ਵਿਜੈ ਬੋਹਾ
ਮੈਨੂੰ ਨਹੀਂ ਪਤਾ ਅੱਜ ਫੇਰ ਸਾਰਾ ਪਰਿਵਾਰ ਇਕੱਠਾ ਕਿਉਂ ਹੋਇਆ ਹੈ? ਰਚਨਾ ਦੀ ਧੀ ਤੇ ਜਵਾਈ ਵੀ ਆ ਗਏ ਹਨ। ਰਚਨਾ ਨੇ ਵਿਸ਼ੇਸ਼ ਸੁਨੇਹਾ ਦੇ ਕੇ ਉਨ੍ਹਾਂ ਨੂੰ ਜ਼ਰੂਰ ਆਉਣ ਦੀ ਤਾਕੀਦ ਕੀਤੀ ਸੀ। ਪੁੱਛਣ ’ਤੇ ਵੀ ਰਚਨਾ ਨੇ ਕੋਈ ਕਾਰਨ ਨਹੀਂ ਦੱਸਿਆ। ਬਸ ਕਿਹਾ, ‘ਤੁਸੀਂ ਆਓਗੇ ਤਾਂ ਪਤਾ ਲੱਗ ਜਾਵੇਗਾ, ਬਹੁਤ ਜ਼ਰੂਰੀ ਹੈ ਤੁਹਾਡਾ ਇੱਥੇ ਆਉਣਾ।’
ਰਚਨਾ ਨੇ ਆਪਣੇ ਲੜਕੇ ਕੁਲਦੀਪ ਤੇ ਨੂੰਹ ਰਾਣੀ ਨੂੰ ਵੀ ਘਰ ਰਹਿਣ ਲਈ ਕਿਹਾ, ‘ਅੱਜ ਘਰ ਹੀ ਰਹਿਣਾ, ਜ਼ਰੂਰੀ ਕੰਮ ਹੈ, ਤੁਹਾਡੀ ਭੈਣ ਤੇ ਜੀਜਾ ਜੀ ਵੀ ਆ ਰਹੇ ਨੇ, ਜਦੋਂ ਤੁਸੀਂ ਸਾਰੇ ਇਕੱਠੇ ਹੋਏ ਤਾਂ ਮੈਂ ਇੱਕ ਬੇਹੱਦ ਜ਼ਰੂਰੀ ਗੱਲ ਕਰਨੀ ਹੈ।”
ਭੈਣ-ਭਰਾ ਦੋਵੇਂ ਹੀ ਹੈਰਾਨ ਹਨ, ਮੰਮੀ ਨੇ ਅਜਿਹੀ ਕਿਹੜੀ ਜ਼ਰੂਰੀ ਗੱਲ ਕਰਨੀ ਹੈ ਜੋ ਸਭ ਨੂੰ ਇਕੱਠਾ ਕੀਤਾ ਹੈ? ਰਚਨਾ ਦੇ ਪੁੱਤਰ ਕੁਲਦੀਪ ਦੇ ਮਨ ਵਿੱਚ ਵੀ ਅਨੇਕਾਂ ਖਿਆਲ ਆ-ਜਾ ਰਹੇ ਹਨ, ਸੋਚ ਰਿਹਾ ਹੈ ਕਿ ਕਿਤੇ ਮੰਮੀ ਮੇਰੇ ਜਾਂ ਮੇਰੀ ਪਤਨੀ ਦੇ ਕਿਸੇ ਕੰਮ ਤੋਂ ਦੁਖੀ ਤਾਂ ਨਹੀਂ ? ਪਰ ਸੋਚਣ ’ਤੇ ਵੀ ਕੋਈ ਕਾਰਨ ਦੂਰ ਦੂਰ ਤੱਕ ਸਮਝ ਨਹੀਂ ਆ ਰਿਹਾ।
ਧੀ ਤੇ ਜਵਾਈ ਅੰਦਾਜ਼ਾ ਲਗਾ ਰਹੇ ਹਨ, ਜ਼ਰੂਰ ਮੰਮੀ ਨੇ ਪ੍ਰਾਪਰਟੀ ਸਬੰਧੀ ਕੋਈ ਗੱਲ ਕਰਨੀ ਹੈ। ਜਵਾਈ ਰਾਜਾ ਮਨ ਹੀ ਮਨ ਕੁਝ ਮਿਲਣ ਦੀ ਉਮੀਦ ਵਿੱਚ ਖੁਸ਼ ਹੋ ਰਿਹਾ ਹੈ। ਉਸ ਨੂੰ ਪਤਾ ਹੈ ਕਿ ਜੇਕਰ ਗੁੜ ਦੀ ਭੇਲੀ ਭੁਰੇਗੀ ਤਾਂ ਕੁਝ ਮਿੱਠਾ ਉਸ ਦੇ ਹਿੱਸੇ ਵੀ ਜ਼ਰੂਰ ਆਏਗਾ। ਤੇ ਐਧਰ ਬੱਚੇ ਇਕੱਠੇ ਹੋਣ ਦੀ ਖੁਸ਼ੀ ਵਿੱਚ ਚਾਂਭਲੇ ਹੋਏ ਰੌਲਾ ਪਾ ਰਹੇ ਹਨ।
ਮੈਂ ਵੀ ਅੱਜ ਰਚਨਾ ਮੈਡਮ ਦੇ ਵਿਵਹਾਰ ਤੋਂ ਬਹੁਤ ਹੈਰਾਨ ਹਾਂ। ਮੈਨੂੰ ਵੀ ਕੋਈ ਅੰਦਾਜ਼ਾ ਨਹੀਂ, ਕੀ ਹੋਣ ਜਾ ਰਿਹਾ ਹੈ ? ਭਾਵੇਂ ਮੈਂ ਮੈਡਮ ਦੇ ਇੱਕ ਇੱਕ ਹਾਵ- ਭਾਵ ਨੂੰ ਚੰਗੀ ਤਰ੍ਹਾਂ ਪੜ੍ਹ ਸਕਦਾ ਹਾਂ, ਚਿਹਰੇ ’ਤੇ ਉੱਭਰੇ ਨਕਸ਼ਾਂ ਦੇ ਅਰਥ ਜਾਣ ਸਕਦਾ ਹਾਂ, ਪਰ ਇਸ ਵਾਰ ਤਾਂ ਮੈਂ ਵੀ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਮੈਡਮ ਦੇ ਮਨ ਵਿੱਚ ਕੀ ਹੈ ?
ਤੁਸੀਂ ਸੋਚ ਰਹੇ ਹੋਵੋਗੇ ਮੈਂ ਮੈਡਮ ਦਾ ਇੰਨਾ ਨਜ਼ਦੀਕੀ ਕੌਣ ਹਾਂ ? ਚੱਲੋ ਮੈਂ ਦੱਸ ਹੀ ਦੇਵਾਂ।
ਮੇਰਾ ਨਾਂ ਹੈ, ‘ਘਰ’। ਮੈਂ ਇੱਟਾਂ ਸੀਮਿੰਟ ਨਾਲ ਬਣਿਆ ਇੱਕ ਢਾਂਚਾ ਮਾਤਰ ਹੀ ਨਹੀਂ ਹਾਂ। ਬੜਾ ਕੁਝ ਸਮੋਈ ਬੈਠਾ ਹਾਂ ਆਪਣੇ ਅੰਦਰ। ਮੇਰੇ ਨਾਲ ਰਹਿੰਦੇ ਮੇਰੇ ਆਪਣਿਆਂ ਦੀਆਂ ਕਈ ਕਹਾਣੀਆਂ ਨੇ, ਕਈ ਰਾਜ ਨੇ ਮੇਰੇ ਕੋਲ। ਬੜੀਆਂ ਉਡੀਕਾਂ ਮਗਰੋਂ ਮੇਰਾ ਜਨਮ ਹੋਇਆ ਸੀ ਤੇ ਮੇਰਾ ਨਾਮਕਰਨ ਹੋਇਆ ਸੀ। ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਹੀ ਮੈਨੂੰ ਅਪਣਾਇਆ ਗਿਆ ਸੀ। ਮੈਨੂੰ ਜਨਮ ਦੇਣ ਵਾਲੇ ਭਾਵੇਂ ਅੱਜ ਇਸ ਦੁਨੀਆ ਵਿੱਚ ਨਹੀਂ, ਪਰ ਉਨ੍ਹਾਂ ਦੇ ਜਾਏ ਮੈਨੂੰ ਅੱਜ ਵੀ ਬੜੇ ਪਿਆਰ ਦੇ ਨਾਲ ਰੱਖਦੇ ਨੇ। ਹਾਂ ਤਾਂ…ਮੈਂ ਗੱਲ ਕਰ ਰਿਹਾ ਸੀ ਮੈਡਮ ਰਚਨਾ ਦੀ, ਉਸ ਨਾਲ ਮੇਰੀ ਸਾਂਝ ਮੇਰੇ ਮਾਲਕ ਦੇ ਲੜਕੇ ਅਮਿਤ ਦੇ ਵਿਆਹ ਹੋਣ ਵੇਲੇ ਤੋਂ ਹੈ। ਜਦੋਂ ਰਚਨਾ ਵਿਆਹ ਤੋਂ ਬਾਅਦ ਪਹਿਲੀ ਵਾਰੀ ਇੱਥੇ ਆਈ ਸੀ ਤਾਂ ਉਹ…
ਆਮ ਵਿਆਹੁਤਾ ਲੜਕੀਆਂ ਵਰਗੀ ਤਾਂ ਉਹ ਬਿਲਕੁਲ ਨਹੀਂ ਸੀ। ਕੁਝ ਤਾਂ ਵੱਖਰਾ ਜ਼ਰੂਰ ਸੀ ਉਸ ਵਿੱਚ, ਦੋ ਚਾਰ ਮਿੰਟਾਂ ਦੀ ਗੱਲਬਾਤ ਹੀ ਉਸ ਬਾਰੇ ਬੜਾ ਕੁਝ ਕਹਿ ਜਾਂਦੀ ਸੀ। ਉਸ ਦੇ ਬੋਲਣ ਦਾ ਢੰਗ ਤੇ ਲਹਿਜ਼ਾ ਸਾਹਮਣੇ ਵਾਲੇ ਨੂੰ ਬੜਾ ਭਾਉਂਦਾ ਸੀ, ਖਿੜਿਆ ਚਿਹਰਾ, ਮਹੀਨ ਹਲਕਾ ਮੇਕਅੱਪ ਅਤੇ ਬੇਮਿਸਾਲ ਸੁੰਦਰਤਾ ਤੇ ਉੱਪਰੋਂ ਗੱਲਬਾਤ ਕਰਨ ਸਮੇਂ ਖੂਬਸੂਰਤ ਸ਼ਬਦਾਂ ਦੀ ਚੋਣ, ਕਿਸੇ ਨੂੰ ਵੀ ਆਪਣੇ ਵੱਲ ਖਿੱਚਣ ਲਈ ਕਾਫ਼ੀ ਸੀ।
