ਮਨਮੋਹਨ ਸਿੰਘ ਖੇਲਾ
ਭਾਰਤ ਨੂੰ ਆਜ਼ਾਦ ਕਰਾਉਣ ਲਈ ਕੋਈ ਵੀ ਲਹਿਰ ਭਾਵੇਂ ਉਹ ਭਾਰਤ ਵਿੱਚੋਂ ਉੱਠੀ ਹੋਵੇ ਜਾਂ ਫਿਰ ਕੈਨੇਡਾ ਤੇ ਅਮਰੀਕਾ ਸਮੇਤ ਕਿਸੇ ਹੋਰ ਬਾਹਰਲੇ ਦੇਸ਼ ਵਿੱਚੋਂ ਉੱਠੀ ਹੋਵੇ, ਉਸ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦੇ ਯੋਧਿਆਂ ਦਾ ਰਿਹਾ ਹੈ। ਇਸ ਤੋਂ ਇਲਾਵਾ ਭਾਵੇਂ ਦੂਜੀ ਸੰਸਾਰ ਜੰਗ ਵੇਲੇ ਦੀ ਗੱਲ ਹੋਵੇ ਜਾਂ ਭਾਰਤ ਛੱਡੋ ਅੰਦੋਲਨ, 1857 ਦੇ ਗ਼ਦਰ ਜਾਂ ਫਿਰ ਨਾਮਿਲਰਤਣ ਲਹਿਰ ਹੋਵੇ, ਇਨ੍ਹਾਂ ਸਾਰੀਆਂ ਲਹਿਰਾਂ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੀ ਪੰਜਾਬੀਆਂ ਨੇ ਆਪਣੀ ਪਹੁੰਚ ਮੁਤਾਬਕ ਬਣਦਾ ਪੂਰਾ ਯੋਗਦਾਨ ਪਾਇਆ ਸੀ।
ਬੇਅੰਤ ਕੁਰਬਾਨੀਆਂ ਨਾਲ ਮਿਲੀ ਆਜ਼ਾਦੀ ਬਾਅਦ ਇਨ੍ਹਾਂ ਕੌਮ ਦੇ ਹੀਰਿਆਂ ਨੂੰ ਦੇਸ਼ ਦੇ ਹਾਕਮਾਂ ਨੇ ਯਾਦ ਰੱਖਣਾ ਵੀ ਜ਼ਰੂਰੀ ਨਹੀਂ ਸਮਝਿਆ। ਦੇਸ਼ ਦੀ ਆਜ਼ਾਦੀ ਲਈ ਸ਼ਹੀਦੀਆਂ ਪਾਉਣ ਵਾਲੇ ਇਨ੍ਹਾਂ ਯੋਧਿਆਂ ਵਿੱਚ ਕੈਨੇਡਾ ਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਅਤੇ ਹੋਰ ਸੂਬਿਆਂ ਦੇ ਆਜ਼ਾਦੀ ਘੁਲਾਟੀਏ ਵੀ ਸ਼ਾਮਲ ਸਨ। ਇਸ ਪੱਖੋਂ ਬਹੁਤੇ ਭਾਰਤੀ ਅਜੇ ਵੀ ਅਣਜਾਣ ਹਨ ਕਿ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਏ ਲੋਕ ਵੀ ਆਜ਼ਾਦੀ ਲੈਣ ਲਈ ਸ਼ਹੀਦ ਹੋਏ ਸਨ। ਕੈਨੇਡਾ ਅਤੇ ਅਮਰੀਕਾ ਦੇ ਸ਼ਹੀਦਾਂ ਦੀਆਂ ਜੀਵਨੀਆਂ/ਜਾਣਕਾਰੀਆਂ ਲਿਖਣ ਸਬੰਧੀ ਕੈਨੇਡਾ ਰਹਿ ਰਹੇ ਸੋਹਨ ਸਿੰਘ ਪੂਨੀ ਨੇ ਬੀੜਾ ਚੁੱਕਿਆ ਹੈ, ਜਿਸ ਦਾ ਪਿਛੋਕੜ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਪੂਨੀਆਂ ਨਾਲ ਹੈ। ਇਸ ਸਬੰਧੀ ਉਸ ਨੇ ਪਹਿਲਾ ਐਡੀਸ਼ਨ ਪ੍ਰਕਾਸ਼ਿਤ ਕੀਤਾ ਸੀ ਜਿਸ ਵਿੱਚ 41 ਯੋਧਿਆਂ ਬਾਰੇ ਜਾਣਕਾਰੀ ਇਕੱਤਰ ਕਰਕੇ ‘ਕੈਨੇਡਾ ਦੇ ਗ਼ਦਰੀ ਯੋਧੇ’ ਨਾਂ ਦੀ ਕਿਤਾਬ ਲਿਖੀ। ਉਨ੍ਹਾਂ ਨੇ ਕੈਨੇਡਾ ਅਮਰੀਕਾ ਸਮੇਤ ਦੂਜੇ ਦੇਸ਼ਾਂ ਵਿੱਚ ਰਹਿ ਗਏ ਇਨ੍ਹਾਂ ਮਹਾਨ ਯੋਧਿਆਂ ਬਾਰੇ ਅਗਲੇ ਪ੍ਰਾਜੈਕਟ ਵਿੱਚ ਲਿਖਣ ਦਾ ਵੀ ਵਾਅਦਾ ਕੀਤਾ।
ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਕੈਨੇਡਾ ਦੇ ਤਿੰਨ ਸੌ ਤੋਂ ਵੀ ਵੱਧ ਭਾਰਤੀਆਂ ਨੇ ਭਾਰਤ ਦੀ ਆਜ਼ਾਦੀ ਲਈ ਗ਼ਦਰ ਲਹਿਰ ਵਿੱਚ ਹਿੱਸਾ ਪਾਇਆ ਸੀ। ਉਹ ਲਿਖਦੇ ਹਨ ਕਿ 14 ਤੋਂ ਵੱਧ ਨੇ ਸ਼ਹੀਦੀ ਪਾਈ ਅਤੇ ਦਰਜਨਾਂ ਤੋਂ ਵੱਧ ਨੇ ਉਮਰ-ਕੈਦ ਜਾਂ ਹੋਰ ਸਜ਼ਾਵਾਂ ਕੱਟੀਆਂ ਅਤੇ ਸੈਂਕੜਿਆਂ ਨੂੰ ਘਰੋਂ ਬੇਘਰ ਹੋ ਕੇ ਰਹਿਣਾ ਪਿਆ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਘਰ ਅਤੇ ਜ਼ਮੀਨਾਂ ਵੀ ਜ਼ਬਤ ਕਰ ਲਈਆਂ ਗਈਆਂ ਸਨ। ਇਸ ਪੁਸਤਕ ਵਿੱਚ ਦਰਜ 41 ਯੋਧਿਆਂ ਵਿੱਚ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ, ਸ਼ਹੀਦ ਭਾਈ ਬਦਨ ਸਿੰਘ, ਬਾਬੂ ਤਾਰਕਨਾਥ ਦਾਸ, ਸੇਠ ਹੁਸੈਨ ਰਹੀਮ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, ਸ਼ਹੀਦ ਭਾਈ ਜਗਤ ਸਿੰਘ ਸੁਰਸਿੰਘ, ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ, ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ, ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰ, ਸ਼ਹੀਦ ਭਾਈ ਉੱਤਮ ਸਿੰਘ ਹਾਂਸ, ਬੱਬਰ ਆਸਾ ਸਿੰਘ ਭਕੜੁਦੀ ਜੋ ਕਹਿੰਦੇ ਸਨ:
ਹਿੰਦ ਦੇ ਬਹਾਦਰੋ ਨਹੀਂ ਵੇਲਾ ਸੌਣ ਦਾ,
