ਸ਼ਮੀਲ
ਕੈਨੇਡਾ ਵਾਸ
ਜਦੋਂ ਮੈਂ 2003 ਦੇ ਨੇੜੇ ਪਹਿਲੀ ਵਾਰ ਕੈਨੇਡਾ ਆਇਆ ਸੀ ਤਾਂ ਜਿਹੜੀ ਚੀਜ਼ ਨੇ ਮੇਰਾ ਸਭ ਤੋਂ ਵੱਧ ਧਿਆਨ ਖਿੱਚਿਆ ਜਾਂ ਜਿਹੜੀ ਚੀਜ਼ ਮੈਨੂੰ ਸਭ ਤੋਂ ਵੱਧ ਅਜੀਬ ਲੱਗੀ, ਉਹ ਪੀਪੇ ਵਾਲੇ ਬਿਸਕੁਟ ਸਨ। ਭਾਰਤੀ ਗਰੋਸਰੀ ਸਟੋਰਾਂ ’ਤੇ ਮਿਲਣ ਵਾਲੀ ਇਹ ਆਮ ਚੀਜ਼ ਹੈ। ਪੰਜਾਬ ਵਿਚ ਇਸ ਤਰ੍ਹਾਂ ਦੇ ਲਾਈਨਾਂ ਵਾਲੇ ਦੇਸੀ ਬਿਸਕੁਟਾਂ ਦਾ ਰਿਵਾਜ ਹੁੰਦਾ ਸੀ। ਖਾਲੀ ਘਿਓ ਦੇ ਵੱਡੇ ਸਾਈਜ਼ ਵਾਲੇ ਡੱਬੇ, ਜਿਨ੍ਹਾਂ ਨੂੰ ‘ਪੀਪੇ’ ਕਿਹਾ ਜਾਂਦਾ ਸੀ, ਉਨ੍ਹਾਂ ’ਤੇ ਕੁੰਡੀ ਲਾ ਕੇ ਉੱਪਰ ਨੂੰ ਖੁੱਲ੍ਹਣ ਵਾਲਾ ਢੱਕਣ ਲਾ ਦਿੱਤਾ ਜਾਂਦਾ ਸੀ ਅਤੇ ਇਹ ਬਿਸਕੁਟ ਇਨ੍ਹਾਂ ਪੀਪਿਆਂ ਵਿਚ ਸਟੋਰ ਕੀਤੇ ਜਾਂਦੇ ਸਨ। ਇਸ ਕਰਕੇ ਇਨ੍ਹਾਂ ਦਾ ਨਾਂ ਪੀਪੇ ਵਾਲੇ ਬਿਸਕੁਟ ਪੈ ਗਿਆ। ਪੁਰਾਣੀਆਂ ਪੀੜ੍ਹੀਆਂ ਦੇ ਪੰਜਾਬੀ ਜਦੋਂ ਕੈਨੇਡਾ ਆਏ ਤਾਂ ਉਹ ਇਨ੍ਹਾਂ ਪੀਪੇ ਵਾਲੇ ਬਿਸਕੁਟਾਂ ਨੂੰ ਯਾਦ ਕਰਦੇ ਹੋਣਗੇ। ਇਸ ਕਰਕੇ ਕੁਝ ਲੋਕਾਂ ਨੇ ਇਹ ਦੇਸੀ ਸਟਾਈਲ ਵਾਲੇ ਬਿਸਕੁਟ ਬਣਾਉਣੇ ਸ਼ੁਰੂ ਕਰ ਦਿੱਤੇ। ਇੱਥੇ ਭਾਵੇਂ ਇਹ ਪੰਜਾਬ ਵਰਗੇ ਪੀਪਿਆਂ ਵਿਚ ਨਹੀਂ ਸਨ ਰੱਖੇ ਜਾਂਦੇ, ਪਰ ਲੋਕਾਂ ਦੀ ਮਾਨਸਿਕਤਾ ਨਾਲ ਜੁੜਨ ਵਾਸਤੇ ਬਣਾਉਣ ਵਾਲਿਆਂ ਨੇ ਇਨ੍ਹਾਂ ਦਾ ਨਾਂ ਹੀ ਪੀਪੇ ਵਾਲੇ ਬਿਸਕੁਟ ਰੱਖ ਦਿੱਤਾ। ਕਾਫ਼ੀ ਦੇਰ ਤਕ ਇਹ ਨਾਂ ਚੱਲਦਾ ਰਿਹਾ ਹੈ। ਹੌਲੀ ਹੌਲੀ ਇਨ੍ਹਾਂ ਨੂੰ ਬਣਾਉਣ ਵਾਲਿਆਂ ਨੇ ਕਈ ਤਰ੍ਹਾਂ ਦੇ ਤਜਰਬੇ ਕੀਤੇ ਅਤੇ ਇਨ੍ਹਾਂ ਦੀਆਂ ਕਈ ਕਿਸਮਾਂ ਬਣਾ ਲਈਆਂ। ਅੱਜ ਕੱਲ੍ਹ ਇਨ੍ਹਾਂ ਦੇਸੀ ਪੰਜਾਬ ਸਟਾਈਲ ਬਿਸਕੁਟਾਂ ਦੀਆਂ ਕਈ ਕਿਸਮਾਂ ਭਾਰਤੀ ਗਰੋਸਰੀ ਸਟੋਰਾਂ ’ਤੇ ਮਿਲ ਜਾਂਦੀਆਂ ਹਨ। ਮੈਨੂੰ ਨਹੀਂ ਪਤਾ ਕਿ ਇਸ ਸਟਾਈਲ ਵਾਲੇ ਬਿਸਕੁਟ ਅੱਜਕੱਲ੍ਹ ਪੰਜਾਬ ਵਿਚ ਕਿੰਨੇ ਕੁ ਮਿਲਦੇ ਹਨ, ਪਰ ਕੈਨੇਡਾ ਦੇ ਭਾਰਤੀ ਗਰੋਸਰੀ ਸਟੋਰਾਂ ਵਿਚ ਇਹ ਆਮ ਮਿਲਣ ਵਾਲੀ ਆਈਟਮ ਹੈ। ਪੰਜਾਬੀ ਘਰਾਂ ਵਿਚ ਵੀ ਇਹ ਆਮ ਮਿਲਦੇ ਹਨ। ਮਹਿਮਾਨਾਂ ਨੂੰ ਚਾਹ ਦੇ ਨਾਲ ਪੇਸ਼ ਕੀਤੇ ਜਾਂਦੇ ਹਨ। ਜੇ ਕੈਨੇਡਾ ਵਿਚ ਲੋਕ ਇਸ ਨੂੰ ਇਹ ਨਵਾਂ ਰੂਪ ਨਾ ਦਿੰਦੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਇਹ ਦੇਸੀ ਸਟਾਈਲ ਬਿਸਕੁਟ ਖ਼ਤਮ ਹੋ ਜਾਂਦੇ।
ਕੈਨੇਡਾ ਵਿਚ ਜਿਨ੍ਹਾਂ ਪੁਰਾਣੀਆਂ ਪੰਜਾਬੀ ਚੀਜ਼ਾਂ ਵਿਚ ਨਵੀਂ ਜਾਨ ਪਈ, ਉਨ੍ਹਾਂ ਵਿਚ ਇਕੱਲੇ ਪੀਪੇ ਵਾਲੇ ਬਿਸਕੁਟ ਹੀ ਨਹੀਂ ਹਨ। ਪੰਜਾਬੀ ਕਲਚਰ, ਰਹਿਣ ਸਹਿਣ ਦਾ ਹੋਰ ਬਹੁਤ ਕੁਝ ਹੈ, ਜਿਹੜਾ ਆਧੁਨਿਕਤਾ ਅਤੇ ਸ਼ਹਿਰੀਕਰਨ ਦੇ ਚੱਕਰਾਂ ਵਿਚ ਪੰਜਾਬ ਵਿਚੋਂ ਖ਼ਤਮ ਹੋ ਜਾਣਾ ਸੀ, ਜੇ ਉਨ੍ਹਾਂ ਨੂੰ ਬਾਹਰ ਦੇ ਮੁਲਕਾਂ ਵਿਚ ਰਹਿ ਰਹੇ ਪੰਜਾਬੀ ਕਿਸੇ ਤਰ੍ਹਾਂ ਨਾ ਸੰਭਾਲਦੇ।
ਮਿਸਾਲ ਦੇ ਤੌਰ ’ਤੇ ਵਿਸਾਖੀ ਨਗਰ ਕੀਰਤਨ ਪੰਜਾਬੀ ਵਸੋਂ ਵਾਲੇ ਤਕਰੀਬਨ ਸਾਰੇ ਉੱਤਰੀ ਅਮਰੀਕਨ ਜਾਂ ਹੋਰ ਮੁਲਕਾਂ ਦੇ ਸ਼ਹਿਰਾਂ ਵਿਚ ਇਕ ਸਾਲਾਨਾ ਤਿਓਹਾਰ ਬਣ ਚੁੱਕਾ ਹੈ। ਪੰਜਾਬ ਵਿਚ ਨਗਰ ਕੀਰਤਨਾਂ ਦੀ ਅਜਿਹੀ ਕੋਈ ਪਰੰਪਰਾ ਨਹੀਂ ਰਹੀ। ਅਸਲ ਵਿਚ ਨਗਰ ਕੀਰਤਨ ਪੱਛਮ ਵਿਚ ਪ੍ਰਚੱਲਤ ਕਲਚਰ ਪਰੇਡਾਂ ਦਾ ਇਕ ਰੂਪ ਹੈ, ਜਿਸ ਨੂੰ ਵਿਸਾਖੀ ’ਤੇ ਹੋ ਰਹੀ ਸਿੱਖ ਪਰੇਡ ਦੇ ਰੂਪ ਵਿਚ ਨਗਰ ਕੀਰਤਨ ਦਾ ਨਾਂ ਦੇ ਦਿੱਤਾ ਗਿਆ। ਇੱਥੋਂ ਦੇ ਨਗਰ ਕੀਰਤਨ ਇਕ ਖ਼ਾਸ ਤਰ੍ਹਾਂ ਦੇ ਪਿਛੋਕੜ ਵਿਚ ਪੈਦਾ ਹੋਏ, ਜਿਨ੍ਹਾਂ ਦਾ ਮਕਸਦ ਇਕ ਬਹੁ-ਸੱਭਿਆਚਾਰਕ ਸਮਾਜ ਵਿਚ ਆਪਣੀ ਪਛਾਣ ਦੂਜਿਆਂ ਅੱਗੇ ਪੇਸ਼ ਕਰਨਾ ਸੀ। ਹੌਲੀ ਹੌਲੀ ਇਹ ਇਕ ਸਾਲਾਨਾ ਕਾਰਜ ਬਣ ਗਿਆ ਅਤੇ ਇਸ ਨੇ ਇਕ ਸਾਲਾਨਾ ਤਿਓਹਾਰ ਦੀ ਸ਼ਕਲ ਲੈ ਲਈ।
ਪੁਰਾਣੇ ਪੰਜਾਬੀ ਵਿਆਹਾਂ ਵਿਚ ਜਾਗੋ ਕੱਢਣ ਦਾ ਰਿਵਾਜ ਸੀ, ਜਿਹੜਾ ਪਿਛਲੇ ਦਹਾਕਿਆਂ ਵਿਚ ਹੌਲੀ ਹੌਲੀ ਘਟਦਾ ਗਿਆ ਜਾਂ ਇਕ ਵਾਰ ਖ਼ਤਮ ਹੀ ਹੋ ਗਿਆ। ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਪੰਜਾਬੀ ਵਿਆਹਾਂ ਵਿਚ ਜਾਗੋ ਦਾ ਰਿਵਾਜ ਸ਼ੁਰੂ ਹੋ ਗਿਆ ਹੈ। ਹੌਲੀ ਹੌਲੀ ਇਹ ਵਿਆਹ ਦੇ ਸਮਾਗਮਾਂ ਦੀ ਇਕ ਲਾਜ਼ਮੀ ਆਈਟਮ ਬਣ ਗਿਆ ਹੈ। ਫ਼ਰਕ ਸਿਰਫ਼ ਇਹ ਹੈ ਕਿ ਪੰਜਾਬ ਵਿਚ ਇਹ ਪਿੰਡ ਦੀਆਂ ਗਲੀਆਂ ਵਿਚ ਕੱਢੀ ਜਾਂਦੀ ਸੀ, ਕੈਨੇਡਾ ਵਿਚ ਬੈਂਕਟ ਹਾਲ ਦੇ ਅੰਦਰ ਹੀ ਹੋ ਜਾਂਦੀ ਹੈ।
