ ਹੀ ਦਫ਼ਤਰ ਜਾਂਦੀ। ਰੌਕੀ ਬਾਰ੍ਹਵੀਂ ਦੇ ਪੇਪਰ ਦੇ ਚੁੱਕਾ ਸੀ, ਉਹ ਪਹਿਲਾਂ ਹੀ ਵਿਹਲਾ ਸੀ। ਉਸ ਦਾ ਯਾਰਾਂ ਦੋਸਤਾਂ ਨਾਲ ਮਿਲਣ ਲਈ ਦਿਲ ਮਚਲਦਾ।
ਇਕ ਦਿਨ ਚੁੱਪ-ਚਾਪ ਮੋਟਰਸਾਈਕਲ ਲੈ ਕੇ ਆਪਣੇ ਦੋਸਤਾਂ ਨੂੰ ਮਿਲਣ ਲਈ ਨਿਕਲ ਗਿਆ। ਮੋਬਾਈਲ ’ਤੇ ਗੱਲ ਤਾਂ ਹੋ ਜਾਂਦੀ, ਪਰ ਜੋ ਮਜ਼ਾ ਮਿਲ ਕੇ ਆਉਂਦਾ ਉਹ ਮੋਬਾਈਲ ’ਤੇ ਕਿੱਥੇ! ਖੈਰ ਉਹ ਘਰੋਂ ਨਿਕਲ ਤੁਰਿਆ, ਪਰ ਰਸਤੇ ਵਿਚ ਹੀ ਪੁਲੀਸ ਨੇ ਰੋਕ ਲਿਆ। ਲੋਕਾਂ ਵੱਲੋਂ ਲੌਕਡਾਊਨ ਦਾ ਪਾਲਣ ਨਾ ਕਰਨ ਕਰਕੇ ਇਕ ਸਤੇ ਹੋਏ ਕਰਮੀ ਨੇ ਰੌਕੀ ਦੇ ਵੀ ਲੱਠ ਵਜਾ ਦਿੱਤੇ। ਇਕ ਲੱਠ ਕੂਹਣੀ ’ਤੇ ਵੱਜੀ। ਉਸਨੂੰ ਉਨ੍ਹੀਂ ਪੈਰੀਂ ਉਲਟਾ ਮੋੜ ਦਿੱਤਾ ਗਿਆ।
ਮੂੰਹ ਉਤਰਿਆ ਦੇਖ ਦਾਦਾ ਜੀ ਨੇ ਕਾਰਨ ਪੁੱਛਿਆ, ਉਸਨੇ ਪੁਲੀਸ ਦੀ ਮੁਰੰਮਤ ਵਾਲੀ ਘਟਨਾ ਬਿਆਨੀ। ਰੌਕੀ ਦੇ ਦਾਦਾ ਜੀ ਨੇ ਮੱਲ੍ਹਮ ਲਗਾਈ ਅਤੇ ਸਮਝਾਇਆ ਵੀ ਕਿ ਸਭ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ।
ਰੌਕੀ ਥੋੜ੍ਹਾ ਨਰਾਜ਼ ਹੋ ਗਿਆ। ਦਾਦਾ ਜੀ ਨੇ ਉਸਨੂੰ ਇਕ ਘਟਨਾ ਸੁਣਾਈ ਕਿ ਕਿਵੇਂ ਉਸਦਾ ਪਾਪਾ, ਉਸਨੂੰ ਬਿਨਾਂ ਦੱਸੇ ਨਹਿਰ ਵਿਚ ਬੱਚਿਆਂ ਨਾਲ ਨਹਾਉਣ ਚਲਾ ਗਿਆ ਸੀ ਅਤੇ ਕਿਸ ਤਰ੍ਹਾਂ ਉਸ ਦੇ ਪਾਪਾ ਦੀ ਉਸਨੇ ਫੈਂਟੀ ਚਾੜ੍ਹੀ। ਇਹ ਸਭ ਸੁਣ ਉਹ ਹੱਸ ਪਿਆ। ਕੋਲ ਬੈਠਾ ਰਾਮ ਤੇ ਉਸਦੀ ਪਤਨੀ ਵੀ ਮੁਸਕਰਾ ਪਏ।
ਲੌਕਡਾਊਨ ਵਧਦਾ ਜਾ ਰਿਹਾ ਸੀ। ਰੌਕੀ ਦੀ ਮੰਮੀ ਨੂੰ ਘਰ ਦਾ ਕੰਮ ਖ਼ੁਦ ਕਰਨਾ ਪੈ ਰਿਹਾ ਸੀ। ਕੰਮ ਵਾਲੀਆਂ ਨੂੰ ਹਟਾ ਦਿੱਤਾ ਗਿਆ ਸੀ। ਝਾੜੂ ਪੋਚੇ ਉਹ ਆਪ ਕਰਨ ਲੱਗੀ। ਰਾਮ ਬਰਤਨ ਧੋਣ ਤੇ ਖਾਣਾ ਬਣਾਉਣ ਵਿਚ ਮਦਦ ਕਰ ਦਿੰਦਾ ਸੀ। ਉਸਦੀ ਪਤਨੀ ਵੀ ਕੰਮ ਤੋਂ ਨਹੀਂ ਕਤਰਾਉਂਦੀ ਸੀ, ਪਰ ਸਮਾਂ ਨਾ ਹੋਣ ਕਰਕੇ ਸਭ ਕੁਝ ਛੁੱਟ ਚੁੱਕਾ ਸੀ।
ਰੌਕੀ ਬੇਚੈਨ ਸੀ। ਉਸ ਦਾ ਜਨਮ ਦਿਨ ਕਿੰਜ ਮਨਾਇਆ ਜਾਵੇਗਾ?
