ਲੰਡਨ ਤੋਂ

ਲੰਡਨ ਦੀ ਧੁੱਪ

ਲੰਡਨ ਦੀ ਧੁੱਪ

ਹਰਜੀਤ ਅਟਵਾਲ

ਲੰਡਨ ਵਿਚ ਧੁੱਪ ਦੀ ਬਹੁਤ ਘਾਟ ਹੈ। ਇਕ ਸਰਵੇ ਮੁਤਾਬਕ ਗਿਆਰਾਂ ਫੀਸਦੀ ਲੋਕਾਂ ਨੂੰ ਧੁੱਪ ਦੇਖਣੀ ਵੀ ਨਸੀਬ ਨਹੀਂ ਹੁੰਦੀ। ਲੰਡਨ ਦੇ ਅੱਧੇ ਕਰਮਚਾਰੀ ਦਿਨ ਵਿਚ ਸਿਰਫ਼ ਤੀਹ ਮਿੰਟ ਦੀ ਧੁੱਪ ਹੀ ਮਾਣ ਸਕਦੇ ਹਨ। ਕਈ ਕਈ ਹਫ਼ਤੇ ਸੂਰਜ ਬਿਨਾਂ ਨਿਕਲ ਜਾਂਦੇ ਹਨ। ਬੇਸ਼ੱਕ ਕੁਝ ਸਾਲਾਂ ਤੋਂ ਲੰਡਨ ਦੀ ਧੁੱਪ ਦੇ ਕੁਲ ਘੰਟੇ ਪਹਿਲਾਂ ਨਾਲੋਂ ਵਧੇ ਹਨ, ਪਰ ਇਹ ਵਾਧਾ ਨਾਕਾਫ਼ੀ ਹੈ। ਲੰਡਨ ਤੋਂ ਬਿਨਾਂ ਬਾਕੀ ਦੇ ਬਰਤਾਨੀਆ ਦੀ ਹਾਲਤ ਤਾਂ ਇਸ ਤੋਂ ਵੀ ਬਦਤਰ ਹੈ। ਇਹੋ ਕਾਰਨ ਹੈ ਕਿ ਬਰਤਾਨੀਆ ਦੇ ਲੋਕ ਮੌਕਾ ਮਿਲਦੇ ਹੀ ਧੁੱਪ ਵਾਲੇ ਮੁਲਕਾਂ ਨੂੰ ਛੁੱਟੀਆਂ ਕੱਟਣ ਲਈ ਚਲੇ ਜਾਂਦੇ ਹਨ। ਹਾਂ, ਇਸ ਵਾਰ ਕਰੋਨਾਵਾਇਰਸ ਨੇ ਇਹ ਵੀ ਨਹੀਂ ਹੋਣ ਦਿੱਤਾ।

ਉਂਜ ਧੁੱਪ ਦੀ ਘਾਟ ਯੂਰੋਪ ਦੇ ਬਹੁਤ ਸਾਰੇ ਮੁਲਕਾਂ ਵਿਚ ਹੁੰਦੀ ਹੈ। ਸਿਆਲਾਂ ਵਿਚ ਜੇ ਸੂਰਜ ਨਿਕਲਦਾ ਵੀ ਹੈ ਤਾਂ ਉਸਦਾ ਬਹੁਤਾ ਫਾਇਦਾ ਨਹੀਂ ਹੁੰਦਾ ਕਿਉਂਕਿ ਉਸਦਾ ਸੇਕ ਨਹੀਂ ਹੁੰਦਾ। ਧੁੱਪ ਦੀ ਘਾਟ ਸਰੀਰ ਵਿਚ ਕਈ ਕਿਸਮ ਦੀਆਂ ਘਾਟਾਂ ਪੈਦਾ ਕਰਦੀ ਹੈ, ਖ਼ਾਸ ਕਰਕੇ ਵਿਟਾਮਨ ਡੀ ਦੀ ਕਮੀ। ਲੰਡਨ ਵਿਚ ਵਿਟਾਮਨ ਡੀ ਦੀਆਂ ਗੋਲੀਆਂ ਦੀ ਵਿਕਰੀ ਜ਼ੋਰਾਂ ’ਤੇ ਹੁੰਦੀ ਹੈ। ਅੱਜਕੱਲ੍ਹ ਕਰੋਨਾਵਾਇਰਸ ਦੇ ਸਮੇਂ ਤਾਂ ਹਰ ਲੰਡਨ ਵਾਸੀ ਵਿਟਾਮਨ ਡੀ ਦੀਆਂ ਗੋਲੀਆਂ ਆਪਣੇ ਮੇਜ਼ ’ਤੇ ਰੱਖਦਾ ਹੈ। ਧੁੱਪ ਦੇ ਅਣਗਿਣਤ ਫਾਇਦੇ ਹਨ, ਇਹ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ, ਮੂਡ ਸਹੀ ਕਰਦੀ ਹੈ, ਦਿਮਾਗ਼ ਦੀ ਇਕਾਰਗਰਤਾ ਵਧਾਉਂਦੀ ਹੈ, ਡਿਪਰੈਸ਼ਨ ਘਟਾਉਂਦੀ ਹੈ, ਕਈ ਕਿਸਮ ਦੀ ਚਮੜੀ ਦਾ ਕੈਂਸਰ ਰੋਕਦੀ ਹੈ, ਬੱਚਿਆਂ ਦੇ ਵਾਧੇ ਵਿਚ ਸਹਾਈ ਹੁੰਦੀ ਹੈ ਤੇ ਹੋਰ ਵੀ ਅਨੇਕਾਂ ਗੁਣ ਗਿਣੇ ਜਾ ਸਕਦੇ ਹਨ। ਧੁੱਪ ਵਿਚ ਬੈਠਣ ਨਾਲ ਦਿਮਾਗ਼ ਵਿਚੋਂ ਸੇਰੋਟੋਨਿਨ ਨਾਮੀ ਹਾਰਮੋਨ ਨਿਕਲਦੇ ਹਨ ਜੋ ਮੂਡ ਨੂੰ ਠੀਕ ਕਰਨ ਦੇ ਕੰਮ ਆਉਂਦੇ ਹਨ। ਰਾਤ ਨੂੰ ਧੁੱਪ ਦੀ ਅਣਹੋਂਦ ਕਾਰਨ ਮੈਲਾਟੋਨਿਨ ਨਾਮੀ ਹਾਰਮੋਨ ਨਿਕਲਦੇ ਹਨ ਜੋ ਸੌਣ ਵਿਚ ਸਹਾਈ ਹੁੰਦੇ ਹਨ।

ਪਹਿਲੀਆਂ ਵਿਚ ਮੈਂ ਜਦੋਂ ਭਾਰਤ ਜਾਂਦਾ ਤਾਂ ਬਹੁਤੇ ਲੋਕ ਲੰਡਨ ਬਾਰੇ ਜਾਣਨ ਲਈ ਉਤਾਵਲੇ ਰਹਿੰਦੇ ਸਨ। ਮੈਨੂੰ ਕੋਈ ਪੁੱਛਦਾ ਕਿ ਜਲੰਧਰ ਤੇ ਲੰਡਨ ਵਿਚ ਕੀ ਫ਼ਰਕ ਹੈ ਤਾਂ ਮੈਂ ਕਹਿੰਦਾ ਕਿ ਜਲੰਧਰ ਰਹਿੰਦਿਆਂ ਅਪਰੈਲ ਤੋਂ ਅਗਸਤ ਤਕ ਤੁਸੀਂ ਧੁੱਪ ਵਿਚ ਨਹੀਂ ਬਹਿ ਸਕਦੇ ਤੇ ਲੰਡਨ ਵਿਚ ਇਹੋ ਮਹੀਨੇ ਧੁੱਪ ਵਿਚ ਬੈਠਣ ਦੇ ਹੁੰਦੇ ਹਨ। ਜਲੰਧਰ ਵਿਚ ਅਸੀਂ ਸਿਆਲਾਂ ਨੂੰ ਧੁੱਪ ਵਿਚ ਬਹਿੰਦੇ ਹਾਂ, ਦਿੱਲੀ ਦੇ ਕੁਝ ਲੇਖਕ ਲੋਕ ਧੁੱਪ ਦੀਆਂ ਮਹਿਫਲਾਂ ਲਾਉਂਦੇ ਹਨ, ਪਰ ਲੰਡਨ ਵਿਚ ਸਿਆਲਾਂ ਨੂੰ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਮੈਂ ਸਤੰਬਰ ਦੇ ਮਹੀਨੇ ਸਪੇਨ ਚਲੇ ਜਾਂਦਾ ਹਾਂ। ਜਿਹੜੇ ਵੀ ਹੋਟਲ ਦਾ ਕਮਰਾ ਬੁੱਕ ਕਰਾਉਣਾ ਹੋਵੇ ਇਹ ਪਹਿਲਾਂ ਤੈਅ ਕਰਦਾ ਹਾਂ ਕਿ ਕਮਰੇ ਦੀ ਬਾਲਕੋਨੀ ਵਿਚ ਧੁੱਪ ਰਹਿੰਦੀ ਹੋਵੇ, ਭਾਵੇਂ ਕਮਰੇ ਦਾ ਕਿਰਾਇਆ ਕੁਝ ਵੱਧ ਹੀ ਹੋਵੇ। ਇਵੇਂ ਹੀ ਹਰ ਸਾਲ ਅਸੀਂ ਹਾਲੀਡੇ ਹੋਮ ਬੁੱਕ ਕਰਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਵੱਧ ਤੋਂ ਵੱਧ ਧੁੱਪ ਪੈਂਦੀ ਹੋਵੇ। ਹਾਂ, ਜੇ ਸੂਰਜ ਹੀ ਨਾ ਨਿਕਲੇ, ਮੀਂਹ ਪੈਂਦਾ ਰਹੇ ਤਾਂ ਤੁਹਾਡੀ ਕਿਸਮਤ। ਪਿਛਲੇ ਸਾਲ ਅਸੀਂ ਪੂਰਾ ਟੱਬਰ ਪੈਰਨਪੋਰਥ ਬੀਚ ’ਤੇ ਇਕ ਹਫ਼ਤੇ ਲਈ ਗਏ, ਪੰਜ ਦਿਨ ਮੀਂਹ ਪੈਂਦਾ ਰਿਹਾ। ਸਾਡੀਆਂ ਛੁੱਟੀਆਂ ਫਜ਼ੂਲ ਗਈਆਂ ਕਿਉਂਕਿ ਅਸੀਂ ਅੰਦਰ ਬਹਿ ਕੇ ਮੁੜ ਆਏ ਸਾਂ।

ਮੈਨੂੰ ਯਾਦ ਹੈ ਕਿ ਜਦੋਂ ਮੇਰੇ ਬਜ਼ੁਰਗ ਘਰ ਛੱਤਣ ਲੱਗੇ ਸਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਘਰਦਾ ਮੂੰਹ ਚੜ੍ਹਦੇ ਵੱਲ ਹੋਣਾ ਚਾਹੀਦਾ ਹੈ, ਭਾਵ ਚੜ੍ਹਦਾ ਸੂਰਜ ਮੱਥੇ ਲੱਗੇ। ਭਾਵ ਰਾਤ ਦੀ ਠੰਢ ਪਹਿਲੀ ਧੁੱਪ ਨਾਲ ਲਹਿ ਜਾਵੇ। ਜਦੋਂ ਮੈਂ ਆਪਣਾ ਲੰਡਨ ਵਾਲਾ ਘਰ ਖ਼ਰੀਦਣਾ ਸੀ ਤਾਂ ਅਜਿਹੀ ਹੀ ਘਟਨਾ ਮੇਰੇ ਨਾਲ ਵਾਪਰੀ। ਮੇਰਾ ਇਹ ਘਰ ਖੂੰਜੇ ਦੇ ਪਲਾਟ ’ਤੇ ਹੈ, ਥੋੜ੍ਹੀ ਜਿਹੀ ਉੱਚੀ ਜਗਾਹ ’ਤੇ। 