ਗੁਰਮਲਕੀਅਤ ਸਿੰਘ ਕਾਹਲੋਂ
ਸਾਡੀ ਗ੍ਰੈਜੂਏਸ਼ਨ ਦਾ ਆਖਰੀ ਸਾਲ ਸੀ। ਮਾਂ ਬੋਲੀ ਨਾਲ ਤਾਂ ਮੇਰਾ ਬਚਪਨ ਤੋਂ ਲਗਾਅ ਸੀ। ਇਸੇ ਕਾਰਨ ਮੈਂ ਉਚੇਰੀ ਪੜ੍ਹਾਈ ਵਿੱਚ ਪੰਜਾਬੀ ਵਿਸ਼ਾ ਵੀ ਲਿਆ ਸੀ। ਉਸ ਦਿਨ ਸਾਡੇ ਪੰਜਾਬੀ ਦੇ ਪ੍ਰੋਫੈਸਰ ਨੰਦਾ ਨੇ ਸਾਰਾ ਪੀਰੀਅਡ ਆਪਣੇ ਜਾਂ ਪਰਿਵਾਰ ਦੀਆਂ ਹੱਡਬੀਤੀਆਂ ਨੂੰ ਰੌਚਕ ਬਣਾ ਕੇ ਦੱਸਣ ਦੀ ਲੋੜ ਉੱਤੇ ਲਾ ਦਿੱਤਾ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਆਪਣੀ ਯਾਦ ਵਿਚਲੀਆਂ ਘਟਨਾਵਾਂ ਵਿੱਚੋਂ ਕੋਈ ਇੱਕ ਕਹਾਣੀ ਦੇ ਰੂਪ ਵਿੱਚ ਲਿਖਣ ਲਈ ਕਿਹਾ। ਉਨ੍ਹਾਂ ਸਾਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ। ਹੌਸਲਾ ਅਫ਼ਜ਼ਾਈ ਵਜੋਂ ਉਨ੍ਹਾਂ ਕਹਿ ਦਿੱਤਾ ਕਿ ਸਭ ਤੋਂ ਚੰਗੀਆਂ ਦੋ ਕਹਾਣੀਆਂ ਕਲਾਸ ਵਿੱਚ ਪੜ੍ਹਕੇ ਸੁਣਾਈਆਂ ਜਾਣਗੀਆਂ। ਉਨ੍ਹਾਂ ਆਪਣੇ ਮਨ ਦੀ ਇਹ ਗੱਲ ਉਸੇ ਦਿਨ ਸਪੱਸ਼ਟ ਕੀਤੀ ਕਿ ਜੇ ਪੰਜਾਬੀ ਨਾਲ ਗ੍ਰੈਜੂਏਸ਼ਨ ਕਰਨ ਵਾਲੇ ਉਸ ਦੇ ਵਿਦਿਆਰਥੀਆਂ ਵਿੱਚੋਂ ਵੀਹ ਫੀਸਦ ਵੀ ਕੁਝ ਲਿਖਣ ਲੱਗ ਪੈਣ ਤਾਂ ਉਸ ਨੂੰ ਤਸੱਲੀ ਹੋਏਗੀ ਕਿ ਆਪਣੀ ਮਾਂ ਬੋਲੀ ਲਈ ਕੁਝ ਕਰਦਾ ਰਿਹੈ।
ਮੇਰੇ ਮਨ ਵਿੱਚ ਇੰਜ ਦੀ ਚਿਣਗ ਪਹਿਲਾਂ ਤੋਂ ਸੁਲਘਦੀ ਸੀ। ਉਸ ਤੋਂ ਅਗਲੇ ਦੋ ਦਿਨ ਮੈਂ ਬੀਤੀਆਂ ਘਟਨਾਵਾਂ ਦੀ ਚੋਣ ਕਰਦਿਆਂ ਲੰਘਾ ਦਿੱਤੇ। ਤੀਜੇ ਦਿਨ ਕਾਲਜ ਸਟਾਫ ਵਿੱਚੋਂ ਕਿਸੇ ਦੀ ਮੌਤ ਹੋਣ ਕਾਰਨ ਕਾਲਜ ਵਿੱਚ ਛੁੱਟੀ ਹੋ ਗਈ ਤੇ ਨਾਲ ਐਤਵਾਰ ਰਲ ਗਿਆ। ਮੈਂ ਆਪਣੇ ਮਨ ਨਾਲ ਤੈਅ ਕਰ ਲਿਆ ਕਿ ਦੋਵੇਂ ਦਿਨ ਕਹਾਣੀ ਰਚਨਾ ’ਤੇ ਲਾਵਾਂਗਾ ਤੇ ਅਗਲੇ ਹਫ਼ਤੇ ਪ੍ਰੋ. ਨੰਦਾ ਦੇ ਮੂਹਰੇ ਕਹਾਣੀ ਰੱਖਣ ਦੀ ਪਹਿਲ ਕਰਾਂਗਾ। ਮਨ ਵਿੱਚ ਭਰੋਸਾ ਬਣਾ ਕੇ ਮੈਂ ਬਿਸਤਰੇ ’ਤੇ ਪੈਂਦਿਆਂ ਈ ਰਜਾਈ ਲਪੇਟ ਲਈ। ਉਸ ਦਿਨ ਠੰਢ ਕਾਫ਼ੀ ਸੀ ਤੇ ਰਾਤ ਵੀ ਕਾਫ਼ੀ ਹੋ ਚੁੱਕੀ ਸੀ।
