ਗੁਰਮਲਕੀਅਤ ਸਿੰਘ ਕਾਹਲੋਂ
ਮਾਤਭੂਮੀ ਨਾਲ ਬਹੁਤ ਕੁਝ ਜੁੜਿਆ ਹੋਣ ਕਰਕੇ ਔਖੇ ਹਾਲਾਤ ਨੂੰ ਅਣਗੋਲੇ ਕਰ ਦੇਣਾ ਪਰਵਾਸੀਆਂ ਦੀ ਮਜਬੂਰੀ ਬਣ ਜਾਂਦਾ ਹੈ। ਇਸ ਲਈ ਸਾਨੂੰ ਚਾਚੇ ਦੇ ਭੋਗ ’ਤੇ ਪਹੁੰਚਣਾ ਜ਼ਰੂਰੀ ਜਾਪਣ ਲੱਗਾ। ਮਾਰਚ ਚੜ੍ਹਦੇ ਸਾਰ ਕੈਨੇਡਾ ਵਿੱਚ ਕਰੋਨਾ ਦੇ ਕੇਸ ਵਧਣ ਲੱਗ ਪਏ। ਸਿਹਤ ਵਿਗਿਆਨੀ ਇਸ ਨੂੰ ਕਰੋਨੇ ਦੀ ਦੂਜੀ ਲਹਿਰ ਮੰਨਦੇ ਸਨ, ਜੋ ਪਹਿਲੇ ਤੋਂ ਥੋੜ੍ਹੀ ਵੱਖਰੀ ਵੀ ਸੀ। ਦਿਨ ਬਦਿਨ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਸੀ। ਬਚਾਅ ਦੇ ਇਹਤਿਆਤ ਪੱਖੋਂ ਤਾਂ ਸਾਡੀ ਚੌਕਸੀ ਕਾਫ਼ੀ ਸੀ, ਪਰ ਸਫ਼ਰ ਦੌਰਾਨ ਕੁਝ ਗ਼ਲਤ ਨਾ ਵਾਪਰ ਜਾਏ, ਦਾ ਡਰ ਜ਼ਰੂਰ ਸਤਾਉਂਦਾ ਸੀ। ਦੋ ਦਿਨ ਸਾਰੇ ਪੱਖ ਵਿਚਾਰਦਿਆਂ ਮਿੱਟੀ ਦਾ ਮੋਹ ਹਾਵੀ ਹੋ ਗਿਆ। ਸਵੇਰੇ ਉੱਠਦਿਆਂ ਹੀ ਟਿਕਟਾਂ ਦਾ ਪਤਾ ਕਰਨ ’ਤੇ ਮੋਹਰ ਲਾ ਕੇ ਅਸੀਂ ਬਿਸਤਰੇ ਮੱਲ ਲਏ।
ਰਾਤ ਨੂੰ ਆਏ ਸੁਪਨਿਆਂ ਵਿੱਚ ਚਾਚੇ ਵਾਲੇ ਵਰਕੇ ਹੀ ਖੁੱਲ੍ਹਦੇ ਰਹੇ। ਪਹੁ ਫੁੱਟੀ, ਰੋਜ਼ਮਰਾ ਸ਼ੁਰੂ ਹੋਈ। ਦਫ਼ਤਰ ਖੁੱਲ੍ਹੇ, ਟਿਕਟਾਂ ਵਾਲੇ ਦਫ਼ਤਰ ਫੋਨ ਕੀਤਾ। ਉਨ੍ਹਾਂ ’ਤੇ ਕਈ ਸਾਲਾਂ ਤੋਂ ਜਾਣ ਪਛਾਣ ਤੇ ਭਰੋਸਾ ਬਣਿਆ ਹੋਇਐ। ਹਾਲ ਚਾਲ ਤੋਂ ਬਾਅਦ ਉਨ੍ਹਾਂ ਦਾ ਸਵਾਲ ਸੀ ਕਿ ਜਾਣਾ ਟਲ ਨਹੀਂ ਸਕਦਾ। ਉਹ ਸਵਾਰਥ ਤਿਆਗਕੇ ਨੇਕ ਸਲਾਹ ਦੇ ਰਹੇ ਸੀ। ਮੈਂ ਮਜਬੂਰੀ ਦੱਸੀ। ਬੀਬਾ ਜੀ ਦਾ ਕੰਪਿਊਟਰ ਖੁੱਲ੍ਹਾ ਹੀ ਹੋਊ। ਉਸ ਦਾ ਸਵਾਲ ਸੀ ਪਰਸੋਂ ਜਾ ਸਕਦੇ ਹੋ। ਮੇਰਾ ਜਵਾਬ ਤਿਆਰ ਹੀ ਸੀ ਕਿ ਅਸੀਂ ਕਿਹੜਾ ਘੋੜੇ ਬੀੜਨੇ ਆਂ, ਚਾਰ ਕੱਪੜੇ ਈ ਬੈਗ ਵਿੱਚ ਪਾਉਣੇ ਹੁੰਦੇ ਨੇ। ਹਾਂ, ਕੀਤੀ ਤੇ ਉਸ ਨੇ ਬੁੱਕ ਦਾ ਬਟਨ ਦਬਾ ਕੇ ਕਿਹਾ ਲਓ ਜੀ ਤੁਹਾਡੀ ਤੇ ਪ੍ਰੀਤ ਦੀ ਟਿਕਟ ਬੁੱਕ ਹੋਗੀ, ਵਾਪਸੀ ਵਿਸਾਖੀ ਤੋਂ ਹਫ਼ਤੇ ਬਾਅਦ ਹੈ। ਹਾਂ ਲੱਤਾਂ ਫੈਲਾਅ ਕੇ ਬੈਠਣ ਵਾਲੀਆਂ ਸੀਟਾਂ ਮੈਂ ਤੁਹਾਨੂੰ ਬੋਨਸ ਵਜੋਂ ਫਰੀ ਵਿੱਚ ਲੈ ਦਿੱਤੀਆਂ ਨੇ। ਬੀਬਾ ਜੀ ਨਾਲ ਈ ਅਹਿਸਾਨ ਵੀ ਕਰਤਾ।
ਜਹਾਜ਼ ਦੇ ਪਹੀਏ ਦਿੱਲੀ ਹਵਾਈ ਅੱਡੇ ਨਾਲ ਘਿਸਰਦਿਆਂ ਈ ਮਨ ਸ਼ਾਂਤ ਜਿਹਾ ਹੋ ਗਿਆ। ਲੱਗਿਆ ਜਿਵੇਂ ਸਾਡੀ ਘੰਟਿਆਂ ਦੀ ਥਕਾਵਟ ਜਹਾਜ਼ ਦੇ ਖੰਭਾਂ ਵਿੱਚ ਹੀ ਰਹਿ ਗਈ ਹੋਵੇ। ਜਹਾਜ਼ ਲੱਗਾ ਤਾਂ ਐਰੋ ਗੇਟ ’ਤੇ ਸੀ, ਪਰ ਦਰਵਾਜ਼ੇ ਖੁੱਲ੍ਹਣ ’ਚ ਹੋ ਰਹੀ ਦੇਰੀ ’ਤੇ ਗੁੱਸਾ ਆਉਣ ਲੱਗਾ। ਪਰ ਅੱਖਾਂ ਮਨ ਨੂੰ ਮਿੱਠੇ ਮਿੱਠੇ ਸੰਦੇਸ਼ ਭੇਜਣ ਲੱਗੀਆਂ। ਲੱਗਣ ਲੱਗਾ ਜਿਵੇਂ ਵਤਨ ਦੀ ਮਿੱਟੀ ਨੇ ਸਵਾਗਤ ਲਈ ਬਾਹਾਂ ਅੱਡੀਆਂ ਹੋਈਆਂ ਹੋਣ। ਇਮੀਗ੍ਰੇਸ਼ਨ ਵਾਲੀਆਂ ਰਸਮਾਂ ਪੂਰੀਆਂ ਕਰਕੇ ਸਾਮਾਨ ਲੈ ਕੇ ਬਾਹਰ ਨਿਕਲਣ ਤੱਕ ਕੈਲੰਡਰ ਉੱਤੇ ਅਗਲੇ ਦਿਨ ਦਾ ਚੜ੍ਹਾਅ ਹੋ ਗਿਆ ਸੀ। ਅਸੀਂ ਕਦੇ ਪਿੰਡ ਵਾਲਿਆਂ ਨੂੰ ਦਿੱਲੀਓਂ ਲੈ ਕੇ ਜਾਣ ਜਾਂ ਛੱਡ ਕੇ ਜਾਣ ਦਾ ਵਖ਼ਤ ਨਹੀਂ ਪਾਇਆ। ਔਨਲਾਈਨ ਟੈਕਸੀ ਬੁੱਕ ਕਰਕੇ ਚੱਲਦੇ ਹਾਂ। ਡਰਾਈਵਰ ਸਾਡੇ ਨਾਂ ਵਾਲੀ ਤਖ਼ਤੀ ਲੈ ਕੇ ਖੜ੍ਹਾ ਸੀ। ਆਪਣੀ ਪਛਾਣ ਦੱਸੀ। ਤਖ਼ਤੀ ਪਾਸੇ ਕਰਕੇ ਤੇ ਮੂੰਹ ’ਤੇ ਬੰਨ੍ਹਿਆ ਮਾਸਕ ਖੋਲ੍ਹਕੇ ਕਹਿੰਦਾ ਜੀ ਮੈਂ ਫਲਾਂ ਟੈਕਸੀ ਕੰਪਨੀ ਤੋਂ ਧੀਰ ਸਿੰਘ। ਧਾਰੀਵਾਲ ਦੀ ਬੁਕਿੰਗ ਐ ਨਾ ਤੁਹਾਡੀ। ਉਸ ਨੇ ਸਵਾਲ ਦੇ ਨਾਲ ਹੀ ਪਛਾਣ ਪੱਕੀ ਕਰ ਲਈ। ਬੋਲਚਾਲ ਤੇ ਸਾਦਗੀ ਪੱਖੋਂ ਰੱਜੀ ਰੂਹ ਵਾਲਾ ਇਨਸਾਨ ਲੱਗਿਆ ਧੀਰਜ ਨਾਲ ਲਰਬੇਜ਼ ਧੀਰ ਸਿੰਘ। ਮੇਰੇ ਚੇਤਿਆਂ ਵਿੱਚੋਂ ਦਾਦੀ ਜੀ ਉੱਭਰ ਆਏ। ਉਹ ਕਹਿੰਦੇ ਹੁੰਦੇ ਸੀ, ਦਿਨ ਚੜ੍ਹੇ ਚੰਗਾ ਬੰਦਾ ਮੱਥੇ ਲੱਗੇ ਤਾਂ ਸਾਰਾ ਦਿਨ ਬੜਾ ਸ਼ੁਭ ਲੰਘਦਾ।
ਧੀਰ ਸਿੰਘ ਨੇ ਗੱਡੀ ਸਟਾਰਟ ਕੀਤੀ, ਹੱਥ ਜੋੜ ਆਪਣੇ ਇਸ਼ਟ ਨੂੰ ਧਿਆਇਆ ਤੇ ਕੰਨਾਂ ਨੂੰ ਹੱਥ ਲਾ ਕੇ ਗੇਅਰ ਪਾ ਲਿਆ। ਸ਼ਾਇਦ ਕਰੋਨਾ ਪਾਬੰਦੀਆਂ ਕਾਰਨ ਜਾਂ ਹੋਰ, ਸਾਨੂੰ ਦਿੱਲੀ ਦੀਆਂ ਸੜਕਾਂ ’ਤੇ ਪਹਿਲਾਂ ਵਰਗੀ ਤੇਜ਼ ਰਫ਼ਤਾਰੀ ਤੇ ਭੱਜ ਦੌੜ ਨਾ ਦਿੱਸੀ। ਜ਼ਿੰਦਗੀ ਸਹਿਕਦੀ ਤੇ ਧੱਕੇ ਮਾਰਕੇ ਤੁਰਦੀ ਲੱਗ ਰਹੀ ਸੀ। ਕਿਸਾਨ ਮੋਰਚੇ ਵੱਲੋਂ ਹੋ ਕੇ ਜਾਣ ਬਾਰੇ ਕਹਿਣ ਤੇ ਧੀਰ ਸਿੰਘ ਨੇ ਆਪਣੀ ਕੰਪਨੀ ਦੀਆਂ ਹਦਾਇਤਾਂ ਦੇ ਪਾਲਣ ਦਾ ਹਵਾਲਾ ਦਿੰਦਿਆਂ ਉਸ ਪਾਸੇ ਜਾਣ ਤੋਂ ਅਸਮਰੱਥਾ ਪ੍ਰਗਟਾਈ। ਪਰ ਕੁਝ ਮਿੰਟ ਸੋਚ ਕੇ ਆਪ ਹੀ ਕਹਿਤਾ ਕਿ ਥੋੜ੍ਹਾ ਅੱਗੇ ਜਾ ਕੇ ਜੀਟੀ ਰੋਡ ਚੜ੍ਹ ਜਾਵਾਂਗੇ, ਜਿੱਥੋਂ ਤੁਸੀਂ ਸੰਘਰਸ਼ ਵਿੱਚ ਕੁੱਦੇ ਕਿਸਾਨਾਂ ਨੂੰ ਨੇੜਿਓਂ ਵੇਖ ਸਕੋਗੇ, ਪਰ ਐਨੀ ਰਾਤ ਕੋਈ ਕੋਈ ਹੀ ਜਾਗਦਾ ਹੋਊ।
ਰਾਈ ਦੇ ਕੋਲ ਜਦੋਂ ਸਾਡੀ ਕਾਰ ਕੌਮੀ ਸ਼ਾਹਰਾਹ ’ਤੇ ਚੜ੍ਹੀ ਤਾਂ ਦੁਵੱਲੀ ਸੰਘਰਸ਼ੀ ਕਿਸਾਨਾਂ ਦੇ ਬਸੇਰੇ ਦਿਸਣ ਲੱਗੇ। ਕਿਤੇ ਟਰਾਲੀਆਂ, ਕਿਤੇ ਟਰੱਕ, ਕਿਤੇ ਤਿਰਪਾਲਾਂ ਦੇ ਟੈਂਟ ਤੇ ਕਿਤੇ ਕਾਨਿਆਂ ਦੀਆਂ ਝੌਂਪੜੀਆਂ। ਉਹ ਮੇਰੇ ਕਿਆਸ ਤੋਂ ਵੀ ਵੱਖਰਾ ਜਿਹਾ ਦ੍ਰਿਸ਼ ਸੀ। ਹਰ ਰੈਣ ਬਸੇਰੇ ਵਿੱਚ ਕੋਈ ਨਾ ਕੋਈ ਵਿਲੱਖਣਤਾ ਸੀ। ਕਈਆਂ ਦੀ ਬਣਤਰ ਕਮਾਲ ਦੀ ਸੀ। ਕਾਰ ਹਲਕੀ ਰਫ਼ਤਾਰ ਨਾਲ ਚਲਾਉਣ ਤੋਂ ਮੈਂ ਭਾਂਪ ਲਿਆ ਸੀ ਕਿ ਧੀਰ ਸਿੰਘ ਨੂੰ ਮੇਰੀ ਦਿਲਚਸਪੀ ਪਤਾ ਲੱਗ ਗਈ ਹੈ। ਜਿਵੇਂ ਜਿਵੇਂ ਅੱਗੇ ਜਾ ਰਹੇ ਸਾਂ, ਸੰਘਰਸ਼ੀ ਕਿਸਾਨ ਯੋਧਿਆਂ ਦੇ ਕਿਲ੍ਹਿਆਂ ਦੀ ਗਿਣਤੀ ਤਾਂ ਘਟਦੀ ਜਾ ਰਹੀ ਸੀ, ਪਰ ਮੇਰਾ ਮਨ ਦੋ ਤਿੰਨ ਸਦੀਆਂ ਪਹਿਲਾਂ ਵਾਲੇ ਇਤਿਹਾਸਕ ਵਰਕੇ ਫਰੋਲਣ ਲੱਗ ਪਿਆ ਸੀ। ਉਹ ਦ੍ਰਿਸ਼ ਅੱਖਾਂ ਮੂਹਰੇ ਸਾਕਾਰ ਹੋਈ ਜਾ ਰਹੇ ਸਨ, ਜਦੋਂ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ’ਤੇ ਈ ਰਾਤਾਂ ਕੱਟਣੀਆਂ ਪੈਂਦੀਆਂ ਸਨ। ਮੈਂ ਮਨ ਨਾਲ ਅਹਿਦ ਕਰ ਲਿਆ ਕਿ ਚਾਚੇ ਦੇ ਭੋਗ ਤੋਂ ਬਾਅਦ ਅਤੇ ਵਾਪਸੀ ਤੋਂ ਪਹਿਲਾਂ ਦੇ ਕੁਝ ਦਿਨ ਇਨ੍ਹਾਂ ਯੋਧਿਆਂ ਨਾਲ ਇੱਥੇ ਕੱਟ ਕੇ ਹੀ ਕੈਨੇਡਾ ਮੁੜਾਂਗਾ ਤਾਂ ਕਿ ਆਪਣੇ ਪੋਤੇ ਦੋਹਤਿਆਂ ਨੂੰ ਤਾਂ ਦੱਸ ਸਕਾਂ ਕਿ ਪੰਜਾਬੀਆਂ ਦੀ ਅਣਖ, ਸਿਦਕ ਤੇ ਸਿਰੜ, ਜੋ ਕੁਝ ਸਾਲ ਪਹਿਲਾਂ ਆਖਰੀ ਸਾਹਾਂ ’ਤੇ ਸੀ, ਫਿਰ ਤੋਂ ਜਵਾਨ ਹੋ ਗਏ ਹਨ। ਅੱਗੇ ਜਾਂਦਿਆਂ ਮੇਰੀਆਂ ਅੱਖਾਂ ਨੀਂਦ ਕਾਰਨ ਨਹੀਂ, ਸਗੋਂ ਕਿਸਾਨਾਂ ਦੀ ਦੂਰਗਾਮੀ ਸੋਚ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਗਿਰਦ ਘੁੰਮਦੇ ਹੋਏ ਵਿਚਕਾਰ ਹੀ ਮੁੰਦ ਹੋਣ ਲੱਗ ਪਈਆਂ।
ਘਰ ਪਹੁੰਚਿਆਂ ਤਾਂ ਚਾਚੇ ਨਾਲ ਬਿਤਾਏ ਬਚਪਨ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋਣ ਲੱਗੀਆਂ। ਪਰ ਮਨ ’ਤੇ ਉੱਕਰੀਆਂ ਦਿੱਲੀ ਬਾਰਡਰ ਵਾਲੇ ਦ੍ਰਿਸ਼ ਦੀਆਂ ਤਸਵੀਰਾਂ ਵੀ ਧੁੰਦਲੀਆਂ ਹੋਣ ਦੀ ਥਾਂ ਦਿਨ ਬਦਿਨ ਸਾਫ਼ ਹੋਈ ਜਾ ਰਹੀਆਂ ਸਨ। ਭੋਗ ਤੋਂ ਚਾਰ ਕੁ ਦਿਨ ਬਾਅਦ ਮੈਂ ਸੰਘਰਸ਼ ਵਿੱਚ ਹਾਜ਼ਰੀ ਭਰਨ ਦੀ ਤਿਆਰੀ ਕਰ ਲਈ। ਭੋਗ ਮੌਕੇ ਅਤੇ ਪਹਿਲਾਂ ਮੈਂ ਆਪਣੀ ਇੱਛਾ ਕਈਆਂ ਨੂੰ ਦੱਸੀ। ਸਾਡੇ ਪਿੰਡ ਵਿੱਚੋਂ ਤਾਂ ਕਾਫ਼ੀ ਲੋਕਾਂ ਦਾ ਸ਼ੁਰੂਆਤ ਤੋਂ ਈ ਕਿਸਾਨ ਮੋਰਚੇ ਵਿੱਚ ਜਾਣ ਆਉਣ ਬਣਿਆ ਹੋਇਆ ਸੀ। ਨਾਲ ਦੇ ਪਿੰਡੋਂ ਦੋ ਦੋਸਤਾਂ ਨੇ ਚਾਰ ਕੁ ਦਿਨਾਂ ਬਾਅਦ ਵਾਪਸੀ ਦੀ ਮਜਬੂਰੀ ਦੱਸਕੇ ਸਾਥ ਬਣਾ ਦਿੱਤਾ। ਵਾਪਸੀ ਵਾਲੀ ਸ਼ਰਤ ਮੇਰੇ ਲਈ ਢੁੱਕਵੀਂ ਸੀ। ਅਮਰੀਕਾ ਵਾਪਸੀ ਵਿੱਚ ਸਾਡੇ ਕੋਲ ਹਫ਼ਤਾ ਕੁ ਹੀ ਬਚਦਾ ਸੀ।
ਸਵਾਰੀ ਪੱਖੋਂ ਸਾਡੇ ਕੋਲ ਸਫ਼ਾਰੀ ਹੋਣ ਕਰਕੇ ਤਿੰਨਾਂ ਜਣਿਆਂ ਦੇ ਰਹਿਣ ਲਈ ਕਿਸੇ ਹੋਰ ਪ੍ਰਬੰਧ ਦੀ ਬਹੁਤੀ ਲੋੜ ਨਹੀਂ ਸੀ ਪੈਣੀ। ਵੇਲੇ ਸਿਰ ਪਹੁੰਚਣ ਲਈ ਤੜਕਸਾਰ ਚੱਲਣ ਬਾਰੇ ਅਸੀਂ ਰਾਤ ਨੂੰ ਈ ਤੈਅ ਕਰ ਲਿਆ ਸੀ। ਰਸਤੇ ਵਿੱਚ ਬਹੁਤਾ ਨਾ ਰੁਕਣ ਕਰਕੇ ਦੁਪਹਿਰ ਢੱਲਦੇ ਈ ਅਸੀਂ ਸਿੰਘੂ ਬਾਰਡਰ ਪਹੁੰਚ ਕੇ ਕਿਸਾਨ ਮੋਰਚੇ ਦੇ ਭਾਈਵਾਲ ਬਣ ਗਏ। ਠੀਕ ਜਿਹਾ ਟਿਕਾਣਾ ਲੱਭ ਕੇ ਅਸੀਂ ਗੱਡੀ ਪਾਰਕ ਕੀਤੀ। ਆਂਢ ਗੁਆਂਢ ਨਾਲ ਜਾਣ ਪਛਾਣ ਕੀਤੀ ਤੇ ਹੋਰ ਜਾਣਕਾਰੀਆਂ ਲੈ ਕੇ ਮੁੱਖ ਸਟੇਜ ਵੱਲ ਨੂੰ ਹੋ ਤੁਰੇ।
ਪਹਿਲਾਂ ਤੋਂ ਉੱਥੇ ਵਿਚਰਦੇ ਕਿਸਾਨਾਂ ਦੀਆਂ ਕੰਨੀ ਪੈਂਦੀਆਂ ਗੱਲਾਂ ਤੋਂ ਲੱਗਣ ਲੱਗਾ ਕਿ ਝੁਲਦੇ ਝੱਖੜਾਂ ਵਿੱਚ ਇਮਾਰਤਾਂ ਦੀਆਂ ਨੀਂਹਾਂ ਖੋਦਣੀਆਂ ਕਿਸਾਨਾਂ ਦੇ ਹੱਡਾਂ ਵਿੱਚ ਰਚਿਆ ਹੋਇਆ। ਜਦੋਂ ਹਾਕਮ ਅਮੀਰਾਂ ਦੀ ਕਠਪੁਤਲੀ ਬਣ ਕੇ ਲੋਕਾਂ ਦੇ ਹੱਕ ਖੋਹਣ ਲੱਗ ਪੈਣ ਤਾਂ ਮੁਲਕ ਵਿੱਚ ਅੱਗ ਦੇ ਲਾਵਿਆਂ ਦਾ ਫੁੱਟਣਾ ਅਲੋਕਾਰੀ ਗੱਲ ਨਹੀਂ ਹੁੰਦੀ। ਮੰਜ਼ਿਲਾਂ ਸਰ ਕਰਨ ਲਈ ਰਸਤੇ ਰੋਕਣ ਵਾਲੇ ਸ਼ੂਕਦੇ ਦਰਿਆ ਤਾਂ ਪੰਜਾਬੀ ਮੁੱਢ ਕਦੀਮ ਤੋਂ ਪਾਰ ਕਰਦੇ ਆਏ ਨੇ। ਸਾਨੂੰ ਸੁਣੀ ਹੋਈ ਗੱਲ ਦਾ ਯਕੀਨ ਹੋ ਗਿਆ ਕਿ ਸਿੰਘੂ ਬਾਰਡਰ ’ਤੇ ਕਿਸਾਨਾਂ ਦੀ ਜਿੱਤ ਤੇ ਸਬਰ ਦੇ ਆਲ੍ਹਣੇ ਪੱਕੇ ਹੋ ਰਹੇ ਨੇ। ਸਬਰ, ਸੰਤੋਖ ਤੇ ਉਤਸ਼ਾਹ ਦਾ ਜਲੌਅ ਵੇਖਣ ਤੇ ਸੁਣਨ ਵਿਚਲੇ ਫ਼ਰਕ ਦਾ ਪਤਾ ਉੱਥੇ ਜਾ ਕੇ ਈ ਲੱਗਦਾ।