1998 ਵਿਚ ਮੈਂ ਇਹ ਘਰ ਲਿਆ ਸੀ, ਉਦੋਂ ਇਸ ਦੀ ਕੀਮਤ ਇਕ ਲੱਖ ਪੱਚੀ ਹਜ਼ਾਰ ਪੌਂਡ ਦਿੱਤੀ ਸੀ, ਪਰ ਅਜਿਹੇ ਘਰਾਂ ਦੀ ਕੀਮਤ ਉਨ੍ਹਾਂ ਦਿਨਾਂ ਵਿਚ ਇਕ ਲੱਖ ਪੰਦਰਾਂ ਹਜ਼ਾਰ ਸੀ। ਮੈਨੂੰ ਸਾਰੇ ਕਹਿੰਦੇ ਕਿ ਮੈਂ ਦਸ ਹਜ਼ਾਰ ਪੌਂਡ ਵੱਧ ਦੇ ਰਿਹਾ ਹਾਂ। ਇਹੋ ਗੱਲ ਮੈਂ ਅਸਟੇਟ ਏਜੰਟ ਨੂੰ ਕਹੀ ਤਾਂ ਉਹ ਬੋਲਿਆ ਸੀ ਕਿ ਤੁਹਾਨੂੰ ਤਾਂ ਇਹ ਘਰ ਸਿਰਫ਼ ਪੱਚੀ ਹਜ਼ਾਰ ਪੌਂਡ ਵਿਚ ਹੀ ਪੈ ਰਿਹਾ ਹੈ ਕਿਉਂਕਿ ਇਕ ਲੱਖ ਪੌਂਡ ਤਾਂ ਸਿਰਫ਼ ਧੁੱਪ ਦਾ ਹੀ ਹੈ। ਉਸ ਦੀ ਗੱਲ ਬਿਲਕੁਲ ਸੱਚੀ ਸੀ। ਚੜ੍ਹਨ ਤੋਂ ਲੈ ਕੇ ਛੁਪਣ ਤਕ ਸੂਰਜ ਘਰ ਦੇ ਬੂਹੇ ਨੂੰ ਧੁੱਪ ਬਖ਼ਸ਼ਦਾ ਹੈ। ਬੂਹੇ ਨੂੰ ਹੀ ਨਹੀਂ ਘਰ ਦੇ ਪਿਛਲੇ ਬਗੀਚੇ ਨੂੰ ਵੀ ਸਾਰਾ ਦਿਨ ਧੁੱਪ ਮਿਲਦੀ ਹੈ। ਮੇਰੇ ਕਈ ਦੋਸਤ ਮੇਰਾ ਬਗੀਚਾ ਦੇਖ ਕੇ ਕਹਿੰਦੇ ਹਨ ਕਿ ਉਨ੍ਹਾਂ ਦੇ ਬੂਟੇ ਹਾਲੇ ਛੋਟੇ ਹਨ, ਜਦੋਂ ਕਿ ਮੇਰੇ ਬੂਟੇ ਜ਼ਿਆਦਾ ਵੱਡੇ ਹੋ ਗਏ ਹਨ। ਮੈਂ ਦੱਸਦਾ ਹਾਂ ਕਿ ਇਸ ਵਿਚ ਮੇਰਾ ਕੋਈ ਹੱਥ ਨਹੀਂ, ਇਹ ਸੂਰਜ ਦੇਵਤਾ ਦੀ ਮਿਹਰਬਾਨੀ ਹੈ।

ਧੁੱਪ ਦੀ ਘਾਟ ਹੀ ਲੰਡਨ ਵਾਸੀਆਂ ਲਈ ਇਸ ਨੂੰ ਨਿਹਮਤ ਬਣਾਉਂਦੀ ਹੈ। ਹਰ ਕੋਈ ਧੁੱਪ ਨੂੰ ਵੱਧ ਤੋਂ ਵੱਧ ਮਾਣਨਾ ਚਾਹੁੰਦਾ ਹੈ। ਧੁੱਪ ਨਿਕਲਦਿਆਂ ਹੀ ਲੋਕ ਪਾਰਕਾਂ, ਬੀਚਾਂ ’ਤੇ ਜਾ ਕੇ ਧੁੱਪ ਸੇਕਣ ਲੱਗਦੇ ਹਨ ਜਿਸ ਨੂੰ ਸਨਬਾਥ ਲੈਣਾ ਵੀ ਕਿਹਾ ਜਾਂਦਾ ਹੈ। ਗੋਰੇ-ਗੋਰੀਆਂ ਵਿਚ ਸਨ-ਟੈਨ ਦਾ ਭਾਵ ਧੁੱਪ ਵਿਚ ਰਹਿ ਕੇ ਰੰਗ ਪੱਕਾ ਕਰਨ ਦਾ ਬਹੁਤ ਸ਼ੁਦਾਅ ਹੈ। ਰੰਗ ਨੂੰ ਗੰਦਮੀ ਕਰਨ ਲਈ ਕਰੀਮਾਂ ਵੀ ਵਰਤੀਆਂ ਜਾਂਦੀਆਂ ਹਨ। ਭਾਰਤ ਵਿਚ ਜਿੱਥੇ ਅਸੀਂ ਧੁੱਪ ’ਤੇ ਇਹ ਦੋਸ਼ ਲਾਉਂਦੇ ਹਾਂ ਕਿ ਇਹ ਰੰਗ ਕਾਲਾ ਕਰ ਦਿੰਦੀ ਹੈ, ਉੱਥੇ ਲੰਡਨ ਵਿਚ ਲੋਕ ਸਨ-ਟੈਨ ਲੈ ਕੇ ਦੂਜਿਆਂ ’ਤੇ ਰੋਅਬ ਪਾਉਂਦੇ ਹਨ। ਗਰਮੀਆਂ ਨੂੰ ਸਨ-ਟੈਨ ਲੋਸ਼ਨ ਦੀ ਵਿਕਰੀ ਬਹੁਤ ਵਧ ਜਾਂਦੀ ਹੈ। ਥੋੜ੍ਹੀ ਜਿਹੀ ਧੁੱਪ ਨਿਕਲੀ ਨਹੀਂ ਕਿ ਬੈਗਾਂ ਵਿਚ ਕਰੀਮਾਂ ਪਾ ਕੇ ਲੋਕ ਸਮੁੰਦਰ ਵੱਲ ਭੱਜੇ ਨਹੀਂ। ਉਂਜ ਧੁੱਪ ਨਾਲ ਕਰੋੜਾਂ ਪੌਂਡਾਂ ਦਾ ਇਕ ਪੂਰਾ ਕਾਰੋਬਾਰ ਜੁੜਿਆ ਹੋਇਆ ਹੈ। ਸਨ-ਸਕਰੀਨ, ਲੋਸ਼ਨ ਤੇ ਹੋਰ ਪਤਾ ਨਹੀਂ ਕਿੰਨੇ ਕਿਸਮ ਦੀਆਂ ਕਰੀਮਾਂ ਲੋਕ ਧੁੱਪ ਵਿਚ ਵਰਤਦੇ ਹਨ। ਧੁੱਪ ਸੇਕਣ ਲਈ ਖ਼ਾਸ ਕਿਸਮ ਦੀਆਂ ਕੁਰਸੀਆਂ ਦੀ ਵੀ ਵਾਹਵਾ ਵਿਕਰੀ ਹੁੰਦੀ ਹੈ। ਸਮੁੰਦਰ ਕੰਢੇ ਕਿਸੇ ਬੀਚ ’ਤੇ ਜਾ ਕੇ ਦੇਖੋ ਤਾਂ ਧੁੱਪ ਨਾਲ ਜੁੜੀਆਂ ਚੀਜ਼ਾਂ ਨਾਲ ਦੁਕਾਨਾਂ ਭਰੀਆਂ ਹੁੰਦੀਆਂ ਹਨ ਜੋ ਧੜਾ-ਧੜ ਵਿਕ ਰਹੀਆਂ ਹੁੰਦੀਆਂ ਹਨ।

