ਸੁਰਿੰਦਰ ਗੀਤ
ਕੁਝ ਵਰ੍ਹੇ ਪਹਿਲਾਂ ਭਾਰਤ ਦੇ ਵੱਖ ਵੱਖ ਟੀ.ਵੀ. ਚੈਨਲਾਂ ਤੇ ਅਖ਼ਬਾਰਾਂ ਦੇ ਪੰਨ੍ਹਿਆਂ ’ਤੇ ਇਕ ਤਸਵੀਰ ਦੇਖੀ। ਤਸਵੀਰ ਵਿਚ ਇਕ ਆਦਮੀ ਆਪਣੀ ਪਤਨੀ ਦੀ ਲਾਸ਼ ਆਪਣੇ ਮੋਢਿਆਂ ’ਤੇ ਚੁੱਕ ਕੇ ਕਈ ਕਿਲੋਮੀਟਰ ਦਾ ਫਾਸਲਾ ਤੈਅ ਕਰ ਰਿਹਾ ਸੀ। ਉਸ ਦੇ ਨਾਲ ਉਸ ਦੀ ਬੇਵੱਸ ਬੇਟੀ ਆਪਣੇ ਹੰਝੂ ਪੂੰਝਦੀ ਤੁਰੀ ਜਾ ਰਹੀ ਸੀ। ਇਸ ਤਸਵੀਰ ਨੇ ਹਰ ਇਕ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ। ਇਹ ਤਸਵੀਰ ਭਾਰਤ ਦੀ ਅਸਲ ਤਸਵੀਰ ਪੇਸ਼ ਕਰ ਰਹੀ ਸੀ। ਸ਼ਾਸਨ ਪ੍ਰਸ਼ਾਸਨ ਨੂੰ ਨੰਗਾ ਕਰਕੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਲੋਕਾਂ ਦਾ ਮਨ ਤਾਂ ਭਰਿਆ, ਪਰ ਰਾਜਨੀਤੀ ਟੱਸ ਤੋਂ ਮੱਸ ਨਹੀਂ ਹੋਈ। ਲੰਬਾ ਸਮਾਂ ਮੈਂ ਇਸ ਤਸਵੀਰ ’ਚੋਂ ਬਾਹਰ ਨਹੀਂ ਨਿਕਲ ਸਕੀ। ਕਿੰਨਾ ਮੁਸ਼ਕਿਲ ਹੋਇਆ ਹੋਵੇਗਾ ਉਸ ਆਦਮੀ ਨੂੰ ਆਪਣੀ ਜੀਵਨ ਸਾਥਣ ਦੀ ਲਾਸ਼ ਨੂੰ ਮੋਢਿਆਂ ’ਤੇ ਚੁੱਕਣਾ ਤੇ ਉਹ ਵੀ ਬੋਰੀ ਵਾਂਗ। ਉਹ ਕੀ ਸੋਚਦਾ ਹੋਵੇਗਾ? ਉਸ ਦੇ ਨਾਲ ਤੁਰੀ ਜਾਂਦੀ ਨਿਆਣੀ ਉਮਰ ਦੀ ਧੀ ਦੇ ਮਨ ਵਿਚ ਕੀ ਕੁਝ ਆ ਰਿਹਾ ਹੋਵੇਗਾ? ਭੁੱਖੇ ਤਿਹਾਏ ਤੁਰਨਾ ਤੇ ਉਹ ਵੀ ਇਸ ਹਾਲਤ ਵਿਚ। ਮੈਂ ਇਸ ਤਰ੍ਹਾਂ ਦੇ ਪ੍ਰਸ਼ਨਾਂ ਵਿਚ ਦਿਨ ਰਾਤ ਘਿਰੀ ਰਹਿੰਦੀ ਸਾਂ। ਕੋਈ ਜਵਾਬ ਕਿਤੋਂ ਮਿਲਣ ਦੀ ਆਸ ਨਹੀਂ ਸੀ।
ਪਰ ਅੱਜ ਸਾਡੇ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਹਨ। ਮਹਾਮਾਰੀ ਦੇ ਪ੍ਰਕੋਪ ਨੂੰ ਆਇਆਂ ਸਾਲ ਤੋਂ ਉੱਪਰ ਹੋ ਗਿਆ ਹੈ। ਪਿਛਲੇ ਸਾਲ ਤਾਂ ਥਾਲੀਆਂ ਖੜਕਾ ਕੇ, ਮੋਮਬੱਤੀਆਂ ਜਲਾ ਕੇ ਸਰ ਗਿਆ। ਇਹ ਨਹੀਂ ਕਿ ਥਾਲੀਆਂ ਦਾ ਖੜਕਾ ਸੁਣ ਕੇ ਜਾਂ ਮੋਮਬੱਤੀਆਂ ਦਾ ਚਾਨਣ ਦੇਖ ਕੇ ਕਰੋਨਾ ਭੱਜ ਗਿਆ, ਸਗੋਂ ਦੁਨੀਆਂ ਨੇ ਸਾਡਾ ਮਜ਼ਾਕ ਉਡਾਇਆ। ਦੁਨੀਆਂ ਭਰ ਦੇ ਲੋਕਾਂ ਨੇ ਆਪਣੇ ਆਪਣੇ ਢੰਗਾਂ ਨਾਲ ਲੌਕਡਾਊਨ ਲਗਾ ਕੇ, ਪ੍ਰਹੇਜ਼ ਕਰ ਕੇ ਤੇ ਭਾਰਤ ਵਰਗੇ ਦੇਸ਼ਾਂ ਨੇ ਕਾੜ੍ਹੇ ਪੀ ਪੀ ਕੇ ਆਪਣਾ ਬਚਾ ਕਰ ਲਿਆ। ਬਚਾ ਹੋਇਆ ਜਾਂ ਨਾ ਪਰ ਭਾਰਤੀਆਂ ਨੇ ਕਾੜ੍ਹੇ ਬਹੁਤ ਪੀਤੇ।
ਪਿਛਲੇ ਸਾਲ ਮਹਾਮਾਰੀ ਦੇ ਆਰੰਭ ਵਿਚ ਜੋ ਕੁਝ ਇਸ ਭਾਰਤ ਮਹਾਨ ਵਿਚ ਹੋਇਆ, ਉਹ ਸਾਰੇ ਸੰਸਾਰ ਨੇ ਦੇਖਿਆ। ਲੌਕਡਾਊਨ ਜ਼ਰੂਰੀ ਸੀ, ਪਰ ਸਰਕਾਰ ਨੂੰ ਐਲਾਨ ਕਰਨ ਤੋਂ ਪਹਿਲਾਂ ਲੱਖਾਂ ਮਜ਼ਦੂਰਾਂ ਬਾਰੇ ਸੋਚਣਾ ਵੀ ਬਣਦਾ ਸੀ। ਦਿਹਾੜੀ ’ਤੇ ਪਲਣ ਵਾਲੇ ਮਜ਼ਦੂਰ ਕਿੱਥੋਂ ਖਾਣਗੇ ? ਇਹ ਸਵਾਲ ਮੂੰਹ ਅੱਡੀ ਖੜ੍ਹਾ ਦੇਖਦਾ ਰਿਹਾ। ਸਵਾਲ ਓਦੋਂ ਸਾਹਮਣੇ ਆਇਆ ਜਦੋਂ ਲੱਖਾਂ ਹਜ਼ਾਰਾਂ ਪਰਵਾਸੀ ਮਜ਼ਦੂਰ ਸਿਰਾਂ ’ਤੇ ਪੋਟਲੀਆਂ ਟਿਕਾਈ, ਬੱਚਿਆਂ ਨੂੰ ਕੁੱਛੜ ਚੁੱਕੀ ਆਪਣੇ ਘਰਾਂ ਨੂੰ ਤੁਰ ਪਏ। ਉਨ੍ਹਾਂ ਦੇ ਜਾਣ ਦਾ ਕਿਸੇ ਨੇ ਪ੍ਰਬੰਧ ਨਾ ਕੀਤਾ। ਉਨ੍ਹਾਂ ਦੀ ਭੁੱਖ ਦੀ ਗੱਲ ਤਾਂ ਕਿਸੇ ਨੂੰ ਔੜੀ ਹੀ ਨਹੀਂ। ਡੰਗ ਡੰਗ ਦੀ ਕਮਾਈ ’ਤੇ ਪਲਣ ਵਾਲੇ ਕਿੱਥੋਂ ਖਾਣਗੇ? ਪਰ ਸਦਕੇ ਜਾਈਏ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਇਸ ਆਫ਼ਤ ਵਿਚ ਵੀ ਲੰਗਰ ਲੱਗਾ ਦਿੱਤੇ। ਤਪਦੀਆਂ ਸੜਕਾਂ ’ਤੇ ਚੱਪਲਾਂ ਪਾਈ ਜਾਂ ਨੰਗੇ ਪੈਰੀਂ ਤੁਰਦੇ ਪੈਰਾਂ ਦੀ ਦਾਸਤਾਨ ਨਿਰਪੱਖ ਅਖ਼ਬਾਰਾਂ ਤੇ ਟੀਵੀ ਚੈਨਲਾਂ ਨੇ ਖੂਬ ਬਿਆਨ ਕੀਤੀ। ਸਰਕਾਰੀ ਮੀਡੀਆ ਚੁੱਪ ਹੀ ਰਿਹਾ। ਦਰਜਨਾਂ ਲੋਕਾਂ ਨੂੰ ਰੇਲ ਗੱਡੀਆਂ ਨੇ ਹੀ ਦਰੜ ਦਿੱਤਾ। ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਸ਼ਾਇਦ ਸਰਕਾਰੀ ਮਸ਼ੀਨਰੀ ਸਮਝਦੀ ਹੈ ਕਿ ਮਜ਼ਦੂਰਾਂ ਦੀ ਕੋਈ ਹੈਸੀਅਤ ਨਹੀਂ ਹੁੰਦੀ, ਪਰ ਕਿਸੇ ਦੇਸ਼ ਦੀ ਤਰੱਕੀ ਦੇਸ਼ ਦੇ ਮਜ਼ਦੂਰਾਂ ਦੀ ਖੁਸ਼ਹਾਲੀ ਤੋਂ ਜਾਣੀ ਜਾ ਸਕਦੀ ਹੈ। ਜਿਨ੍ਹਾਂ ਬੱਚਿਆਂ ਨੇ ਢਿੱਡੋਂ ਭੁੱਖੀਆਂ ਮਾਵਾਂ ਦੀਆਂ ਕੁੱਖਾਂ ’ਚੋਂ ਸੜਕਾਂ ਕਿਨਾਰੇ ਜਨਮ ਲਿਆ, ਉਹ ਵੱਡੇ ਹੋ ਕੇ ਭਾਰਤ ਨੂੰ ਮਹਾਨ ਕਿਵੇਂ ਕਹਿਣਗੇ? ਉਸ ਸਮੇਂ ਦੀ ਇਕ ਹੋਰ ਘਟਨਾ ਯਾਦ ਆਉਂਦਿਆਂ ਹੀ ਦਿਲ ਦਾ ਰੁੱਗ ਭਰਿਆ ਜਾਂਦਾ ਹੈ। ਦੋ ਤਿੰਨ ਸੌ ਮਜ਼ਦੂਰਾਂ ਨੂੰ ਇਕੱਠੇ ਪੈਰਾਂ ਭਾਰ ਬਿਠਾ ਕੇ ਜ਼ਹਿਰੀਲੀ ਦਵਾਈ ਦਾ ਛਿੜਕਾ ਕਰ ਦਿੱਤਾ ਗਿਆ। ਉਨ੍ਹਾਂ ਦੀ ਸੋਚ ਸੀ ਕਿ ਅਜਿਹਾ ਕਰਨ ਨਾਲ ਮਹਾਮਾਰੀ ਦੇ ਕੀਟਾਣੂ ਮਰ ਜਾਣਗੇ। ਇਸ ਅਣਮਨੁੱਖੀ ਵਰਤਾਰੇ ਨਾਲ ਕਈਆਂ ਦੀਆਂ ਅੱਖਾਂ ਖਰਾਬ ਹੋ ਗਈਆਂ। ਮੀਡੀਆ ਨੇ ਕੁਝ ਆਵਾਜ਼ ਉਠਾਈ, ਪਰ ਕੁਝ ਨਾ ਬਣਿਆ। ਸਰਕਾਰਾਂ ਟੱਸ ਤੋਂ ਮੱਸ ਨਾ ਹੋਈਆਂ। ਨੰਗੇ ਪੈਰਾਂ ਦੀ ਇਹ ਦਾਸਤਾਨ ਭਾਰਤ ਦੇ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੰਗੇ ਪੈਰਾਂ ਦੀ ਇਸ ਕਹਾਣੀ ਨੂੰ ਪੜ੍ਹ ਕੇ ਜ਼ਰੂਰ ਨੇਤਰ ਭਰਨਗੀਆਂ ਤੇ ਸਾਡੇ ’ਤੇ ਕਈ ਤਰ੍ਹਾਂ ਦੇ ਸਵਾਲ ਕਰਨਗੀਆਂ।