ਆ ਗਿਆ ਵੇਲਾ ਤੇਗ ਦੇ ਉਠਾਉਣ ਦਾ।
ਪਕੜੋ ਖੰਡਾ ਸ਼ੇਰੋ, ਆਖੇ ਬੱਬਰ ਪੁਕਾਰ।
ਖੰਡਾ ਪਕੜੋ ਸਾਣ ’ਤੇ ਲਾਓ, ਤੇਜ ਕਰੋ ਇਹਦੀ ਧਾਰ।
ਬਿਨ ਖੰਡਿਓਂ ਨਾ ਮਿਲੇ ਅਜ਼ਾਦੀ, ਆਖੇ ਬੱਬਰ ਵੰਗਾਰ।
ਇਨ੍ਹਾਂ ਤੋਂ ਇਲਾਵਾ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ, ਭਾਈ ਹਰੀ ਸਿੰਘ ਚੋਟੀਆਂ, ਬੱਬਰ ਹਰੀ ਸਿੰਘ ਸੂੰਢ, ਭਾਈ ਹਰਦਿੱਤ ਸਿੰਘ ਡੱਲੇਵਾਲ, ਭਾਈ ਹਰਦਿੱਤ ਸਿੰਘ ਲੰਮੇ, ਭਾਈ ਹਰਦਿੱਤ ਸਿੰਘ ਕੋਟਫਤੂਹੀ, ਭਾਈ ਕਰਤਾਰ ਸਿੰਘ ਨਵਾਂ ਚੰਦ, ਸ਼ਹੀਦ ਬੱਬਰ ਕਰਮ ਸਿੰਘ ਝਿੰਗੜ, ਭਾਈ ਕਪੂਰ ਸਿੰਘ ਮੋਹੀ, ਭਾਈ ਚੈਂਚਲ ਸਿੰਘ ਜੰਡਿਆਲਾ, ਸ਼ਹੀਦ ਭਾਈ ਜਵੰਦ ਸਿੰਘ ਨੰਗਲ, ਭਾਈ ਦਲੀਪ ਸਿੰਘ ਫਾਹਲਾ, ਭਾਈ ਨੰਦ ਸਿੰਘ ਕੈਲਾ, ਭਾਈ ਨਿਰੰਜਨ ਸਿੰਘ ਪੰਡੋਰੀ, ਭਾਈ ਪਾਖਰ ਸਿੰਘ ਪਿੰਡ ਢੁੱਡੀਕੇ, ਭਾਈ ਪਿਆਰਾ ਸਿੰਘ ਲੰਗੇਰੀ, ਜਥੇਦਾਰ ਪ੍ਰਤਾਪ ਸਿੰਘ ਕੋਟ ਫਤੂਹੀ, ਸ਼ਹੀਦ ਭਾਈ ਬੀਰ ਸਿੰਘ ਬਾਹੋਵਾਲ, ਭਾਈ ਵਤਨ ਸਿੰਘ ਕਾਹਰੀ, ਭਾਈ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਲਾਂ, ਭਾਈ ਭਾਗ ਸਿੰਘ ਕੈਨੇਡੀਅਨ ਨੂਰ ਮਹਿਲ, ਭਾਈ ਭਾਗਵਾਨ ਸਿੰਘ ਪ੍ਰੀਤਮ, ਭਾਈ ਭਗਵਾਨ ਸਿੰਘ ਦੁਸਾਂਝ/ਜਲੰਧਰ, ਭਾਈ ਮਿੱਤ ਸਿੰਘ ਪੰਡੋਰੀ, ਭਾਈ ਮੁਣਸ਼ਾ ਸਿੰਘ ਦੁਖੀ, ਸ਼ਹੀਦ ਭਾਈ ਰਾਮ ਧੁਲੇਤਾ, ਭਾਈ ਰਤਨ ਰਾਏਪੁਰ ਡੱਬਾ, ਭਾਈ ਸ਼ੇਰ ਸਿੰਘ ਤਰਨ ਤਾਰਨ, ਕਾਮਰੇਡ ਇਕਬਾਲ ਸਿੰਘ ਹੁੰਦਲ ਆਦਮਪੁਰ ਅਤੇ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਲੰਗੇਰੀ। ਇਹ ਸਾਰੇ ਸ਼ਹੀਦ 1906-07-08 ਵਿਚਕਾਰ ਕੈਨੇਡਾ ਪਹੁੰਚੇ ਸਨ। ਜਿਨ੍ਹਾਂ ਦੇਸ਼ ਪਿਆਰ ਦੇ ਜਜ਼ਬੇ ਤਹਿਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗ਼ਦਰ ਲਹਿਰ ਦਾ ਹਿੱਸਾ ਬਣ ਕੇ ਤਸੀਹੇ ਝੱਲੇ ਤੇ ਜੇਲ੍ਹਾਂ ਵੀ ਕੱਟੀਆਂ। ਕਈਆਂ ਨੇ ਦੇਸ਼ ਲਈ ਫਾਂਸੀ ਦੇ ਰੱਸੇ ਵੀ ਚੁੰਮੇ।