ਭਾਵੇਂ ਕਰੋਨਾ ਵਾਇਰਸ ਕਾਰਨ ਬੀਚ ਉੱਪਰ ਜਾਣ ਦੀਆਂ ਸਮਾਜਿਕ ਦੂਰੀ ਕਾਰਨ ਕਈ ਕਿਸਮ ਦੀਆਂ ਹਾਲੇ ਵੀ ਪਾਬੰਦੀਆਂ ਹਨ, ਪਰ ਆਮ ਜਨਤਾ ਇਨ੍ਹਾਂ ਪਾਬੰਦੀਆਂ ਦੀ ਚਿੰਤਾ ਘੱਟ ਹੀ ਕਰਦੀ ਹੈ। ਪਿਛਲੇ ਦਿਨੀਂ ਬੌਰਨ ਮਾਊਥ ਦੇ ਬੀਚ ’ਤੇ ਏਨੇ ਲੋਕ ਜਮ੍ਹਾਂ ਹੋ ਗਏ ਸਨ ਕਿ ਪੁਲੀਸ ਨੂੰ ਦਖਲ ਦੇਣਾ ਪਿਆ ਸੀ। ਲੰਡਨ ਸ਼ਹਿਰ ਵਿਚਕਾਰ ਸੱਠ ਏਕੜ ਵਿਚ ਫੈਲੀ ਇਕ ਵੱਡੀ ਸਾਰੀ ਝੀਲ ਦੇ ਦੁਆਲੇ ਦੀ ਥਾਂ ਨੂੰ ਬੀਚ ਵਾਂਗ ਹੀ ਤਿਆਰ ਕੀਤਾ ਹੋਇਆ ਹੈ। ਜਿਹੜੇ ਲੋਕ ਸਮੁੰਦਰੀ ਬੀਚ ’ਤੇ ਨਹੀਂ ਜਾ ਸਕਦੇ, ਉਹ ਇਸ ਮਨੁੱਖ ਵੱਲੋਂ ਤਿਆਰ ਕੀਤੇ ਬੀਚ ’ਤੇ ਚਲੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਪੁਲੀਸ ਨੇ ਇਸ ’ਤੇ ਲੋਕਾਂ ਦੇ ਇਕੱਠੇ ਹੋਣ ’ਤੇ ਵੀ ਕੁਝ ਰੋਕਾਂ ਲਾਈਆਂ ਹੋਈਆਂ ਹਨ। ਇਨ੍ਹਾਂ ਰੋਕਾਂ ਕਾਰਨ ਬਹੁਤੇ ਲੋਕ ਆਪਣੇ ਘਰਾਂ ਦੇ ਗਾਰਡਨਾਂ ਵਿਚ ਹੀ ਧੁੱਪ ਦਾ ਆਨੰਦ ਲੈ ਰਹੇ ਹਨ। ਦੇਖਣ ਵਿਚ ਆ ਰਿਹਾ ਹੈ ਕਿ ਕਰੋਨਾਵਾਇਰਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਨੇ ਪਲਾਸਟਿਕ ਦੇ ਆਰਜ਼ੀ ਸਵਿਮਿੰਗ ਪੂਲ ਤਿਆਰ ਕਰ ਲਏ ਹਨ ਤੇ ਬੱਚੇ ਉਨ੍ਹਾਂ ਵਿਚ ਹੀ ਛਾਲਾਂ ਮਾਰ ਰਹੇ ਹਨ। ਇਹ ਸਵਿਮਿੰਗ ਪੂਲ ਅੱਜਕੱਲ੍ਹ ਬਹੁਤ ਹਰਮਨ ਪਿਆਰੇ ਹੋ ਰਹੇ ਹਨ।

ਕਿਹਾ ਜਾਂਦਾ ਹੈ ਕਿ ਧੁੱਪ ਚਮੜੀ ਦਾ ਕੈਂਸਰ ਕਰਦੀ ਹੈ, ਪਰ ਲੰਡਨ ਵਿਚ ਨਹੀਂ। ਲੰਡਨ ਦੇ ਲੋਕ ਤਾਂ ਧੁੱਪ ਦੇ ਘੁੱਟ ਭਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All