ਨਿਰਮਲ ਸਿੰਘ ਕੰਧਾਲਵੀ
ਜੂਨ 1977 ’ਚ ਮੈਂ ਵਿਆਹ ਕਰਵਾਉਣ ਦੇ ਆਧਾਰ ’ਤੇ ਇੰਗਲੈਂਡ ਆ ਗਿਆ। ਜਿਸ ਇਲਾਕੇ ’ਚ ਮੈਂ ਆਇਆ ਸਾਂ ਇਸ ਇਲਾਕੇ ਨੂੰ ਬਲੈਕ ਕੰਟਰੀ ਕਿਹਾ ਜਾਂਦਾ ਹੈ ਕਿਉਂਕਿ 19ਵੀਂ ਸਦੀ ’ਚ ਸਨਅਤੀ ਕ੍ਰਾਂਤੀ ਦੀ ਸ਼ੁਰੂਆਤ ਇੱਥੋਂ ਹੀ ਹੋਈ ਸੀ। ਕੋਇਲੇ ਨਾਲ ਇਹ ਦੇਸ਼ ਮਾਲਾ ਮਾਲ ਸੀ। ਕੱਚਾ ਮਾਲ ਕਾਮਨਵੈਲਥ ਦੇਸ਼ਾਂ ’ਚੋਂ ਧੜਾ ਧੜ ਆ ਰਿਹਾ ਸੀ। ਕੋਇਲਾ ਮੁੱਖ ਈਂਧਨ ਹੋਣ ਕਰ ਕੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਤੇ ਗ਼ਰਦੋ-ਗ਼ੁਬਾਰ ਹੋਣ ਕਰ ਕੇ ਇਸ ਇਲਾਕੇ ਦਾ ਨਾਮ ਬਲੈਕ ਕੰਟਰੀ ਪੈ ਗਿਆ।
ਦੂਸਰੀ ਆਲਮੀ ਜੰਗ ਤੋਂ ਬਾਅਦ ਫੈਕਟਰੀਆਂ, ਫਾਊਂਡਰੀਆਂ ਲਈ ਕਾਮਨਵੈਲਥ ਦੇਸ਼ਾਂ ਤੋਂ ਵਾਊਚਰ ਸਿਸਟਮ ਰਾਹੀਂ ਕਾਮੇ ਮੰਗਾਏ ਜਾਣ ਲੱਗੇ, ਵਿਸ਼ੇਸ਼ ਕਰ ਕੇ ਸੇਵਾਮੁਕਤ ਫ਼ੌਜੀ। ਫੇਰ ਹੌਲੀ ਹੌਲੀ ਹੋਰ ਲੋਕ ਵੀ ਆਉਣ ਲੱਗੇ। ਆਉਣ ਵਾਲੇ ਪੜ੍ਹੇ ਲਿਖੇ ਕਾਮਿਆਂ ਦੀ ਪੜ੍ਹਾਈ ਲਿਖਾਈ ਦੀ ਕੋਈ ਵੁੱਕਤ ਨਹੀਂ ਸੀ ਕਿਉਂਕਿ ਮਾਲਕਾਂ ਨੂੰ ਸਿਰਫ਼ ਜਿਸਮਾਨੀ ਤਾਕਤ ਦੀ ਲੋੜ ਸੀ। ਹਿੰਮਤ ਵਾਲੇ ਲੋਕ ਪਾਰਟ-ਟਾਈਮ ਪੜ੍ਹਾਈ ਕਰ ਕੇ ਫਾਊਂਡਰੀਆਂ ਫੈਕਟਰੀਆਂ ’ਚੋਂ ਨਿਕਲ ਕੇ ਸਕੂਲਾਂ ਸਮੇਤ ਹੋਰ ਅਦਾਰਿਆਂ ’ਚ ਨੌਕਰੀਆਂ ਪ੍ਰਾਪਤ ਕਰ ਲੈਂਦੇ ਸਨ, ਪਰ ਇਹ ਰਾਹ ਏਨਾ ਆਸਾਨ ਨਹੀਂ ਸੀ।
ਮੈਂ ਅੱਠ ਕੁ ਮਹੀਨੇ ਫਾਊਂਡਰੀ ’ਚ ਕੰਮ ਕੀਤਾ ਤੇ ਕੋਸ਼ਿਸ਼ ਇਹੋ ਰਹੀ ਕਿ ਕਿਵੇਂ ਇੱਥੋਂ ਖਹਿੜਾ ਛੁਡਵਾ ਕੇ ਕੋਈ ਹੋਰ ਕੰਮ ਲੱਭਾਂ। ਇਕ ਸੱਜਣ ਦੀ ਮਦਦ ਨਾਲ ਮੈਨੂੰ ਇਕ ਫੈਕਟਰੀ ’ਚ ਕੰਮ ਮਿਲ ਗਿਆ। ਇਹ ਸੱਜਣ ਉੱਥੇ ਚਾਰਜ-ਹੈਂਡ ਦੇ ਤੌਰ ’ਤੇ ਕੰਮ ਕਰਦਾ ਸੀ। ਮੈਨੂੰ ਇੰਜ ਲੱਗਦਾ ਸੀ ਜਿਵੇਂ ਮੇਰੀ ਤਰੱਕੀ ਹੋ ਗਈ ਹੋਵੇ। ਇੱਥੇ ਸਾਈਕਲਾਂ ਦੇ ਪੁਰਜ਼ੇ ਬਣਦੇ ਸਨ। ਮੇਰਾ ਕੰਮ ਵੀ ਆਸਾਨ ਸੀ ਤੇ ਫੈਕਟਰੀ ਦਾ ਵਾਤਾਵਰਨ ਵੀ ਸਾਫ਼-ਸੁਥਰਾ ਸੀ। ਮੈਂ ਫੈਕਟਰੀ ਤੋਂ ਤਿੰਨ ਕੁ ਮੀਲ ਦੀ ਦੂਰੀ ’ਤੇ ਰਹਿੰਦਾ ਸਾਂ। ਸਵੇਰੇ ਸਵਾ ਛੇ ਵਜੇ ਬਸ ਫੜਨੀ ਹੁੰਦੀ ਸੀ ਤੇ ਸੱਤ ਵਜੇ ਕੰਮ ਸ਼ੁਰੂ ਕਰਨਾ ਹੁੰਦਾ ਸੀ। ਜਿਸ ਬੱਸ ਸਟਾਪ ਤੋਂ ਮੈਂ ਬੱਸ ਫੜਦਾ ਸਾਂ ਉੱਥੇ ਇਕ ਪੇਪਰ-ਸ਼ਾਪ ਸੀ ਜਿੱਥੋਂ ਕੰਮਾਂ-ਕਾਰਾਂ ’ਤੇ ਜਾਣ ਵਾਲੇ ਲੋਕ ਅਖ਼ਬਾਰ, ਦੁੱਧ, ਸੈਂਡਵਿਚ, ਸਿਗਰਟਾਂ ਆਦਿ ਖ਼ਰੀਦਦੇ। ਮੈਂ ਵੀ ਯੂ.ਕੇ. ਦੀਆਂ ਕੌਮੀ ਅਖ਼ਬਾਰਾਂ ‘ਦਿ ਟਾਈਮਜ਼’, ‘ਦਿ ਗਾਰਡੀਅਨ,’ ‘ਦਿ ਟੈਲੀਗ੍ਰਾਫ਼’ ਆਦਿ ’ਚੋਂ ਕੋਈ ਇਕ ਖ਼ਰੀਦ ਲੈਂਦਾ ਅਤੇ ਕੰਮ ’ਤੇ ਟੀ-ਬ੍ਰੇਕ ਤੇ ਲੰਚ-ਬਰੇਕ ਸਮੇਂ ਪੜ੍ਹ ਕੇ ਇਸ ਦੇਸ਼ ਦੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿਉਂਕਿ ਜਿਨ੍ਹਾਂ ਲੋਕਾਂ ’ਚ ਮੈਂ ਵਿਚਰਦਾ ਸਾਂ ਉਨ੍ਹਾਂ ਦੀ ਜ਼ਿੰਦਗੀ ਘਰ, ਕੰਮ ਤੇ ਪੱਬ ਉਦਾਲੇ ਹੀ ਘੁੰਮਦੀ ਸੀ। ਕਈ ਤਾਂ ਕੰਮ ਤੋਂ ਘਰ ਵੀ ਨਹੀਂ ਸਨ ਜਾਂਦੇ, ਕੰਮ ਤੋਂ ਸਿੱਧੇ ਪੱਬ ਵਿਚ ਤੇ ਪੱਬੋਂ ਘਰ ਤੇ ਕੋਹਲੂ ਦੇ ਬਲਦ ਵਾਂਗ ਫੇਰ ਸਵੇਰੇ ਕੰਮ ’ਤੇ। ਅਖ਼ਬਾਰ ਪੜ੍ਹਨ ਦੀ ਆਦਤ ਮੈਨੂੰ ਹਾਈ ਸਕੂਲ ’ਚੋਂ ਹੀ ਪੈ ਗਈ ਸੀ। ਸਾਡੇ ਅੰਗਰੇਜ਼ੀ ਦੇ ਅਧਿਆਪਕ ਸਨ ਪੀ.ਟੀ. ਸੰਪੂਰਨ ਸਿੰਘ। ਉਹ ਕਾਮਨ-ਰੂਮ ਵਿਚ ਛੋਟੀ ਜਿਹੀ ਲਾਇਬ੍ਰੇਰੀ ਦੇ ਇੰਚਾਰਜ ਵੀ ਸਨ। ਉੱਥੇ ਇਕ ਵੱਡੇ ਸਾਰੇ ਮੇਜ਼ ਉੱਪਰ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਦੀਆਂ ਅਖ਼ਬਾਰਾਂ ਪਈਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਅਧਿਆਪਕ ਵਿਹਲੇ ਪੀਰੀਅਡਾਂ ’ਚ ਤੇ ਦੁਪਹਿਰ ਦੀ ਛੁੱਟੀ ਸਮੇਂ ਪੜ੍ਹਦੇ। ਪੀ.ਟੀ. ਮਾਸਟਰ ਜੀ ਵੱਲੋਂ ਮੇਰੀ ਅਤੇ ਇਕ ਹੋਰ ਮੁੰਡੇ ਅਵਤਾਰ ਦੀ ਡਿਊਟੀ ਅਕਸਰ ਹੀ ਕਿਤਾਬਾਂ ਦੀਆਂ ਅਲਮਾਰੀਆਂ ਦੀ ਝਾੜ-ਪੂੰਝ ਕਰਨ ਦੀ ਲਗਾਈ ਜਾਂਦੀ। ਅਸੀਂ ਪੰਜਾਬੀ, ਹਿੰਦੀ ਦੀਆਂ ਅਖ਼ਬਾਰਾਂ ’ਚ ਛਪੀਆਂ ਦੇਸ਼- ਵਿਦੇਸ਼ ਦੀਆਂ ਤਸਵੀਰਾਂ ਨੂੰ ਬੜੀ ਰੀਝ ਨਾਲ ਦੇਖਦੇ ਤੇ ਖ਼ਬਰਾਂ ਪੜ੍ਹਦੇ। ਇਕ ਦਿਨ ਮਾਸਟਰ ਸੰਪੂਰਨ ਸਿੰਘ ਅੰਗਰੇਜ਼ੀ ਦੀ ਅਖ਼ਬਾਰ ‘ਦਿ ਟ੍ਰਿਬਿਊਨ’ ਫੜ ਕੇ ਸਾਡੇ ਕੋਲ ਆਏ ਤੇ ਕਹਿਣ ਲੱਗੇ, “ ਓਏ ਬੱਚੂ, ਆਹ ਅੰਗਰੇਜ਼ੀ ਦੀ ਅਖ਼ਬਾਰ ਵੀ ਪੜਿ੍ਹਆ ਕਰੋ।’’
“ਮਾਸਟਰ ਜੀ, ਸਾਨੂੰ ਨਹੀਂ ਏਹਦੀ ਸਮਝ ਲੱਗਦੀ, ਬਹੁਤ ਵੱਡੇ ਵੱਡੇ ਸ਼ਬਦ ਲਿਖੇ ਹੋਏ ਆ ਇਹਦੇ ’ਚ।” ਮੈਂ ਡਰਦੇ ਡਰਦੇ ਨੇ ਕਿਹਾ।
‘ਓਏ ਸਹੁਰੀ ਦਿਉ, ਜੇ ਪੜ੍ਹੋਗੇ ਫੇਰ ਹੀ ਸਮਝ ਆਉਗੀ, ਸਾਰੀਆਂ ਅਖ਼ਬਾਰਾਂ ਪੜ੍ਹਿਆ ਕਰੋ, ਇਹ ਤਾਂ ਬੰਦੇ ਦੀ ਜ਼ਿੰਦਗੀ ਬਦਲ ਦਿੰਦੀਆਂ ਨੇ ਬੱਚੂ।” ਇੰਨਾ ਕਹਿ ਕੇ ਉਹ ਅਗਲਾ ਪੀਰੀਅਡ ਲਗਾਉਣ ਚਲੇ ਗਏ, ਪਰ ਸਾਡੇ ਅੰਦਰ ਅੰਗਰੇਜ਼ੀ ਅਖ਼ਬਾਰ ਪੜ੍ਹਨ ਦੀ ਚੇਟਕ ਵੀ ਲਗਾ ਗਏ।
ਉਨ੍ਹਾਂ ਦਿਨਾਂ ’ਚ ਯੂ. ਕੇ. ਵਿਚ ਛਪਦੀਆਂ ਇਨ੍ਹਾਂ ਕੌਮੀ ਅਖ਼ਬਾਰਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਸੀ। ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰੀ ਮੈਂ ਇਹ ਅਖ਼ਬਾਰ ਲੈ ਕੇ ਕੰਮ ’ਤੇ ਗਿਆ ਸਾਂ ਤਾਂ ਮੇਰੇ ਨਾਲ ਦੇ ਕਾਮਿਆਂ ਨੇ ਮੇਰੇ ਵੱਲ ਇੰਜ ਵੇਖਿਆ ਸੀ ਜਿਵੇਂ ਮੈਂ ਕਿਸੇ ਹੋਰ ਗ੍ਰਹਿ ਤੋਂ ਉਤਰਿਆ ਹੋਵਾਂ ਕਿਉਂਕਿ ਆਮ ਕੰਮ ਵਾਲੀਆਂ ਥਾਵਾਂ ’ਤੇ ਲੋਕ ਦੂਸਰੇ ਟੈਬਲਾਇਡ (ਛੋਟੇ ਸਾਈਜ਼ ਦੇ) ਅਖ਼ਬਾਰ ਹੀ ਪੜ੍ਹਦੇ ਹਨ ਜਿਨ੍ਹਾਂ ਦਾ ਵਿਸ਼ਾ-ਵਸਤੂ ਕੌਮੀ ਅਖ਼ਬਾਰਾਂ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਇਨ੍ਹਾਂ ਬਹੁਤੀਆਂ ਟੈਬਲਾਇਡ ਅਖ਼ਬਾਰਾਂ ’ਚ ਔਰਤਾਂ ਦੀਆਂ ਤਸਵੀਰਾਂ, ਚਟਪਟੀਆਂ ਖ਼ਬਰਾਂ, ਘੋੜਿਆਂ, ਕੁੱਤਿਆਂ ਦੀ ਦੌੜਾਂ ਤੇ ਫੁੱਟਬਾਲ ਦੀਆਂ ਟੀਮਾਂ ਦੇ ਮੈਚਾਂ ਦੇ ਨਤੀਜੇ ਆਦਿ ਪ੍ਰਮੁੱਖ ਹੁੰਦੇ ਹਨ। ਕਈ ਲੋਕ ਤਾਂ ਇਹ ਅਖ਼ਬਾਰ ਖ਼ਰੀਦ ਕੇ ਸਿਰਫ਼ ਆਪਣੇ ਮਤਲਬ ਦੀ ਇਕ ਅੱਧੀ ਖ਼ਬਰ ਦੇਖ ਕੇ ਬਾਕੀ ਅਖ਼ਬਾਰ ਪੜ੍ਹੇ ਬਿਨਾਂ ਹੀ ਕੂੜਾਦਾਨ ’ਚ ਸੁੱਟ ਦਿੰਦੇ ਹਨ। ਇਸੇ ਕਰ ਕੇ ਮੇਰੇ ਹੱਥ ’ਚ ‘ਦਿ ਗਾਰਡੀਅਨ’ ਅਖ਼ਬਾਰ ਦੇਖ ਕੇ ਸਭ ਨੂੰ ਹੈਰਾਨੀ ਹੋਈ ਸੀ। ਮੇਰੇ ਨਾਲ ਕੰਮ ਕਰਦੇ ਇਕ ਕਾਮੇ ਨਰਿੰਦਰ ਨੇ ਤਾਂ ਹੱਸਦਿਆਂ ਕਿਹਾ ਸੀ ਕਿ ਇਹ ਅਖ਼ਬਾਰ ਤਾਂ ਚਾਦਰ ਦੀ ਤਰ੍ਹਾਂ ਉੱਪਰ ਵੀ ਲਿਆ ਜਾ ਸਕਦਾ ਹੈ।
ਇਕ ਦਿਨ ਮੈਂ ਸਵੇਰ ਦੀ ਟੀ-ਬ੍ਰੇਕ ਵੇਲੇ ਅਖ਼ਬਾਰ ਦੀਆਂ ਸੁਰਖੀਆਂ ਦੇਖ ਰਿਹਾ ਸਾਂ। ਅੱਜ ਸੋਹਣੀ ਧੁੱਪ ਚੜ੍ਹੀ ਹੋਈ ਸੀ। ਅਖ਼ਬਾਰ ’ਤੇ ਕਿਸੇ ਦਾ ਪਰਛਾਵਾਂ ਜਿਹਾ ਦਿਸਿਆ, ਜਦੋਂ ਮੈਂ ਧੌਣ ਘੁੰਮਾ ਕੇ ਪਿੱਛੇ ਦੇਖਿਆ ਤਾਂ ਫੈਕਟਰੀ ਦਾ ਜਨਰਲ ਮੈਨੇਜਰ ਮਿਸਟਰ ਡਡਲੀ ਖੜ੍ਹਾ ਸੀ। ਮੈਂ ਇਕਦਮ ਘੜੀ ਦੇਖੀ। ਟੀ-ਬ੍ਰੇਕ ਖ਼ਤਮ ਹੋਣ ’ਚ ਅਜੇ ਚਾਰ ਪੰਜ ਮਿੰਟ ਪਏ ਸਨ। ਮੈਂ ਉੱਠਿਆ ਤੇ ਉਸ ਨੂੰ ਗੁੱਡ ਮਾਰਨਿੰਗ ਕਹੀ। ਉਸ ਨੇ ਮੈਨੂੰ ਬੈਠ ਜਾਣ ਲਈ ਕਿਹਾ ਤੇ ਮੇਰੀ ਟੀ-ਬ੍ਰੇਕ ’ਚ ਖ਼ਲਲ ਪਾਉਣ ਲਈ ਮੁਆਫ਼ੀ ਮੰਗੀ। ਮੈਂ ਨੋਟ ਕੀਤਾ ਕਿ ਉਹ ਘੂਰ ਘੂਰ ਕੇ ਅਖ਼ਬਾਰ ਵੱਲ ਵੇਖ ਰਿਹਾ ਸੀ। ਉਸ ਨੇ ਬਾਕੀ ਕਾਮਿਆਂ ਨੂੰ ਵੀ ਹੈਲੋ ਕਹੀ ਤੇ ਜਾਣ ਲੱਗਾ ਮੈਨੂੰ ਕਹਿ ਗਿਆ ਕਿ ਮੈਂ ਉਸ ਨੂੰ ਲੰਚ-ਬ੍ਰੇਕ ਵੇਲੇ ਉਹਦੇ ਦਫ਼ਤਰ ’ਚ ਮਿਲਾਂ। ਉਹ ਤਾਂ ਕਹਿ ਕੇ ਚਲਾ ਗਿਆ, ਪਰ ਮੈਨੂੰ ਫ਼ਿਕਰਾਂ ’ਚ ਪਾ ਗਿਆ ਕਿ ਮੈਨੂੰ ਕਾਹਦੇ ਵਾਸਤੇ ਉਸ ਨੇ ਬੁਲਾਇਆ ਸੀ। ਇਕੋ ਗੱਲ ਮੇਰੇ ਜ਼ਿਹਨ ’ਚ ਆਉਂਦੀ ਸੀ ਕਿ ਜ਼ਰੂਰ ਕਿਸੇ ਸਾਥੀ ਕਾਮੇ ਨੇ ਮੇਰੀ ਅਖ਼ਬਾਰ ਪੜ੍ਹਨ ਦੀ ਝੂਠੀ ਸ਼ਿਕਾਇਤ ਵਧਾ ਚੜ੍ਹਾ ਕੇ ਲਗਾਈ ਹੋਵੇਗੀ ਕਿ ਮੈਂ ਕੰਮ ਦੇ ਸਮੇਂ ’ਚ ਅਖ਼ਬਾਰ ਪੜ੍ਹਦਾ ਸਾਂ, ਹਾਲਾਂਕਿ ਆਪਣੇ ਕੰਮ ਬਾਰੇ ਮੈਂ ਬੜਾ ਚੇਤੰਨ ਸਾਂ। ਲੰਚ-ਬ੍ਰੇਕ ਤਕ ਮੇਰੇ ਮਨ ਵਿਚ ਬੜਾ ਘੋਲ ਹੁੰਦਾ ਰਿਹਾ। ਮਸ਼ੀਨਾਂ ਆਦਿ ਉਸ ਵੇਲੇ ਬੰਦ ਸਨ ਤੇ ਬਾਕੀ ਕਈ ਸਾਥੀ ਕਾਮਿਆਂ ਨੇ ਵੀ ਮੈਨੇਜਰ ਦਾ ‘ਫੁਰਮਾਨ’ ਸੁਣ ਲਿਆ ਸੀ। ਇਕ ਦੋ ਜਣਿਆਂ ਨੇ ਤਾਂ ਮੇਰੇ ਨਾਲ ਹਮਦਰਦੀ ਵੀ ਜਤਾਈ ਜਿਵੇਂ ਲੰਚ ਬ੍ਰੇਕ ਵੇਲੇ ਮੈਂ ਫਾਂਸੀ ਦਾ ਰੱਸਾ ਚੁੰਮਣ ਜਾਣਾ ਹੋਵੇ। ਮੈਂ ਵਰਕਰਜ਼ ਯੂਨੀਅਨ ਦਾ ਮੈਂਬਰ ਸਾਂ। ਚਾਰਜ-ਹੈਂਡ, ਜਿਸ ਨੇ ਮੈਨੂੰ ਕੰਮ ’ਤੇ ਲੁਆਇਆ ਸੀ ਉਹ ਯੂਨੀਅਨ ਦਾ ਨੁਮਾਇੰਦਾ ਵੀ ਸੀ, ਪਰ ਅੱਜਕੱਲ੍ਹ ਉਹ ਯੂਰੋਪ ਵਿਚ ਛੁੱਟੀਆਂ ਕੱਟਣ ਗਿਆ ਹੋਇਆ ਸੀ। ਬੜੀ ਮੁਸ਼ਕਲ ਨਾਲ ਲੰਚ-ਬ੍ਰੇਕ ਤਕ ਦਾ ਸਮਾਂ ਬਤੀਤ ਹੋਇਆ। ਲੰਚ-ਬ੍ਰੇਕ ਹੋਈ। ਮੈਂ ਰੋਟੀ ਵੀ ਨਾ ਖਾਧੀ, ਸੋਚਿਆ ਕਿ ਜੇ ਕੰਮ ਤੋਂ ਜਵਾਬ ਹੋ ਗਿਆ ਤਾਂ ਘਰ ਜਾ ਕੇ ਹੀ ਰੋਟੀ ਖਾਵਾਂਗਾ। ਮੈਂ ਮੈਨੇਜਰ ਦੇ ਦਫ਼ਤਰ ਵੱਲ ਤੁਰ ਪਿਆ, ਪਰ ਮੇਰੀਆਂ ਲੱਤਾਂ ਮਣ ਮਣ ਭਾਰੀਆਂ ਹੋਈਆਂ ਪਈਆਂ ਸਨ। ਸੰਭਾਵੀ ਸਵਾਲਾਂ ਦੇ ਜਵਾਬ ਮੈਂ ਮਨ ਵਿਚ ਤਿਆਰ ਕਰ ਲਏ ਹੋਏ ਸਨ।
ਪ੍ਰਬੰਧਕੀ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਮੈਨੇਜਰ ਦਾ ਦਫ਼ਤਰ ਸੀ। ਮੈਂ ਦਰਵਾਜ਼ੇ ’ਤੇ ਦਸਤਕ ਦਿੱਤੀ ਤਾਂ ਅੰਦਰੋਂ ‘ਕਮ ਇਨ’ ਦੀ ਆਵਾਜ਼ ਆਈ। ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪੂਰੇ ਬੋਰਡ-ਰੂਮ ਵਰਗਾ ਮਾਹੌਲ ਸੀ। ਵੱਡਾ ਸਾਰਾ ਲੰਬੂਤਰਾ ਮੇਜ਼ ਤੇ ਆਲੇ ਦੁਆਲੇ ਦਸ ਬਾਰਾਂ ਕੁਰਸੀਆਂ। ਸਾਹਮਣੇ ਵਾਲੀ ਵੱਡੀ ਸਾਰੀ ਘੁੰਮਣ ਵਾਲੀ ਕੁਰਸੀ ਉੱਪਰ ਇਕ ਚਾਂਦੀ ਰੰਗੇ ਵਾਲਾਂ ਵਾਲਾ ਬਜ਼ੁਰਗ ਅੰਗਰੇਜ਼ ਬੈਠਾ ਸੀ ਤੇ ਉਸ ਦੇ ਸੱਜੇ ਪਾਸੇ ਦੀ ਕੁਰਸੀ ਉੱਪਰ ਮਿਸਟਰ ਡਡਲੀ। ਮੈਂ ਇਕ ਕੁਰਸੀ ਦੇ ਪਿਛਲੇ ਪਾਸੇ ਖਲੋ ਗਿਆ। ਬਜ਼ੁਰਗ ਨੇ ਮੈਨੂੰ ਬੜੇ ਸਲੀਕੇ ਨਾਲ ਕੁਰਸੀ ’ਤੇ ਬੈਠਣ ਲਈ ਕਿਹਾ। ਮੈਂ ਸੋਚਾਂ ਕਿ ਅਦਾਲਤ ’ਚ ਤਾਂ ਮੁਜਰਿਮ ਨੂੰ ਖੜ੍ਹੇ ਖੜ੍ਹੇ ਨੂੰ ਹੀ ਸਜ਼ਾ ਸੁਣਾਈ ਜਾਂਦੀ ਹੈ, ਬੈਠਣ ਦਾ ਹੁਕਮ ਨਹੀਂ ਹੁੰਦਾ ਤੇ ਇਹ ਮੈਨੂੰ ਕੁਰਸੀ ’ਤੇ ਬੈਠਣ ਲਈ ਕਹਿ ਰਹੇ ਹਨ। ਫਿਰ ਮਨ ’ਚ ਵਿਚਾਰ ਆਇਆ ਕਿ ਅੰਗਰੇਜ਼ ਬਹੁਤ ਸ਼ਿਸ਼ਟਾਚਾਰ ਵਾਲੀ ਕੌਮ ਹੈ, ਇਹ ਸਜ਼ਾ ਵੀ ਹੱਸਦੇ ਹੱਸਦੇ ਦੇਣਗੇ। ਖ਼ੈਰ ਮੈਂ ਝਕਦਾ ਝਕਦਾ ਕੁਰਸੀ ’ਤੇ ਬੈਠ ਗਿਆ। ਮਿਸਟਰ ਡਡਲੀ ਨੇ ਬਜ਼ੁਰਗ ਨੂੰ ਮੇਰੇ ਬਾਰੇ ਦੱਸਿਆ ਤੇ ਫਿਰ ਬਜ਼ੁਰਗ ਬਾਰੇ ਮੈਨੂੰ ਦੱਸਿਆ ਗਿਆ ਕਿ ਇਹ ਮਿਸਟਰ ਮੇਚਿਨ ਹਨ, ਕੰਪਨੀਆਂ ਦੇ ਗਰੁੱਪ ਡਾਇਰੈਕਟਰ। ਫਿਰ ਮੇਚਿਨ ਸਾਹਿਬ ਮੈਨੂੰ ਮੁਖਾਤਬਿ ਹੋਏ ਤੇ ਕਹਿਣ ਲਗੇ, “ਮਿਸਟਰ ਸਿੰਘ, ਮਿਸਟਰ ਡਡਲੀ ਨੇ ਮੈਨੂੰ ਦੱਸਿਐ ਕਿ ਤੂੰ ‘ਗਾਰਡੀਅਨ’ ਅਖ਼ਬਾਰ ਪੜ੍ਹਦਾ ਸੀ, ਕੀ ਵਿਦਿਅਕ ਯੋਗਤਾ ਹੈ ਤੇਰੀ?”
ਮੈਨੂੰ ਸ਼ੱਕ ਯਕੀਨ ’ਚ ਬਦਲਦਾ ਜਾਪਿਆ ਕਿ ਲੈ ਬਈ ਬਸ ਜ਼ਰੂਰ ਕਿਸੇ ਨੇ ਮੇਰੀ ਅਖ਼ਬਾਰ ਪੜ੍ਹਨ ਦੀ ਸ਼ਿਕਾਇਤ ਹੀ ਲਗਾਈ ਹੈ ਤਾਂ ਹੀ ਮਿਸਟਰ ਡਡਲੀ ਵੀ ਟੀ-ਬ੍ਰੇਕ ਵੇਲੇ ਹੀ ਛਾਪਾ ਮਾਰਨ ਆਇਆ ਸੀ।
“ਜੀ ਮੈਂ ਗ੍ਰੈਜੂਏਟ ਆਂ ਤੇ ਮੇਰੇ ਪਾਸ ਫੀਲਡ ਵਰਕ ਦਾ ਡਿਪਲੋਮਾ ਵੀ ਹੈ ਤੇ ਮੈਂ ਪੰਜਾਬ ਸਰਕਾਰ ਦੀ ਚਾਰ ਸਾਲ ਨੌਕਰੀ ਵੀ ਕੀਤੀ ਐ।” ਮੈਂ ਦੱਸਿਆ।
“ਗੁੱਡ, ਗੁੱਡ, ਪੰਜਾਬ ’ਚ ਕਿਹੜਾ ਜ਼ਿਲ੍ਹਾ ਐ ਤੇਰਾ?”
