ਸ਼ਮੀਲ
ਵੌਰਨ ਬੱਫੇਟ ਦੁਨੀਆਂ ਦੇ ਸਭ ਤੋਂ ਅਮੀਰ ਬੰਦਿਆਂ ਵਿਚੋਂ ਹੈ। ਅਮੀਰੀ ਦੇ ਨਾਲ-ਨਾਲ ਉਸ ਦਾ ਵਿਜ਼ਨਰੀ ਬਿਜ਼ਨਸਮੈਨ ਹੋਣਾ ਉਸ ਨੂੰ ਹੋਰ ਬਹੁਤ ਸਾਰਿਆਂ ਨਾਲੋਂ ਵੱਖਰਾ ਬਣਾਉਂਦਾ ਹੈ। ਅਰਥਵਿਵਸਥਾ ਦੇ ਸੰਕਟ ਨੂੰ ਸਮਝਣ ਲਈ ਉਸ ਦੀ ਇਕ ਬੜੀ ਮਸ਼ਹੂਰ ਲਾਈਨ-ਕਾਢੂ, ਨਕਲ ਕਰਨ ਵਾਲੇ ਅਤੇ ਬੇਵਕੂਫ (Innovators, Imitators, and Idiots) ਹੈ। ਉਹ ਕਹਿੰਦਾ ਹੈ ਕਿ ਕਿਸੇ ਵੀ ਆਰਥਿਕ ਖੇਤਰ ਵਿਚ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਹਨ। ਕੋਈ ਵੀ ਖੇਤਰ ਉਨ੍ਹਾਂ ਲੋਕਾਂ ਨਾਲ ਸ਼ੁਰੂ ਹੁੰਦਾ ਹੈ, ਜਿਹੜੇ ਕੁਝ ਨਵਾਂ ਸੋਚਣ ਵਾਲੇ ਅਤੇ ਨਵਾਂ ਸ਼ੁਰੂ ਕਰਨ ਵਾਲੇ ਹੁੰਦੇ ਹਨ। ਅਜਿਹੇ ਲੋਕ ਕੁਝ ਨਵਾਂ ਸ਼ੁਰੂ ਕਰਦੇ ਹਨ। ਨਵੀਆਂ ਪਿਰਤਾਂ ਪਾਉਂਦੇ ਹਨ। ਜੈਫ ਬੈਜੋਜ਼, ਮਾਰਕ ਜ਼ਕਰਬਰਗ, ਬਿਲ ਗੇਟਸ, ਸਟੀਵ ਜੌਬਜ਼ ਅਜਿਹੇ ਵਿਜ਼ਨਰੀ ਲੋਕ ਹਨ, ਜਿਨ੍ਹਾਂ ਨੇ ਕੋਈ ਨਵਾਂ ਸੈਕਟਰ ਸ਼ੁਰੂ ਕੀਤਾ। ਅਰਥ ਵਿਵਸਥਾ ਦੇ ਹੇਠਲੇ ਪੱਧਰ ਤਕ ਵੀ ਅਜਿਹੇ ਨਵਾਂ ਸੋਚਣ ਵਾਲੇ ਲੋਕ ਹੋ ਸਕਦੇ ਹਨ। ਮਿਸਾਲ ਦੇ ਤੌਰ ’ਤੇ ਕਿਸੇ ਥਾਂ ਕੋਈ ਅਜਿਹੀ ਚੀਜ਼ ਦੀ ਰੇਹੜੀ ਲਾ ਸਕਦਾ ਹੈ, ਜਿਸ ਦੀ ਲੋੜ ਹੋਵੇ ਅਤੇ ਹੋਰ ਕਿਸੇ ਨੇ ਲਾਈ ਨਾ ਹੋਵੇ। ਦੂਜੇ ਨੰਬਰ ’ਤੇ ਉਹ ਲੋਕ ਆਉਂਦੇ ਹਨ, ਜਿਹੜੇ ਖ਼ੁਦ ਤਾਂ ਕੋਈ ਬਹੁਤ ਨਵਾਂ ਨਹੀਂ ਸੋਚ ਸਕਦੇ, ਪਰ ਪਹਿਲਾਂ ਚੱਲ ਰਹੇ ਦੂਜੇ ਲੋਕਾਂ ਦੀ ਨਕਲ ਮਾਰਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਲੋਕ ਵੀ ਕੁਝ ਹੱਦ ਤਕ ਕਾਮਯਾਬ ਹੋ ਜਾਂਦੇ ਹਨ। ਮਿਸਾਲ ਦੇ ਤੌਰ ’ਤੇ ਐਮੇਜ਼ੌਨ ਨੂੰ ਦੇਖ ਕੇ ਭਾਰਤ ਵਿਚ ਕੁਝ ਨੌਜਵਾਨਾਂ ਨੇ ਈ-ਕਾਮਰਸ ਦੀ ਕੰਪਨੀ ਫਲਿਪਕਾਰਟ ਸ਼ੁਰੂ ਕੀਤੀ ਅਤੇ ਬਹੁਤ ਕਾਮਯਾਬ ਹੋ ਗਏ। ਬਿਲਕੁਲ ਹੇਠਲੇ ਪੱਧਰ ’ਤੇ ਵੀ ਕੁਝ ਲੋਕ ਇਸ ਤਰ੍ਹਾਂ ਕਿਸੇ ਨਵੇਂ ਰੁਝਾਨ ਦੀ ਥੋੜ੍ਹੀ ਨਕਲ ਮਾਰ ਕੇ ਕੁਝ ਸ਼ੁਰੂ ਕਰਦੇ ਹਨ ਅਤੇ ਕਾਮਯਾਬ ਹੁੰਦੇ ਹਨ। ਇਨ੍ਹਾਂ ਤੋਂ ਬਾਅਦ ਕੋਈ ਬਿਜ਼ਨਸ ਜਾਂ ਕੰਮ ਕਰਨ ਵਾਲੇ ਲੋਕਾਂ ਦੀ ਤੀਸਰੀ ਕਿਸਮ ਆਉਂਦੀ ਹੈ, ਜਿਨ੍ਹਾਂ ਨੂੰ ਵੌਰਨ ਬੱਫੇਟ ਬੇਵਕੂਫ ਕਹਿੰਦਾ ਹੈ। ਇਹ ਅਜਿਹੇ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਨਕਲ ਮਾਰਨ ਦੀ ਵੀ ਜਾਚ ਨਹੀਂ ਹੁੰਦੀ ਅਤੇ ਇਹ ਜੋ ਚੱਲ ਰਿਹਾ ਹੈ, ਦੇਖਾ-ਦੇਖੀ ਉਹੀ ਕੁਝ ਕਰਨ ਲੱਗ ਜਾਂਦੇ ਹਨ। ਇਹੀ ਲੋਕ ਹਨ, ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਇਹ ਕਿਸੇ ਸੈਕਟਰ ਦਾ ਭੱਠਾ ਬਿਠਾਉਂਦੇ ਹਨ। ਮਿਸਾਲ ਦੇ ਤੌਰ ’ਤੇ ਜੇ ਕਿਸੇ ਥਾਂ ਕਿਸੇ ਚੀਜ਼ ਦੀਆਂ ਪੰਜ ਰੇਹੜੀਆਂ ਦੀ ਗੁੰਜਾਇਸ਼ ਹੈ, ਜੇ ਉੱਥੇ ਨਕਲ ਮਾਰਨ ਵਾਲਿਆਂ ਦੀਆਂ ਪੰਦਰਾਂ ਹੋ ਜਾਣ ਤਾਂ ਸਾਰਿਆਂ ਦਾ ਹੀ ਭੱਠਾ ਬੈਠਦਾ ਹੈ।