ਅਜਿਹਾ ਬਹੁਤ ਕੁਝ ਹੈ। ਇਹ ਤਾਂ ਸਿਰਫ਼ ਚੰਦ ਕੁ ਮਿਸਾਲਾਂ ਹਨ। ਇਹ ਬਹੁਤ ਵਿਆਪਕ ਵਰਤਾਰਾ ਹੈ। ਪੰਜਾਬ ਵਿਚ ਤਰੱਕੀ, ਆਧੁਨਿਕਤਾ, ਸ਼ਹਿਰੀਕਰਨ ਦੇ ਅਸਰ ਹੇਠ ਇਕ ਵਾਰ ਸਾਰੇ ਪੁਰਾਣੇ ਤਿਓਹਾਰ, ਰਿਵਾਜ, ਰਵਾਇਤਾਂ ਛੱਡਣ ਦਾ ਦੌਰ ਸ਼ੁਰੂ ਹੋਇਆ। ਜਿਹੜੀਆਂ ਚੀਜ਼ਾਂ ਜਾਂ ਰਵਾਇਤਾਂ ਪੁਰਾਣੀਆਂ ਲੱਗਦੀਆਂ ਸਨ, ਉਨ੍ਹਾਂ ਨੂੰ ਨਵੀਂ ਪੀੜ੍ਹੀ ਸ਼ਾਇਦ ਛੱਡਣਾ ਚਾਹੁੰਦੀ ਸੀ, ਪਰ ਜੋ ਪੰਜਾਬੀ ਕੈਨੇਡਾ ਵਰਗੇ ਪੱਛਮੀ ਮੁਲਕਾਂ ਵਿਚ ਬੈਠੇ ਸਨ, ਉਹ ਇਕ ਵੱਖਰੇ ਮਾਹੌਲ ਵਿਚ ਸਨ। ਉਨ੍ਹਾਂ ਦਾ ਮਨ ਉਲਟ ਪਾਸੇ ਨੂੰ ਜਾ ਰਿਹਾ ਸੀ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਦੀ ਖਿੱਚ ਸੀ, ਜਿਹੜੀਆਂ ਉਨ੍ਹਾਂ ਤੋਂ ਛੁੱਟ ਗਈਆਂ ਸਨ। ਇਸ ਖਿੱਚ ਵਿਚੋਂ ਉਨ੍ਹਾਂ ਨੇ ਉਹ ਚੀਜ਼ਾਂ ਕਿਸੇ ਨਾ ਕਿਸੇ ਰੂਪ ਵਿਚ ਇੱਥੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ’ਚੋਂ ਹੀ ਚੀਜ਼ਾਂ ਨੇ ਨਵਾਂ ਰੂਪ ਲੈ ਲਿਆ। ਨਵੀਂ ਤਰ੍ਹਾਂ ਦੇ ਪ੍ਰਯੋਗ ਹੋ ਗਏ। ਜਿਵੇਂ ਸਮੋਸੇ ਬਣਾਉਣ ਲਈ ਮਸ਼ੀਨ ਬਣ ਗਈ, ਉਸੇ ਤਰ੍ਹਾਂ ਰਵਾਇਤੀ ਪੰਜਾਬੀ ਸੰਗੀਤ ਦਾ ਪੱਛਮੀ ਸੰਗੀਤ ਨਾਲ ਮਿਸ਼ਰਨ ਹੋ ਗਿਆ ਅਤੇ ਉਸ ਵਿਚੋਂ ਨਵਾਂ ਪੰਜਾਬੀ ਸੰਗੀਤ ਪੈਦਾ ਹੋਇਆ, ਜਿਹੜਾ ਅੱਜਕੱਲ੍ਹ ਸਾਰੇ ਪਾਸੇ ਚੱਲ ਰਿਹਾ ਹੈ। ਰਵਾਇਤੀ ਪੰਜਾਬੀ ਸੱਭਿਆਚਾਰ ਦੇ ਪੱਛਮੀ ਸੱਭਿਆਚਾਰ ਨਾਲ ਮੇਲ ਤੋਂ ਬਾਅਦ ਅਜਿਹਾ ਬਹੁਤ ਕੁਝ ਪੈਦਾ ਹੋਇਆ ਹੈ, ਜਿਹੜਾ ਇਸ ਵਕਤ ਨਵੇਂ ਰੂਪ ਵਿਚ ਸਾਰੇ ਪਾਸੇ ਫੈਲ ਰਿਹਾ ਹੈ। ਇਸ ਨੂੰ ਪਰਵਾਸ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ ਕਿਹਾ ਜਾ ਸਕਦਾ ਹੈ।