ਮਹਾਮਾਰੀ ਨਾਲ ਲੋਕ ਮਰੇ, ਸ਼ਮਸ਼ਾਨਘਾਟਾਂ ’ਚ ਸਿਵੇ ਬਲੇ। ਲਾਟਾਂ ਉੱਠੀਆਂ, ਪਰ ਸੇਕ ਉਨ੍ਹਾਂ ਲੋਕਾਂ ਤਕ ਪੁੱਜਾ ਜਿਨ੍ਹਾਂ ਦੇ ਰਿਸ਼ਤੇਦਾਰ ਮਰੇ, ਪਰ ਸਰਕਾਰ ਨਵੀਆਂ ਨੀਤੀਆਂ ਘੜਨ ਵਿਚ ਰੁੱਝੀ ਰਹੀ। ਜਦੋਂ ਕਰੋਨਾ ਮਹਾਮਾਰੀ ਦੁਨੀਆਂ ਦੇ ਸਿਰ ’ਤੇ ਤਾਂਡਵ ਨਾਚ ਨੱਚ ਰਹੀ ਸੀ ਤਾਂ ਭਾਰਤ ਦੀ ਸਰਕਾਰ ਨਵੇਂ ਖੇਤੀ ਕਾਨੂੰਨ ਘੜ ਕੇ ਦੇਸ਼ ਨੂੰ ਅੰਬਾਨੀਆਂ ਅੰਡਾਨੀਆਂ ਦੇ ਹਵਾਲੇ ਕਰਨ ਵਿਚ ਲੱਗੀ ਹੋਈ ਸੀ। ਲੋਕਾਂ ਦਾ ਰੋਹ ਭਖਿਆ। ਪੰਜਾਬ ਨੇ ਕਿਸਾਨ ਅੰਦੋਲਨ ਦੀ ਅਜਿਹੀ ਅਗਵਾਈ ਕੀਤੀ ਕਿ ਇਹ ਅੰਦੋਲਨ ਸਮੁੱਚੇ ਭਾਰਤ ਦਾ ਅੰਦੋਲਨ ਬਣ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਭਾਰਤ ਦੇ ਵੱਖ ਵੱਖ ਹਿੱਸਿਆਂ ’ਚੋਂ ਕਿਸਾਨ ਖੇਤੀ ਕਾਨੂੰਨਾਂ ਦੇ ਵਿਦਰੋਹ ਵਿਚ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਕਈ ਵਾਰੀ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਕਿਸਾਨਾਂ ਦਾ ਮਸਲਾ ਭਾਰਤ ਦਾ ਮਸਲਾ ਹੀ ਨਾ ਹੋਵੇ। ਇਹ ਕਿਸਾਨ ਜਿਵੇਂ ਭਾਰਤ ਦੇ ਨਹੀਂ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਣ, ਪਰ ਕਿਸਾਨਾਂ ਦੀਆਂ ਮੁਸੀਬਤਾਂ ਅਤੇ ਬਲਦੀਆਂ ਲਾਸ਼ਾਂ ਦਾ ਸੇਕ ਹੱਦਾਂ ਬੰਨੇ ਟੱਪ ਕੇ ਦੁਨੀਆਂ ਦੇ ਕੋਨੇ ਕੋਨੇ ਤਕ ਪੁੱਜ ਚੁੱਕਾ ਹੈ।