ਮੈਨੂੰ ਦੂਜੇ ਮੁਲਕਾਂ ਦਾ ਤਾਂ ਨਹੀਂ ਪਤਾ, ਪਰ ਕੈਨੇਡਾ ਵਿਚ ਬਹੁਤ ਸਾਰੇ ਸੈਕਟਰਾਂ ਵਿਚ ਸਾਡੇ ਵੱਡੀ ਗਿਣਤੀ ਵਿਚ ਪੰਜਾਬੀ ਲੋਕ ਇਸੇ ਤੀਸਰੀ ਕਿਸਮ ਵਾਲੇ ਲੋਕਾਂ ਦੀ ਤਰ੍ਹਾਂ ਬਿਜ਼ਨਸ ਜਾਂ ਕੰਮ ਕਰਦੇ ਹਨ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਜਿਸ ਸੈਕਟਰ ਵਿਚ ਸਾਡੇ ਇਸ ਤਰ੍ਹਾਂ ਦੇ ਲੋਕ ਵੜ ਗਏ, ਸਮਝੋ ਉਸ ਵਿਚ ਕੰਮ ਕਰਨ ਦਾ ਹੁਣ ਕੋਈ ਫਾਇਦਾ ਨਹੀਂ।
ਸਾਡੇ ਲੋਕਾਂ ਦੇ ਟੈਕਸੀ ਅਤੇ ਟਰੱਕਿੰਗ ਵਿਚ ਆਉਣ ਤੋਂ ਪਹਿਲਾਂ ਡਰਾਈਵਰਾਂ ਦੀਆਂ ਤਨਖਾਹਾਂ ਅਤੇ ਕੰਮ ਦੇ ਹਾਲਾਤ ਬਹੁਤ ਅੱਛੇ ਸਨ। ਜਦੋਂ ਸ਼ੁਰੂ ਵਿਚ ਸਾਡੇ ਕੁਝ ਲੋਕ ਇਨ੍ਹਾਂ ਕੰਮਾਂ ਵਿਚ ਕਾਮਯਾਬ ਹੋ ਗਏ ਤਾਂ ਸਾਰੇ ਹੀ ਇਨ੍ਹਾਂ ਕੰਮਾਂ ਵੱਲ ਪੈ ਨਿਕਲੇ। ਸਾਡੇ ਲੋਕਾਂ ਨੇ ਪਹਿਲਾਂ ਕੰਮ ਕਰ ਰਹੇ ਲੋਕਾਂ ਨਾਲੋਂ ਘੱਟ ਰੇਟ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵੱਧ ਘੰਟੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਜਿਹੀ ਹਾਲਤ ਬਣਾ ਦਿੱਤੀ ਕਿ ਜਿਨ੍ਹਾਂ ਭਾਈਚਾਰਿਆਂ ਦੇ ਲੋਕ ਪਹਿਲਾਂ ਇਨ੍ਹਾਂ ਸੈਕਟਰਾਂ ਵਿਚ ਕੰਮ ਕਰਦੇ ਸਨ, ਉਹ ਸਾਰੇ ਹੌਲੀ ਹੌਲੀ ਇਨ੍ਹਾਂ ਵਿਚੋਂ ਖਿਸਕਦੇ ਗਏ। ਇਨ੍ਹਾਂ ਸ਼ਹਿਰਾਂ ਵਿਚ ਜਦੋਂ ਭਾਈਚਾਰਾ ਵੱਡਾ ਹੋ ਗਿਆ ਤਾਂ ਸਾਡੇ ਹੀ ਲੋਕ ਰੀਅਲ ਅਸਟੇਟ ਏਜੰਟ ਦਾ ਕੰਮ ਕਰਨ ਲੱਗੇ। ਇਸ ਕੰਮ ਵਿਚ ਬਿਨਾਂ ਸ਼ੱਕ ਅੱਛਾ ਪੈਸਾ ਹੈ। ਕੁਝ ਹੀ ਸਾਲਾਂ ਵਿਚ ਹਾਲਤ ਇਹ ਬਣ ਗਈ ਕਿ ਸਾਨੂੰ ਲੱਗਦਾ ਹੈ ਕਿ ਜਿਵੇਂ ਹਰ ਕੋਈ ਰੀਅਲ ਅਸਟੇਟ ਹੀ ਕਰ ਰਿਹਾ ਹੈ। ਇਸ ਦੌੜ ਕਾਰਨ ਇਸ ਸੈਕਟਰ ਦਾ ਕੀ ਹਾਲ ਬਣ ਚੁੱਕਾ ਹੈ, ਉਸ ਦਾ ਇੱਥੇ ਜ਼ਿਕਰ ਨਾ ਹੀ ਕਰੀਏ ਤਾਂ ਚੰਗਾ ਹੈ। ਇੰਸ਼ੋਰੈਂਸ ਅਤੇ ਮਾਰਗੇਜ ਵਰਗੇ ਕੰਮਾਂ ਦੀ ਹਾਲਤ ਵੀ ਇਸੇ ਤਰ੍ਹਾਂ ਹੈ। ਸਭ ਤੋਂ ਬੁਰੀ ਹਾਲਤ ਮੀਡੀਆ ਦੀ ਹੋਈ। ਦੋ-ਤਿੰਨ ਦਹਾਕੇ ਪਹਿਲਾਂ ਸਾਡੇ ਲੋਕਾਂ ਨੇ ਇੱਥੇ ਅਖ਼ਬਾਰ ਜਾਂ ਰੇਡੀਓ ਪ੍ਰੋਗਰਾਮ ਸ਼ੁਰੂ ਕੀਤੇ। ਕੁਦਰਤੀ ਹੈ ਕਿ ਉਸ ਵੇਲੇ ਇਨ੍ਹਾਂ ਦੀ ਮਾਰਕੀਟ ਖਾਲੀ ਸੀ, ਪਰ ਹੌਲੀ ਹੌਲੀ ਇਨ੍ਹਾਂ ਵਿਚ ਐਨੀ ਭੀੜ ਹੋ ਗਈ ਕਿ ਇਸ ਕੰਮ ਦਾ ਕੋਈ ਵੱਕਾਰ ਹੀ ਨਹੀਂ ਰਿਹਾ। ਫਿਰ ਕਿਸੇ ਨੇ ਆਈਪੀ ਟੀਵੀ ਸ਼ੁਰੂ ਕੀਤਾ ਤਾਂ ਕਿੰਨੇ ਹੀ ਆਈਪੀ ਟੀਵੀ ਚਲਾਉਣ ਦੇ ਰਾਹ ਤੁਰ ਪਏ। ਜਿਸ ਮਾਰਕੀਟ ਵਿਚ 10 ਰੇਡੀਓ ਪ੍ਰੋਗਰਾਮਾਂ ਲਈ ਗੁੰਜਾਇਸ਼ ਹੋਵੇ, ਜੇ ਉਸ ਵਿਚ ਸੌ ਹੋ ਜਾਣ ਤਾਂ ਕੀ ਹੋਵੇਗਾ, ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਿਸ ਮਾਰਕੀਟ ਵਿਚ 2 ਜਾਂ 3 ਅਖ਼ਬਾਰਾਂ ਲਈ ਥਾਂ ਹੋਵੇ, ਜੇ ਉੱਥੇ 10 ਹੋ ਜਾਣ ਅਤੇ ਜਿੱਥੇ 2 ਜਾਂ 3 ਟੀਵੀ ਚੈਨਲਾਂ ਜੋਗੀ ਮਾਰਕੀਟ ਹੋਵੇ, ਜੇ ਉੱਥੇ 25 ਹੋ ਜਾਣ ਤਾਂ ਮਾਰਕੀਟ ਦਾ ਕੀ ਬਣਦਾ ਹੈ, ਉਸ ਬਾਰੇ ਕਹਿਣ ਦੀ ਲੋੜ ਨਹੀਂ। ਸਾਡੇ ਜਿਨ੍ਹਾਂ ਲੋਕਾਂ ਨੇ ਦੋ ਤਿੰਨ ਦਹਾਕੇ ਪਹਿਲਾਂ ਕੋਈ ਮੀਡੀਆ ਇੱਥੇ ਸ਼ੁਰੂ ਕੀਤਾ, ਉਨ੍ਹਾਂ ਮੈਨੂੰ ਦੱਸਿਆ ਕਿ ਇਸ਼ਤਿਹਾਰਾਂ ਦੇ ਜੋ ਰੇਟ ਅਸੀਂ ਵੀਹ ਸਾਲ ਪਹਿਲਾਂ ਲੈਂਦੇ ਸਾਂ, ਉਸ ਤੋਂ ਹੁਣ ਕਈ ਵਾਰ ਘੱਟ ਰੇਟ ਦੇਣੇ ਪੈਂਦੇ ਹਨ ਕਿਉਂਕਿ ਜੋ ਨਵੇਂ ਲੋਕ ਉਸ ਤੋਂ ਬਾਅਦ ਲਗਾਤਾਰ ਮੀਡੀਆ ਮਾਰਕੀਟ ਵਿਚ ਆਉਂਦੇ ਰਹੇ, ਉਹ ਕੋਈ ਵੀ ਰੇਟ ਦੇਣ ਲਈ ਤਿਆਰ ਸਨ। ਇਸ ਨਾਲ ਮੀਡੀਆ ਦੀ ਆਰਥਿਕਤਾ ਲਗਾਤਾਰ ਖ਼ਰਾਬ ਹੁੰਦੀ ਗਈ।