“ਜੀ ਜ਼ਿਲ੍ਹਾ ਤਾਂ ਮੇਰਾ ਹੁਸ਼ਿਆਰਪੁਰ ਐ, ਪਰ ਗ੍ਰੈਜੂਏਸ਼ਨ ਮੈਂ ਲੁਧਿਆਣਾ ਤੋਂ ਕੀਤੀ ਐ।’’
“ਲੁਧਿਆਣਾ, ਲੁਧਿਆਣਾ, ਵੰਡਰਫੁੱਲ, ਵੰਡਰਫੁੱਲ, ਮੈਂ ਤਾਂ ਦੋ ਤਿੰਨ ਮਹੀਨਿਆਂ ਬਾਅਦ ਜਾਂਦਾ ਈ ਰਹਿੰਦਾ ਲੁਧਿਆਣੇ, ਵੰਡਰਫੁੱਲ।’’
ਹੁਣ ਮੈਂ ਹੈਰਾਨੀ ’ਚ ਪੈ ਗਿਆ ਕਿ ਮੰਨਿਆ ਕਿ ਅੰਗਰੇਜ਼ ਸੈਰ-ਸਪਾਟਾ ਕਰਨ ਤੁਰੇ ਰਹਿੰਦੇ ਆ ਦੂਜੇ ਦੇਸ਼ਾਂ ਨੂੰ, ਪਰ ਇਹ ਤਾਂ ਕਹਿੰਦਾ ਕਿ ਉਹ ਦੂਜੇ ਤੀਜੇ ਮਹੀਨੇ ਤੁਰਿਆ ਰਹਿੰਦੈ। ਇਹ ਕੀ ਕਹਾਣੀ ਹੈ? ਮੈਨੂੰ ਸੋਚੀਂ ਪਏ ਨੂੰ ਦੇਖ ਕੇ ਉਸ ਨੇ ਆਪ ਹੀ ਦੱਸਣਾ ਸ਼ੁਰੂ ਕੀਤਾ, “ਮਿਸਟਰ ਸਿੰਘ ਤੈਨੂੰ ਤਾਂ ਪਤਾ ਈ ਐ ਕਿ ਲੁਧਿਆਣਾ ਸਾਈਕਲ ਇੰਡਸਟਰੀ ਦਾ ਗੜ੍ਹ ਐ ਤੇ ਸਾਡੀਆਂ ਵੀ ਦੋ ਫਰਮਾਂ ਸਾਈਕਲ ਮੈਨੂਫੈਕਚਰਿੰਗ ਦੇ ਕਾਰੋਬਾਰ ’ਚ ਹਨ, ਸੋ ਬਿਜ਼ਨਸ ਦੇ ਸਬੰਧ ’ਚ ਮੈਂ ਜਾਂਦਾ ਰਹਿੰਦਾਂ।”
ਉਸ ਤੋਂ ਬਾਅਦ ਮਿਸਟਰ ਮੇਚਿਨ ਨੇ ਮੇਰੇ ਨਾਲ ਲੁਧਿਆਣਾ ਬਾਰੇ ਕਈ ਗੱਲਾਂ ਕੀਤੀਆਂ। ਫੇਰ ਉਸ ਨੇ ਮਿਸਟਰ ਡਡਲੀ ਨਾਲ ਕੋਈ ਗੱਲ ਕੀਤੀ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਜਿਹੜੀ ਜੌਬ ਕਰ ਰਿਹਾ ਹਾਂ, ਇਹ ਮੇਰੇ ਲਾਇਕ ਨਹੀਂ ਹੈ, ਉਹ ਮੈਨੂੰ ਮੇਰੀ ਵਿਦਿਅਕ ਯੋਗਤਾ ਅਨੁਸਾਰ ਕੋਈ ਹੋਰ ਕੰਮ ਦੇਣ ਦੀ ਕੋਸ਼ਿਸ਼ ਕਰਨਗੇ। ਫਿਰ ਉਸ ਨੇ ਫੋਨ ਘੁਮਾਇਆ ਤੇ ਕਿਸੇ ਨਾਲ ਗੱਲਬਾਤ ਕੀਤੀ ਤੇ ਫੋਨ ਰੱਖ ਕੇ ਮੈਨੂੰ ਪੁੱਛਣ ਲੱਗਾ ਕਿ ਮੇਰਾ ਗਣਿਤ ਕਿਹੋ ਜਿਹਾ ਸੀ। ਹੁਣ ਤਕ ਗੱਲਬਾਤ ਦਾ ਸਿਲਸਿਲਾ ਬਹੁਤ ਸਹਿਜ ਹੋ ਚੁੱਕਾ ਸੀ, ਸੋ ਮੈਂ ਹੱਸਦਿਆਂ ਕਿਹਾ, “ਜੀ ਮੈਂ ਆਈਂਨਸਟਾਈਨ ਤਾਂ ਨਹੀਂ, ਪਰ ਗੁਜ਼ਾਰੇ ਜੋਗਾ ਗਣਿਤ ਹੈਗਾ ਮੇਰੇ ਕੋਲ।”