ਵਿਆਹ ਤੋਂ ਬਾਅਦ ਭਾਵੇਂ ਸੱਸ ਨੇ ਉਸ ਦਾ ਨਾਮ ਰਚਨਾ ਤੋਂ ਬਦਲ ਕੇ, ‘ਪੂਜਾ’ ਕਰਨਾ ਚਾਹਿਆ ਸੀ, ਪਰ ਉਸ ਨੇ ਇਸ ਲਈ ਪਿਆਰ ਨਾਲ ਸਾਫ਼ ਮਨ੍ਹਾਂ ਕਰ ਦਿੱਤਾ
‘ਸੌਰੀ ਮੰਮੀ ਜੀ, ਮੈਨੂੰ ਆਪਣੇ ਨਾਮ ਵਿੱਚ ਕੋਈ ਬੁਰਾਈ ਨਹੀਂ ਲੱਗਦੀ। ਮੇਰੇ ਪਿਤਾ ਜੀ ਬੜੇ ਪਿਆਰ ਦੇ ਨਾਲ ਮੈਨੂੰ ‘ਰਚਨਾ ਪੁੱਤਰ’ ਕਹਿ ਕੇ ਬਲਾਉਂਦੇ ਨੇ, ਮੈਨੂੰ ਵੀ ਰਚਨਾ ਕਹਾਉਣਾ ਚੰਗਾ ਲੱਗਦਾ ਹੈ, ਮੈਨੂੰ ਬੜੀ ਖੁਸ਼ੀ ਹੋਵੇਗੀ ਜੇ ਤੁਸੀਂ ਮੈਨੂੰ ‘ਰਚਨਾ’ ਕਹਿ ਕੇ ਆਵਾਜ਼ ਦਿਆ ਕਰੋਗੇ। ਤੁਹਾਡੀ ਪਹਿਲੀ ਆਵਾਜ਼ ’ਤੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੀ।’
ਵਿਆਹ ਹੋਣ ਦੇ ਕੁਝ ਸਮੇਂ ਮਗਰੋਂ ਹੀ ਰਚਨਾ ਆਪਣੇ ਮੁਹੱਲੇ ਵਿੱਚ ਹਮ- ਉਮਰ ਲੜਕੀਆਂ ਤੇ ਔਰਤਾਂ ਦੀ ਚਹੇਤੀ ਬਣ ਗਈ। ਕਿਸੇ ਵੀ ਲੜਕੀ ਨੇ ਕਿਸੇ ਵਿਸ਼ੇ ਉੱਤੇ ਕੋਈ ਸਲਾਹ ਲੈਣੀ ਹੁੰਦੀ ਤਾਂ ਉਹ ਬਿਨਾਂ ਝਿਜਕ ਰਚਨਾ ਕੋਲ ਆ ਜਾਂਦੀ। ਕਦੇ ਕਦੇ ਗਲੀ ਦੀਆਂ ਔਰਤਾਂ ਇਕੱਠੀਆਂ ਹੁੰਦੀਆ ਤਾਂ ਆਪਸ ਵਿੱਚ ਆਪਣੇ ਆਪਣੇ ਪਤੀ ਦੇਵ ਦੀਆਂ ਗੱਲਾਂ ਕਰਦੀਆਂ….ਉਹ ਕੀ ਖਾਣਾ ਪਸੰਦ ਕਰਦੇ ਹਨ , ਕੀ ਪਹਿਨਣਾ ਪਸੰਦ ਕਰਦੇ ਹਨ, ਬਾਜ਼ਾਰ ਵਿੱਚੋਂ ਕਿਹੜੀ ਦੁਕਾਨ ਤੋਂ ਰਾਸ਼ਨ ਲੈ ਕੇ ਆਉਂਦੇ ਹਨ, ਜਨਮ ਦਿਨ ’ਤੇ ਪਤੀ ਦੇਵ ਨੇ ਕੀ ਗਿਫਟ ਦਿੱਤਾ ? ਰਚਨਾ ਨੂੰ ਉਨ੍ਹਾਂ ਦੀਆਂ ਇਹ ਗੱਲਾਂ ਬਿਲਕੁਲ ਚੰਗੀਆਂ ਨਾ ਲੱਗਦੀਆਂ। ਮਨ ਹੀ ਮਨ ਉਹ ਸੋਚਦੀ, ਕੀ ਔਰਤ ਦਾ ਕੰਮ ਸਿਰਫ਼ ਮਰਦ ਨੂੰ ਖੁਸ਼ ਕਰਨ ਤੱਕ ਜਾਂ ਪਤੀ ਦੇਵ ਦੇ ਕੰਮਾਂ ਵਿੱਚ ਰੁਚੀ ਲੈਣ ਤੱਕ ਹੀ ਹੈ ?