ਸਾਡੇ ਬਹੁਤ ਸਾਰੇ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਨਹੀਂ ਦੇਖਦੇ ਕਿ ਮੇਰਾ ਇਸ ਕੰਮ ਦਾ ਕੀ ਤਜ਼ਰਬਾ ਹੈ ਅਤੇ ਦੂਜਾ ਜਿਸ ਮਾਰਕੀਟ ਵਿਚ ਮੈਂ ਜਾ ਰਿਹਾ ਹਾਂ, ਉਸ ਵਿਚ ਨਵੇਂ ਬਿਜ਼ਨਸ ਲਈ ਕਿੰਨੀ ਕੁ ਗੁੰਜਾਇਸ਼ ਹੈ। ਸਾਡੇ ਜ਼ਿਆਦਾਤਰ ਲੋਕ ਸਿਰਫ਼ ਇਹ ਦੇਖਦੇ ਹਨ ਕਿ ਫਲਾਣੇ ਨੇ ਇਸ ਕੰਮ ਵਿਚ ਚੰਗਾ ਪੈਸਾ ਬਣਾ ਲਿਆ ਹੈ, ਇਸ ਕਰਕੇ ਮੈਂ ਵੀ ਇਹੀ ਕਰਾਂਗਾ। ਇਸ ਤਰ੍ਹਾਂ ਦੇਖਾ-ਦੇਖੀ ਲੋਕ ਬਿਜ਼ਨਸ ਦੇ ਕਿਸੇ ਵੀ ਸੈਕਟਰ ਵਿਚ ਦਾਖਲ ਹੁੰਦੇ ਹਨ ਅਤੇ ਉਸ ਤੋਂ ਬਾਅਦ ਕਾਮਯਾਬ ਹੋਣ ਲਈ ਕੋਈ ਵੀ ਤਰੀਕਾ ਅਪਣਾਉਂਦੇ ਹਨ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਜਿਨ੍ਹਾਂ ਵੀ ਥਾਵਾਂ ’ਤੇ ਸਾਡੀ ਇਕੱਠੀ ਆਬਾਦੀ ਹੈ, ਉਨ੍ਹਾਂ ਥਾਵਾਂ ’ਤੇ ਕਈ ਬਿਜ਼ਨਸ ਇਸ ਹੱਦ ਤਕ ਖ਼ਰਾਬ ਹੋ ਚੁੱਕੇ ਹਨ ਕਿ ਉਨ੍ਹਾਂ ਵਿਚ ਕੋਈ ਸਹੀ ਜਾਂ ਇਮਾਨਦਾਰੀ ਵਾਲੀ ਸੋਚ ਲੈ ਕੇ ਚੱਲਣ ਵਾਲਾ ਜਾਣ ਤੋਂ ਡਰਦਾ ਹੈ।
ਇਨ੍ਹਾਂ ਥਾਵਾਂ ’ਤੇ ਅੱਜ ਸਾਡੀ ਹੀ ਕਮਿਊਨਿਟੀ ਦਾ ਕੋਈ ਨਵੀਂ ਸੋਚ ਵਾਲਾ ਅਤੇ ਵਿਜ਼ਨ ਵਾਲਾ ਬਿਜ਼ਨਸਮੈਨ ਇਹ ਸੋਚਦਾ ਹੈ ਕਿ ਕੋਈ ਅਜਿਹਾ ਕੰਮ ਕਰੀਏ ਜਿਹੜਾ ਹਰ ਪੰਜਾਬੀ ਨਾ ਕਰ ਸਕੇ। ਇਕ ਭਾਈਚਾਰੇ ਦੇ ਤੌਰ ’ਤੇ ਇਸ ਨਾਲ ਸਾਡੀ ਕੋਈ ਚੰਗੀ ਸ਼ੋਭਾ ਨਹੀਂ ਬਣ ਰਹੀ।
ਈ-ਮੇਲ: Jay.shameel@gmail.com