ਮੇਰਾ ਜਵਾਬ ਸੁਣ ਕੇ ਉਹ ਖੂਬ ਹੱਸਿਆ ਤੇ ਕਹਿਣ ਲੱਗਾ ਕਿ ਉਨ੍ਹਾਂ ਦੀ ਇਕ ਟਿਊਬ ਫੈਕਟਰੀ ਵਿਚ ਕੁਆਲਿਟੀ ਕੰਟਰੋਲ ਇੰਸਪੈਕਟਰ ਦੀ ਸਟਾਫ਼ ਪੋਜ਼ੀਸ਼ਨ ਖਾਲੀ ਹੈ, ਜੇ ਮੈਂ ਚਾਹਾਂ ਤਾਂ ਉਹ ਮੈਨੂੰ ਦੇ ਸਕਦੇ ਹਨ, ਪਰ ਉਸ ਵਾਸਤੇ ਮੈਨੂੰ ਟਰੇਨਿੰਗ ਕਰਨੀ ਪਵੇਗੀ। ਉਸ ਨੇ ਕਿਹਾ ਕਿ ਮੈਂ ਸੋਚ ਵਿਚਾਰ ਕੇ ਬਾਅਦ ਵਿਚ ਵੀ ਉਨ੍ਹਾਂ ਨੂੰ ਦੱਸ ਸਕਦਾ ਹਾਂ। ਤੇ ਏਧਰ ਅੰਨ੍ਹਾ ਕੀ ਭਾਲੇ ਦੋ ਅੱਖਾਂ! ਮੈਂ ਉਸ ਨੂੰ ਕਿਹਾ ਕਿ ਇਸ ਦਾ ਫ਼ੈਸਲਾ ਮੈਂ ਹੀ ਕਰਨਾ ਹੈ ਤੇ ਮੈਨੂੰ ਮਨਜ਼ੂਰ ਹੈ। ਫਿਰ ਮਿਸਟਰ ਮੇਚਿਨ ਨੇ ਖੁਲਾਸਾ ਕੀਤਾ ਕਿ ਦੋ ਹਫ਼ਤੇ ਇੱਥੇ ਇਕ ਫੋਰਮੈਨ ਮੈਨੂੰ ਮੈਯਰਮੈਂਟ ਦੇ ਟੂਲ, ਮਾਈਰੋਮੀਟਰ ਵਿਗੈਰਾ ਵਰਤਣੇ ਸਿਖਾਵੇਗਾ ਤੇ ਫਿਰ ਦੋ ਮਹੀਨੇ ਇਕ ਹੋਰ ਫੈਕਟਰੀ ’ਚ ਪ੍ਰੈਕਟੀਕਲ ਟਰੇਨਿੰਗ ਕਰਨੀ ਪਵੇਗੀ ਤੇ ਇਸ ਸਾਰੇ ਸਮੇਂ ਦੌਰਾਨ ਮੈਨੂੰ ਬਾਕਾਇਦਾ ਤਨਖਾਹ ਵੀ ਮਿਲਦੀ ਰਹੇਗੀ। ਉਸ ਨੇ ਇੰਟਰਕਾਮ ’ਤੇ ਫੋਰਮੈਨ ਮਿਸਟਰ ਫਰਗੂਸਨ ਨੂੰ ਸੱਦਿਆ ਤੇ ਮੇਰੀ ਦੋ ਹਫ਼ਤਿਆਂ ਦੀ ਟਰੇਨਿੰਗ ਬਾਰੇ ਉਸ ਨੂੰ ਹਦਾਇਤਾਂ ਦਿੱਤੀਆਂ ਤੇ ਮੈਨੂੰ ਵਧਾਈ ਦੇ ਕੇ ਉਸ ਨੇ ਵਾਪਸ ਕੰਮ ’ਤੇ ਜਾਣ ਲਈ ਕਿਹਾ।
ਦਫ਼ਤਰ ’ਚੋਂ ਨਿਕਲ ਕੇ ਮੈਨੂੰ ਯਕੀਨ ਨਾ ਆਵੇ ਕਿ ਕੀ ਇਹ ਸਭ ਕੁਝ ਸੱਚ ਸੀ ਜਾਂ ਕਿ ਮੈਂ ਕੋਈ ਸੁਪਨਾ ਦੇਖਿਆ ਸੀ। ਮੈਂ ਆਪਣੀ ਬਾਂਹ ’ਤੇ ਚੂੰਢੀ ਵੱਢ ਕੇ ਤਸੱਲੀ ਕੀਤੀ ਕਿ ਮੈਂ ਜਾਗਦਾ ਹੀ ਸਾਂ। ਜਦੋਂ ਮੈਂ ਪੌੜੀਆਂ ਉਤਰ ਰਿਹਾ ਸਾਂ ਤਾਂ ਮੈਨੂੰ ਲੱਗਾ ਕਿ ਮਾਸਟਰ ਸੰਪੂਰਨ ਸਿੰਘ ਜੀ ਪੌੜੀਆਂ ਦੇ ਹੇਠਾਂ ਖੜ੍ਹੇ ਮੁਸਕਰਾ ਰਹੇ ਸਨ ਤੇ ਕਹਿ ਰਹੇ ਸਨ, “ਕਿਉਂ ਬੱਚੂ, ਮੈਂ ਗ਼ਲਤ ਥੋੜ੍ਹੀ ਕਹਿੰਦਾ ਹੁੰਦਾ ਸੀ ਕਿ ਅਖ਼ਬਾਰਾਂ ਬੰਦੇ ਦੀ ਜ਼ਿੰਦਗੀ ਬਦਲ ਦਿੰਦੀਆਂ।’’
ਭਾਵੇਂ ਮਾਸਟਰ ਸੰਪੂਰਨ ਸਿੰਘ ਜੀ ਸਰੀਰਿਕ ਰੂਪ ਵਿਚ ਉੱਥੇ ਨਹੀਂ ਸਨ, ਪਰ ਮੈਂ ਸਿਰ ਨਿਵਾ ਕੇ ਉਨ੍ਹਾਂ ਨੂੰ ਸਿਜਦਾ ਕੀਤਾ।
ਸੰਪਰਕ: 0044 757 838 9725