ਕੈਨੇਡਾ ਵਾਸ
ਸ਼ਮੀਲ
ਮੈਂ ਕੈਨੇਡੀਅਨ ਰੇਡੀਓ ਨੈੱਟਵਰਕ ‘ਰੈੱਡ ਐੱਫ ਐੱਮ’ ’ਤੇ ਟੋਰਾਂਟੋ ਵਿਚ ਮੌਰਨਿੰਗ ਸ਼ੋਅ ਕਰਦਾ ਹਾਂ। ਸੁਣਨ ਵਾਲਿਆਂ ਵਿਚ ਚੜ੍ਹਦੇ ਪੰਜਾਬ ਵਾਲੇ ਵੀ ਨੇ ਅਤੇ ਲਹਿੰਦੇ ਵਾਲੇ ਵੀ। ਜਿਹੜੀ ਪੀੜ੍ਹੀ ਕੈਨੇਡਾ ਵਿਚ ਹੀ ਵੱਡੀ ਹੋਈ, ਉਹ ਵੀ ਸੁਣਦੀ ਹੈ। ਇਸ ਤਰ੍ਹਾਂ ਦੇ ਰਲੇ ਮਿਲੇ ਸਰੋਤਿਆਂ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਤੁਹਾਡੇ ਮਨ ਵਿਚ ਇਹ ਖਿਆਲ ਰਹਿੰਦਾ ਹੈ ਕਿ ਤੁਹਾਡੀ ਗੱਲ ਹਰ ਕਿਸੇ ਦੇ ਸਮਝ ਵਿਚ ਆ ਜਾਵੇ। ਤੁਸੀਂ ਅਜਿਹੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਦੇ ਹੋ, ਜਿਹੜੀ ਇਸ ਤਰ੍ਹਾਂ ਦੇ ਰਲੇ ਮਿਲੇ ਸਰੋਤਿਆਂ ਵਿਚ ਸਭ ਦੇ ਸਮਝ ਆ ਜਾਵੇ। ਮੈਨੂੰ ਇਕ ਦੋ ਵਾਰ ਪਾਕਿਸਤਾਨੀ ਪਿਛੋਕੜ ਵਾਲੇ ਸਰੋਤਿਆਂ ਨੇ ਇਹ ਗੱਲ ਕਹੀ ਵੀ ਕਿ ਤੁਸੀਂ ਅਜਿਹੇ ਸ਼ਬਦ ਨਾ ਵਰਤੋ, ਜਿਹੜੇ ਸਾਡੇ ਵਾਲੇ ਪਾਸੇ ਸਮਝ ਨਹੀਂ ਆਉਂਦੇ। ਇਸ ਨਾਲ ਮੈਂ ਹੋਰ ਸੁਚੇਤ ਹੋ ਗਿਆ। ਇਸ ਤਰ੍ਹਾਂ ਦੇ ਸਰੋਤਿਆਂ ਨਾਲ ਗੱਲਬਾਤ ਕਰਦੇ ਹੋਏ ਤੁਹਾਨੂੰ ਕਿਤੇ ਵਿਚਾਲੇ ਖੜ੍ਹਨਾ ਪੈਣਾ ਹੈ। ਨਾ ਇੱਥੇ ਤੁਹਾਡਾ ਦੂਰਦਰਸ਼ਨ ਵਾਲੀ ‘ਦੂਰਭਾਸ਼-ਟਾਈਪ’ ਭਾਸ਼ਾ ਨਾਲ ਕੰਮ ਚੱਲ ਸਕਦਾ ਹੈ, ਨਾ ਤੁਸੀਂ ਮਨਪ੍ਰੀਤ ਬਾਦਲ ਦੀ ਤਰ੍ਹਾਂ ਉਰਦੂ ਸ਼ਬਦ ਉਸ ਵਿਚ ਭਰ ਸਕਦੇ ਹੋ ਅਤੇ ਨਾ ਹੀ ਪੇਂਡੂ ਮੁਹਾਵਰੇ ਵਾਲੀ ਪੁਰਾਣੀ ਪੰਜਾਬੀ ਤੁਸੀਂ ਵਰਤ ਸਕਦੇ ਹੋ। ਇਸ ਤਰ੍ਹਾਂ ਦੀਆਂ ਲੋੜਾਂ ਜਾਂ ਮਜਬੂਰੀਆਂ ’ਚੋਂ ਇਕ ਨਵੀਂ ਤਰ੍ਹਾਂ ਦੀ ਭਾਸ਼ਾ ਵਿਕਸਤ ਹੁੰਦੀ ਹੈ, ਜਿਹੜੇ ਤਿੰਨੇ ਵਰਗਾਂ- ਲਹਿੰਦੇ ਵਾਲੇ, ਚੜ੍ਹਦੇ ਵਾਲੇ ਅਤੇ ਕੈਨੇਡਾ ਵਿਚ ਜੰਮੇ-ਪਲੇ, ਸਭ ਦੇ ਸਮਝ ਆ ਸਕੇ। ਇਸ ਮਜਬੂਰੀ ਜਾਂ ਹਾਲਤ ਵਿਚੋਂ ਇਕ ਨਵੀਂ ਕੈਨੇਡੀਅਨ ਪੰਜਾਬੀ ਦੇ ਨਕਸ਼ ਉੱਭਰਦੇ ਨਜ਼ਰ ਆਉਂਦੇ ਹਨ।
ਆਮ ਕਰਕੇ ਪੰਜਾਬੀ ਵਿਦਵਾਨ ਜਾਂ ਅਕੈਡਮੀਸ਼ਨ ਇਹ ਚਿੰਤਾ ਕਰਦੇ ਹਨ ਕਿ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਬੋਲੀ ਦੋ ਅਲੱਗ ਅਲੱਗ ਦਿਸ਼ਾਵਾਂ ਵਿਚ ਜਾ ਰਹੀ ਹੈ। ਭਾਰਤ ਵਾਲੇ ਪਾਸੇ ਸੰਸਕ੍ਰਿਤ-ਹਿੰਦੀ ਸਰੋਤਾਂ ’ਚੋਂ ਆਏ ਸ਼ਬਦ ਵਧਦੇ ਜਾ ਰਹੇ ਹਨ ਅਤੇ ਪਾਕਿਸਤਾਨੀ ਪੰਜਾਬੀ ਵਿਚ ਫਾਰਸੀ-ਉਰਦੂ ਵਾਲੇ ਪਾਸਿਓਂ ਆਏ ਲਫਜ਼ ਵਧ ਰਹੇ ਹਨ। ਇਸ ਗੱਲ ਦਾ ਪਤਾ ਗੀਤ ਸੁਣਦੇ ਹੋਏ ਜਾਂ ਨਾਟਕ-ਡਰਾਮਾ ਦੇਖਦੇ ਹੋਏ ਪਤਾ ਨਹੀਂ ਲੱਗਦਾ, ਪਰ ਜੇ ਤੁਸੀਂ ਕਿਸੇ ਸਾਹਿਤ ਆਲੋਚਨਾ ਦਾ ਪੇਪਰ ਸੁਣੋ ਜਾਂ ਕਿਸੇ ਗੰਭੀਰ ਮੁੱਦੇ ’ਤੇ ਕਿਸੇ ਵਿਦਵਾਨ ਨੂੰ ਬੋਲਦੇ ਹੋਏ ਸੁਣੋ ਤਾਂ ਇਹ ਫ਼ਰਕ ਪਤਾ ਲੱਗਦਾ ਹੈ। ਮੇਰਾ ਖਿਆਲ ਹੈ ਕਿ ਇਸ ਚਿੰਤਾ ਨੂੰ ਕੈਨੇਡੀਅਨ ਪੰਜਾਬੀ ਦੂਰ ਕਰ ਸਕਦੀ ਹੈ।
ਜੋ ਪੰਜਾਬੀ ਕੈਨੇਡਾ ਵਿਚ ਵਿਕਸਤ ਹੋ ਰਹੀ ਹੈ, ਉਸ ਵਿਚ ਬਹੁਤ ਸਾਰੇ ਮੁਹਾਵਰੇ, ਗੱਲ ਕਹਿਣ ਦੇ ਤਰੀਕੇ ਜਾਂ ਸ਼ਬਦ ਅਜਿਹੇ ਵੀ ਆ ਰਹੇ ਹਨ, ਜਿਹੜੇ ਇੱਥੋਂ ਦੇ ਲਾਈਫ-ਸਟਾਈਲ ’ਚੋਂ ਨਿਕਲੇ ਹਨ। ਜਿਵੇਂ ਅਸੀਂ ‘ਗਰੌਸਰੀ ਕਰਨ’ ਜਾਂਦੇ ਹਾਂ, ਗਰੌਸਰੀ ਖ਼ਰੀਦਣ ਨਹੀਂ। ਨਵੀਂ ਪੀੜ੍ਹੀ ਦੇ ਬੱਚਿਆਂ ਵਿਚ ‘ਮੈਂ ਕਰਨਾ ਮੰਗਦਾ’ ਆਮ ਹੋਣ ਲੱਗਿਆ ਹੈ। ‘ੜਾੜਾ’ ਧੁਨੀ ਦਾ ਉਚਾਰਨ ਘਟ ਰਿਹਾ ਹੈ। ਹੋ ਸਕਦਾ ਹੈ ਕਿ ਨਵੇਂ ਬੱਚਿਆਂ ਲਈ ‘ੜਾੜਾ’ ਵੀ ਉਸੇ ਤਰਾਂ ਅਲੋਪ ਹੋ ਚੁੱਕੀ ਧੁਨ ਬਣ ਜਾਵੇ, ਜਿਵੇਂ ਪੈਂਤੀ ਅੱਖਰੀ ਦੇ ਕੁਝ ਅੱਖਰ ਸਾਡੇ ਲਈ ਪਹਿਲਾਂ ਹੀ ਅਲੋਪ ਹੋ ਚੁੱਕੇ ਹਨ; ਜਿਨ੍ਹਾਂ ਨੂੰ ਸਿਰਫ਼ ਗੁਰਬਾਣੀ ਵਿਚ ਵਰਤਿਆ ਹੋਇਆ ਅਸੀਂ ਦੇਖਦੇ ਹਾਂ। ਲਹਿਜ਼ੇ ਵਿਚ ਵੀ ਫ਼ਰਕ ਪਵੇਗਾ। ਜਿਵੇਂ ਆਸਟਰੇਲੀਆ/ ਨਿਊਜ਼ੀਲੈਂਡ ਜਾਂ ਯੂ ਐੱਸ/ਕੈਨੇਡਾ ਦੀ ਇੰਗਲਿਸ਼ ਬ੍ਰਿਟਿਸ਼ ਭਾਸ਼ਾ ਨਾਲੋਂ ਵੱਖਰੀ ਬਣ ਗਈ ਹੈ ਜਾਂ ਜਿਵੇਂ ਕਿਉਬੈਕ ਦੀ ਫਰੈਂਚ ਫਰਾਂਸ ਦੀ ਭਾਸ਼ਾ ਨਾਲੋਂ ਵੱਖਰੀ ਹੈ ਜਾਂ ਜਿਵੇਂ ਬਰਾਜ਼ੀਲ ਦੀ ਪੁਰਤਗਾਲੀ ਭਾਸ਼ਾ ਪੁਰਤਗਾਲ ਵਾਲੀ ਨਾਲੋਂ ਵੱਖਰੀ ਨੁਹਾਰ ਵਾਲੀ ਹੋ ਗਈ ਹੈ, ਉਸੇ ਤਰੀਕੇ ਨਾਲ ਕੈਨੇਡੀਅਨ ਪੰਜਾਬੀ ਦਾ ਵੀ ਇਕ ਖ਼ਾਸ ਕਲਚਰਲ ਮੁਹਾਂਦਰਾ ਹੋਵੇਗਾ।
ਕੈਨੇਡਾ ਦੀ ਪੰਜਾਬੀ ਜੋ ਅਸੀਂ ਮੀਡੀਆ ਵਿਚ ਵਰਤ ਰਹੇ ਹਾਂ, ਉਸ ਵਿਚ ਅੰਗਰੇਜ਼ੀ ਵਾਲੇ ਸ਼ਬਦ ਲਗਾਤਾਰ ਵਧ ਰਹੇ ਹਨ। ਇਹ ਸ਼ਬਦ ਲਹਿੰਦੇ ਵਾਲਿਆਂ, ਚੜ੍ਹਦੇ ਵਾਲਿਆਂ ਅਤੇ ਕੈਨੇਡਾ ਦੇ ਜੰਮੇ-ਪਲਿਆਂ, ਸਭ ਨੂੰ ਸਮਝ ਆਉਂਦੇ ਹਨ। ‘ਘੱਟ-ਗਿਣਤੀ’ ਜਾਂ ‘ਅਕਲੀਅਤ’ ਕਹਿਣ ਦੀ ਥਾਂ ‘ਮਾਈਨੌਰਿਟੀ’ ਸਾਰਿਆਂ ਨੂੰ ਸਮਝ ਆਉਂਦਾ ਹੈ। ‘ਸਕਾਫ਼ਤ’ ਜਾਂ ‘ਸੱਭਿਆਚਾਰ’ ਦੀ ਥਾਂ ‘ਕਲਚਰ’ ਸਭ ਨੂੰ ਸਮਝ ਆਉਂਦਾ ਹੈ। ਇਹ ਸਿਰਫ਼ ਕੁਝ ਮਿਸਾਲਾਂ ਹਨ। ਪੰਜਾਬੀ ਨੂੰ ਪਿਆਰ ਕਰਨ ਵਾਲਿਆਂ, ਪੰਜਾਬੀ ਵਿਦਵਾਨਾਂ ਜਾਂ ਲੇਖਕਾਂ ਦੇ ਮਨ ਵਿਚ ਇਹ ਸੁਆਲ ਹੋ ਸਕਦਾ ਹੈ ਕਿ ਕੀ ਇਹ ਰੁਝਾਨ ਗ਼ਲਤ ਹੈ ਜਾਂ ਠੀਕ? ਇਹ ਨਾ ਗ਼ਲਤ ਹੈ ਨਾ ਠੀਕ। ਭਾਸ਼ਾਵਾਂ ਜੀਵਨ ਦੇ ਵਹਾਅ ਅਤੇ ਸਹੂਲਤ ਮੁਤਾਬਕ ਬਣਦੀਆਂ-ਵਿਕਸਦੀਆਂ ਹਨ, ਨਾ ਕਿ ਕਿਸੇ ਨੈਤਿਕ ਸੁਆਲ ਮੁਤਾਬਕ। ਮੇਰਾ ਜੋ ਪਿਛੋਕੜ ਹੈ, ਉਸ ਮੁਤਾਬਕ ਮੇਰਾ ਲਗਾਓ ਉਸ ਤਰ੍ਹਾਂ ਦੀ ਬੋਲੀ ਨਾਲ ਹੋਵੇਗਾ, ਜੋ ਮੈਂ ਸ਼ੁਰੂ ਤੋਂ ਬੋਲ ਰਿਹਾ ਹਾਂ। ਪਰ ਸਮਾਜ ਮੇਰੇ ਲਗਾਓ ਅਨੁਸਾਰ ਨਹੀਂ ਚੱਲਦਾ। ਇਸ ਕਰਕੇ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਰੁਝਾਨ ਗ਼ਲਤ ਹੈ ਜਾਂ ਠੀਕ ਹੈ; ਸਿਰਫ਼ ਉਸ ਸਥਿਤੀ ਜਾਂ ਹਾਲਤ ਨੂੰ ਬਿਆਨ ਕਰ ਰਿਹਾ ਹਾਂ, ਜਿਹੜੀ ਭਾਸ਼ਾ ਦੇ ਵਿਕਾਸ ਨੂੰ ਪ੍ਰਭਾਵਤਜਾਂ ਨਿਰਧਾਰਤ ਕਰ ਰਹੀ ਹੈ।
ਹੋਰ ਗੱਲਾਂ ਦੇ ਨਾਲ ਨਾਲ ਕੈਨੇਡੀਅਨ ਪੰਜਾਬੀ ਇਕ ਅਜਿਹੀ ਪੰਜਾਬੀ ਹੋਵੇਗੀ, ਜਿਸ ਵਿਚ ਬਹੁਤ ਸਾਰੇ ਸ਼ਬਦ ਅੰਗਰੇਜ਼ੀ ਦੇ ਹੋਣਗੇ। ਇਹ ਕਈ ਪੰਜਾਬੀ ਲੇਖਕਾਂ, ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਜਾਂ ਵਿਦਵਾਨਾਂ ਨੂੰ ਓਪਰੀ ਲੱਗੇਗੀ, ਜਿਵੇਂ ਚੜ੍ਹਦੇ ਵਾਲਿਆਂ ਨੂੰ ਲਹਿੰਦੇ ਵਾਲਿਆਂ ਦੀ ਲੱਗਦੀ ਹੈ, ਜਾਂ ਲਹਿੰਦੇ ਵਾਲਿਆਂ ਨੂੰ ਚੜ੍ਹਦੇ ਵਾਲਿਆਂ ਦੀ ਲੱਗਦੀ ਹੈ, ਪਰ ਇਸ ਬਾਰੇ ਇਕ ਚੰਗੀ ਗੱਲ ਇਹ ਹੋਵੇਗੀ ਕਿ ਇਹ ਸਾਰਿਆਂ ਨੂੰ ਸਮਝ ਆਵੇਗੀ। ਨਾ ਸਿਰਫ਼ ਭਾਰਤ ਜਾਂ ਪਾਕਿਸਤਾਨ ਵਾਲਿਆਂ ਨੂੰ ਬਲਕਿ ਪੱਛਮੀ ਮੁਲਕਾਂ ਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਵੀ। ਜੇ ਕੋਈ ਭਾਸ਼ਾ ਸਮਝਣ ਵਿਚ ਆਸਾਨੀ ਪੈਦਾ ਕਰੇ ਤਾਂ ਉਸਨੂੰ ਗੁਣ ਸਮਝੀਏ ਜਾਂ ਔਗੁਣ?