ਹਰਜੀਤ ਅਟਵਾਲ
ਅਸੀਂ ਜੋ ਭਾਰਤੀ ਮੂਲ ਦੇ ਲੋਕ ਬਾਹਰਲੇ ਮੁਲਕਾਂ ਵਿਚ ਰਹਿੰਦੇ ਹਾਂ ਸਾਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਜਿਵੇਂ ਕਿ ਓਵਰਸੀਜ਼ ਇੰਡੀਅਨ, ਨੌਨ ਰੈਜ਼ੀਡੈਂਟ ਇੰਡੀਅਨ ਜਾਂ ਪਰਸਨ ਆਫ ਇੰਡੀਅਨ ਓਰਿਜਨ ਆਦਿ। ਇਨ੍ਹਾਂ ਸਾਰੇ ਸ਼ਬਦਾਂ ਨੂੰ ਕਲ਼ਾਵੇ ਵਿਚ ਲੈਂਦਾ ਇਕ ਸ਼ਬਦ ਹੈ, ਇੰਡੀਅਨ ਡਾਇਸਪੋਰਾ। ਬਹੁਤੇ ਭਾਰਤੀ ਹਾਈ ਕਮਿਸ਼ਨਾਂ ਜਾਂ ਰਾਜਦੂਤ-ਘਰਾਂ ਵਿਚ ਭਾਰਤੀ ਡਾਇਸਪੋਰਾ ਦਾ ਇਕ ਅਲੱਗ ਸੈਕਸ਼ਨ ਬਣਿਆ ਹੋਇਆ ਹੈ। ਫਿਰ ਵੀ ਵਿਦੇਸ਼ਾਂ ਵਿਚ ਪੱਕੇ ਤੌਰ ’ਤੇ ਸੈਟਲ ਹੋ ਗਏ ਲੋਕਾਂ ਬਾਰੇ ਕੁਝ ਵਿਅਕਤੀਆਂ ਜਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਉਹ ਪਰਵਾਸੀ ਭਾਰਤੀ ਹਨ ਨਾ ਕਿ ਭਾਰਤੀ ਡਾਇਸਪੋਰਾ। ਉਹ ਸਾਡੀ ਸਥਿਤੀ ਨੂੰ ਡਾਇਸਪੋਰਸ ਸਥਿਤੀ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸ਼ਬਦ ਸਿਰਫ਼ ਯਹੂਦੀਆਂ ਦੇ ਸੰਦਰਭ ਵਿਚ ਹੀ ਵਰਤਿਆ ਜਾਂਦਾ ਹੈ। ਛੇਵੀਂ ਸਦੀ ਵਿਚ ਯਹੂਦੀਆਂ ਨੂੰ ਫਿਲਿਸਤੀਨ ਵਿਚੋਂ ਜ਼ਬਰਦਸਤੀ ਕੱਢ ਕੇ ਬੇਬੀਲੋਨ ਵੱਲ ਧੱਕ ਦਿੱਤਾ ਗਿਆ ਸੀ। ਇਸੇ ਕਰਕੇ ਅੱਜ ਵੀ ਯਹੂਦੀ ਦੁਨੀਆ ਭਰ ਵਿਚ ਖਿਲਰੇ ਮਿਲਦੇ ਹਨ। ਸਦੀਆਂ ਬਾਅਦ ਵੀ ਇਨ੍ਹਾਂ ਦਾ ਸਭ ਕੁਝ ਸਾਂਝਾ ਹੈ, ਕਲਚਰ, ਬੋਲੀ, ਧਰਮ, ਵਿਰਾਸਤ ਤੇ ਯਕੀਨ ਆਦਿ ਸਭ, ਤੇ ਇਹ ਇਕ ਦਿਨ ਆਪਣੇ ਮੁਲਕ ਵਾਪਸ ਜਾਣ ਦਾ ਸੁਫਨਾ ਦੇਖਦੇ ਰਹੇ ਹਨ। ਹੁਣ ਤਾਂ ਦੂਜੇ ਮਹਾਂਯੁੱਧ ਤੋਂ ਬਾਅਦ ਇਨ੍ਹਾਂ ਨੂੰ ਆਪਣਾ ਮੁਲਕ ਵਾਪਸ ਮਿਲ ਗਿਆ ਹੈ ਤੇ ਉੱਥੇ ਰਹਿਣ ਲੱਗੇ ਹਨ, ਪਰ ਹਾਲੇ ਵੀ ਬਹੁਤ ਸਾਰੇ ਯਹੂਦੀ ਬਾਹਰਲੇ ਦੇਸ਼ਾਂ ਵਿਚ ਵਸਦੇ ਹਨ, ਉਨ੍ਹਾਂ ਨੂੰ ਅੱਜ ਵੀ ਜਿਊਇਸ਼-ਡਾਇਸਪੋਰਾ ਕਿਹਾ ਜਾਂਦਾ ਹੈ।
ਡਾਇਸਪੋਰਾ ਦੇ ਜੇ ਅਸੀਂ ਅਰਥ ਦੇਖੀਏ ਤਾਂ ਮੋਟੇ ਤੌਰ ’ਤੇ ਜੋ ਹੱਥ ਲੱਗਦੇ ਹਨ- ਕਿਸੇ ਮੁਲਕ ਦੀ ਆਬਾਦੀ ਦੇ ਇਕ ਹਿੱਸੇ ਦਾ ਖਿੰਡਰਾਅ। ਖਿੰਡਰ ਕੇ ਇਨ੍ਹਾਂ ਲੋਕਾਂ ਦਾ ਦੂਜੇ ਮੁਲਕ ਵਿਚ ਪੱਕੇ ਤੌਰ ’ਤੇ ਜਾ ਵਸਣਾ। ਆਮ ਤੌਰ ’ਤੇ ਆਪਣਾ ਮੁਲਕ ਛੱਡਣ ਦੇ ਕਾਰਨ ਰਾਜਨੀਤਕ ਹੁੰਦੇ ਹਨ, ਪਰ ਸਮੇਂ ਦੇ ਨਾਲ-ਨਾਲ ਇਸ ਵਿਚ ਆਰਥਿਕ ਤੇ ਹੋਰ ਕੁਝ ਕਾਰਨ ਵੀ ਜਮ੍ਹਾਂ ਹੋ ਗਏ ਹਨ। ਡਾਇਸਪੋਰਾ ਦੇ ਪੁਰਾਣੇ ਅਰਥਾਂ ’ਤੇ ਟਿਕੇ ਰਹਿਣ ਵਾਲੇ ਚਿੰਤਕਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਇਸ ਖਿੰਡਰਾਅ ਵਿਚ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚੋਂ ਜ਼ਬਰਦਸਤੀ ਕੱਢਿਆ ਗਿਆ ਹੁੰਦਾ ਹੈ ਜਿਵੇਂ ਯਹੂਦੀਆਂ ਨਾਲ ਕੀਤਾ ਗਿਆ ਸੀ। ਇਸ ਤੋਂ ਬਾਅਦ ਅਫ਼ਰੀਕਨ ਲੋਕਾਂ ਨੂੰ ਵੀ ਜ਼ਬਰਦਸਤੀ ਗ਼ੁਲਾਮ ਬਣਾ ਕੇ ਅਮਰੀਕਾ ਵਿਚ ਲਿਆਂਦਾ ਗਿਆ ਸੀ, ਪਰ ਅਫ਼ਰੀਕਨਾਂ ਲਈ ਡਾਇਸਪੋਰਾ ਸ਼ਬਦ ਬਹੁਤ ਘੱਟ ਵਰਤਿਆ ਗਿਆ ਹੈ। ਯਹੂਦੀਆਂ ਬਿਨਾਂ ਕਿਸੇ ਹੋਰ ਮੁਲਕ ਦੇ ਲੋਕਾਂ ਦੇ ਦੂਜੇ ਦੇਸ਼ ਵਿਚ ਜਾ ਵਸਣ ਵਾਲੇ ਲੋਕਾਂ ਲਈ ਇਹ ਟਰਮ ਵਰਤਣ ਵਿਚ ਕੁਝ ਬੁੱਧੀਜੀਵੀ ਖੁਸ਼ ਨਹੀਂ ਹਨ। ਉਨ੍ਹਾਂ ਦੀ ਇਹ ਨਾਖੁਸ਼ੀ ਥੋੜ੍ਹੀ ਬਹਿਸ ਤਾਂ ਮੰਗਦੀ ਹੈ, ਪਰ ਏਨੀ ਵੀ ਨਹੀਂ ਕਿ ਸ਼ਬਦ ਦੀ ਵਰਤੋਂ ਨੂੰ ਨਾਕਾਰ ਦਿੱਤਾ ਜਾਵੇ।
ਡਾਇਸਪੋਰਾ ਦਾ ਇਸਤੇਮਾਲ ਜਾਂ ਇਸ ਦੀ ਭਾਵਨਾ ਦੀ ਵਰਤੋਂ ਬਾਈਬਲ ਵਿਚ ਮਿਲਦੀ ਹੈ। ਇਸ ਸ਼ਬਦ ਦੀ ਉਤਪਤੀ ਗਰੀਕ ਭਾਸ਼ਾ ਵਿਚੋਂ ਹੁੰਦੀ ਹੈ। ਜਦ ਹੈਬਰੀਉ ਬਾਈਬਲ ਨੂੰ ਗਰੀਕ ਵਿਚ ਉਲਥਾਇਆ ਗਿਆ ਤਾਂ ਕਿਸੇ ਨਾ ਕਿਸੇ ਤਰ੍ਹਾਂ ਜਲਾਵਤਨੀ ਦੀ ਸਥਿਤੀ ਲਈ ਇਸ ਸ਼ਬਦ ਦੀ ਵਰਤੋਂ ਉਸਰਨੀ ਸ਼ੁਰੂ ਹੋਈ। ਔਕਸਫੌਰਡ ਡਿਕਸ਼ਨਰੀ ਔਨ ਲਾਈਨ ਮੁਤਾਬਕ ਅੰਗਰੇਜ਼ੀ ਵਿਚ ਇਸ ਸ਼ਬਦ ਦੀ ਵਰਤੋਂ ਪਹਿਲੀ ਵਾਰ 1876 ਵਿਚ ਹੋਈ। ਵੀਹਵੀਂ ਸਦੀ ਦੇ ਮੱਧ ਵਿਚ ਅੰਗਰੇਜ਼ੀ ਭਾਸ਼ਾ ਵਿਚ ਇਹ ਸ਼ਬਦ ਲੰਮੇ ਸਮੇਂ ਤੋਂ ਇਕ ਮੁਲਕ ਦੇ ਦੂਜੇ ਮੁਲਕ ਵਿਚ ਰਹਿੰਦੇ ਲੋਕਾਂ ਲਈ ਵਰਤਿਆ ਜਾਣ ਲੱਗਾ। ਅਕੈਡਮਿਕ ਪੱਧਰ ’ਤੇ ਵੀ ਡਾਇਸਪੋਰਾ ਤੋਂ ਇਹੋ ਭਾਵ ਜਾਂ ਅਰਥ ਖੜ੍ਹੇ ਹੋਣ ਲੱਗ ਪਏ – ਕਿਸੇ ਮੁਲਕ ਦੇ ਲੋਕਾਂ ਦੀ ਧਿਆਨ ਖਿੱਚਣ ਯੋਗ ਆਬਾਦੀ ਦੂਜੇ ਮੁਲਕ ਵਿਚ ਵਸਦੀ ਹੈ ਤਾਂ ਉਹ ਸਥਿਤੀ ਡਾਇਸਪੋਰਾ ਹੁੰਦੀ ਹੈ। ਮਤਲਬ ਕਿ ਹਰ ਭਾਵ ਵਿਚ ਵਰਤੇ ਜਾਂਦੇ ਡਾਇਸਪੋਰਾ ਦੇ ਅਰਥ ਖਿਲਰਨਾ (ਡਿਸਪਲੇਸਮੈਂਟ) ਹੁੰਦੇ ਹਨ। ਇਕ ਹੋਰ ਪਰਿਭਾਸ਼ਾ ਮੁਤਾਬਕ ਡਾਇਸਪੋਰਾ ਕਿਸੇ ਦੂਜੇ ਮੁਲਕ ਵਿਚ ਵਸ ਚੁੱਕੇ ਪਰਵਾਸੀਆਂ ਜਾਂ ਉਨ੍ਹਾਂ ਦੀ ਅਗਲੀ ਔਲਾਦ ਦਾ ਉਹ ਸਮੂਹ ਹੈ ਜਿਨ੍ਹਾਂ ਦੇ ਪਰਵਾਸ ਦੇ ਤਜਰਬੇ, ਪਿਛੋਕੜ ਨਾਲ ਜੁੜੇ ਹੋਣ ਦੇ ਜਜ਼ਬਾਤ, ਸੱਭਿਆਚਾਰ, ਵਿਰਾਸਤ, ਬੋਲੀ, ਧਰਮ, ਇਤਿਹਾਸ ਆਦਿ ਸਾਂਝੇ ਹੁੰਦੇ ਹਨ। ਵਿਲੀਅਮ ਸੈਫਰਨ ਨਾਂ ਦੇ ਲੇਖਕ ਦਾ ਲੇਖ 1991 ਵਿਚ ਛਪਿਆ ਸੀ ਜਿਸ ਵਿਚ ਉਸ ਨੇ ਡਾਇਸਪੋਰਾ ਦੇ ਲੱਛਣਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਵੱਲੋਂ ਆਪਣੇ ਮੁਲਕ ਤੋਂ ਹਿਜਰਤ ਕਰਨ ਦੇ ਕਾਰਨਾਂ ਉੱਪਰ ਜ਼ੋਰ ਨਹੀਂ ਸੀ ਦਿੱਤਾ ਗਿਆ। ਰੌਜਰ ਬਰੁਬੇਕਰ ਨਾਮੀ ਚਿੰਤਕ ਇਕੀਵੀਂ ਸਦੀ ਦੇ ਆਰੰਭ ਵਿਚ ਡਾਇਸਪੋਰਾ ਦੇ ਅਰਥਾਂ ਨੂੰ ਹੋਰ ਵਸੀਹ ਕਰ ਦਿੰਦਾ ਹੈ। ਉਹ ਮੰਨਦਾ ਹੈ ਕਿ ਵੀਹਵੀਂ ਸਦੀ ਦੇ ਸ਼ੁਰੂ ਦੇ ਦਸ ਸਾਲਾਂ ਵਿਚ ਡਾਇਸਪੋਰਾ ਉੱਪਰ ਲਿਖੀਆਂ ਅਠਾਰਾਂ ਕਿਤਾਬਾਂ ਵਿਚੋਂ ਸਤਾਰਾਂ ਵਿਚ ਯਹੂਦੀਆਂ ਦੇ ਆਪਣੇ ਮੁਲਕ ਵਿਚੋਂ ਜ਼ਬਰਦਸਤੀ ਕਰਾਈ ਹਿਜਰਤ ਕਰਨ ਵਾਲੀ ਪਰਿਭਾਸ਼ਾ ਹੀ ਦਿੱਤੀ ਗਈ ਹੈ, ਪਰ ਬਾਅਦ ਵਿਚ ਇਹ ਸਥਿਤੀ ਉਲਟ ਹੋਣ ਲੱਗਦੀ ਹੈ। ਹੁਣ ਉਹ ਪਰਿਭਾਸ਼ਾ ਪੁਰਾਣੀ ਹੋ ਚੁੱਕੀ ਹੈ ਤੇ ਨਵੀਂ ਪਰਿਭਾਸ਼ਾ ਅਨੁਸਾਰ ਹੀ ਡਾਇਸਪੋਰਾ ਨੂੰ ਵਿਚਾਰਨਾ ਚਾਹੀਦਾ ਹੈ। ਡਾਇਸਪੋਰਾ ਦੀ ਪਰਿਭਾਸ਼ਾ ਵਿਚ ਤਬਦੀਲੀਆਂ ਆਉਣ ਦੇ ਕਾਰਨ ‘ਡਾਇਸਪੋਰਸਟਰਨ’ ਨਾਮੀ ਟਰਮ ਵਿਚ ਪਏ ਹਨ ਕਿ ਇਸ ਬਾਰੇ ਬਹਿਸਾਂ ਹੁੰਦੀਆਂ ਰਹੀਆਂ ਹਨ, ਬਹੁਤ ਕੁਝ ਨਵਾਂ ਵਾਪਰਦਾ ਰਿਹਾ ਹੈ। ਭਾਵੇਂ ਡਾਇਸਪੋਰਾ ਬਾਰੇ ਯੋਜਨਾਵਾਂ ਤੇ ਜਥੇਬੰਦੀਆਂ ਉਨੀਵੀਂ ਸਦੀ ਦੇ ਸ਼ੁਰੂ ਵਿਚ ਹੀ ਬਣਨ ਲੱਗੀਆਂ ਸਨ, ਪਰ ਦੁਨੀਆ ਭਰ ਦੇ ਲੋਕਾਂ ਵਿਚ ਮਾਈਗ੍ਰੇਸ਼ਨ ਦਾ ਫੈਲਾਅ 1990 ਤੋਂ ਤੇਜ਼ੀ ਨਾਲ ਵਧਣ ਲੱਗਾ। ‘ਦਿ ਔਕਸਫੋਰਡ ਡਾਇਸਪੋਰਾ ਪ੍ਰੋਗਰਾਮ’ ਜਿਹੜਾ 2015 ਵਿਚ ਖਤਮ ਹੋਇਆ ਸੀ ਉਸ ਵਿਚ ‘ਕੰਪੈਰੇਟਿਵ ਅਨੈਲਿਸਜ਼ ਆਫ ਡਾਇਸਪੋਰਾ’ ਦੇ ਨਾਲ-ਨਾਲ ਇਸ ਦੇ ਦੁਨੀਆ ਉੱਪਰ ਸਮਾਜਿਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰ ਅਸਰ ਦਾ ਅਧਿਐਨ ਵੀ ਸ਼ਾਮਲ ਸੀ। ਡਾਇਸਪੋਰਾ ਦੇ ਚਿੰਤਨ ਲਈ ਅੰਤਰ-ਰਾਸ਼ਟਰੀ ਸੰਸਥਾਵਾਂ ਖਾਸ ਬਜਟ ਰੱਖ ਰਹੀਆਂ ਹਨ। ਇੰਟਰਨੈੱਟ ਉੱਪਰ ਡਾਇਸਪੋਰਾ ਬਾਰੇ ਏਨਾ ਕੁਝ ਉਪਲੱਬਧ ਹੈ ਕਿ ਕਿਤਾਬਾਂ ਦੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ।
ਸੋ ਇਕ ਵਾਰੀ ਫਿਰ ਡਾਇਸਪੋਰਾ ਕਿਸੇ ਮੁਲਕ ਦੇ ਦੂਜੇ ਮੁਲਕ ਵਿਚ ਵਸਦੇ ਉਨ੍ਹਾਂ ਲੋਕਾਂ ਦਾ ਸਮੂਹ ਹੈ ਜਿਨ੍ਹਾਂ ਦੀ ਬੋਲੀ, ਸੱਭਿਆਚਾਰ, ਧਰਮ, ਯਕੀਨ, ਪ੍ਰਤੀਬੱਧਤਾ, ਵਿਰਾਸਤ, ਇਤਿਹਾਸਕ ਤੇ ਭੂਗੋਲਿਕ ਪਿਛੋਕੜ ਇਕੋ ਜਿਹਾ ਹੁੰਦਾ ਹੈ। ਇਹ ਲੋਕ ਆਪਣੇ ਹੋਮਲੈਂਡ ਵਿਚੋਂ ਜ਼ਬਰਦਸਤੀ ਕੱਢੇ ਗਏ ਵੀ ਹੋ ਸਕਦੇ ਹਨ ਜਾਂ ਆਪਣੀ ਮਰਜ਼ੀ ਨਾਲ ਆਏ ਵੀ। ਕੰਮ ਦੀ ਭਾਲ਼, ਵਪਾਰ, ਰਾਜਨੀਤਕ ਕਾਰਨਾਂ ਕਰਕੇ ਭਗੌੜੇ ਜਾਂ ਰਿਫਿਉਜ਼ੀ ਵੀ ਹੋ ਸਕਦੇ ਹਨ। ਇਨ੍ਹਾਂ ਦਾ ਆਪਣੀ ਹੋਮਲੈਂਡ ਨਾਲ ਲਗਾਤਾਰ ਰਾਬਤਾ ਰਹਿੰਦਾ ਹੈ। ਆਪਣੇ ਜੱਦੀ ਮੁਲਕ ਦੀਆਂ ਸਿਆਸੀ ਗਤੀਵਿਧੀਆਂ ਉੱਪਰ ਇਨ੍ਹਾਂ ਦੀ ਡੂੰਘੀ ਅੱਖ ਰਹਿੰਦੀ ਹੈ। ਆਪਣੀ ਹੋਮਲੈਂਡ ਵਿਚ ਹੁੰਦੇ ਧਾਰਮਿਕ, ਆਰਥਿਕ, ਰਾਜਨੀਤਕ ਉਤਰਾਅ-ਚੜ੍ਹਾਅ ਦਾ ਅਸਰ ਡਾਇਸਪੋਰਾ ਉੱਪਰ ਸਿੱਧਾ ਹੁੰਦਾ ਹੈ। ਉੱਥੋਂ ਦੀ ਹਰ ਤਰ੍ਹਾਂ ਦੀ ਤਰੱਕੀ ਵਿਚ ਹਿੱਸਾ ਪਾਉਣ ਲਈ ਇਹ ਲੋਕ ਤਿਆਰ ਰਹਿੰਦੇ ਹਨ। ਡਾਇਸਪੋਰਾ ਆਪਣੇ ਮੁਲਕ ਦੀ ਸਿਆਸਤ ਨੂੰ ਹਰ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਆਪਣੇ ਅਪਣਾਏ ਮੁਲਕ ਦੀ ਸਿਆਸਤ ਨੂੰ ਆਪਣੇ ਹੋਮਲੈਂਡ ਦੇ ਹੱਕ ਵਿਚ ਭਗਤਾਉਣ ਦੇ ਯਤਨਾਂ ਵਿਚ ਰਹਿੰਦਾ ਹੈ। ਡਾਇਸਪੋਰਾ ਹਮੇਸ਼ਾ ਆਪਣੇ ਸੱਭਿਆਚਾਰ, ਬੋਲੀ ਤੇ ਧਰਮ ਨਾਲ ਹੋਮਲੈਂਡ ਦੇ ਲੋਕਾਂ ਨਾਲੋਂ ਵਧੇਰੇ ਜੁੜਿਆ ਰਹਿਣ ਦੀ ਪ੍ਰਵਿਰਤੀ ਵਿਚ ਹੁੰਦਾ ਹੈ। ਦੂਜੇ ਮੁਲਕਾਂ ਦੇ ਹੋਰ ਡਾਇਸਪੋਰੇ ਨਾਲ ਵੀ ਇਨ੍ਹਾਂ ਦੇ ਵਧੀਆ ਸਬੰਧ ਹੋ ਸਕਦੇ ਹਨ। ਦੋ ਦੁਸ਼ਮਣ ਦੇਸ਼ਾਂ ਦਾ ਡਾਇਸਪੋਰਾ ਦੇ ਅਪਣਾਏ ਮੁਲਕ ਵਿਚ ਸਬੰਧ ਨਿੱਗਰ ਹੋ ਸਕਦੇ ਹਨ। ਡਾਇਸਪੋਰਾ ਦੇ ਆਪਣੇ ਅਖ਼ਬਾਰ, ਰੇਡੀਓ, ਟੈਲੀਵਿਜ਼ਨ ਜਾਂ ਹੋਰ ਸੋਸ਼ਲ ਮੀਡੀਆ ਦੇ ਗਰੁੱਪ ਵੀ ਹੋ ਸਕਦੇ ਹਨ। ਇਹ ਸਾਰੇ ਹੀ ਲੱਛਣ ਜਿੰਨੀ ਸ਼ਿੱਦਤ ਨਾਲ ਯਹੂਦੀ ਡਾਇਸਪੋਰਾ ਵਿਚ ਹਨ ਓਨੀ ਹੀ ਸ਼ਿੱਦਤ ਨਾਲ ਭਾਰਤੀ ਡਾਇਸਪੋਰਾ ਵਿਚ ਵੀ ਸ਼ਾਮਲ ਹਨ। ਦੂਜੇ ਸ਼ਬਦਾਂ ਵਿਚ ਭਾਰਤੀ ਡਾਇਸਪੋਰਾ ਯਹੂਦੀ ਡਾਇਸਪੋਰਾ ਦੀ ਬਣਤਰ ਤੇ ਬੁਣਤਰ ਦੇ ਬਰਾਬਰ ਖੜ੍ਹਦਾ ਹੈ।
ਡਾਇਸਪੋਰਾ ਸ਼ਬਦ ਬਹੁਤ ਸਾਰੇ ਮੁਲਕਾਂ ਨਾਲ ਜੁੜਦਾ ਹੈ। ਅਫ਼ਰੀਕਨ ਡਾਇਸਪੋਰਾ, ਫਿਲਿਸਤੀਨ ਡਾਇਸਪੋਰਾ, ਅਰਮੀਨੀਅਨ ਡਾਇਸਪੋਰਾ, ਇਟਾਲੀਅਨ ਡਾਇਸਪੋਰਾ ਆਦਿ। ਇਤਿਹਾਸ ਗਵਾਹ ਹੈ ਕਿ ਲੋਕ ਸਦਾ ਹੀ ਇੱਕ ਥਾਂ ਤੋਂ ਉੱਠ ਕੇ ਦੂਜੇ ਥਾਂ ਵਸਦੇ ਰਹੇ ਹਨ। ਇਹ ਵੱਖ ਗੱਲ ਹੈ ਕਿ ਕੁਝ ਦੇਰ ਤੋਂ ਇਸ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾਣ ਲੱਗਾ ਹੈ। ਦੁਨੀਆ ਵਿਚ ਸਭ ਤੋਂ ਵੱਡਾ ਭਾਰਤੀ ਡਾਇਸਪੋਰਾ ਹੈ। ਇਸ ਵੇਲੇ ਲਗਭਗ ਦੋ ਕਰੋੜ ਭਾਰਤੀ ਵਿਦੇਸ਼ਾਂ ਵਿਚ ਵਸਦੇ ਹਨ, ਭਾਵ ਕਿ ਇਕ ਮੁਲਕ ਜਿੰਨੀ ਆਬਾਦੀ। ਦੂਜੇ ਨੰਬਰ ’ਤੇ ਮੈਕਸੀਕਨ ਡਾਇਸਪੋਰਾ ਆਉਂਦਾ ਹੈ, ਇਕ ਕਰੋੜ ਵੀਹ ਲੱਖ ਦੇ ਕਰੀਬ ਮੈਕਸੀਕਨ ਦੁਨੀਆ ਵਿਚ ਵਸਦੇ ਹਨ। ਤੀਜੇ ਨੰਬਰ ’ਤੇ ਚੀਨੀ ਡਾਇਸਪੋਰਾ ਆਉਂਦਾ ਹੈ, ਉਹ ਇਕ ਕਰੋੜ ਦਸ ਲੱਖ ਦੇ ਕਰੀਬ ਦੁਨੀਆ ਵਿਚ ਖਿਲਰੇ ਹੋਏ ਹਨ। ਕਿਸੇ ਮੁਲਕ ਦੇ ਡਾਇਸਪੋਰਾ ਅੰਦਰ ਵੀ ਵੰਡੀਆਂ ਹੁੰਦੀਆਂ ਹਨ ਜਿਵੇਂ ਕਿ ਪੰਜਾਬੀ ਡਾਇਸਪੋਰਾ, ਗੁਜਰਾਤੀ ਡਾਇਸਪੋਰਾ ਆਦਿ। ਕੁਝ ਚਿੰਤਕਾਂ ਦਾ ਤਾਂ ਇਹ ਕਹਿਣਾ ਵੀ ਕਿ ਕਿਸੇ ਦੇਸ਼ ਦੇ ਅੰਦਰ ਵੀ ਡਾਇਸਪੋਰਾ ਦੀਆਂ ਅਲਾਮਤਾਂ ਹੁੰਦੀਆਂ ਹਨ, ਖਾਸ ਤੌਰ ’ਤੇ ਅਮਰੀਕਾ ਤੇ ਭਾਰਤ ਵਰਗੇ ਵੱਡੇ ਮੁਲਕਾਂ ਵਿਚ।
ਡਾਇਸਪੋਰਾ ਤੇ ਪਰਵਾਸ ਵਿਚ ਮਹੀਨ ਜਿਹੇ ਫ਼ਰਕ ਹੀ ਹਨ, ਪਰ ਸਥਿਤੀ ਬਹੁਤ ਵੱਖਰੀ ਹੈ। ਪਰਵਾਸ ਵਿਚ ਬਹੁਤੇ ਮੁਲਕਾਂ ਦੇ ਲੋਕ ਰਲ਼ੇ-ਮਿਲ਼ੇ ਹੁੰਦੇ ਹਨ ਜਿਵੇਂ ਅਸੀਂ ਪਹਿਲੀਆਂ ਵਿਚ ਇੰਗਲੈਂਡ ਜਾਂ ਹੋਰਨਾਂ ਮੁਲਕਾਂ ਵਿਚ ਸਾਂ, ਗਿਣਤੀ ਵਿਚ ਥੋੜ੍ਹੇ ਸਾਂ। ਡਾਇਸਪੋਰਾ ਵਿਚ ਇਕ ਹੋਮਲੈਂਡ ਦੇ ਲੋਕ ਇਕੱਠੇ ਹੋ ਕੇ ਵਿਚਰਦੇ ਹਨ। ਪਰਵਾਸ ਵਿਚ ਵਾਪਸ ਮੁੜਨ ਦੇ ਮੌਕੇ ਬਣੇ ਰਹਿੰਦੇ ਹਨ। ਕੁਝ ਚਿੰਤਕ ਇਹ ਵੀ ਕਹਿੰਦੇ ਹਨ ਕਿ ਪਰਵਾਸ ਵਿਚ ਬੰਦਾ ਇਕੱਲਾ ਹੁੰਦਾ ਹੈ, ਡਾਇਸਪੋਰਾ ਦੀ ਸਥਿਤੀ ਵਿਚ ਪੂਰਾ ਪਰਿਵਾਰ ਇਕੱਠਾ ਹੁੰਦਾ ਹੈ। ਪਰਵਾਸ ਵਿਚ ਭੁਹੇਰਵਾ (ਨੌਸਟੈਲਜੀਆ) ਹੁੰਦਾ ਹੈ, ਪਰ ਡਾਇਸਪੋਰਾ ਕਿਸੇ ਹੱਦ ਤਕ ਇਸ ਤੋਂ ਮੁਕਤ ਹੋ ਗਿਆ ਹੁੰਦਾ ਹੈ। ਬਹੁਤ ਸਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਮੇਰੇ ਪਹਿਲੇ ਪੰਜ ਨਾਵਲ (ਵਨ-ਵੇਅ, ਰੇਤ, ਸਵਾਰੀ, ਸਾਊਥਾਲ ਤੇ ਬ੍ਰਿਟਿਸ਼ ਬੌਰਨ ਦੇਸੀ) ਪੰਜਾਬੀ ਲੋਕਾਂ ਦੇ ਪਰਵਾਸ ਤੋਂ ਡਾਇਸਪੋਰਾ ਦੇ ਸਫ਼ਰ ਨਾਲ ਸਬੰਧਿਤ ਹਨ।
ਡਾਇਸਪੋਰਾ ਦਾ ਵਿਸ਼ਾ ਇਕ ਲੰਮੇ ਲੇਖ ਦੀ ਮੰਗ ਕਰਦਾ ਹੈ। ਇਸ ਬਾਰੇ ਸੰਖੇਪ ਜਿਹੀ ਗੱਲ ਕਰਕੇ ਮੇਰਾ ਮਤਲਬ ਕੋਈ ਵਿਵਾਦ ਛੇੜਨਾ ਨਹੀਂ ਹੈ। ਫਿਰ ਵੀ ਇਕ ਸਵਾਲ ਦਾ ਜਵਾਬ ਮੈਂ ਜ਼ਰੂਰ ਲੱਭ ਰਿਹਾ ਹਾਂ। ਸਵਾਲ ਹੈ: ਵਿਦੇਸ਼ਾਂ ਵਿਚ ਵਸਦੇ ਪੰਜਾਬੀ ਲੇਖਕਾਂ ਦੇ ਲਿਖੇ ਅੱਜ ਦੇ ਸਾਹਿਤ ਨੂੰ ਕੀ ਕਿਹਾ ਜਾਣਾ ਚਾਹੀਦਾ ਹੈ? ਪੰਜਾਬੀ ਪਰਵਾਸੀ ਸਾਹਿਤ ਜਾਂ ਪੰਜਾਬੀ ਡਾਇਸਪੋਰਸ ਸਾਹਿਤ? ਜਿਸ ਪਰਵਾਸੀ ਸਾਹਿਤ ਨੂੰ ਸਵਰਨ ਚੰਦਨ ਨੇ ਪਰਿਭਾਸ਼ਤ ਕੀਤਾ ਸੀ, ਅੱਜ ਦਾ ਲਿਖਿਆ ਜਾ ਰਿਹਾ ਸਾਹਿਤ ਉਹ ਸਾਹਿਤ ਨਹੀਂ ਹੈ। ਇਸ ਵਿਚੋਂ ਭੁਹੇਰਵਾ ਬਿਲਕੁਲ ਗਾਇਬ ਹੋ ਚੁੱਕਾ ਹੈ ਤੇ ਵਾਪਸ ਮੁੜਨ ਦੇ ਇਰਾਦੇ ਵੀ। ਮੇਰੀ ਨਿੱਜੀ ਰਾਏ ਅਨੁਸਾਰ ਅੱਜ ਦਾ ਲੇਖਕ ਡਾਇਸਪੋਰਾ ਦਾ ਹਿੱਸਾ ਹੈ ਤੇ ਉਸ ਦਾ ਰਚਿਆ ਸਾਹਿਤ ਵੀ ਡਾਇਸਪੋਰਾ ਦਾ ਸਾਹਿਤ ਹੀ ਹੈ। ਖ਼ੈਰ, ਇਹ ਤਾਂ ਬੁੱਧੀਜੀਵੀਆਂ ਦੀ ਮਰਜ਼ੀ ਉੱਪਰ ਨਿਰਭਰ ਕਰਦਾ ਹੈ। ਮੈਂ ਆਪਣੀ ਗੱਲ ਇਨ੍ਹਾਂ ਲਾਈਨਾਂ ਨਾਲ ਖ਼ਤਮ ਕਰਨੀ ਚਾਹਾਂਗਾ:
ਜਿਸ ਘਰ ਵਿਚ ਮੇਰਾ ‘ਸਾਮਾਨ’ ਪਿਆ ਹੈ,
ਉਸ ਘਰ ਵਿਚ ਮੈਂ ਵਸਦਾ ਹਾਂ,
ਜਿੱਥੇ ਮਾਂ ਦੇ ਦੁਪੱਟੇ, ਪਿਓ ਦੇ ਕੁੜਤੇ ਟੰਗੇ ਨੇ,
ਉਹ ਘਰ ਮੇਰੇ ਅੰਦਰ ਵਸਦਾ ਹੈ।
ਈ-ਮੇਲ : harjeetatwal@hotmail.co.uk