ਇਨ੍ਹਾਂ ਭਾਰਤੀਆਂ ਤੋਂ ਇਲਾਵਾ ਪਹਿਲੀ ਤੇ ਦੂਜੀ ਸੰਸਾਰ ਜੰਗ ਵੇਲੇ ਬਰ੍ਹਮਾ, ਜਪਾਨ ਤੇ ਜਰਮਨੀ ਦੇ ਫਰੰਟ ’ਤੇ ਵੀ ਬਹੁਤ ਸਾਰੇ ਦੇਸ਼ ਭਗਤਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਹੁਤ ਤਸੀਹੇ ਝੱਲੇ ਅਤੇ ਫਾਂਸੀ ਦੇ ਰੱਸੇ ਚੁੰਮ ਕੇ ਹੱਸਦਿਆਂ ਨੇ ਸ਼ਹੀਦੀਆਂ ਦੇ ਜਾਮ ਪੀਤੇ। ਇਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਕਿਸੇ ਵੀ ਇਤਿਹਾਸਕ ਕਿਤਾਬ ਵਿੱਚ ਕੋਈ ਵੇਰਵਾ ਨਹੀਂ ਮਿਲਦਾ।
ਸਰਕਾਰਾਂ ਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਮੂਹ ਯੋਧਿਆਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਵੱਲੋਂ ਆਜ਼ਾਦੀ ਲਈ ਕੀਤੇ ਗਏ ਕੰਮਾਂ ਅਤੇ ਝੱਲੇ ਗਏ ਤਸੀਹਿਆਂ ਸਮੇਤ ਮਿਲੀਆਂ ਸਜ਼ਾਵਾਂ ਵਾਰੇ ਜਾਣਕਾਰੀ ਇਕੱਤਰ ਕਰਨ। ਇਨ੍ਹਾਂ ਸਬੰਧੀ ਦਸਤਾਵੇਜ਼ ਇਕੱਠੇ ਕਰਕੇ ਦੇਸ਼ ਦੀ ਕੌਮੀ ਲਾਇਬ੍ਰੇਰੀ ਵਿੱਚ ਰੱਖੇ ਜਾਣ। ਇਨ੍ਹਾਂ ਇਤਿਹਾਸਕ ਪੁਸਤਕਾਂ ਨੂੰ ਸਕੂਲਾਂ ਤੇ ਕਾਲਜਾਂ ਦੇ ਸਿਲੇਬਸਾਂ ਵਿੱਚ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਨੇ ਕਿਵੇਂ ਆਜ਼ਾਦੀ ਪ੍ਰਾਪਤ ਕੀਤੀ ਸੀ। ਸਬੰਧਿਤ ਰਾਜਾਂ ਵਿੱਚ ਇਨ੍ਹਾਂ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਜਾਣ। ਇਨ੍ਹਾਂ ਯੋਧਿਆਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।