ਨਿਰਮਲ ਸਿੰਘ ਕੰਧਾਲਵੀ
ਉਡੀਕ ਕਰਦਿਆਂ ਕਰਦਿਆਂ ਅਖੀਰ ਪੰਜਾਬ ਰੋਡਵੇਜ਼ ਦੀ ਖਟਾਰਾ ਜਿਹੀ ਬੱਸ ਆ ਹੀ ਗਈ। ਬੋਨਟ ’ਤੇ ਬੈਠੇ ਕੰਡਕਟਰ ਕੋਲੋਂ ਟਿਕਟ ਲੈ ਕੇ ਮੈਂ ਸੀਟ ਦੀ ਤਲਾਸ਼ ਕਰਨ ਲੱਗਿਆ। ਥੋੜ੍ਹਾ ਜਿਹਾ ਅਗਾਂਹ ਹੋਇਆ ਤਾਂ ਇੱਕ ਸੀਟ ਖਾਲੀ ਮਿਲ ਗਈ। ਖਿੜਕੀ ਵੱਲ ਦੇ ਪਾਸੇ ਯੂ.ਪੀ. ਜਾਂ ਬਿਹਾਰ ਦਾ ਇੱਕ ਨੌਜੁਆਨ ਬੈਠਾ ਸੀ ਜਿਨ੍ਹਾਂ ਨੂੰ ਆਮ ਤੌਰ ’ਤੇ ਪੰਜਾਬ ਵਿੱਚ ‘ਭਈਏ’ ਕਹਿ ਕੇ ਬੁਲਾਇਆ ਜਾਂਦਾ ਹੈ। ਉਸ ਨੇ ਅੱਖਾਂ ਬੰਦ ਕਰ ਕੇ ਆਪਣਾ ਸਿਰ ਖਿੜਕੀ ਦੇ ਸ਼ੀਸ਼ੇ ਨਾਲ ਟਿਕਾਇਆ ਹੋਇਆ ਸੀ। ਕੁੱਕੜ ਵਾਂਗ ਅੱਧੀਆਂ ਕੁ ਅੱਖਾਂ ਖੋਲ੍ਹ ਕੇ ਉਸ ਨੇ ਦੇਖ ਲਿਆ ਸੀ ਕਿ ਇੱਕ ਹੋਰ ਸਵਾਰੀ ਬੈਠਣ ਲਈ ਆ ਗਈ ਸੀ। ਉਹ ਥੋੜ੍ਹਾ ਜਿਹਾ ਖਿੜਕੀ ਵੱਲ ਨੂੰ ਹੋਰ ਸਰਕ ਗਿਆ।
ਨੌਜੁਆਨ ਕੋਈ ਬਾਈ ਤੇਈ ਸਾਲ ਦਾ ਗੱਭਰੂ ਸੀ। ਉਸ ਨੇ ਨਵੇਂ ਕੱਪੜੇ ਪਾਏ ਹੋਏ ਸਨ ਭਾਵੇਂ ਕਿ ਸਸਤੇ ਜਿਹੇ ਹੀ ਸਨ। ਬੋਦੇ ਨੂੰ ਵਾਹਵਾ ਤੇਲ ਚੋਪੜਿਆ ਹੋਇਆ ਸੀ ਅਤੇ ਸਸਤੇ ਜਿਹੇ ਇਤਰ ਦੀ ਖ਼ੁਸ਼ਬੂ ਵੀ ਉਸ ਪਾਸੋਂ ਕਾਫ਼ੀ ਆ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਕਿ ਉਹ ਕਿਧਰੇ ਵਾਂਢੇ ਜਾ ਰਿਹਾ ਸੀ।
ਮੈਂ ਬੱਸ ਅੱਡੇ ’ਚੋਂ ਖ਼ਰੀਦੀ ਹੋਈ ਅਖ਼ਬਾਰ ਪੜ੍ਹਨ ਵਿੱਚ ਮਗਨ ਹੋ ਗਿਆ। ਅਖ਼ਬਾਰ ਵਿੱਚ ਇੱਕ ਲੇਖ ਪੰਜਾਬ ਵਿੱਚ ਵਧ ਰਹੀ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਬਾਰੇ ਸੀ ਜਿਸ ਵਿੱਚ ਲੇਖਕ ਨੇ ਇਸ ਮਸਲੇ ਦੀ ਚੀਰ-ਫਾੜ ਕਰ ਕੇ ਪੰਜਾਬ ਨੂੰ ਦਰਪੇਸ਼ ‘ਖ਼ਤਰਿਆਂ’ ਦਾ ਜ਼ਿਕਰ ਕੀਤਾ ਹੋਇਆ ਸੀ। ਮੈਂ ਜਿਉਂ ਜਿਉਂ ਲੇਖ ਨੂੰ ਪੜ੍ਹਦਾ ਗਿਆ, ਤਿਉਂ ਤਿਉਂ ਮੇਰੇ ਖ਼ੁਦ ਇੰਗਲੈਂਡ ਵਿੱਚ ਇੱਕ ਪਰਵਾਸੀ ਹੋਣ ਦੇ ਸੰਤਾਪ ਦੀ ਕਹਾਣੀ ਫਿਲਮ ਦੀ ਤਰ੍ਹਾਂ ਮੇਰੇ ਦਿਮਾਗ਼ ਵਿੱਚ ਘੁੰਮਦੀ ਗਈ ਕਿ ਕਿਵੇਂ ਨਸਲਵਾਦੀ ਗੋਰੇ ਸਾਊਥ ਏਸ਼ੀਆਈ ਪਰਵਾਸੀਆਂ ਨੂੰ ‘ਪਾਕੀ’ ‘ਪਾਕੀ’ ਕਹਿ ਕੇ ਚਿੜ੍ਹਾਉਂਦੇ ਰਹਿੰਦੇ ਹਨ ਤੇ ਕਈ ਵਾਰ ਜਿਸਮਾਨੀ ਹਮਲੇ ਵੀ ਕਰਦੇ ਹਨ ਜਿਨ੍ਹਾਂ ਵਿੱਚ ਜਾਨਾਂ ਵੀ ਚਲੇ ਜਾਂਦੀਆਂ ਹਨ। ਇਹ ਨਸਲਵਾਦੀ ਗੋਰੇ ਇਹ ਵੀ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਇਨ੍ਹਾਂ ‘ਕਾਲੇ’ ਲੋਕਾਂ ਨੇ ਉਨ੍ਹਾਂ ਦੀਆਂ ਨੌਕਰੀਆਂ ਤੇ ਘਰ-ਬਾਰ ਖੋਹ ਲਏ ਹਨ।
ਮੈਂ ਸੋਚ ਰਿਹਾ ਸਾਂ ਕਿ ਸਿਧਾਂਤ ਕਿਵੇਂ ਦੇਸ਼, ਕਾਲ ਅਤੇ ਸੀਮਾ ਤੋਂ ਆਜ਼ਾਦ ਹੁੰਦੇ ਹਨ। ਬੱਸ ਦੀ ਰਫ਼ਤਾਰ ਹੌਲੀ ਹੋ ਗਈ ਸੀ ਸ਼ਾਇਦ ਕੋਈ ਅੱਡਾ ਨੇੜੇ ਆ ਰਿਹਾ ਸੀ। ਨੌਜਵਾਨ ਥੋੜ੍ਹਾ ਸਾਵਧਾਨ ਹੋਇਆ, ਤੇ ਪੈਰਾਂ ਵਿੱਚ ਪਏ ਬੈਗ ਨੂੰ ਚੁੱਕ ਕੇ ਜਦੋਂ ਉਹ ਸੀਟ ਤੋਂ ਉੱਠਣ ਲੱਗਾ ਤਾਂ ਝਰੜ ਕਰ ਕੇ ਉਸ ਦੀ ਕਮੀਜ਼ ਦੀ ਖੱਬੀ ਬਾਂਹ ਦਾ ਲੰਗਾਰ ਲਹਿ ਗਿਆ। ਉਸ ਦੀ ਕਮੀਜ਼ ਕਿਸੇ ਮੇਖ ਆਦਿਕ ਵਿੱਚ ਸ਼ਾਇਦ ਅੜ ਗਈ ਸੀ। ਨੌਜਵਾਨ ਦਾ ਮੂੰਹ ਇੰਜ ਉਤਰ ਗਿਆ ਜਿਵੇਂ ਉਸ ਦੀ ਜੇਬ ਕੱਟੀ ਗਈ ਹੋਵੇ।
“ਕੰਡਕਟਰ ਸਾਬ ਦੇਖ ਤੇਰੀ ਬੱਸ ਕੀ ਖਿੜਕੀ ਨੇ ਮੇਰੀ ਕਮੀਜ਼ ਫਾੜ ਦੀ।” ਇੰਨਾ ਕਹਿ ਕੇ ਉਸ ਨੇ ਆਪਣੀ ਫਟੀ ਹੋਈ ਕਮੀਜ਼ ਕੰਡਕਟਰ ਨੂੰ ਦਿਖਾਈ।
“…ਮੁਕਲਾਵਾ ਤਾਂ ਨਹੀਂ ਲੈਣ ਚੱਲਿਆ, ਉਤਰ ਥੱਲੇ, ਛੇਤੀ ਕਰ, ਅਸੀਂ ਪਹਿਲਾਂ ਹੀ ਲੇਟ ਆਂ।” ਕੰਡਕਟਰ ਨੇ ਦਬਕਾ ਮਾਰਿਆ।
“ਲੇਟ ਹੋ ਤੋ ਮੈਂ ਕਿਆ ਕਰੂੰ, ਮੇਰਾ ਗਰੀਬ ਕਾ ਨੁਕਸਾਨ ਕਰ ਦੀਆ।” ਉਸ ਨੇ ਰੁਆਂਸਾ ਜਿਹਾ ਹੁੰਦਿਆਂ ਕਿਹਾ।
“ਮੈਂ …ਬਜਾਜੀ ਦੀ ਹੱਟੀ ਖੋਲ੍ਹੀਂ ਬੈਠਾਂ ਏਥੇ, ਤੈਨੂੰ ਕਿਹਾ ਥੱਲੇ ਉਤਰ, ਨਖ਼ਰੇ ਨਾ ਕਰ ਬਹੁਤੇ।” ਕੰਡਕਟਰ ਹੁਣ ਵਧੇਰੇ ਗੁੱਸੇ ਵਿੱਚ ਸੀ, ਪਰ ਨੌਜਵਾਨ ਟੱਸ ਤੋਂ ਮੱਸ ਨਾ ਹੋਇਆ ਤੇ ਉਂਜ ਹੀ ਖੜ੍ਹਾ ਰਿਹਾ।
ਉਸ ਨੂੰ ਆਕੜਿਆ ਦੇਖ ਕੇ ਕੰਡਕਟਰ ਗਰਜਿਆ।
“… ਲੁੱਟ ਲੁੱਟ ਖਾਈ ਜਾਨੇ ਓਂ ਪੰਜਾਬ ਨੂੰ, ਕਮੀਜ਼ ਪਾਟ ਗਈ ਤਾਂ ਕਿਹੜਾ ਕਹਿਰ ਆ ਗਿਆ, … ਕਿੱਦਾਂ ਕਿਰਲੇ ਆਂਗੂੰ ਆਕੜਿਆ ਖੜ੍ਹੈ।” ਕੰਡਕਟਰ ਦੀਆਂ ਹੁਣ ਗੁੱਸੇ ਨਾਲ ਮੁੱਛਾਂ ਫਰਕ ਰਹੀਆਂ ਸਨ।