ਹੁਣ ਸਾਲ ਬਾਅਦ ਫਿਰ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨੇ ਸੰਸਾਰ ਨੂੰ ਘੇਰ ਲਿਆ ਹੈ। ਭਾਰਤ ਸਮੇਤ ਕਈ ਮੁਲਕਾਂ ਨੇ ਟੀਕੇ ਦੇ ਰੂਪ ਵਿਚ ਦਵਾਈ ਵੀ ਤਿਆਰ ਕਰ ਲਈ, ਪਰ ਅਫ਼ਸੋਸ ਕਿ ਸਭ ਕੁਝ ਹੁੰਦੇ ਸੁੰਦੇ ਭਾਰਤ ਦੇ ਹਾਲਾਤ ਅੱਜ ਬਹੁਤ ਚਿੰਤਾਜਨਕ ਬਣ ਗਏ ਹਨ। ਰੋਜ਼ਾਨਾ ਰਿਕਾਰਡ ਤੋੜ ਕਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਬੇਹਿਸਾਬ ਮੌਤਾਂ ਹੋ ਰਹੀਆਂ ਹਨ। ਉਸ ਸਮੇਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਹਸਪਤਾਲ ਨਹੀਂ ਹਨ। ਜੋ ਹਸਪਤਾਲ ਹਨ ਉਨ੍ਹਾਂ ਅੱਗੇ ਭਰਤੀ ਹੋਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਹਨ। ਲੋਕੀਂ ਆਪਣੇ ਪਿਆਰਿਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਲਈ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਸਾਰੇ ਸ਼ਹਿਰ ਵਿਚ ਗੇੜੇ ਮਾਰ ਰਹੇ ਹਨ। ਜੇ ਕਿਸੇ ਨੂੰ ਹਸਪਤਾਲ ਵਿਚ ਮੰਜਾ ਮਿਲ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਆਪਣੀ ਆਕਸੀਜਨ ਆਪ ਲੈ ਕੇ ਆਵੋ। ਅਜਿਹੇ ਵਰਤਾਰੇ ’ਤੇ ਯਕੀਨ ਕਰਨਾ ਮੁਸ਼ਕਿਲ ਹੈ, ਪਰ ਅਜਿਹਾ ਹੋ ਰਿਹਾ ਹੈ। ਆਕਸੀਜਨ ਦੇ ਸਿਲੰਡਰਾਂ ਦੀ ਬਲੈਕ ਹੋ ਰਹੀ ਹੈ। ਜ਼ੋਰ ਵਾਲੇ ਤੇ ਪੈਸੇ ਵਾਲੇ ਲੈ ਜਾਂਦੇ ਹਨ ਤੇ ਮਾਤੜ ਤਮਾਤੜ ਮਰਦੇ ਰਹਿੰਦੇ ਹਨ। ਕੀ ਉਸ ਨੂੰ ਹਸਪਤਾਲ ਕਹਿਣਾ ਬਣਦਾ ਹੈ ਜਿੱਥੇ ਸਾਹ ਦਿਵਾਉਣ ਲਈ ਆਕਸੀਜਨ ਨਾ ਹੋਵੇ। ਹਾਂ! ਸੱਚ ਐਂਬੂਲੈਂਸ ਨਹੀਂ ਮਿਲ ਰਹੀ। ਲੋਕ ਮਰੀਜ਼ਾਂ ਨੂੰ ਸਾਈਕਲਾਂ, ਸਕੂਟਰਾਂ, ਥ੍ਰੀ ਵ੍ਹੀਲਰਾਂ ’ਤੇ ਹਸਪਤਾਲ ਪਹੁੰਚਾ ਰਹੇ ਹਨ।