ਹਨੇਰਾ ਪੈਣ ਤੱਕ ਦਿੱਲੀ ਵਾਲੇ ਪਾਸੇ ਜਾਣ ਤੇ ਵਾਪਸ ਆਉਣ ਦਾ ਕਈ ਮੀਲ ਪੈਂਡਾ ਅਸੀਂ ਪੈਦਲ ਚੱਲਦਿਆਂ ਗਾਹ ਮਾਰਿਆ। ਆਪਣੀ ਗੱਡੀ ਤੱਕ ਪਹੁੰਚਣ ਤੋਂ ਪਹਿਲਾਂ ਲੰਗਰ ਛਕਦਿਆਂ ਅਸੀਂ ਮਹਿਸੂਸ ਕੀਤਾ ਜਿਵੇਂ ਗੁਰੂ ਜੀ ਆਪ ਦੇਗ ਵਰਤਾ ਰਹੇ ਹੋਣ। ਹਰੇਕ ਵਰਤਾਵੇ ਦੀ ਨਿਮਰਤਾ ਤੇ ਬੋਲੀ ਵਿੱਚ ਮਿਠਾਸ ਨਾਲ ਮਨ ਭਰ ਜਾਂਦਾ ਸੀ। ਆਰਜ਼ੀ ਰਿਹਾਇਸ਼ ਬਣੇ ਟਿਕਾਣਿਆਂ ਵਿੱਚੋਂ ਰਹਿਰਾਸ ਸਾਹਿਬ ਦੇ ਪਾਠ ਦੀਆਂ ਆਵਾਜ਼ਾਂ ਕੰਨੀ ਪੈਣ ਲੱਗੀਆਂ। ਸ਼ਾਮ ਪੈਂਦੇ ਹੀ ਆਪਣੀ ਆਪਣੀ ਧਾਰਮਿਕ ਆਸਥਾ ਅਨੁਸਾਰ ਲੋਕ ਨਿਰੰਕਾਰ ਕਰਤਾਰ ਨੂੰ ਧਿਆਉਣ ਲੱਗੇ। ਦੂਈ ਦਵੈਤ, ਭੇਦ ਭਾਵ, ਊਚ ਨੀਚ, ਵੱਡੇ ਛੋਟੇ ਵਾਲੀ ਕੋਈ ਕੰਧ ਸਾਨੂੰ ਉੱਥੇ ਕਿਧਰੇ ਵੀ ਨਜ਼ਰ ਨਾ ਆਈ। ਵਿਚਕਾਰ ਤਾਂ ਇੰਜ ਲੱਗੇ ਜਿਵੇਂ ਅਸੀਂ ਕਿਸੇ ਫਰੰਟ ’ਤੇ ਜਾਣ ਵਾਲੀ ਫ਼ੌਜੀ ਬ੍ਰਿਗੇਡ ਦੇ ਆਰਜ਼ੀ ਪੜਾਅ ਦਾ ਹਿੱਸਾ ਹੋਈਏ।
ਰਾਤ ਦਾ ਹਨੇਰਾ ਬੇਸ਼ੱਕ ਪਸਰ ਰਿਹਾ ਸੀ, ਪਰ ਲੋਕਾਂ ਨਾਲ ਗੱਲਾਂ ਕਰਕੇ ਲੱਗ ਰਿਹਾ ਸੀ ਜਿਵੇਂ ਕਿਸਾਨਾਂ ਵੱਲੋਂ ਆਪਣੀ ਹੋਂਦ ਬਚਾਉਣ ਲਈ ਸ਼ੁਰੂ ਕੀਤੇ ਸੰਘਰਸ਼ ਨੇ ਲੋਕ ਜਾਗ੍ਰਿਤੀ ਵਾਲੀ ਉੱਚੀ ਮਸ਼ਾਲ ਬਲਣ ਲਾ ਦਿੱਤੀ ਹੋਵੇ।
ਅਗਲੀ ਸਵੇਰ ਤਿਆਰ ਹੋ ਕੇ ਨਿਕਲੇ ਹੀ ਸੀ ਕਿ ਕਿਸੇ ਬੀਬੀ ਦੀ ਆਵਾਜ਼ ‘ਬਾਈ ਪ੍ਰਦੁਮਣ ਸਿਹੁੰ’ ਨੇ ਮੈਨੂੰ ਚੌਕੰਨਾ ਕੀਤਾ। ਆਵਾਜ਼ ਵਾਲੇ ਪਾਸੇ ਵੇਖਿਆ ਤਾਂ ਬਜ਼ੁਰਗ ਔਰਤ ਮੈਨੂੰ ਖੜੋਣ ਦਾ ਇਸ਼ਾਰਾ ਕਰਦੀ ਹੋਈ ਕਾਹਲੀ ਨਾਲ ਟਰਾਲੀ ਵਿੱਚੋਂ ਹੇਠਾਂ ਉਤਰ ਰਹੀ ਸੀ। ਉਸ ਨੂੰ ਪਛਾਣਨ ਲਈ ਮੈਂ ਯਾਦ ਸ਼ਕਤੀ ’ਤੇ ਜ਼ੋਰ ਦੇਣ ਲੱਗਾ, ਪਰ ਆਵਾਜ਼ ਸੁਣੀ ਸੁਣੀ ਲੱਗਣ ਤੋਂ ਅਗਾਂਹ ਨਾ ਤੁਰ ਸਕਿਆ। ਕੋਲ ਆ ਕੇ ਉਹ ਮੇਰਾ ਸਿਰ ਪਲੋਸਣ ਲੱਗੀ।
‘ਵੇ ਤੂੰ ਕਦੋਂ ਆਇਆਂ ’ਮਰੀਕਿਓਂ, ਕੱਲਾ ਈ ਕਿ ਸਾਰੇ ਈ ਆਏ ਓ, ਐਥੇ ਕਦੋਂ ਪੁੱਜਾ ਸੀ, ਚੱਲ ਚੰਗਾ ਕੀਤਾ, ਸ਼ੈਦ ਬਾਹਰ ਵਾਲਿਆਂ ਕਰਕੇ ਈ ਮੋਦੀ ਦੀ ਖਾਲੀ ਬੁੱਧੀ ਵਾਲੇ ਖਾਨੇ ਵਿੱਚ ਸੁਮੱਤ ਪੈ ਜਾਵੇ।’ ਇਕੋ ਸਾਹੇ ਉਸ ਨੇ ਕਈ ਸਵਾਲ ਕਰ ਦਿੱਤੇ।
‘ਹਾਂ, ਭੂਆ ਬਾਹਰੋਂ ਤਾਂ ਪ੍ਰੀਤਮ ਕੌਰ ਵੀ ਨਾਲ ਆਈ ਆ, ਪਰ ਇੱਥੇ ਮੈਂ ’ਕੱਲਾ ਈ ਆਇਆਂ।’ ਪਛਾਣਿਆ ਮੈਂ ਅਜੇ ਨਹੀਂ ਸੀ, ਪਰ ਮੈਂ ਖੁਦ ਹੈਰਾਨ ਕਿ ਭੂਆ ਕਿਵੇਂ ਕਹਿ ਹੋ ਗਿਆ।
‘ਲੈ ਵੇਖ ਲੈ ਨੀਂ ਕੁਲਵੰਤ ਕੌਰੇ ਤੂੰ ਕਹਿੰਦੀ ਸੀ, ਬਾਹਰ ਵਾਲੇ ਕਿੱਥੇ ਪਛਾਣਦੇ ਆ।’ ਉਸ ਨੇ ਟਰਾਲੀ ਵੱਲ ਮੂੰਹ ਕਰਕੇ ਉੱਚੀ ਆਵਾਜ਼ ਦਿੱਤੀ। ਤੇ ਫਿਰ ਮੋਹ ਜਿਹੇ ਨਾਲ ਸ਼ੁਰੂ ਹੋਗੀ।
‘ਹੋਰ ਸੁਣਾ ਆਪਣੇ ਬਾਕੀ ਜੀਆਂ ਦੀ। ਸਾਰੇ ’ਮਰੀਕਾ ਈ ਲੈ ਗਿਆਂ ਕਿ ਪਿੰਡ ਵੀ ਰਹਿੰਦਾ ਕੋਈ।’ ਬੇਬੇ ਸਵਾਲ ਕਰੀ ਜਾ ਰਹੀ ਸੀ, ਪਰ ਮੈਂ ਸੋਚੀ ਜਾ ਰਿਹਾ ਸਾਂ ਕਿ ਹੁਣ ਪਛਾਣ ਬਾਰੇ ਪੁੱਛਾਂ ਕਿਹੜੇ ਮੂੰਹ ਨਾਲ।
‘ਮੈਨੂੰ ਤਾਂ ਕਈ ਸਾਲ ਹੋਗੇ ਤੁਹਾਡੇ ਪਿੰਡ ਗਿਆਂ। ਜਦੋਂ ਦੇ ਪਾਤੜਾਂ ਆਏ ਆਂ ਪੇਕੇ ਦੂਰ ਈ ਬੜੇ ਹੋਗੇ। ਪੇਕੇ ਵੀ ਤੇ ਕਾਕਾ ਮਾਪਿਆਂ ਨਾਲ ਈ ਹੁੰਦੇ ਆ ਨਾ। ਫ਼ੌਜੀ ਕਰਨੈਲ ਸਿਉਂ ਦੇ ਮਸੋਸ ’ਤੇ ਗਈ ਸੀ, ਤੇਰੇ ਨਾਲ ਈ ਪੜ੍ਹਦਾ ਹੁੰਦਾ ਸੀ ਨਾ ਉਹਦਾ ਮੁੰਡਾ ਜੀਤਾ। ਨਿਆਣੇ ਈ ਵਰਤਦੇ ਆ ਆਪਸ ਵਿੱਚ, ਬੁੱਢਿਆਂ ਨੂੰ ਕੌਣ ਪੁੱਛਦੈ ਹੁਣ।’ ਉਸ ਦੀ ਇਸ ਜਾਣਕਾਰੀ ਵਿੱਚੋਂ ਉਸ ਦੀ ਪਛਾਣ ਹੋਗੀ। ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ ਭੂਆ ਸੱਚ ਸਾਬਤ ਹੋ ਗਿਆ। ਉਹ ਸਾਡੇ ਪਿੰਡ ਦੀ ਧੀ ਸੀ। ਸ਼ਰੀਕੇ ਵਿੱਚੋਂ ਬਾਪੂ ਹੋਰਾਂ ਦੀ ਭੈਣ ਸੀ, ਪਰ ਘਰ ਪਿੰਡੋਂ ਬਾਹਰ ਡੇਰੇ ’ਤੇ ਹੋਣ ਕਾਰਨ ਇੱਕ ਦੂਜੇ ਦੀ ਖ਼ਬਰਸਾਰ ਘੱਟ ਰਹਿੰਦੀ ਸੀ। ਭੂਆ ਦਾ ਇੱਕ ਭਤੀਜਾ ਜੀਤਾ ਦਸਵੀਂ ਤੱਕ ਮੇਰਾ ਜਮਾਤੀ ਰਿਹਾ ਸੀ। ਮੈਨੂੰ ਵੀ ਤੇ ਅਮਰੀਕਾ ਆਇਆਂ 38 ਸਾਲ ਹੋ ਗਏ ਸੀ। ਉੱਥੇ ਖੜ੍ਹਿਆਂ ਰਸਤਾ ਰੁਕਦਾ ਹੋਣ ਕਰਕੇ ਅਸੀਂ ਪਾਸੇ ਨੂੰ ਹੋਗੇ। ਥੋੜ੍ਹਾ ਪਰੇ ਸੀਮਿੰਟ ਦੇ ਟੁੱਟੇ ਖੰਭੇ ਬੁਰਜੀਆਂ ’ਤੇ ਰੱਖਕੇ ਬੈਂਚ ਬਣਾਏ ਹੋਏ ਸੀ। ਮੈਂ ਭੂਆ ਨੂੰ ਉੱਥੇ ਬੈਠਣ ਲਈ ਕਹਿ ਕੇ ਸਾਹਮਣੇ ਵਾਲੇ ’ਤੇ ਆਪ ਬੈਠ ਗਿਆ ਤੇ ਭੂਆ ਨਾਲ ਗੱਲੀਂ ਲੱਗ ਗਿਆ। ਆਪਣੇ ਬਾਰੇ ਸਭ ਕੁਝ ਦੱਸ ਕੇ ਮੈਂ ਉਸ ਬਾਰੇ ਪੁੱਛਣ ਲੱਗਾ।
ਭੂਆ, ਫੁੱਫੜ ਤੇ ਉਨ੍ਹਾਂ ਦਾ ਲੜਕਾ ਜ਼ੈਲ ਸਿੰਘ ਤੇ ਦੋ ਪੋਤੇ ਕਿਸਾਨਘਾਤ ਕਾਨੂੰਨਾਂ ਖਿਲਾਫ਼ ਸ਼ੁਰੂ ਹੋਏ ਸੰਘਰਸ਼ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸਨ। ਦਿੱਲੀ ਮਾਰਚ ਵਾਲੀ ਮੂਹਰਲੀ ਕਤਾਰ ਵਿੱਚ ਭੂਆ ਦੇ ਨਿੱਕੇ ਪੋਤੇ ਰਵੀਤੇਜ ਦੀ ਟਰੈਕਟਰ ਟਰਾਲੀ ਪੰਜਵੇਂ ਸੱਤਵੇਂ ਨੰਬਰ ’ਤੇ ਈ ਸੀ ਤੇ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ’ਤੇ ਜਲ ਤੋਪਾਂ ਦੀਆਂ ਬੁਛਾੜਾਂ ਦੀ ਉਨ੍ਹਾਂ ਨੇ ਬਥੇਰੀ ਮਾਰ ਝੱਲੀ ਸੀ। ਅੰਬਾਲੇ ਵਾਲੇ ਨੌਜੁਆਨ ਨਵਦੀਪ ਸਿੰਘ, ਜਿਸ ਨੇ ਜਲਤੋਪ ਟੈਂਕਰ ਉੱਪਰ ਚੜ੍ਹਕੇ ਮੂੰਹ ਭੰਵਾਇਆ ਸੀ ਤਾਂ ਉਸ ਦੇ ਟੈਂਕਰ ਤੋਂ ਛਾਲ ਮਾਰਨ ਲਈ ਰਵੀਤੇਜ ਨੇ ਈ ਆਪਣੀ ਟਰਾਲੀ ਟੈਂਕਰ ਦੇ ਬਿਲਕੁਲ ਨਾਲ ਕਰਕੇ ਲੰਘਾਈ ਸੀ। ਸ਼ੰਭੂ ਬਾਰਡਰ ਉੱਤੇ ਰਾਤ ਨੂੰ ਚੰਗੇ ਮਾੜੇ ’ਤੇ ਨਜ਼ਰ ਰੱਖਣ ਯਾਨੀ ਪਹਿਰਾ ਦੇਣ ਵਾਲਾ ਕੰਮ ਰਵੀਤੇਜ ਦੇ ਦਾਦਾ ਜੀ ਯਾਨੀ ਸਾਡੇ ਫੁੱਫੜ ਨੇ ਆਪ ਕਹਿ ਕੇ ਲਿਆ ਸੀ। ਮਹੀਨਾ ਕੁ ਈ ਲੰਘਿਆ ਹੋਊ। ਇੱਕ ਬਰਫ਼ੀਲੀ ਰਾਤ ਉਸ ਨੂੰ ਮੋਟੇ ਕੱਪੜਿਆਂ ਤੇ ਕੰਬਲ ਦੀ ਬੁੱਕਲ ਵਿੱਚ ਵੀ ਕਾਂਬਾ ਛਿੜਨ ਲੱਗਾ। ਉਹ ਸੋਚ ਕੇ ਕਿ ਹੋਰ ਚਾਰ ਘੰਟਿਆਂ ਨੂੰ ਦਿਨ ਚੜ੍ਹ ਜਾਣੈ, ਹੁਣ ਆਪਣੀ ਥਾਂ ਖੜ੍ਹਾਉਣ ਲਈ ਕਿਸੇ ਨੂੰ ਜਗਾ ਕੇ ਉਸ ਦੀ ਨੀਂਦ ਕਾਹਨੂੰ ਖ਼ਰਾਬ ਕਰਾਂ, ਉਂਜ ਈ ਖੜ੍ਹਾ ਰਿਹਾ। ਸਵੇਰ ਤੱਕ ਉਸ ਦੀ ਹਾਲਤ ਵਿਗੜ ਗਈ ਤੇ ਮੋਰਚੇ ਦੇ ਸ਼ਹੀਦਾਂ ਵਿੱਚ ਆਪਣਾਂ ਨਾਂ ਲਿਖਵਾ ਗਿਆ। ਪਤੀ ਦੇ ਸਸਕਾਰ ਤੇ ਭੋਗ ਤੱਕ ਭੂਆ ਪਿੰਡ ਰਹਿ ਕੇ ਵਾਪਸ ਮੋਰਚੇ ਵਿੱਚ ਪਹੁੰਚ ਗਈ। ਮੈਂ ਵੇਖਿਆ ਕਿ ਗੱਲਾਂ ਕਰਦਿਆਂ ਭੂਆ ਦਾ ਚਿਹਰਾ ਝੁਰੜੀਆਂ ਲੁਕੋ ਕੇ ਕਿਸੇ ਮਾਣ ਮੱਤੀ ਜਿੱਤ ਦਾ ਝਲਕਾਰਾ ਪਾਉਣ ਲੱਗ ਪਿਆ ਸੀ। ਪਤੀ ਦੇ ਵਿਛੋੜੇ ਦੀ ਚੀਸ ਦੀ ਥਾਂ ਉਹ ਮਾਣ ਮਹਿਸੂਸ ਕਰ ਰਹੀ ਸੀ। ਪਰਿਵਾਰ ਨੇ ਪਿਤਾ ਦੀ ਸ਼ਹੀਦੀ ਪਿੱਛੋਂ ਸਰਕਾਰੀ ਤੇ ਦਾਨੀਆਂ ਵੱਲੋਂ ਦਿੱਤੀ ਸਾਰੀ ਰਕਮ ਬਿਨਾਂ ਨਾਂ ਲਿਖਾਏ ਮੋਰਚਾ ਖ਼ਰਚੇ ਲਈ ਜਮ੍ਹਾਂ ਕਰਵਾ ਦਿੱਤੀ ਸੀ।
ਪਿਤਾ ਦੇ ਤੁਰ ਜਾਣ ਦੀਆਂ ਰਸਮਾਂ ਨਿਭਾ ਕੇ ਅਤੇ ਖੇਤੀ ਸੰਭਾਲਣ ਦੀ ਜ਼ਿੰਮੇਵਾਰੀ ਵੱਡੇ ਮੁੰਡੇ ਰਵੀਪਾਲ ਨੂੰ ਸੌਂਪ ਕੇ ਜ਼ੈਲ ਸਿੰਘ ਮੋਰਚੇ ਵਿੱਚ ਪਹੁੰਚ ਗਿਆ ਤੇ ਬਾਪ ਵਾਲੀ ਜ਼ਿੰਮੇਵਾਰੀ ਸੰਭਾਲ ਲਈ। ਭੂਆ ਆਪਣਾ ਬਹੁਤਾ ਸਮਾਂ ਲੰਗਰ ਦੇ ਕੰਮਾਂ ਵਿੱਚ ਲੰਘਾਉਂਦੀ ਸੀ। ਕਹਿੰਦੀ, ‘ਪੁੱਤ ਸਾਰੀ ਜ਼ਿੰਦਗੀ ਤਾਂ ਚੱਲ ਸੋ ਚੱਲ ਰਹੀ, ਕੀ ਕਰਾਂ, ਵਿਹਲੀ ਬੈਠਦੀ ਸੀ ਤਾਂ ਹੱਡ ਦੁਖਣ ਲੱਗ ਪੈਂਦੇ ਸੀ ਤੇ ਰਾਤ ਉਸਲਵੱਟੇ ਲੈਂਦਿਆਂ ਨਿਕਲਦੀ ਆ ਵੱਡੀ ਉਮਰੇ। ਥੱਕੇ ਹੋਈਏ ਤਾਂ ਰਾਤ ਦੀ ਨੀਂਦ ਕੁੱਕੜ ਦੀ ਬਾਂਗ ਨਾਲ ਟੁੱਟਦੀ ਆ।’
ਫੁੱਫੜ ਦੀ ਮੌਤ ਬਾਅਦ ਭੂਆ ਨੂੰ ਲੰਗਰ ਪ੍ਰਬੰਧ ਦੀ ਦੇਖਭਾਲ ਸੰਭਾਲ ਦਿੱਤੀ ਗਈ। ਉਸ ਦੇ ਸੁਚੱਜ ਨੇ ਪਹਿਲੀ ਮਿਕਦਾਰ ਵਾਲੀ ਰਸਦ ਨਾਲ ਵੱਧ ਲੋਕਾਂ ਦੇ ਪੇਟ ਭਰਕੇ ਵੀ ਲੰਗਰ ਵਧਣ ਲੱਗਿਆ ਤਾਂ ਸਮਾਂ ਪਹਿਲਾਂ ਦੋ ਘੰਟੇ ਤੇ ਫਿਰ ਚਾਰ ਘੰਟੇ ਹੋਰ ਵਧਾ ਦਿੱਤਾ ਗਿਆ। ਸੰਗਤ ਨੂੰ ਉਹ ਲੰਗਰ ਹੋਰ ਥਾਵਾਂ ਤੋਂ ਵੱਧ ਸਵਾਦ ਲੱਗਣ ਲੱਗ ਪਿਆ। ਦਿਨਾਂ ਵਿੱਚ ਈ ਉਸ ਲੰਗਰ ਦੀ ਪਛਾਣ ਦੀਪੋ ਮਾਸੀ ਵਾਲਾ ਲੰਗਰ ਬਣ ਗਈ। ਜਦੋਂ ਸ਼ੰਭੂ ਆ ਕੇ ਡੇਰੇ ਲਾਏ ਸੀ ਤਾਂ ਉਨ੍ਹਾਂ ਦੀ ਟਰਾਲੀ ਦੇ ਨੇੜੇ ਈ ਉਸ ਦੀ ਭੈਣ ਦੇ ਪਿੰਡ ਦੀਆਂ ਕਈ ਟਰਾਲੀਆਂ ਹੋਣ ਕਾਰਨ ਉੱਥੋਂ ਵਾਲੇ ਲੋਕਾਂ ਦੇ ਮਾਸੀ ਕਹਿਣ ਕਾਰਨ ਉਹ ਬੀਬੀ ਦੀਪੋ ਤੋਂ ਦੀਪੋ ਮਾਸੀ ਬਣ ਗਈ ਸੀ। ਸਾਡੇ ਗੱਲਾਂ ਕਰਦਿਆਂ ਭੂਆ ਨੂੰ ਪਿੰਡੋਂ ਪੋਤੇ ਦਾ ਫੋਨ ਆਇਆ ਕਿ ਕੰਬਾਇਨ ਆ ਗਈ ਆ ਤੇ ਕੱਲ੍ਹ ਤੱਕ ਸਾਰੀ ਕਣਕ ਸਾਂਭੀ ਜਾਊਗੀ। ਭੂਆ ਨੇ ਉਸ ਨੂੰ ਯਾਦ ਕਰਾਇਆ ਕਿ ਅੰਬਾਂ ਵਾਲੇ ਖੇਤ ਦੀ ਸਾਰੀ ਕਣਕ ਉਹ ਬੋਰੀਆਂ ਵਿੱਚ ਪਾ ਕੇ ਵੱਖਰੀ ਕਰ ਲਏ। ਉਹ ਤਾਂ ਬੀਜੀ ਹੀ ਮੋਰਚੇ ਵਾਲੇ ਲੰਗਰ ਦਾ ਨਾਂ ਲੈ ਕੇ ਸੀ। ਭੂਆ ਦੀ ਗੱਲ ਸੁਣਦੇ ਸਾਰ ਮੇਰਾ ਸਿਰ ਫਖ਼ਰ ਨਾਲ ਉੱਚਾ ਹੋ ਗਿਆ। ਭਲਾਂ ਮੋਰਚਿਆਂ ਵਾਲੇ ਲੰਗਰਾਂ ਦੇ ਨਾਂ ਉੱਤੇ ਖੇਤੀ ਕਰਨ ਵਾਲਿਆਂ ਦੇ ਖੇਤ ਕੋਈ ਕਿੰਜ ਖੋਹ ਲਊ। ਮੇਰੇ ਮਨ ਨੇ ਇਹ ਸਵਾਲ ਉਨ੍ਹਾਂ ਬੇਸਮਝ ਲੋਕਾਂ ਨੂੰ ਕੀਤਾ, ਜੋ ਕਹਿੰਦੇ ਨੇ ਕਿ ਸਰਕਾਰ ਅੱਗੇ ਕਿਹੜਾ ਟਿਕ ਜਾਊ।
