ਹਰਜੀਤ ਅਟਵਾਲ
ਪਿਛਲੇ ਚਾਲੀ-ਬਤਾਲੀ ਸਾਲਾਂ ਵਿਚ ਮੈਂ ਪੂਰੇ ਯੂਕੇ ਵਿਚ ਕਦੇ ਸੱਪ ਨਹੀਂ ਦੇਖਿਆ। ਹਾਂ, ਚਿੜੀਆ-ਘਰ ਵਿਚ ਬਹੁਤ ਸਾਲ ਪਹਿਲਾਂ ਕਈ ਕਿਸਮ ਦੇ ਸੱਪ ਜ਼ਰੂਰ ਦੇਖੇ ਸਨ। ਓਧਰ ਪਿੰਡ ਹੁੰਦਿਆਂ ਹਰ ਰੋਜ਼ ਸੱਪਾਂ ਨਾਲ ਵਾਹ ਪੈਂਦਾ ਸੀ। ਸਾਡੇ ਪਿੰਡ ਦੇ ਡੱਬਰੀ ਦੇ ਇਲਾਕੇ ਵਿਚ ਜਿੱਥੇ ਸਾਡੀ ਜੱਦੀ ਜ਼ਮੀਨ ਹੈ, ਉੱਥੇ ਜਿਹੜੇ ਕਾਲੇ ਰੰਗ ਦੇ ਖੜੱਪੇ ਸੱਪ ਹੁੰਦੇ ਹਨ ਉਹ ਮੈਂ ਕਿਤੇ ਹੋਰ ਨਹੀਂ ਦੇਖੇ, ਟੈਲੀਵਿਜ਼ਨ ’ਤੇ ਵਾਈਲਡ ਲਾਈਫ ਦੇ ਪ੍ਰੋਗਰਾਮਾਂ ਵਿਚ ਵੀ ਨਹੀਂ। ਜ਼ਰਾ ਕੁ ਹਨੇਰਾ ਲਹਿੰਦਿਆਂ ਹੀ ਡੱਬਰੀ ਸੱਪ ਇਵੇਂ ਤੁਰੇ ਫਿਰਦੇ ਹਨ ਜਿਵੇਂ ਸ਼ਹਿਰ ਵਿਚ ਗਾਈਆਂ। ਸਾਡੇ ਖੇਤਾਂ ਤੋਂ ਮੁੱਖ ਸੜਕ ਤਕ ਦੇ ਅੱਧੇ ਕੁ ਮੀਲ ਦੇ ਪੈਹੇ ’ਤੇ ਤੁਹਾਨੂੰ ਕੋਈ ਦਸ-ਬਾਰਾਂ ਸੱਪ ਮਿਲ ਜਾਣਗੇ। ਤੁਹਾਡੀ ਕਾਰ ਦੀ ਜਾਂ ਇਸ ਦੀਆਂ ਲਾਈਟਾਂ ਦੀ ਪਰਵਾਹ ਕੀਤੇ ਬਿਨਾਂ ਉਹ ਪੂਰੀ ਮੜ੍ਹਕ ਨਾਲ ਰਾਹ ਕਰੌਸ ਕਰਦੇ ਰਹਿਣਗੇ। ਸੱਪ ਸਾਡੀ ਪੰਜਾਬੀ ਸਾਈਕੀ ਦਾ ਇਕ ਹਿੱਸਾ ਹੈ।
ਮੈਂ ਸੱਪਾਂ ਨੂੰ ਲੈ ਕੇ ਕਈ ਕਹਾਣੀਆਂ ਲਿਖੀਆਂ ਹਨ। ਸਾਡੇ ਘਰ ਇਕ ਮਣਕਾ ਹੁੰਦਾ ਸੀ, ਹਾਲੇ ਵੀ ਹੈ, ਜੋ ਮੇਰੇ ਬਾਬੇ ਨੂੰ ਕਿਸੇ ਮੁਸਲਮਾਨ ਫਕੀਰ ਨੇ ਦਿੱਤਾ ਸੀ ਕਿ ਇਹ ਮਣਕਾ ਸੱਪ ਦੀ ਜ਼ਹਿਰ ਚੂਸ ਲਵੇਗਾ। ਮੈਂ ਇਸ ਬਾਰੇ ਵੀ ਇਕ ਕਹਾਣੀ ਲਿਖੀ ਸੀ। ਮੈਨੂੰ ਮਣਕਿਆਂ ਜਾਂ ਜਾਦੂ-ਟੂਣਿਆਂ ’ਤੇ ਕਦੇ ਭਰੋਸਾ ਨਹੀਂ ਹੋਇਆ। ਸੱਪ ਲੜੇ ’ਤੇ ਉਸ ਦਾ ਮੈਡੀਕਲ ਇਲਾਜ ਹੀ ਹੋਣਾ ਚਾਹੀਦਾ ਹੈ। ਗੱਲ ਹੋਰ ਪਾਸੇ ਨਾ ਚਲੀ ਜਾਵੇ, ਆਓ ਯੂਕੇ ਦੇ ਸੱਪਾਂ ਦੀ ਗੱਲ ਕਰੀਏ। ਇੱਥੇ ਵੀ ਸੱਪ ਹਨ ਭਾਵੇਂ ਉਹ ਡੱਬਰੀ ਦੇ ਸੱਪਾਂ ਵਰਗੇ ਕਾਲੇ ਨਾ ਹੋਣ। ਯੂਕੇ ਦੇ ਨਾਲ ਲੱਗਦੇ ਮੁਲਕ ਆਇਰਲੈਂਡ ਵਿਚ ਸੱਪ ਬਿਲਕੁਲ ਨਹੀਂ ਹਨ। ਇਕ ਕਹਾਵਤ ਵੀ ਹੈ ਕਿ ਆਇਰਲੈਂਡ ਵਿਚ ਸੱਪ ਨਹੀਂ ਹੁੰਦੇ। ਇਸੇ ਕਹਾਵਤ ਨੂੰ ਲੈ ਕੇ ਅੰਰਗੇਜ਼ੀ ਦੇ ਲੇਖਕ ਫਰੈਡਰਿਕ ਫੋਰਸਾਈਥ (Frederick Forsyth) ਨੇ ਇਕ ਨਸਲਵਾਦੀ ਕਹਾਣੀ ਵੀ ਲਿਖੀ ਸੀ ਜਿਸ ਦਾ ਨਾਂ ਸੀ, ‘ਦੇਅਰ ਆਰ ਨੋ ਸਨੇਕਜ਼ ਇਨ ਆਇਰਲੈਂਡ’। ਇਸ ਕਹਾਣੀ ਵਿਚ ਲੇਖਕ ਕਹਿ ਰਿਹਾ ਹੈ ਕਿ ਪਹਿਲਾਂ ਤਾਂ ਆਇਰਲੈਂਡ ਵਿਚ ਸੱਪ ਨਹੀਂ ਸਨ, ਪਰ ਹੁਣ ਸੱਪ ਆ ਗਏ ਹਨ। ਇੱਥੇ ਉਹ ਸੱਪ ਸਾਨੂੰ ਤੇ ਕਾਲੇ ਲੋਕਾਂ ਨੂੰ ਕਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੇ ਵੀ ਨਸਲਵਾਦ ਨਾਲ ਭਰੀ ਇਸ ਕਹਾਣੀ ਦਾ ਨੋਟਿਸ ਨਹੀਂ ਲਿਆ। ਮੈਂ ਇਸ ਦਾ ਜਵਾਬ ਦਿੰਦੀ ਕਹਾਣੀ ਲਿਖੀ ਸੀ ਜਿਸ ਦਾ ਨਾਂ ਸੀ ‘ਸੱਪਾਂ ਦਾ ਭਰ ਬਰਤਾਨੀਆ’। ਜਿਸ ਕਿਤਾਬ ਵਿਚ ਇਹ ਕਹਾਣੀ ਹੈ ਉਸ ਦਾ ਨਾਂ ਵੀ ਇਹੋ ਹੈ। ਮੈਂ ਆਪਣੀ ਕਹਾਣੀ ਵਿਚ ਨਸਲਵਾਦੀਆਂ ਨੂੰ ਸੱਪ ਕਹਿਣ ਦੀ ਕੋਸ਼ਿਸ਼ ਕੀਤੀ ਸੀ।
‘ਆਇਰਲੈਂਡ ਵਿਚ ਸੱਪ ਨਹੀਂ ਹੁੰਦੇ’ ਕਹਾਵਤ ਦਾ ਪਿਛੋਕੜ ਇਹ ਹੈ ਕਿ ਸੰਤ ਪੈਟਰਿਕ ਈਸਾਈ ਧਰਮ ਨੂੰ ਫੈਲਾਉਣ ਜਦੋਂ ਆਇਰਲੈਂਡ ਆਇਆ ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਪਹਿਲਾਂ ਉਹ ਸਾਡੇ ਮੁਲਕ ਵਿਚੋਂ ਸੱਪ ਬਾਹਰ ਕੱਢੇ ਤਾਂ ਹੀ ਉਹ ਈਸਾਈ ਧਰਮ ਅਪਣਾਉਣਗੇ। ਸੰਤ ਪੈਟਰਿਕ ਨੇ ਆਇਲੈਂਡ ਦੇ ਸਾਰੇ ਸੱਪਾਂ ਨੂੰ ਸਮੁੰਦਰ ਵੱਲ ਧੱਕ ਦਿੱਤਾ। ਇਸ ਕੰਮ ਲਈ ਉਸ ਨੂੰ ਚਾਲੀ ਦਿਨ ਲੱਗੇ। ਮੁੜ ਕੇ ਕਦੇ ਵੀ ਆਇਰਲੈਂਡ ਵਿਚ ਸੱਪ ਨਹੀਂ ਆਇਆ। ਮੇਰੇ ਹਿਸਾਬ ਨਾਲ ਇਹ ਨਿਰੀ ਮਿੱਥ ਹੈ। ਹੋਰ ਵੀ ਬਹੁਤ ਸਾਰੇ ਮੁਲਕ ਹਨ ਜਿੱਥੇ ਸੱਪ ਨਹੀਂ ਹੁੰਦੇ ਜਿਵੇਂ ਕਿ ਨਿਊਜ਼ੀਲੈਂਡ, ਆਈਸਲੈਂਡ, ਗਰੀਨਲੈਂਡ ਤੇ ਕੈਨੇਡਾ ਦੇ ਕੁਝ ਹਿੱਸੇ। ਅਸਲ ਵਿਚ ਸੱਪ ਦੀ ਚਮੜੀ ਬਹੁਤ ਨਰਮ ਹੁੰਦੀ ਹੈ ਤੇ ਬਹੁਤੀ ਵਾਰ ਇਸ ਤੋਂ ਸਰਦੀ ਨਹੀਂ ਸਹਾਰੀ ਜਾਂਦੀ। ਪਿੰਡ ਹੁੰਦਿਆਂ ਸਿਆਲਾਂ ਵਿਚ ਜਦੋਂ ਬਹੁਤਾ ਕੋਰਾ ਪੈਂਦਾ ਸੀ ਤਾਂ ਠੰਢ ਨਾਲ ਮਰੇ ਪਏ ਸੱਪ ਆਮ ਦਿਸ ਜਾਂਦੇ ਸਨ ਖ਼ਾਸ ਕਰਕੇ ਸੜਕਾਂ ’ਤੇ। ਸੱਚ ਤਾਂ ਇਹ ਹੈ ਕਿ ਆਇਰਲੈਂਡ ਵਿਚ ਕਦੇ ਸੱਪ ਸਨ ਹੀ ਨਹੀਂ।
ਇੰਗਲੈਂਡ ਵਿਚ ਵੀ ਸੱਪ ਨਹੀਂ ਸਨ। ਇਹ ਤਾਂ ਬਾਅਦ ਵਿਚ ਯੂਰੋਪ ਵੱਲੋਂ ਕੁਝ ਕਿਸਮਾਂ ਇੱਧਰ ਨੂੰ ਪਰਵਾਸ ਕਰ ਗਈਆਂ। ਮਾਹਿਰਾਂ ਅਨੁਸਾਰ ਦਸ ਹਜ਼ਾਰ ਸਾਲ ਪਹਿਲਾਂ ਬਰਫ਼-ਯੁੱਗ ਖ਼ਤਮ ਹੋਣ ਤੋਂ ਬਾਅਦ ਬਰਫ਼ ਦੇ ਗਲੇਸ਼ੀਅਰ ਪਿਘਲਣ ਲੱਗ ਪਏ। ਜਿਸ ਨਾਲ ਸਮੁੰਦਰ ਦਾ ਲੈਵਲ ਵਧਣ ਲੱਗਾ ਤੇ ਬਹੁਤ ਸਾਰੀ ਜ਼ਮੀਨ ਪਾਣੀ ਹੇਠ ਦੱਬੀ ਜਾਣ ਲੱਗੀ। ਬਰਫ਼-ਯੁੱਗ ਵਿਚ ਸਾਰੇ ਜਾਨਵਰ ਮਾਰੇ ਗਏ ਸਨ। ਬਰਫ਼-ਯੁੱਗ ਤੋਂ ਪਹਿਲਾਂ ਆਇਰਲੈਂਡ ਧਰਤੀ ਰਾਹੀਂ ਯੂਕੇ ਦੇ ਨਾਲ ਹੀ ਲੱਗਦਾ ਸੀ ਤੇ ਯੂਰੋਪ ਦੀ ਧਰਤੀ ਵੀ ਇੰਗਲੈਂਡ ਨਾਲ ਜੁੜਦੀ ਸੀ। ਬਰਫ਼-ਯੁੱਗ ਦੇ ਖ਼ਤਮ ਹੁੰਦਿਆਂ ਹੀ ਯੂਰੋਪ ਤੋਂ ਧਰਤੀ ’ਤੇ ਰਹਿਣ ਵਾਲੇ ਤਿੰਨ ਜਾਨਵਰ ਖਾਣੇ ਦੀ ਤਲਾਸ਼ ਕਰਦੇ ਵੱਡੀ ਗਿਣਤੀ ਵਿਚ ਇਸ ਪਾਸੇ ਨੂੰ ਪਰਵਾਸ ਕਰ ਗਏ, ਇਹ ਸਨ ਭੂਰੇ ਰਿੱਛ, ਤੇਂਦੂਏ ਤੇ ਜੰਗਲੀ ਸੂਰ। ਇਹ ਤਿੰਨੋਂ ਜਾਨਵਰ ਆਇਰਲੈਂਡ ਵੀ ਪੁੱਜ ਗਏ ਸਨ। ਸਾਢੇ-ਅੱਠ ਹਜ਼ਾਰ ਸਾਲ ਪਹਿਲਾਂ ਯੂਕੇ ਤੇ ਆਇਰਲੈਂਡ ਵਿਚਕਾਰਲੇ ਹਿੱਸੇ ਵਿਚ ਪਾਣੀ ਭਰਨ ਲੱਗਾ ਤੇ ਹੌਲੀ-ਹੌਲੀ ਸਮੁੰਦਰ ਬਣ ਗਿਆ। ਹੋਰ ਜਾਨਵਰ ਉਸ ਪਾਸੇ ਨਾ ਜਾ ਸਕੇ। ਪਰ ਯੂਰੋਪ ਤੋਂ ਇੰਗਲੈਂਡ ਵੱਲ ਦੋ ਹਜ਼ਾਰ ਸਾਲ ਹੋਰ ਜਾਨਵਰ ਆਉਂਦੇ ਰਹੇ ਜਿਨ੍ਹਾਂ ਵਿਚ ਰੀਂਗਣ ਵਾਲੇ ਜਾਨਵਰ ਵੀ ਸਨ ਜਿਵੇਂ ਕਿ ਸੱਪ ਆਦਿ। ਕੋਈ ਸਾਢੇ-ਛੇ ਹਜ਼ਾਰ ਸਾਲ ਪਹਿਲਾਂ ਯੂਰੋਪ ਤੇ ਇੰਗਲੈਂਡ ਵਿਚਕਾਰਲੀ ਜਗ੍ਹਾ ਵਿਚ ਵੀ ਪਾਣੀ ਦਾ ਲੈਵਲ ਵਧ ਗਿਆ ਤੇ ਇੱਥੇ ਵੀ ਸਮੁੰਦਰ ਬਣ ਗਿਆ। ਜਿੰਨੇ ਕੁ ਧਰਤੀ ’ਤੇ ਰਹਿਣ ਵਾਲੇ ਜਾਨਵਰ ਇਸ ਪਾਸੇ ਆ ਚੁੱਕੇ ਸਨ, ਆ ਗਏ, ਹੋਰ ਨਾ ਆ ਸਕੇ।
ਭਾਰਤ ਤੇ ਸ੍ਰੀਲੰਕਾ ਵਿਚਕਾਰ ਵੀ ਕਦੇ ਧਰਤੀ ਹੁੰਦੀ ਸੀ ਤੇ ਲੋਕ ਤੁਰ ਕੇ ਲੰਘਿਆ ਕਰਦੇ ਸਨ। ਇਵੇਂ ਸਮੁੰਦਰ ਦਾ ਲੈਵਲ ਬਦਲਦਾ ਰਹਿੰਦਾ ਹੈ। ਹਾਲੇ ਵੀ ਸਾਡੀ ਯਾਦ ਵਿਚ ਸੁਨਾਮੀ ਆਉਣ ਨਾਲ ਕਈ ਵਾਰ ਸਮੁੰਦਰ ਧਰਤੀ ਦੱਬਦਾ ਮਿਲਦਾ ਹੈ। ਸੋ ਯੂਰੋਪ ਤੋਂ ਇਸ ਪਾਸੇ ਪਰਵਾਸੀ ਹੋਈ ਸੱਪ ਦੀ ਪ੍ਰਮੁੱਖ ਕਿਸਮ ਨੂੰ ਐਡਰ (Adder) ਕਿਹਾ ਜਾਂਦਾ ਹੈ। ਐਡਰ ਤੋਂ ਬਿਨਾਂ ਤਿੰਨ ਕਿਸਮਾਂ ਸੱਪਾਂ ਦੀਆਂ ਹੋਰ ਹਨ ਜੋ ਯੂਕੇ ਵਿਚ ਮਿਲਦੀਆਂ ਹਨ, ਜਿਵੇਂ ਕਿ ਸਮੂਥ ਸਨੇਕ, ਗਰਾਸ ਸਨੇਕ, ਬਾਰਡ ਸਨੇਕ।
ਐਡਰ ਯੂਕੇ ਦਾ ਪਹਿਲਾ ਸੱਪ ਮੰਨਿਆ ਜਾਂਦਾ ਹੈ। ਸਕੌਟਲੈਂਡ ਵਿਚ ਸਿਰਫ਼ ਐਡਰ ਸੱਪ ਹੀ ਮਿਲਦਾ ਹੈ। ਇਹ ਸੱਪ ਸਮੇਂ ਨਾਲ ਠੰਢ ਸਹਿਣ ਦਾ ਆਦੀ ਹੋ ਚੁੱਕਾ ਹੈ, ਪਰ ਫਿਰ ਵੀ ਇਹ ਸਰਦੀਆਂ ਵਿਚ ਸ਼ਾਇਦ ਹੀ ਕਦੇ ਦਿਖਾਈ ਦੇਵੇ। ਇਹ ਜ਼ਹਿਰੀ ਸੱਪ ਹੈ। ਇਸ ਦੀ ਸਿਰੀ ਵਿਚ ਜ਼ਹਿਰ ਨੂੰ ਇਨਜੈਕਟ ਕਰਨ ਦਾ ਤੰਤਰ ਬਹੁਤ ਮਜ਼ਬੂਤ ਹੈ। ਕਿਹਾ ਜਾਂਦਾ ਹੈ ਕਿ ਡੰਗ ਮਾਰ ਕੇ ਇਹ ਉਲਟਾ ਨਾ ਵੀ ਹੋਵੇ ਤਾਂ ਇਸ ਦੀ ਜ਼ਹਿਰ ਅਸਰ ਕਰ ਜਾਂਦੀ ਹੈ। ਪਰ ਇਹ ਜ਼ਹਿਰ ਬਹੁਤੀ ਖ਼ਤਰਨਾਕ ਨਹੀਂ ਹੈ। ਇਸ ਦਾ ਇਲਾਜ ਸਹਿਜੇ ਹੀ ਹੋ ਜਾਂਦਾ ਹੈ। ਜੇ ਸਮੇਂ ਸਿਰ ਦਵਾਈ ਮਿਲ ਜਾਵੇ ਤਾਂ ਬੰਦਾ ਮਰਦਾ ਨਹੀਂ। ਬੱਚਿਆਂ ਲਈ ਇਹ ਜ਼ਹਿਰ ਖ਼ਤਰਨਾਕ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੀ ਪਾਚਨ-ਸ਼ਕਤੀ ਹਾਲੇ ਪੂਰੀ ਉੱਨਤ ਨਹੀਂ ਹੋਈ ਹੁੰਦੀ। ਵੱਡੇ ਲੋਕਾਂ ਨੂੰ ਇਹ ਸੱਪ ਕੱਟੇ ਤਾਂ ਉਸ ਥਾਂ ਸੋਜ਼ਿਸ਼ ਪੈ ਜਾਂਦੀ ਹੈ। ਇਹ ਸ਼ਰਮੀਲਾ ਜਿਹਾ ਸੱਪ ਹੈ, ਸਾਡੇ ਖੜੱਪੇ ਵਾਂਗ ਬੰਦੇ ਮਗਰ ਨਹੀਂ ਭੱਜਦਾ। ਵੈਸੇ ਤਾਂ ਹਰ ਸੱਪ ਜਦੋਂ ਖ਼ਤਰੇ ਵਿਚ ਘਿਰਿਆ ਸਮਝੇ ਤਦ ਹੀ ਡੰਗ ਮਾਰਦਾ ਹੈ, ਖੜੱਪਾ ਵੀ ਗਰਮੀਆਂ ਵਿਚ ਹੀ ਬੰਦੇ ਮਗਰ ਪੈਂਦਾ ਹੈ। ਨਰ ਐਡਰ-ਸੱਪ ਆਮ ਤੌਰ ’ਤੇ ਚਿੱਟਾ ਤੇ ਘਸਮੈਲੇ ਜਿਹੇ ਰੰਗ ਦਾ ਹੁੰਦਾ ਹੈ। ਸੱਪਣੀ ਭੂਰੇ ਰੰਗ ਵਿਚ ਹੁੰਦੀ ਹੈ। ਕਈ ਵਾਰ ਖਾਕੀ ਤੇ ਕਾਲੇ ਰੁਕ ਵਿਚ ਵੀ ਇਹ ਸੱਪ ਮਿਲ ਜਾਂਦੇ ਹਨ। ਇਹ ਬਹੁਤੇ ਲੰਮੇ ਨਹੀਂ ਹੁੰਦੇ। ਨਰ ਸੱਪ ਸੱਠ ਸੈਂਟੀਮੀਟਰ ਲੰਮਾ ਤੇ ਸੱਠ ਗ੍ਰਾਮ ਭਾਰਾ ਹੁੰਦਾ ਹੈ। ਸੱਪਣੀ ਪਝੱਤਰ ਸੈਂਟੀਮੀਟਰ ਲੰਮੀ ਤੇ ਸੌ ਗ੍ਰਾਮ ਭਾਰੀ ਹੋ ਸਕਦੀ ਹੈ। ਇਨ੍ਹਾਂ ਦੀ ਉਮਰ ਵੀਹ ਕੁ ਸਾਲ ਹੁੰਦੀ ਹੈ। ਇਹ ਡੱਡੂ, ਚੂਹੇ, ਕਿਰਲੀਆਂ ਆਦਿ ਖਾਂਦੇ ਹਨ। ਇਹ ਆਪਣੇ ਸ਼ਿਕਾਰ ਨੂੰ ਅਧਮੋਇਆ ਕਰਕੇ ਖਾਂਦਾ ਹੈ। ਇਨ੍ਹਾਂ ਦੀ ਕੁਲ ਆਬਾਦੀ ਬਾਰੇ ਕੋਈ ਅੰਦਾਜ਼ਾ ਨਹੀਂ ਹੈ।
ਦੂਜੀ ਕਿਸਮ ਜਿਹੜੀ ਯੂਕੇ ਵਿਚ ਸੱਪਾਂ ਦੀ ਮਿਲਦੀ ਹੈ ਉਹ ਹੈ ਗਰਾਸ ਸਨੇਕ। ਅਸੀਂ ਇਸ ਨੂੰ ਪਾਣੀ ਵਾਲਾ ਸੱਪ ਆਖਦੇ ਹਾਂ। ਇਹ ਜ਼ਹਿਰੀ ਨਹੀਂ ਹੁੰਦਾ। ਇਹ ਪਾਣੀ ਦੇ ਆਲੇ-ਦੁਆਲੇ ਜ਼ਿਆਦਾ ਮਿਲਦਾ ਹੈ। ਸਕੌਟਲੈਂਡ ਵਿਚ ਇਹ ਬਿਲਕੁਲ ਨਹੀਂ ਹੁੰਦਾ। ਵੇਲਜ਼ ਵਿਚ ਕਿਤੇ ਕਿਤੇ ਮਿਲ ਜਾਂਦਾ ਹੈ। ਇਹਦੀ ਸਿਰੀ ਹੇਠਲਾ ਹਿੱਸਾ ਪੀਲਾ ਜਾਂ ਭੂਰਾ ਹੁੰਦਾ ਹੈ। ਠੰਢੇ ਇਲਾਕੇ ਵਿਚ ਇਸ ਦਾ ਰੰਗ ਗੂੜ੍ਹਾ ਵੀ ਹੋ ਸਕਦਾ ਹੈ। ਇਸ ਦੀ ਲੰਬਾਈ ਸੌ ਸੈਂਟੀਮੀਟਰ ਤੇ ਭਾਰ ਦੋ ਸੌ ਚਾਲੀ ਗ੍ਰਾਮ ਤਕ ਹੋ ਜਾਂਦਾ ਹੈ।
ਤੀਜੀ ਕਿਸਮ ਹੈ, ਸਮੂਥ ਸਨੇਕ (Smooth Snake)। ਇਸ ਦੀ ਚਮੜੀ ਬਹੁਤ ਤਿਲਕਵੀਂ ਹੁੰਦੀ ਹੈ। ਇਹ ਵੀ ਯੂਕੇ ਦਾ ਮੁੱਢਲਾ ਸੱਪ ਹੀ ਹੈ। ਇਸ ਦਾ ਭੂਸਲਾ ਰੰਗ ਲਾਲ ਜਿਹਾ ਭਾਹ ਮਾਰਦਾ ਹੁੰਦਾ ਹੈ। ਇਸ ਦੇ ਸਰੀਰ ’ਤੇ ਵੀ ਐਡਰ ਵਰਗੇ ਹੀ ਪੈਟਰਨ ਬਣੇ ਹੁੰਦੇ ਹਨ। ਕਈ ਲੋਕ ਇਸ ਦਾ ਐਡਰ ਨਾਲ ਭੁਲੇਖਾ ਵੀ ਖਾ ਜਾਂਦੇ ਹਨ। ਇਹ ਸੱਠ ਤੋਂ ਪਝੱਤਰ ਸੈਂਟੀਮੀਟਰ ਲੰਮਾ ਹੁੰਦਾ ਹੈ ਤੇ ਭਾਰਾ ਇਕ ਸੌ ਪੰਜਾਹ ਗ੍ਰਾਮ। ਇਹ ਛੋਟੇ ਸੱਪਾਂ ਨੂੰ ਵੀ ਖਾ ਜਾਂਦਾ ਹੈ। ਇਹ ਆਪਣੇ ਸ਼ਿਕਾਰ ਨੂੰ ਜਿਉਂਦਿਆਂ ਖਾਂਦਾ ਹੈ। ਇਹ ਇੰਗਲੈਂਡ ਦੇ ਪੱਛਮ ਵੱਲ ਦੇ ਹਿੱਸੇ ਵਿਚ ਜ਼ਿਆਦਾ ਮਿਲਦਾ ਹੈ। ਪਰ ਇਸ ਕਿਸਮ ਦੀ ਗਿਣਤੀ ਸ਼ਾਇਦ ਬਹੁਤ ਘੱਟ ਹੈ।
ਚੌਥੀ ਕਿਸਮ ਹੈ, ਬਾਰਡ ਗਰਾਸ ਸਨੇਕ (Barred Grass Snake)। ਇਹ ਪਾਣੀ ਵਾਲੇ ਸੱਪ ਦੀ ਹੀ ਇਕ ਕਿਸਮ ਹੈ ਜਿਸ ਨੂੰ ਪੰਜ ਕੁ ਸਾਲ ਪਹਿਲਾਂ ਪਛਾਣਿਆ ਗਿਆ ਸੀ। ਇਸ ਦਾ ਪਾਣੀ ਵਾਲੇ ਸੱਪ ਨਾਲੋਂ ਫ਼ਰਕ ਇਹ ਹੈ ਕਿ ਇਸ ਦੀ ਗਰਦਨ ਪੀਲੀ ਨਹੀਂ ਹੁੰਦੀ। ਪਾਣੀ ਵਾਲਾ ਸੱਪ ਹਰੇ-ਭੂਰੇ ਰੰਗ ਦਾ ਹੁੰਦਾ ਹੈ ਤੇ ਇਹ ਭੂਸਲੇ ਰੰਗ ਦਾ। ਇਸ ਦੇ ਸਰੀਰ ’ਤੇ ਕਾਲੇ ਰੰਗ ਦੇ ਪੈਟਰਨ ਬਣੇ ਹੁੰਦੇ ਹਨ, ਪਾਣੀ ਵਾਲੇ ਸੱਪ ਵਰਗੇ। ਇਸ ਦੀ ਲੰਬਾਈ ਇਕ ਸੌ ਸੈਂਟੀਮੀਟਰ ਤੇ ਭਾਰ ਦੋ ਸੌ ਗ੍ਰਾਮ ਹੁੰਦਾ ਹੈ। ਇਹ ਪੂਰੇ ਇੰਗਲੈਂਡ ਵਿਚ ਮਿਲਦਾ ਹੈ।
ਵੈਸੇ ਸੱਪ ਇਕ ਡਰਾਉਣਾ ਜੀਵ ਹੈ। ਕਿਹਾ ਜਾਂਦਾ ਹੈ ਕਿ ਬਹੁਤ ਵਾਰੀ ਲੋਕ ਸੱਪ ਦੇ ਕੱਟਣ ਨਾਲ ਨਹੀਂ ਮਰਦੇ, ਇਸ ਦੇ ਦਹਿਲ ਨਾਲ ਹੀ ਮਰ ਜਾਂਦੇ ਹਨ। ਸੱਪ ਦਾ ਡਰ ਜਿਸ ਨੂੰ ਓਫੀਡੀਓਫੋਬੀਆ (Ophidiophobia) ਕਹਿੰਦੇ ਹਨ, ਬਹੁਤ ਆਮ ਹੈ। ਸੱਪ ਕੀੜੇ-ਮਕੌੜੇ ਖਾਂਦੇ ਹੋਣ ਕਰਕੇ ਈਕੋਸਿਸਟਮ ਨੂੰ ਸੰਤੁਲਿਤ ਰੱਖਣ ਦੇ ਕੰਮ ਆਉਂਦੇ ਹਨ। ਐਡਰ ਦੇ ਲੜਨ ਨਾਲ 1950 ਤੋਂ ਲੈ ਕੇ 1972 ਤਕ ਸਿਰਫ਼ ਤਿੰਨ ਬੰਦੇ ਮਰੇ ਸਨ। 1975 ਵਿਚ ਸਕੌਟਲੈਂਡ ਵਿਚ ਐਡਰ ਨੇ ਇਕ ਬੱਚੇ ਨੂੰ ਕੱਟ ਲਿਆ ਸੀ। ਇਸ ਸਮੇਂ ਦੌਰਾਨ ਸ਼ਹਿਦ ਦੀਆਂ ਮੱਖੀਆਂ, ਸਪਾਈਡਰਾਂ ਆਦਿ ਨਾਲ ਲੜਨ ਨਾਲ 61 ਲੋਕ ਮਰੇ ਸਨ।
ਸੋ ਦੋਸਤੋ, ਜੇ ਤੁਹਾਨੂੰ ਕਦੇ ਇੰਗਲੈਂਡ ਵਿਚ ਕਿਤੇ ਸੱਪ ਦਿਸ ਜਾਵੇ ਤਾਂ ਇਸ ਨੂੰ ਕਦੇ ਨਹੀਂ ਮਾਰਨਾ ਤੇ ਨਾ ਹੀ ਕਦੇ ਫੜਨ ਦੀ ਕੋਸ਼ਿਸ਼ ਕਰਨੀ ਹੈ। ਕਿਉਂਕਿ ਯੂਕੇ ਵਿਚ ਸੱਪ ਮਾਰਨਾ, ਇਸ ਨੂੰ ਜ਼ਖ਼ਮੀ ਕਰਨਾ ਜਾਂ ਫੜਨਾ ਗ਼ੈਰ-ਕਾਨੂੰਨੀ ਹੈ, ਇੰਜ ਕਰਨ ’ਤੇ ਸਜ਼ਾ, ਜੇਲ੍ਹ ਵੀ ਤੇ ਜੁਰਮਾਨਾ ਵੀ ਹੋ ਸਕਦਾ ਹੈ, ਸੋ ਧਿਆਨ ਰੱਖਣਾ।
ਈ-ਮੇਲ : harjeetatwal@hotmail.co.uk