ਮਰ ਚੁੱਕਿਆਂ ਲਈ ਸਾੜਨ ਵਾਸਤੇ ਥਾਂ ਨਹੀਂ, ਲੱਕੜਾ ਨਹੀਂ ਮਿਲ ਰਹੀਆਂ। ਸਮਸ਼ਾਨਘਾਟਾਂ ਵਿਚ ਇੰਨੀਆਂ ਲਾਸ਼ਾਂ ਆ ਜਾਂਦੀਆਂ ਹਨ ਕਿ ਸ਼ਮਸ਼ਾਨਘਾਟਾਂ ਦੇ ਬੂਹੇ ਬੰਦ ਕਰਕੇ ਨੋਟਿਸ ਲਾਉਣਾ ਪੈਂਦਾ ਹੈ। ਇਕ ਦੂਸਰੇ ਉੱਪਰ ਚਾਰ-ਚਾਰ, ਪੰਜ-ਪੰਜ ਲਾਸ਼ਾਂ ਚਿਣ ਕੇ ਅੱਗ ਲਾਈ ਜਾਂਦੀ ਹੈ। ਐਂਬੂਲੈਂਸਾਂ ਵਿਚ ਲਾਸ਼ਾਂ ਨੂੰ ਲਾਸ਼ਾਂ ਵਾਂਗ ਨਹੀਂ ਸਗੋਂ ਆਲੂਆਂ ਦੀਆਂ ਬੋਰੀਆਂ ਵਾਂਗ ਇਕ ਦੂਸਰੇ ਦੇ ਉੱਪਰ ਥੱਲੇ ਬੇਰਹਿਮੀ ਨਾਲ ਸੁੱਟਿਆ ਜਾਂਦਾ ਹੈ। ਅੱਜ ਫਿਰ ਅਜਿਹੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ ਜੋ ਸਾਡੇ ਸਾਰੇ ਸਿਸਟਮ ’ਤੇ ਕਲੰਕ ਹਨ। ਲੋਕ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਆਪਣੇ ਮੋਢਿਆਂ, ਸਾਈਕਲਾਂ, ਰੇਹੜਿਆਂ ’ਤੇ ਲੱਦੀ ਸ਼ਮਸ਼ਾਨਘਾਟਾਂ ਵੱਲ ਲਿਜਾਈ ਜਾ ਰਹੇ ਹਨ। ਕੀ ਇਸ ਤੋਂ ਮਾੜੇ ਹਾਲਾਤ ਹੋ ਸਕਦੇ ਹਨ ? ਮੰਨ ਲਿਆ ਹਸਪਤਾਲ ਨਹੀਂ, ਇਲਾਜ ਨਹੀਂ, ਆਕਸੀਜਨ ਨਹੀਂ, ਪਰ ਸਵਾਲਾਂ ’ਚੋਂ ਸਵਾਲ ਉੱਠਦਾ ਹੈ ਕਿ ਕੀ ਪ੍ਰਸ਼ਾਸਨ ਲਾਸ਼ਾਂ ਨੂੰ ਸਮੇਟਣ ਵਿਚ ਵੀ ਕੋਈ ਮਦਦ ਨਹੀਂ ਕਰ ਸਕਦਾ। ਜ਼ਰਾ ਸੋਚ ਕੇ ਵੇਖੋ ਕਿ ਉਹ ਆਦਮੀ ਕਿਵੇਂ ਇਹ ਭੁੱਲ ਸਕਦਾ ਹੈ ਕਿ ਉਸ ਨੇ ਆਪਣੇ ਅਜ਼ੀਜ਼ ਦੀ ਲਾਸ਼ ਸਾਈਕਲ ਜਾਂ ਰੇਹੜੇ ’ਤੇ ਲੱਦੀ ਸੀ। ਬਲਦੇ ਸਿਵਿਆਂ ਦੇ ਸੇਕ ਭਾਰਤ ਦੇ ਲੋਕ ਆਪਣੀਆਂ ਰੂਹਾਂ ’ਤੇ ਝੇਲ ਰਹੇ ਹਨ ਤੇ ਇਹ ਸੇਕ ਹੱਦਾਂ ਬੰਨੇ ਟੱਪ ਕੇ ਦੂਰ ਦੇਸ਼ਾਂ ਤਕ ਜਾ ਪੁੱਜਾ ਹੈ।
ਇਸ ਸਭ ਕੁਝ ਵਿਚ ਆਕਸੀਜਨ ਦੀ ਕਮੀ ਨੇ ਭਾਰਤ ਦਾ ਦੁਨੀਆਂ ਸਾਹਮਣੇ ਜਲੂਸ ਕੱਢ ਦਿੱਤਾ। ਆਤਮ ਨਿਰਭਰਤਾ ਦੇ ਨਾਅਰੇ ਲਾਉਣ ਵਾਲਾ ਵਿਸ਼ਵ ਗੁਰੂ ਅਖਵਾਉਣ ਵਾਲਾ ਭਾਰਤ ਆਕਸੀਜਨ ਲਈ ਠੂਠਾ ਫੜੀ ਫਿਰਦਾ ਹੈ। ਛੋਟੇ ਛੋਟੇ ਮੁਲਕ ਸਾਨੂੰ ਆਕਸੀਜਨ ਭੇਜ ਰਹੇ ਹਨ। ਸਾਡੇ ਦਮ ਤੋੜ ਰਹੇ ਲੋਕਾਂ ਨੂੰ ਸਾਹ ਬਖ਼ਸ਼ ਰਹੇ ਹਨ। ਸਵਾਲ ਹੈ ਕਿ ਜਦੋਂ ਪਤਾ ਹੈ ਕਿ ਕਰੋਨਾ ਦੀ ਦੂਸਰੀ ਲਹਿਰ ਜਲਦੀ ਆ ਰਹੀ ਹੈ ਤਾਂ ਸਾਡੇ ਪ੍ਰਬੰਧ ਕਿੱਧਰ ਗਏ? ਕਿੱਧਰ ਨੂੰ ਤੁਰ ਗਈ ਆਕਸੀਜਨ? ਕਿਉਂ ਅਸੀਂ ਪ੍ਰਬੰਧ ਨਹੀਂ ਕੀਤੇ ਤੇ ਹੁਣ ਵਿਦੇਸ਼ਾਂ ਤੋਂ ਮੰਗਦਿਆਂ ਨੂੰ ਸ਼ਰਮ ਆ ਰਹੀ ਹੈ। ਵਿਦੇਸ਼ ਵਿਚੋਂ ਆਇਆ ਸਾਮਾਨ ਹਫ਼ਤਾ ਭਰ ਦਿੱਲੀ ਏਅਰਪੋਰਟ ’ਤੇ ਪਿਆ ਰਿਹਾ। ਹਸਪਤਾਲਾਂ ’ਚ ਲੋਕ ਆਕਸੀਜਨ ਉਡੀਕ ਰਹੇ ਸਨ, ਪਰ ਸਾਡਾ ਲੋਕ ਰਾਜ ਵੋਟਾਂ ਦੀ ਰਾਜਨੀਤੀ ਵਿਚ ਮਸਤ ਸੀ। ਕਿੰਨੇ ਲੋਕ ਲਾਸ਼ਾਂ ਬਣੇ, ਕੋਈ ਹਿਸਾਬ ਕਿਤਾਬ ਨਹੀਂ।
ਅੱਗੇ ਤੁਰੀਏ ਤਾਂ ਦੇਖਦੇ ਹਾਂ ਕਿ ਭਾਰਤ ਦੇ ਲੋਕਾਂ ਨੂੰ ਵੈਕਸੀਨ ਨਹੀਂ ਮਿਲ ਰਹੀ। ਕਿਤੇ ਕੋਈ ਕੀਮਤ, ਕਿਤੇ ਕੋਈ ਕੀਮਤ। ਗੱਲ ਕੀ ਭਾਰਤ ਦੇ ਆਮ ਲੋਕ ਭ੍ਰਿਸ਼ਟਾਚਾਰੀ ਦੇ ਪੁੜਾਂ ਵਿਚ ਪੀਸੇ ਜਾ ਰਹੇ ਹਨ। ਪਿੰਡਾਂ ਵਿਚ ਲੋਕਾਂ ਨੂੰ ਯਕੀਨ ਹੀ ਨਹੀਂ ਕਿ ਟੀਕਾ ਅਸਲੀ ਹੋਵੇਗਾ ਜਾਂ ਸਿਰਫ਼ ਪਾਣੀ ਦੀ ਭਰੀ ਸੂਈ ਹੀ ਮੋਢੇ ਵਿਚ ਖੋਭ ਦਿੱਤੀ ਜਾਵੇਗੀ। ਇਸ ਵਿਚ ਲੋਕਾਂ ਦਾ ਕੋਈ ਕਸੂਰ ਨਹੀਂ ਸਗੋਂ ਕਸੂਰ ਸਾਡੀ ਸਰਕਾਰ ਦਾ ਹੈ ਜੋ ਲੋਕਾਂ ਨੂੰ ਆਪਣੇ ਵਿਸ਼ਵਾਸ ਵਿਚ ਨਹੀਂ ਲੈ ਸਕਦੀ। ਲੋਕਾਂ ਦਾ ਸਰਕਾਰ ਨਾਮਕ ਚੀਜ਼ ਤੋਂ ਯਕੀਨ ਖ਼ਤਮ ਹੋ ਚੁੱਕਾ ਹੈ। ਲੋਕ ਯਕੀਨ ਕਰਨ ਵੀ ਕਿਵੇਂ… ਸਰਕਾਰ ਦਾ ਤਾਂ ਸਾਰਾ ਧਿਆਨ ਚੋਣਾਂ ਵੱਲ ਸੀ। ਜਦੋਂ ਇਸ ਮਾਰੂ ਬਿਮਾਰੀ ਦੇ ਪ੍ਰਬੰਧ ਕਰਨੇ ਸਨ ਓਦੋਂ ਸਰਕਾਰ ਬੰਗਾਲ ਦੀਆਂ ਚੋਣਾਂ ਵਿਚ ਮਸਤ ਸੀ। ਉਹ ਸਰਕਾਰ ਜੋ ਆਪ ਵੱਡੀਆਂ ਵੱਡੀਆਂ ਚੋਣ ਰੈਲੀਆਂ ਕਰ ਰਹੀ ਹੈ, ਉਹ ਦੂਸਰੀਆਂ ਪਾਰਟੀਆਂ ਨੂੰ ਕਿਵੇਂ ਰੋਕ ਸਕਦੀ ਹੈ? ਬੰਗਾਲ ਵਿਚ ਕੀਤੀਆਂ ਵੱਡੀਆਂ ਵੱਡੀਆਂ ਰੈਲੀਆਂ ਦਾ ਨਤੀਜਾ ਸਭ ਦੇ ਸਾਹਮਣੇ ਹੈ। ਬਿਮਾਰੀ, ਬੇਰੁਜ਼ਗਾਰੀ, ਭੁੱਖਮਰੀ ਤੇ ਮਹਿੰਗਾਈ ਨੇ ਉਸ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ ਕਿ ਹਰ ਸੰਵੇਦਨਸ਼ੀਲ ਹਿਰਦਾ ਡਰ ਰਿਹਾ ਹੈ ਕਿ ਦੇਸ਼ ਕਿਸੇ ਹੋਰ ਹੀ ਰਸਤੇ ਨਾ ਪੈ ਜਾਵੇ। ਭਾਜਪਾ ਨੇ ਬੰਗਾਲ ਦੀਆਂ 70-75 ਸੀਟਾਂ ਲਈ ਪੂਰੇ ਭਾਰਤ ਦੇ ਲੋਕਾਂ ਦੀ ਜਾਨ ਨੂੰ ਦਾਅ ’ਤੇ ਲਾ ਦਿੱਤਾ। ਕਿਸ ਕੋਲ ਫ਼ਰਿਆਦ ਕਰੀਏ ਤੇ ਕਿਸ ਤੋਂ ਦਵਾਈ ਦੀ ਆਸ ਰੱਖੀਏ। ਆਪਣੀਆਂ ਇਨ੍ਹਾਂ ਕਾਵਿਕ ਸਤਰਾਂ ਨਾਲ ਸਮਾਪਤੀ ਕਰਦੀ ਹਾਂ:
ਰਾਤ ਨੂੰ
ਚੰਦ ਸਿਤਾਰੇ ਰੋਂਦੇ
ਲਾਸ਼ਾਂ ਗਿਣ ਗਿਣ
ਥੱਕਦੇ ਜਾਂਦੇ
ਲਾਸ਼ਾਂ ਦੇ ਢੇਰਾਂ ਨੂੰ ਤੱਕ ਕੇ
ਨਿੱਤ ਚੰਦ ਨੂੰ ਦੰਦਲ ਪੈਂਦੀ
ਤਾਰੇ ਦਾਰੂ ਲੱਭਣ ਜਾਂਦੇ
ਦਿਨ ਚੜ੍ਹਨ ਤੇ
ਸੂਰਜ ਰੋਂਦਾ
ਸਿਵਿਆਂ ਦੇ ਸੇਕ ਤੋਂ ਬਚਦਾ
ਬੱਦਲਾਂ ਓਹਲੇ
ਲੁਕਦਾ ਫਿਰਦਾ
ਬ੍ਰਹਿਮੰਡ ਸਾਰਾ
ਸੋਚ ਰਿਹਾ ਹੈ
ਵਿਸ਼ਵ ਗੁਰੂ ਭਾਰਤ ਨੂੰ ਅੱਜਕਲ੍ਹ
ਕੀ ਹੋਇਆ ਹੈ