ਭੂਆ ਦੱਸਦੀ ਗਈ ਕਿ ਕਿੰਝ ਉਨ੍ਹਾਂ ਜ਼ਮੀਨ ਥੋੜ੍ਹੀ ਤੋਂ ਬਹੁਤੀ ਕਰਨ ਲਈ ਮਾਝੇ ਤੋਂ ਵੇਚ ਕੇ ਪਾਤੜਾਂ ਕੋਲ ਆ ਕੇ ਲੈ ਲਈ ਸੀ। ਛੇਤੀ ਹੀ ਉਨ੍ਹਾਂ ਨੂੰ ਨਹਿਰੀ ਪਾਣੀ ਲੱਗਣ ਲੱਗ ਪਿਆ ਸੀ। ਫਿਰ ਉਨ੍ਹਾਂ ਪਿੱਛੇ ਨਹੀਂ ਵੇਖਿਆ। ਜ਼ੈਲ ਸਿੰਘ ਤਾਂ ਸਕੂਲੇ ਪੜ੍ਹਦਿਆਂ ਵੀ ਕਾਫ਼ੀ ਸਮਾਂ ਖੇਤਾਂ ਵਿੱਚ ਲਾਉਂਦਾ ਹੁੰਦਾ ਸੀ। ਸਕੂਲ ਪਾਸ ਕਰਕੇ ਤਾਂ ਪਿਉ ਵਾਂਗ ਨਾ ਉਸ ਨੇ ਰਾਤਾਂ ਦੀ ਠੰਢ ਵੇਖੀ ਤੇ ਨਾ ਕਦੇ ਪਸੀਨੇ ਨਾਲ ਭਿੱਜਦੇ ਕੱਪੜਿਆਂ ਦੀ ਪਰਵਾਹ ਕੀਤੀ। ਦੋ ਘੰਟੇ ਬੈਠੀ ਭੂਆ ਨੇ 40 ਸਾਲਾਂ ਡਾਇਰੀ ਦੇ ਵਰਕੇ ਫੋਲ ਮਾਰੇ। ਸੀਮਿੰਟ ਦੇ ਖੰਭੇ ’ਤੇ ਬੈਠਿਆਂ ਮੇਰੀਆਂ ਲੱਤਾਂ ਦੀ ਹਾਲਤ ਸੌਂ ਜਾਣ ਵਰਗੀ ਹੋ ਗਈ ਸੀ, ਪਰ ਆਪਣੇ ਤੋਂ 20-25 ਸਾਲ ਵੱਡੀ ਭੂਆ ਦੇ ਚਿਹਰੇ ’ਤੇ ਕੋਈ ਥਕਾਨ ਨਜ਼ਰ ਨਾ ਆਈ। ਉਸ ਨੂੰ ਲੰਗਰ ਦੇ ਕੰਮ ਯਾਦ ਆਏ ਤਾਂ ਕਹਿੰਦੀ ਹੁਣ ਉਹ ਕੰਮ ਕਰ ਆਵਾਂ, ਰਾਤ ਨੂੰ ਫੋਲਾਂਗੇ ਬਾਕੀ ਦੁਖ ਸੁਖ।
ਮੈਂ ਆਪਣੇ ਸਾਥੀਆਂ ਨੂੰ ਫੋਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਰੈਲੀ ਵਿੱਚ ਬੈਠੇ ਨੇ। ਉੱਧਰ ਜਾਣ ਈ ਲੱਗਾ ਕਿ ਮੂਹਰਿਓਂ ਆਉਂਦੇ ਨੌਜਆਨ ਨੇ ਹੱਥ ਜੋੜੇ ਤੇ ਪੈਰਾਂ ਵੱਲ ਝੁਕਿਆ। ਮੈਂ ਕਿਹਾ, ‘ਕਾਕਾ ਪਛਾਣਿਆ ਨਹੀਂ।’ ਉਸ ਨੇ ਦੱਸਿਆ ਕਿ ਉਹ ਸਾਡੇ ਅਮਰੀਕਨ ਗੁਆਂਢੀ ਦਾ ਭਰਾ ਹੈ ਫਿਲੌਰ ਤੋਂ। ਉਸ ਦੇ ਭਰਾ ਨੇ ਸਾਡੀਆਂ ਸਾਂਝੀਆਂ ਕੋਈ ਵੀਡੀਓ’ਜ਼ ਭੇਜੀਆਂ ਹੋਣਗੀਆਂ। ਉਸ ਤੋਂ ਉਸ ਨੇ ਪਛਾਣ ਕਰ ਲਈ। ਉਸ ਨੇ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ। ਕਹਿੰਦਾ, ‘ਪਿੰਡ ਦੇ ਤੀਜਾ ਹਿੱਸਾ ਮੁੰਡੇ ਨਸ਼ੇੜੀ ਬਣ ਗਏ ਸਨ, ਪਰ ਮੋਰਚੇ ਵਿੱਚ ਸ਼ਮੂਲੀਅਤ ਕਾਰਨ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਖਹਿੜਾ ਛੁੱਟ ਗਿਆ।’ ਉਸ ਨੇ ਨਸ਼ਾ ਛੁਡਾਊ ਕੇਂਦਰਾਂ ਦੀ ਅਸਲੀਅਤ ਦੱਸ ਕੇ ਹੈਰਾਨ ਕਰ ਦਿੱਤਾ। ਕਹਿੰਦਾ ਇਹ ਸਰਕਾਰੀ ਸਰਪ੍ਰਸਤੀ ਹੇਠ ਚੱਲਦੇ ਲੁੱਟ ਤੇ ਕੁੱਟ ਦੇ ਅੱਡਿਆਂ ਤੋਂ ਵੱਧ ਕੁਝ ਨਹੀਂ। ਦੋ ਦਿਨ ਰਹਿਕੇ ਅਸੀਂ ਵਾਪਸ ਤਾਂ ਆ ਗਏ, ਪਰ ਮੈਨੂੰ ਆਪਣੀ ਰੂਹ ਉਨ੍ਹਾਂ ਮਹਾਨ ਆਤਮਾਵਾਂ ਨਾਲ ਇਕਮਿਕ ਜਾਪਣ ਲੱਗੀ।