ਪਰਿਵਾਰਕ ਜੀਵਨ ਵਿੱਚ ਉਲਝੀਆਂ ਔਰਤਾਂ ਦੀ ਸੀਮਤ ਪਹੁੰਚ ’ਤੇ ਉਸ ਨੂੰ ਬੜਾ ਤਰਸ ਆਉਂਦਾ।
ਮੇਰੇ ਮਾਲਕ ਦਾ ਪੁੱਤਰ ਜਾ ਕਹਿ ਲਓ ਰਚਨਾ ਦਾ ਪਤੀ ਪ੍ਰੋਫੈਸਰ ਅਮਿਤ, ਰਚਨਾ ਦੇ ਵਿਚਾਰਾਂ ਦੀ ਖੁੱਲ੍ਹ ਕੇ ਕਦਰ ਕਰਦਾ। ਇੱਕ ਹੀ ਕਾਲਜ ਵਿੱਚ ਪੜ੍ਹਾਉਣ ਕਾਰਨ ਰਚਨਾ – ਅਮਿਤ ਦੀ ਜੋੜੀ ਖੂਬ ਚਰਚਾ ਵਿੱਚ ਰਹਿੰਦੀ। ਕਾਲਜ ਦੇ ਸਟਾਫ਼ ਰੂਮ ਵਿੱਚ ਕਿਸੇ ਵੀ ਵਿਸ਼ੇ ਉੱਤੇ ਉਹ ਘੰਟਿਆਂ ਬੱਧੀ ਬੈਠੇ ਗੱਲਾਂ ਕਰਦੇ ਰਹਿੰਦੇ।
ਰਚਨਾ ਦੇ ਆਉਣ ’ਤੇ ਮੇਰਾ ਵੀ ਭਾਗ ਖੁੱਲ੍ਹ ਗਿਆ। ਉਹ ਮੈਨੂੰ ਬੜੇ ਪਿਆਰ ਦੇ ਨਾਲ ਸਜਾਉਂਦੀ, ਮੇਰਾ ਇਕੱਲਾ ਇਕੱਲਾ ਕੋਨਾ ਸਾਫ਼ ਕਰ ਛੱਡਦੀ। ਕਈ ਵਾਰੀ ਜਦੋਂ ਉਹ ਅਮਿਤ ਦੇ ਨਾਲ ਕਿਤੇ ਘੁੰਮਣ ਫਿਰਨ ਲਈ ਜਾਂਦੀ ਤਾਂ ਮੇਰੇ ਲਈ ਵੀ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦੀ। ਉਸ ਦੇ ਘਰ ਆਉਣ ਨਾਲ ਮੇਰਾ ਵੀ ਦਿਲ ਲੱਗ ਗਿਆ। ਉਹ ਤੁਰਦੀ ਫਿਰਦੀ ਮੈਨੂੰ ਹੀ ਸਜਾਉਣ ਬਾਰੇ ਸੋਚਦੀ ਰਹਿੰਦੀ, ਕਈ ਵਾਰੀ ਉਹ ਅਮਿਤ ਦੇ ਨਾਲ ਮੈਨੂੰ ਸਜਾਉਣ ਬਾਰੇ ਸਲਾਹਾਂ ਕਰਦੀ। ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਮੇਰੇ ਕੰਨੀ ਪੈਂਦੀਆਂ ਰਹਿੰਦੀਆਂ।
ਬੜਾ ਸੋਹਣਾ ਸਮਾਂ ਗੁਜ਼ਰ ਰਿਹਾ ਸੀ। ਵੇਲੇ ਦੇ ਨਾਲ ਦੋ ਮੈਂਬਰ ਹੋਰ ਘਰ ਵਿੱਚ ਵਧ ਗਏ। ਪਹਿਲਾਂ ਲੜਕੇ ਕੁਲਦੀਪ ਦਾ ਤੇ ਫੇਰ ਕੁਝ ਸਾਲਾਂ ਮਗਰੋਂ ਲੜਕੀ ਹਰਲੀਨ ਦਾ ਜਨਮ ਹੋਇਆ। ਉਨ੍ਹਾਂ ਦੀ ਖੁਸ਼ੀ ਵਿੱਚ ਮੈਂ ਵੀ ਖੁਸ਼ ਸਾਂ, ਆਖਰ ਬੱਚਿਆਂ ਦੇ ਨਾਲ ਹੀ ਤਾਂ ਘਰ ਹਰੇ ਭਰੇ ਲੱਗਦੇ ਨੇ। ਬੱਚਿਆਂ ਨੂੰ ਵੱਡੇ ਹੁੰਦਿਆਂ ਤੇ ਪੜ੍ਹਦਿਆਂ ਦੇਖ ਮੈਨੂੰ ਵੀ ਖੁਸ਼ੀ ਮਹਿਸੂਸ ਹੁੰਦੀ। ਘਰ ਦੇ ਵਿੱਚ ਹਰ ਸਮੇਂ ਖੁਸ਼ੀ ਦਾ ਮਾਹੌਲ ਰਹਿੰਦਾ। ਰਚਨਾ ਆਪਣੀ ਨੌਕਰੀ ਦੇ ਨਾਲ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਉਂਦੀ।