ਲੌਕਡਾਊਨ ਵਧ ਚੁੱਕਾ ਸੀ। ਉਹ ਉਦਾਸ ਸੀ। ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਦਾ ਸੀ। ਸਭ ਕੁਝ ਤਾਂ ਬੰਦ ਪਿਆ ਸੀ। ਲੱਠ ਦਾ ਦਰਦ ਅਜੇ ਪੂਰੀ ਤਰ੍ਹਾਂ ਗਿਆ ਨਹੀਂ ਸੀ। ਜੋਮੈਟੋ ਤੇ ਸਵਿਗੀ ਜੋ ਘਰ ਕੇਕ ਅਤੇ ਜੰਕ ਫੂਡ ਪਹੁੰਚਾ ਦਿੰਦੇ ਸਨ, ਸਭ ਠੱਪ ਪਏ ਸਨ। 26 ਦੀ ਰਾਤ ਉਹ ਦੇਰ ਤਕ ਦੋਸਤਾਂ ਨਾਲ ਚੈਟ ਕਰਦਾ ਰਿਹਾ।
ਉਸ ਦੀ ਕਦੋਂ ਅੱਖ ਲੱਗ ਗਈ ਉਸਨੂੰ ਪਤਾ ਹੀ ਨਹੀਂ ਚੱਲਿਆ।
ਸਵੇਰੇ 10 ਵਜੇ ਰਾਮ, ਉਸਦੀ ਪਤਨੀ ਤੇ ਦਾਦਾ ਜੀ ਉਸ ਨੂੰ ਉਸਦੇ ਕਮਰੇ ਵਿਚ ਜਗਾਉਣ ਗਏ। ਉਹ ਅੱਖਾਂ ਮਲਦਾ ਉਠਿਆ। “ਹੈਪੀ ਬਰਥ ਡੇਅ ਟੂ ਯੂ …ਹੈਪੀ ਬਰਥ ਡੇਅ ਟੂ ਯੂ…।’’ ਰਾਮ ਤੇ ਉਸਦੀ ਪਤਨੀ ਨੇ ਗੁਣਗੁਣਾਇਆ।
ਦਾਦਾ ਜੀ ਨੇ ਗਲੇ ਲਾ ਕੇ ਉਸਨੂੰ ਪਿਆਰ ਕੀਤਾ।
ਉਪਰੋਂ ਤਿਆਰ ਹੋ ਕੇ ਜਦੋਂ ਥੱਲੇ ਡਰਾਇੰਗ ਰੂਮ ਵਿਚ ਉਹ ਆਇਆ ਤਾਂ ਦੇਖ ਕੇ ਹੈਰਾਨ ਰਹਿ ਗਿਆ। ਦਾਦਾ ਜੀ ਅਤੇ ਰਾਮ ਨੇ ਕਮਰਾ ਸਜਾ ਰੱਖਿਆ ਸੀ। ਮੰਮੀ ਨੇ ਯੂ ਟਿਊਬ ਤੋਂ ਸਿੱਖ ਕੇ ਕੇਕ ਤਿਆਰ ਕੀਤਾ ਹੋਇਆ ਸੀ। ਆਲੂ-ਗੋਭੀ ਦੇ ਪਕੌੜੇ ਬਣਾਏ ਹੋਏ ਸਨ। ਦਾਦਾ ਜੀ ਨੇ ਵੀ ਖੀਰ ਬਣਾਈ ਸੀ ਜੋ ਕਦੇ ਉਸਨੂੰ ਦਾਦੀ ਜੀ ਨੇ ਸਿਖਾਈ ਸੀ। ਘਰ ਵਿਚ ਰੌਕੀ ਨੇ ਕੇਕ ਕੱਟਿਆ। ਰਾਮ ਨੇ ਮੋਬਾਈਲ ਨਾਲ ਫੋਟੋਆਂ ਖਿੱਚੀਆਂ। ਰੌਕੀ ਨੇ ਸਾਰਿਆਂ ਨਾਲ ਸੈਲਫੀ ਖਿੱਚੀ।
“ਦਾਦੂ ਜੀ ਖੀਰ ਤਾਂ ਬਹੁਤ ਸੁਆਦ ਏ।’’
“ਦਾਦੂ ਤੇਰਾ ਮੈਰੀਅਟ ਹੋਟਲ ਵਿਚ ਸ਼ੈਫ ਸੀ।’’ ਰਾਮ ਨੇ ਰੌਕੀ ਨੂੰ ਥੋੜ੍ਹਾ ਛੇੜਿਆ। ਸਾਰੇ ਹੱਸ ਪਏ। ਰੌਕੀ ਨੇ ਝੱਟ ਹੀ ਫੋਟੋਆਂ ਫੇਸਬੁੱਕ ਅਤੇ ਵਟਸਅੱਪ ’ਤੇ ਚੜ੍ਹਾ ਦਿੱਤੀਆਂ ।
ਉਸਨੇ ਰਾਮ ਨੂੰ ਵੀ ਟੈਗ ਕੀਤੀਆਂ, ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਘਰ ਵਿਚ ਜਨਮ ਦਿਨ ਮਨਾਉਣ ’ਤੇ ਦਾਦਾ ਜੀ ਖੁਸ਼ ਸਨ।
“ਭਲੀ ਕਰੇ ਕਰਤਾਰ!’’ ਮਨ ਹੀ ਮਨ ਉਸਨੇ ਅਰਦਾਸ ਕੀਤੀ।
ਸੰਪਰਕ : 97802-33288