“ਲੂਟ ਕੇ ਨਹੀਂ ਖਾਤੇ ਕਿਸੀ ਕਾ, ਸੁਬਾਹ ਸੇ ਸ਼ਾਮ ਤੀਕ ਗਦਹੋਂ ਕੀ ਤਰਹ ਕਾਮ ਕਰਤੇ ਹੈਂ, ਤੁਮ ਲੋਗੋਂ ਕੋ ਹਮਰਾ ਜ਼ਰੂਰਤ ਹੂਈ ਤੋ ਹਮ ਯਹਾਂ ਆਵੇਂ। ਯਹਾਂ ਸੇ ਬੀ ਤੋਂ ਲੋਗ ਇੰਗਲੈਂਡ ਅਮਰੀਕਾ ਭਾਗਤੇ ਹੈਂ ਔਰ ਉਧਰ ਹੋਟਲੋਂ ਮੇਂ ਬਰਤਨ ਮਾਂਜਤੇ ਹੈਂ। ਜਉ ਪੰਜਾਬੀ ਲੋਗ ਇਧਰ ਹੀ ਕਾਮ ਕਰਤੇ ਹੋਤੇ ਤੋ ਹਮ ਕਾਹੇ ਕੋ ਆਤੇ। ਮੁਫ਼ਤ ਮੇਂ ਕੋਈ ਬੀ ਕਿਸੀ ਕੋ ਕੁਛ ਨਾਹੀਂ ਦੇਤ ਹੈ ਬਾਬੂ, ਮਾਲਕ ਲੋਗ ਚਮੜੀ ਉਧੇੜ ਕੇ ਹੀ ਪਈਸਾ ਦੇਤ ਹੈ।’’
ਨੌਜਵਾਨ ਨੂੰ ਸ਼ਾਇਦ ‘ਲੁੱਟ ਲੁੱਟ ਕੇ ਖਾਣ’ ਦੇ ਮਿਹਣੇ ਨੇ ਅੰਦਰ ਤਾਈਂ ਜ਼ਖ਼ਮੀ ਕਰ ਦਿੱਤਾ ਸੀ। ਉਸ ਨੇ ਆਪਣੇ ਦਿਲ ਦੀ ਭੜਾਸ ਕੱਢ ਲਈ ਸੀ। ਕਿਸੇ ਵੀ ਸਵਾਰੀ ਨੇ ਉਨ੍ਹਾਂ ਦੇ ਝਗੜੇ ਵਿੱਚ ਦਖਲ ਨਾ ਦਿੱਤਾ।
“….ਖ਼ਸਮਾਂ, ਹੁਣ ਉਤਰੇਂਗਾ ਵੀ ਕਿ ਚੁੱਕ ਕੇ ਸੁੱਟਾਂ ਬਾਹਰ।” ਨੌਜਵਾਨ ਦੀਆਂ ਖਰੀਆਂ ਖਰੀਆਂ ਸੁਣ ਕੇ ਕੰਡਕਟਰ ਹੱਲੇ ਨਾਲ ਉਹਦੇ ਵੱਲ ਵਧਿਆ ਤੇ ਉਸ ਨੇ ਨੌਜਵਾਨ ਨੂੰ ਬਾਹੋਂ ਫੜ ਕੇ ਬਾਹਰ ਨੂੰ ਧੱਕਾ ਦੇ ਦਿੱਤਾ। ਉਹ ਲੜਖੜਾਇਆ, ਪਰ ਸੜਕ ’ਤੇ ਡਿੱਗਣੋਂ ਬਚ ਗਿਆ। ਬੱਸ ਤੁਰ ਪਈ ਸੀ। ਮੈਂ ਖਿੜਕੀ ਥਾਣੀਂ ਪਿਛਾਂਹ ਮੁੜ ਕੇ ਦੇਖਿਆ ਉਹ ਅਜੇ ਵੀ ਬਾਂਹ ਉਲਾਰੀ ਉੱਥੇ ਹੀ ਖੜ੍ਹਾ ਸੀ ਜਿਵੇਂ ਵਿਦਰੋਹ ਦਾ ਝੰਡਾ ਬਰਦਾਰ ਹੋਵੇ।