ਮੋਰਚੇ ਦੀਆਂ ਗੱਲਾਂ ਸੁਣਕੇ ਮੇਰੀ ਪਤਨੀ (ਪ੍ਰੀਤ) ਦੀ ਉਤਸੁਕਤਾ ਕਾਫ਼ੀ ਵਧ ਗਈ ਸੀ। ਕਹਿਣ ਲੱਗੀ ਅਮਰੀਕਾ ਵਾਪਸ ਜਾਂਦਿਆਂ ਉਹ ਵੀ ਕੁਝ ਵੇਖਕੇ ਤੇ ਯਾਦ ਵਿੱਚ ਵਸਾ ਕੇ ਮੁੜੇਗੀ। ਤੀਜੇ ਦਿਨ ਦਿੱਲੀ ਹਵਾਈ ਅੱਡੇ ਜਾਂਦਿਆਂ ਅਸੀਂ ਟੈਕਸੀ ਵਾਲੇ ਨਾਲ ਇਹ ਗੱਲ ਪਹਿਲਾਂ ਤੈਅ ਕਰ ਲਈ। ਰਾਤੀਂ 10 ਵਜੇ ਹਵਾਈ ਅੱਡੇ ਪੁੱਜਣ ਦੇ ਸਮੇਂ ਬਾਰੇ ਟੈਕਸੀ ਵਾਲੇ ਨੂੰ ਪੁੱਛ ਕੇ ਦੋ ਘੰਟੇ ਵਾਧੂ ਲੈ ਕੇ ਚੱਲੇ, ਜਿਸ ਵਿੱਚੋਂ ਘੰਟਾ ਕੁ ਅਸੀਂ ਭੂਆ ਨਾਲ ਬਿਤਾਉਣਾ ਸੀ। ਭੂਆ ਵਾਲੀ ਟਰਾਲੀ ਤੋਂ ਪਹਿਲਾਂ ਦੋ ਥਾਵਾਂ ’ਤੇ ਥੋੜ੍ਹੀ ਥੋੜ੍ਹੀ ਦੇਰ ਰੁਕੇ ਤੇ ਗੱਲਾਂ ਕੀਤੀਆਂ। ਭੂਆ ਦੇ ਟਿਕਾਣੇ ਪਹੁੰਚੇ। ਟਰਾਲੀ ਤਾਂ ਉਹੀ ਸੀ, ਪਰ ਵਿੱਚ ਲੋਕ ਪਹਿਲਾਂ ਵਾਲੇ ਨਹੀਂ ਸੀ। ਪੁੱਛਣ ’ਤੇ ਪਤਾ ਲੱਗਾ ਕਿ ਭੂਆ ਤਾਂ ਪਰਸੋਂ ਮੋਰਚੇ ਦੇ ਲੇਖੇ ਲੱਗ ਗਈ। ਸਵੇਰ ਤੋਂ ਦੁਪਹਿਰ ਤੱਕ ਲੰਗਰ ਦੇ ਸਾਰੇ ਕੰਮ ਕਰਵਾਉਂਦੀ ਰਹੀ। ਕਈ ਮਹੀਨੀਆਂ ਤੋਂ ਸਟੇਜ ਵਾਲੀਆਂ ਡਿਊਟੀਆਂ ਨਿਭਾ ਰਿਹਾ ਉਸ ਦਾ ਪੋਤਾ ਉਸ ਨੂੰ ਸਵੇਰੇ ਈ ਤਾਂ ਦਵਾਈ ਦੇ ਕੇ ਗਿਆ ਸੀ। ਦਾਦੀ ਪੋਤਾ ਕਿੰਨੀ ਦੇਰ ਘਰ ਦੀਆਂ ਗੱਲਾਂ ਕਰਦੇ ਰਹੇ ਸੀ ਲੰਗਰ ਤੋਂ ਪਾਸੇ ਜਿਹੇ ਹੋ ਕੇ। ਸ਼ਾਮ ਦੇ ਲੰਗਰ ਦੀ ਤਿਆਰੀ ਵਾਲੀਆਂ ਰਸਦਾਂ ਪਾਸੇ ਕਰਦੀ ਕਰਦੀ ਉਹ ਆਪ ਪਾਸੇ ਨੂੰ ਲੁੜ੍ਹਕ ਗਈ। ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਈ ਉਨ੍ਹਾਂ ਦੀ ਦੀਪੋ ਮਾਸੀ ਆਪਣੀ ਜਾਨ ਮੋਰਚੇ ਦੇ ਲੇਖੇ ਲਾ ਗਈ।
ਟਰਾਲੀ ਵਿੱਚ ਬੈਠੀ ਸਸਕਾਰ ਕਰਵਾ ਕੇ ਥੋੜ੍ਹੀ ਦੇਰ ਪਹਿਲਾਂ ਪਹੁੰਚੀ ਉਸੇ ਪਿੰਡ ਦੀ ਔਰਤ ਕੁਲਵੰਤ ਕੌਰ ਨੇ ਦੱਸਿਆ ਕਿ ਮਾਸੀ ਦੇ ਭੋਗ ’ਤੇ ਹੋਰ ਰਸਮਾਂ ਪੂਰੀਆਂ ਕਰਕੇ ਉਸ ਦੀ ਨੂੰਹ ਇੱਥੇ ਆ ਕੇ ਉਸ ਦੀਆਂ ਜ਼ਿੰਮੇਵਾਰੀਆਂ ਸੰਭਾਲੇਗੀ। ਪ੍ਰੀਤ ਤਾਂ ਕੁਲਵੰਤ ਕੌਰ ਨਾਲ ਗੱਲਾਂ ਕਰਦਿਆਂ ਇੰਜ ਰਚ ਮਿਚ ਗਈ ਜਿਵੇਂ ਭੈਣਾਂ ਹੋਣ। ਦੇਰ ਹੁੰਦੀ ਵੇਖ ਸਾਡਾ ਡਰਾਈਵਰ ਇਸ਼ਾਰੇ ਕਰੀ ਜਾ ਰਿਹਾ ਸੀ। ਉਸ ਨੂੰ ਟਾਈਮ ਨਾਲ ਹਵਾਈ ਅੱਡੇ ਪਹੁੰਚਾਉਣ ਦਾ ਫ਼ਿਕਰ ਸੀ। ਗੱਡੀ ’ਚ ਬੈਠਕੇ ਪ੍ਰੀਤ ਦਾ ਰੁਮਾਲ ਅੱਖਾਂ ਤੋਂ ਪਾਸੇ ਨਹੀਂ ਸੀ ਹੋ ਰਿਹਾ। ਥੋੜ੍ਹੀ ਦੇਰ ਬਾਅਦ ਆਪਣੇ ਆਪ ਨੂੰ ਸੰਭਾਲਦੇ ਹੋਏ ਉਸ ਨੇ ਸਵਾਲ ਕੀਤਾ ਕਿ ਇੱਥੇ ਸਾਰਾ ਕੁਝ ਤਾਂ ਆਮ ਵਰਗਾ ਈ ਆ, ਪਰ ਇੱਥੋਂ ਦੇ ਵਾਤਾਵਰਣ ਵਿੱਚ ਆਹ ਅਜੀਬ ਜਿਹੀ ਮਹਿਕ ਕਾਹਦੀ ਆ, ਜੋ ਮਨ ਨਾਲ ਇਕਮਿਕ ਹੋ ਕੇ ਉਸ ਨੂੰ ਸੁਗੰਧਿਤ ਕਰੀ ਜਾਂਦੀ ਆ। ਅਚਾਨਕ ਮੈਨੂੰ ਇੱਕ ਗੱਲ ਯਾਦ ਆਈ ਤੇ ਸਹਬਿਨ ਮੂੰਹੋਂ ਨਿਕਲ ਗਿਆ, ‘ਤੂੰ ਇੱਕ ਵਾਰ ਕਿਤਾਬ ਪੜ੍ਹੀ ਸੀ ਨਾ ‘ਮੁੜਕੇ ਦੀ ਖੁਸ਼ਬੋ’। ਇਹ ਉਹੀ ਖੁਸ਼ਬੋ ਆ ਜੋ ਸਾਡੇ ਮਨਾਂ ਵਿੱਚ ਸਮਾਈ ਹੋਈ ਆ, ਪਰ ਇਸ ਦੀ ਮਹਿਕ ਸਿਰਫ਼ ਪਸੀਨੇ ਨਾਲ ਸਿੰਜ ਕੇ ਫ਼ਸਲਾਂ ਪਾਲਣ ਵਾਲਿਆਂ ਨੂੰ ਹੀ ਆਉਂਦੀ ਆ।’ ਸੁਣ ਕੇ ਪ੍ਰੀਤ ਨੇ ਅੱਖਾਂ ਮੇਰੇ ਚਿਹਰੇ ’ਤੇ ਇੰਜ ਗੱਡ ਲਈਆਂ ਜਿਵੇਂ ਮੈਂ ਉਸ ਦੇ ਮਨ ਵਿੱਚ ਉਸਲਵੱਟੇ ਲੈ ਰਹੀ ਬੁਝਾਰਤ ਬੁੱਝ ਲਈ ਹੋਵੇ।
ਸੰਪਰਕ: +16044427676