ਪਰ ਕਹਿੰਦੇ ਨੇ ਨਾ ਖੁਸ਼ੀਆਂ ਤੇ ਦੁੱਖਾਂ ਦੀ ਕੋਈ ਨਿਸ਼ਚਤ ਮਿਆਦ ਨਹੀਂ। ਉਦਾਸੀਆਂ ਤੇ ਦੁੱਖਾਂ ਦਾ ਇੱਕ ਲੰਬਾ ਮੌਸਮ ਮੇਰੇ ਆਪਣਿਆਂ ਦਾ ਇੰਤਜ਼ਾਰ ਕਰ ਰਿਹਾ ਸੀ…ਉਹ ਦਿਨ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਜਿਸ ਦਿਨ ਮੇਰੇ ਵਿਹੜੇ ਵੱਜੀਆਂ ਭਿਆਨਕ ਚੀਕਾਂ ਨੇ ਮੈਨੂੰ ਵੀ ਕੰਬਣ ਲਾ ਦਿੱਤਾ। ਅਮਿਤ ਦੀ ਮ੍ਰਿਤ ਦੇਹ ਲਿਆ ਕੇ ਮੇਰੇ ਪਿੰਡੇ ’ਤੇ ਰੱਖੀ ਗਈ, ਮੈਨੂੰ ਕੁਝ ਨਹੀਂ ਸੀ ਸੁੱਝ ਰਿਹਾ। ਮੈਂ ਚਾਹ ਕੇ ਵੀ ਕੁਝ ਨਹੀਂ ਸੀ ਕਰ ਸਕਦਾ। ਹਰ ਪਾਸੇ ਚੀਕ- ਚਿਹਾੜਾ ਪੈ ਰਿਹਾ ਸੀ। ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਨ੍ਹਾਂ ਆਵਾਜ਼ਾ ਤੋਂ ਹੀ ਮੈਨੂੰ ਅੰਦਾਜ਼ਾ ਹੋਇਆ ਕੇ ਅਮਿਤ ਦਾ ਰੋਡ ਐਕਸੀਡੈਂਟ ਹੋਇਆ ਸੀ। ਬੜਾ ਰੋਇਆ ਸੀ ਮੈਂ ਉਸ ਦਿਨ। ਮੈਨੂੰ ਤਾਂ ਦਿਲਾਸਾ ਦੇਣ ਵਾਲਾ ਵੀ ਕੋਈ ਨਹੀਂ ਸੀ। ਅਮਿਤ ਦੇ ਮੰਮੀ ਪਾਪਾ ਦਾ ਤੇ ਦੋਵੇਂ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਤੇ ਏਧਰ ਰਚਨਾ ਵੀ ਬੇਸੁੱਧ ਹੋ ਡਿੱਗੀ ਪਈ ਸੀ, ਉਸ ਨੂੰ ਵਾਰ-ਵਾਰ ਹੋਸ਼ ਵਿੱਚ ਲਿਆਂਦਾ ਜਾ ਰਿਹਾ ਸੀ।
ਕਾਫ਼ੀ ਦਿਨ ਬਹੁਤ ਹੀ ਗ਼ਮਗੀਨ ਮਾਹੌਲ ਰਿਹਾ। ਮੈਂ ਵੀ ਬਹੁਤ ਉਦਾਸ ਰਹਿਣ ਲੱਗਿਆ। ਮੇਰੀ ਸਫ਼ਾਈ ਵੱਲ ਜਾਂ ਮੇਰੀ ਸਜਾਵਟ ਵੱਲ ਕਿਸੇ ਦਾ ਕੋਈ ਖਿਆਲ ਨਹੀਂ ਸੀ।
ਹੋਰ ਕੁਝ ਦਿਨ ਬੀਤੇ ਤਾਂ ਰਚਨਾ ਨੂੰ ਸਮਝਾਉਣ ਲਈ ਰਿਸ਼ਤੇਦਾਰਾਂ ਦਾ ਆਣ- ਜਾਣ ਘਰ ਵਿੱਚ ਹੋਣ ਲੱਗਿਆ। ਰਿਸ਼ਤੇਦਾਰ ਚਾਹੁੰਦੇ ਸਨ ਕਿ ਰਚਨਾ ਅਮਿਤ ਦੇ ਚਚੇਰੇ ਭਰਾ ਦੇ ਲੜ ਲੱਗੇ, ਪਰ ਰਚਨਾ ਇਸ ਲਈ ਬਿਲਕੁਲ ਤਿਆਰ ਨਹੀਂ ਸੀ।
ਰਚਨਾ ਲਈ ਰਿਸ਼ਤੇਦਾਰੀ ਵਿੱਚੋਂ ਦੂਜੇ ਵਿਆਹ ਸਬੰਧੀ ਕਈ ਹੋਰ ਪ੍ਰਸਤਾਵ ਵੀ ਆਏ। ਹਰ ਕੋਈ ਨਜ਼ਦੀਕੀ ਰਚਨਾ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਕਹਿੰਦਾ, ‘ਦੇਖ ਬੜੀ ਲੰਬੀ ਉਮਰ ਹੈ ਤੇਰੇ ਅੱਗੇ, ਬਿਨਾਂ ਸਹਾਰੇ ਕੱਟਣੀ ਬਹੁਤ ਮੁਸ਼ਕਿਲ ਹੋ ਜਾਏਗੀ, ਚੰਗਾ ਰਹੇਗਾ ਜੇਕਰ ਤੂੰ ਦੁਬਾਰਾ ਵਿਆਹ ਲਈ ਸਹਿਮਤੀ ਦੇ ਦੇਵੇਂ ਤਾਂ।’
ਰਚਨਾ ਦੀ ਹਾਲਤ ਤੇ ਉਮਰ ਦੇਖ ਸੱਸ ਸਹੁਰੇ ਦਾ ਮਨ ਵੀ ਦੁੱਖ ਨਾਲ ਭਰ ਜਾਂਦਾ। ਉਨ੍ਹਾਂ ਨੇ ਵੀ ਫ਼ੈਸਲਾ ਰਚਨਾ ’ਤੇ ਛੱਡ ਦਿੱਤਾ ਸੀ। ਪਰ ਰਚਨਾ ਨੇ ਸਾਫ਼ ਲਫਜ਼ਾਂ ਵਿੱਚ ਆਪਣਾ ਫ਼ੈਸਲਾ ਸੁਣਾ ਦਿੱਤਾ, ‘ਜਦੋਂ ਤੱਕ ਮੇਰਾ ਦਿਲ ਕਰੇਗਾ ਮੈਂ ਤਾਂ ਇਸੇ ਘਰ ਵਿੱਚ ਮੰਮੀ ਪਾਪਾ ਤੇ ਬੱਚਿਆਂ ਦੇ ਨਾਲ ਰਹਾਂਗੀ, ਅੱਗੇ ਤੋਂ ਮੇਰੇ ਨਾਲ ਮੇਰੇ ਵਿਆਹ ਸਬੰਧੀ ਕੋਈ ਗੱਲ ਨਾ ਕਰੇ। ਇਹ ਮੇਰਾ ਆਪਣਾ ਨਿਰਣਾ ਹੈ…ਮੇਰੀ ਖੁਦ ਦੀ ਇੱਛਾ ਹੈ।’
ਮੈਂ ਨਹੀਂ ਜਾਣਦਾ ਰਚਨਾ ਦੇ ਇਸ ਫ਼ੈਸਲੇ ਨਾਲ ਮੈਨੂੰ ਖੁਸ਼ੀ ਹੋਈ ਜਾਂ ਫਿਰ ਉਸ ਦੀ ਉਮਰ ਨੂੰ ਦੇਖਦਿਆਂ ਉਸ ਦੇ ਭਵਿੱਖ ਸਬੰਧੀ ਕੁਝ ਚਿੰਤਾ। ਖੈਰ, ਇਹ ਤਾਂ ਬੀਤੇ ਵਰ੍ਹਿਆਂ ਦੀਆਂ ਗੱਲਾਂ ਨੇ, ਬੜਾ ਕੁਝ ਵਾਪਰਦਾ ਰਿਹਾ ਰਚਨਾ ਦੇ ਜੀਵਨ ਵਿੱਚ ਤੇ ਮੇਰੇ ਅੰਦਰ। ਇਸ ਸਮੇਂ ਦਰਮਿਆਨ ਬੱਚੇ ਵੱਡੇ ਹੋਏ। ਰਚਨਾ ਦੇ ਮੰਮੀ-ਪਾਪਾ ਯਾਨੀ ਕਿ ਸੱਸ ਸਹੁਰਾ ਵੀ ਜਵਾਨ ਪੁੱਤਰ ਨੂੰ ਯਾਦ ਕਰਦਿਆਂ ਕਰਦਿਆਂ ਇੱਕ- ਇੱਕ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਰਚਨਾ ਨੇ ਖੁਦ ਮਾਂ ਦੇ ਨਾਲ ਨਾਲ ਪਿਓ ਵਾਲਾ ਰੋਲ ਅਦਾ ਕਰਦੇ ਹੋਏ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਤੇ ਰੋਜ਼ੀ ਰੋਟੀ ਕਮਾਉਣ ਦੇ ਯੋਗ ਕੀਤਾ।
ਸਮਾਂ ਚੰਗਾ ਹੋਵੇ ਜਾਂ ਮਾੜਾ, ਪਰ ਬਦਲਦਾ ਜ਼ਰੂਰ ਹੈ, ਗ਼ਮਗੀਨ ਮੌਸਮ ਬਦਲਿਆ ਤਾਂ ਕੁਝ ਖੁਸ਼ੀ ਦੇ ਮੌਸਮ ਵੀ ਮੇਰੇ ਅੰਦਰ ਰਹਿਣ ਵਾਲਿਆਂ ਨੂੰ ਨਸੀਬ ਹੋਏ। ਪਹਿਲਾਂ ਲੜਕੀ ਹਰਲੀਨ ਦਾ ਤੇ ਫੇਰ ਬੇਟੇ ਕੁਲਦੀਪ ਦੇ ਵਿਆਹ ਦਾ ਮੈਂ ਗਵਾਹ ਬਣਿਆ।
ਹਾਂ ਤਾਂ, ਮੈਂ ਗੱਲ ਸ਼ੁਰੂ ਕੀਤੀ ਸੀ ਅੱਜ ਪਰਿਵਾਰ ਦੇ ਇਕੱਠਾ ਹੋਣ ਤੋਂ। ਸ਼ਾਇਦ ਉਹ ਸਮਾਂ ਆ ਗਿਆ ਹੈ ਕਿ ਰਾਜ ਤੋਂ ਪਰਦਾ ਉੱਠਣ ਦਾ, ਕੁਝ ਤਾਂ ਨਵਾਂ ਹੋਣ ਜਾ ਰਿਹਾ ਹੈ ਜਿਸ ਦਾ ਅੰਦਾਜ਼ਾ ਮੈਂ ਵੀ ਨਹੀਂ ਲਾ ਸਕਿਆ। ਸਾਰਾ ਪਰਿਵਾਰ ਡਰਾਇੰਗ ਰੂਮ ਵਿੱਚ ਇਕੱਠਾ ਹੈ ਤੇ ਸਭ ਰਚਨਾ ਵੱਲ ਹੀ ਦੇਖ ਰਹੇ ਨੇ, ਤੇ ਉਹ ਕਿਸੇ ਡੂੰਘੀ ਸੋਚ ਵਿੱਚ ਲੱਗ ਰਹੀ ਹੈ। ਸਭ ਨੂੰ ਉਸ ਦੇ ਬੋਲਣ ਦਾ ਇੰਤਜ਼ਾਰ ਹੈ… ਲਓ ਉਹ ਕੁਝ ਬੋਲਣ ਲੱਗੀ ਹੈ। ਚੰਗਾ ਰਹੇਗਾ ਜੇਕਰ ਤੁਸੀਂ ਖੁਦ ਹੀ ਉਸ ਨੂੰ ਬੋਲਦੇ ਹੋਏ ਸੁਣ ਲਵੋ:
‘ਮੈਨੂੰ ਪਤਾ ਹੈ ਤੁਸੀਂ ਸਭ ਮੇਰੇ ਬੋਲਣ ਦਾ ਇੰਤਜ਼ਾਰ ਕਰ ਰਹੇ ਹੋ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਾਂ ਤੁਹਾਡਾ ਸਭ ਦਾ ਧੰਨਵਾਦ, ਤੁਸੀਂ ਮੇਰੇ ਇੱਕ ਨਿੱਕੇ ਜਿਹੇ ਸੁਨੇਹੇ ’ਤੇ ਇਕੱਠੇ ਹੋਏ ਹੋ। ਤੁਹਾਨੂੰ ਪਤਾ ਹੈ ਕਿ ਮੇਰਾ ਕੋਈ ਵੀ ਫ਼ੈਸਲਾ ਹੋਵੇ, ਉਹ ਮੇਰੀ ਆਪਣੀ ਇੱਛਾ ਦੇ ਮੁਤਾਬਿਕ ਹੁੰਦਾ ਹੈ, ਮੈਂ ਕਿਸੇ ਦਾ ਕੋਈ ਪ੍ਰਭਾਵ ਜਾਂ ਡਰ ਨਹੀਂ ਮੰਨਦੀ। ਤੁਹਾਡੇ ਪਾਪਾ ਜੀ ਦੀ ਮੌਤ ਤੋਂ ਬਾਅਦ ਇਸ ਘਰ ਵਿੱਚ ਰਹਿਣ ਦਾ ਫ਼ੈਸਲਾ ਵੀ ਮੇਰਾ ਆਪਣਾ ਸੀ, ਚਾਹੁੰਦੀ ਤਾਂ ਉਸ ਸਮੇਂ ਮੈਂ ਦੂਜਾ ਵਿਆਹ ਕਰਵਾ ਕੇ ਆਪਣੀ ਉਮਰ ਦਾ ਲੁਤਫ਼ ਉੱਠਾ ਸਕਦੀ ਸੀ। ਪਰ ਤੁਹਾਡੇ ਦਾਦਾ-ਦਾਦੀ ਤੇ ਤੁਹਾਡੀ ਦੇਖ-ਰੇਖ ਦੀ ਜ਼ਿੰਮੇਵਾਰੀ ਮੇਰੀ ਸੀ, ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਵੇਂ ਮੂੰਹ ਮੋੜ ਸਕਦੀ ਸੀ? ਅੱਜ ਸਭ ਜ਼ਿੰਮੇਵਾਰੀਆਂ ਨਿਭਾਉਣ ਮਗਰੋਂ ਮੇਰੀ ਜ਼ਿੰਦਗੀ ਵਿੱਚ ਇੱਕ ਨਵਾਂ ਪੜਾਅ ਆਇਆ ਹੈ। ਜ਼ਿੰਦਗੀ ਦੇ ਇਸ ਪੜਾਅ ’ਤੇ ਆ ਕੇ ਇੱਕ ਨਵਾਂ ਫ਼ੈਸਲਾ ਲੈਣ ਜਾ ਰਹੀ ਹਾਂ, ਸੋਚਿਆ ਤੁਹਾਨੂੰ ਸਭ ਨੂੰ ਜਾਣੂ ਕਰਵਾ ਦਿਆਂ। ਮੈਂ ਕਿਸੇ ਦੀ ਰਾਇ ਜਾਣਨ ਲਈ ਇਹ ਇਕੱਠ ਨਹੀਂ ਕੀਤਾ। ਮੇਰੇ ਫ਼ੈਸਲੇ ਨਾਲ ਕੋਈ ਸਹਿਮਤੀ ਰੱਖਦਾ ਹੈ ਜਾਂ ਨਹੀਂ, ਮੈਨੂੰ ਇਸ ਨਾਲ ਵੀ ਕੋਈ ਫ਼ਰਕ ਨਹੀਂ ਪੈਣ ਲੱਗਾ। ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਹਟਣ ਵਾਲੀ ਨਹੀਂ ਹਾਂ। ਹਾਂ, ਇੱਕ ਗੱਲ ਦਾ ਵਿਸ਼ਵਾਸ ਦਿਵਾ ਸਕਦੀ ਹਾਂ ਕਿ ਮੇਰੇ ਫ਼ੈਸਲੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਜਦੋਂ ਤੱਕ ਤੁਸੀਂ ਖੁਦ ਕਿਸੇ ਨੂੰ ਨਹੀਂ ਦੱਸੋਗੇ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਹੋਇਆ ਕੀ ਹੈ? ਦੱਸਣਾ ਜਾਂ ਨਾ ਦੱਸਣਾ ਤੁਹਾਡੀ ਮਰਜ਼ੀ ’ਤੇ ਹੈ। ਮੇਰੀ ਸਮਾਜ ਦੇ ਡਰ ਕਾਰਨ ਆਪਣੀਆਂ ਇੱਛਾਵਾਂ ਦਬਾਉਣ ਦੀ ਆਦਤ ਨਹੀਂ ਹੈ। ਅੱਗੇ ਜੀਵਨ ਵਿੱਚ ਬੜਾ ਕੁਝ ਕਰਨਾ ਲੋਚਦੀ ਹਾਂ, ਇਸ ਲਈ ਆਪਣੇ ਚਾਰੋਂ ਤਰਫ਼ ਬਣੀ ਸੰਸਕਾਰਾਂ ਦੀ ਅਦਿੱਖ ਦੀਵਾਰ ਨੂੰ ਟੱਪਣ ਦੀ ਹਿੰਮਤ ਕਰ ਰਹੀ ਹਾਂ। ਪੈਰਾਂ ਵਿੱਚ ਪਈਆਂ ਤਰਕਹੀਣ ਬੰਧਨਾਂ ਦੀਆਂ ਬੇੜੀਆਂ ਨੂੰ ਤੋੜਨ ਬਾਰੇ ਸੋਚ ਰਹੀ ਹਾਂ। ਮੇਰੀ ਜ਼ਿੰਦਗੀ ਹੈ, ਇਸ ਲਈ ਕੋਈ ਫ਼ੈਸਲਾ ਲੈਣ ਦਾ ਹੱਕ ਵੀ ਮੇਰਾ ਹੀ ਹੈ। ਮੈਂ ਨਹੀਂ ਚਾਹੁੰਦੀ ਕਿ ਮੈਨੂੰ ਕੋਈ ਸਮਝਾਉਣ ਲਈ ਕੋਈ ਯਤਨ ਕਰੇ। ਮੈਂ ਇਸ ਘਰ ਨੂੰ ਛੱਡ ਕੇ ਜਾ ਰਹੀਂ ਹਾਂ।’
‘ਨਹੀਂ, ਨਹੀਂ…ਵਿੱਚੋਂ ਨਹੀਂ ਬੋਲਣਾ, ਮੇਰੀ ਗੱਲ ਅਜੇ ਪੂਰੀ ਨਹੀਂ ਹੋਈ।’
‘ਇਸ ਸ਼ਹਿਰ ਤੋਂ ਦੂਰ ਕਿਸੇ ਹੋਰ ਜਗ੍ਹਾ ’ਤੇ ਮੇਰਾ ਕੋਈ ਇੰਤਜ਼ਾਰ ਕਰ ਰਿਹਾ ਹੈ। ਮੇਰੀ ਉਸ ਨਾਲ ਦੋਸਤੀ ਰਹੀ ਹੈ, ਹੁਣ ਅਸਾਂ ਦੋਵਾਂ ਨੇ ਇਕੱਠੇ ਬਾਕੀ ਜ਼ਿੰਦਗੀ ਬਤੀਤ ਕਰਨ ਦਾ ਫ਼ੈਸਲਾ ਲਿਆ ਹੈ। ਮੈਂ ਆਪਣੀ ਜ਼ਰੂਰਤ ਦਾ ਸਾਮਾਨ ਪੈਕ ਕਰ ਲਿਆ ਹੈ। ਥੋੜ੍ਹੀ ਦੇਰ ਤੱਕ ਚਲੀ ਜਾਵਾਂਗੀ। ਤੁਸੀਂ ਮਜਬੂਰੀ ਵੱਸ ਸਮਾਜ ਦੇ ਡਰ ਨਾਲ ਚੱਲਣਾ ਹੈ ਜਾਂ ਮੇਰੀ ਸੋਚ ਨਾਲ, ਇਹ ਮੈਂ ਤੁਹਾਡੇ ’ਤੇ ਛੱਡਦੀ ਹਾਂ। ਮੇਰੇ ਨਾਲ ਸੰਪਰਕ ਵਿੱਚ ਰਹਿਣਾ ਹੈ ਜਾਂ ਨਹੀਂ, ਇਹ ਤੁਹਾਡੀ ਮਰਜ਼ੀ ’ਤੇ ਨਿਰਭਰ ਹੈ। ਮੈਨੂੰ ਖੁਸ਼ੀ ਨਾਲ ਵਿਦਾ ਕਰੋਗੇ ਤਾਂ ਰਿਸ਼ਤਿਆਂ ਦੀ ਇੱਕ ਡੋਰ ਜ਼ਰੂਰ ਤੁਹਾਡੇ ਨਾਲ ਜੁੜੀ ਰਹੇਗੀ।’
ਇੰਨਾ ਕਹਿ ਕੇ ਰਚਨਾ ਦੂਸਰੇ ਕਮਰੇ ਵਿੱਚ ਚਲੀ ਗਈ।
ਕਮਰੇ ਵਿੱਚ ਇੱਕ ਸਨਾਟਾ ਜਿਹਾ ਪਸਰ ਗਿਆ ਹੈ। ਸਾਰੇ ਇੱਕ ਦੂਸਰੇ ਵੱਲ ਅਜੀਬ ਜਿਹਾ ਤੱਕ ਰਹੇ ਹਨ। ਮੈਨੂੰ ਨਹੀਂ ਪਤਾ ਸਭ ਦਾ ਕੀ ਫ਼ੈਸਲਾ ਹੋਵੇਗਾ ? ਪਰ ਇਸ ਸਮੇਂ ਪਤਾ ਨਹੀਂ ਕਿਉਂ ਰਚਨਾ ਮੈਡਮ ਦਾ ਫ਼ੈਸਲਾ ਮੈਨੂੰ ਠੀਕ ਲੱਗ ਰਿਹਾ ਹੈ। ਰਚਨਾ ਦੇ ਜਾਣ ਦਾ ਅਫ਼ਸੋਸ ਤਾਂ ਮੈਨੂੰ ਸਦਾ ਰਹੇਗਾ… ਪਰ ਇਹ ਉਸ ਦੀ ਜ਼ਿੰਦਗੀ ਹੈ। ਇਸ ਸਮੇਂ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀਕਰਮ ਦਾ।
ਸੰਪਰਕ: 98727-07836