ਮਸੀਂ ਦੋ ਤਿੰਨ ਘੰਟੇ ਲੰਘੇ ਹੋਣਗੇ। ਮੈਂ ਕਿਸੇ ਸੁਪਨੇ ਵਿੱਚੋਂ ਜਾਗਿਆ। ਮੇਰੀ ਨਾਨੀ ਨੇ ਉਹ ਗੱਲ ਕਈ ਵਾਰ ਸੁਣਾਈ ਸੀ ਕਿ ਕਿਸੇ ਨਿੱਕੀ ਜਿਹੀ ਗੱਲ ਨੇ ਕਿਵੇਂ ਸਾਡਾ ਘਰ ਉੱਜੜਨੋਂ ਬਚਾਅ ਲਿਆ ਸੀ। ਉਸੇ ਘਟਨਾ ਦੀ ਰੀਲ੍ਹ ਮੇਰੇ ਸੁਪਨੇ ਵਿੱਚ ਚੱਲ ਪਈ ਸੀ। ਨੀਂਦ ਨਾਲ ਭਰੀਆਂ ਮੇਰੀਆਂ ਅੱਖਾਂ ਤਰੋਤਾਜ਼ਾ ਹੋ ਗਈਆਂ। ਮੇਰੀਆਂ ਅੱਖਾਂ ਮੂਹਰੇ ਪ੍ਰੋਫੈਸਰ ਨੰਦਾ ਉਹ ਕਹਾਣੀ ਪੜ੍ਹਦੇ ਦਿਸਣ ਲੱਗ ਪਏ ਜਿਸ ਦੇ ਪਹਿਲੇ ਸਫ਼ੇ ਉੱਤੇ ਮੇਰਾ ਨਾਂ ਲਿਖਿਆ ਹੋਇਆ ਸੀ। ਜਮਾਤ ਦੇ ਸ਼ਰਾਰਤੀਆਂ ਸਮੇਤ ਸਾਰੇ ਜਮਾਤੀਆਂ ਦੀਆਂ ਅੱਖਾਂ ਪ੍ਰੋ. ਨੰਦਾ ਨਾਲ ਜੁੜੀਆਂ ਹੋਈਆਂ ਸਨ। ਥੋੜ੍ਹੀ ਦੇਰ ਬਾਅਦ ਜਦੋਂ ਆਪਣੇ ਆਪ ਵਿੱਚ ਆਇਆ ਤਾਂ ਮੈਂ ਰਜਾਈ ਥੋੜ੍ਹੀ ਪੈਰਾਂ ਵੱਲ ਖਿਸਕਾ ਕੇ ਕਮਰੇ ਦੀ ਖਿੜਕੀ ਵਿੱਚੋਂ ਵੇਖਿਆ। ਮੰਮੀ- ਡੈਡੀ ਦੇ ਕਮਰੇ ਵਿੱਚੋਂ ਕਦੇ-ਕਦੇ ਘੁਰਾੜਿਆਂ ਦੀ ਆਵਾਜ਼ ਆ ਰਹੀ ਸੀ। ਆਸੇ-ਪਾਸੇ ਸ਼ਾਂਤੀ ਪਸਰੀ ਪਈ ਸੀ। ਕਦੇ-ਕਦੇ ਗਲੀ ਵਿੱਚੋਂ ਕੁੱਤੇ ਦੇ ਭੌਂਕਣ ਦੀ ਆਵਾਜ਼ ਆ ਜਾਂਦੀ। ਨਾਨੀ ਕਿਹਾ ਕਰਦੀ ਸੀ, ‘ਪੁੱਤ ਕੀਤੇ ਜਾਣ ਵਾਲੇ ਕੰਮ ਉਸੇ ਵੇਲੇ ਕਰ ਲੈਣਾ ਸਿਆਣਪ ਹੁੰਦੀ ਹੈ।’ ਰਜਾਈ ਪਾਸੇ ਕਰਕੇ ਉੱਠਿਆ। ਲਾਈਟ ਜਗਾਈ। ਆਲੇ-ਦੁਆਲੇ ਝਾਕਿਆ, ਕਮਰੇ ਦੀ ਕੰਧ ’ਤੇ ਲੱਗੀ ਨਾਨੇ ਤੇ ਨਾਨੀ ਦੀ ਫੋਟੋ ਵੱਲ ਹੱਥ ਜੋੜ ਕੇ ਸਤਿਕਾਰ ਪ੍ਰਗਟਾਇਆ ਤੇ ਟੇਢਾ ਜਿਹਾ ਹੋਇਆ ਹਾਰ ਸਿੱਧਾ ਕੀਤਾ। ਸੁੱਕੇ ਫੁੱਲਾਂ ਨੂੰ ਲੱਗੇ ਹੱਥਾਂ ਵਿੱਚੋਂ ਖੁਸ਼ਬੋਅ ਆਉਂਦੀ ਜਾਪੀ। ਜਨਵਰੀ ਦੀ ਠਰੀ ਹੋਈ ਰਾਤ ਚੰਗੀ ਚੰਗੀ ਲੱਗਣ ਲੱਗੀ। ਕਮਰਾ ਨਿੱਘਾ ਨਿੱਘਾ ਜਾਪਣ ਲੱਗਾ। ਕੰਬਲ ਦੀ ਬੁੱਕਲ ਮਾਰੀ ਤੇ ਕਾਪੀ ਪੈਨ ਫੜਕੇ ਪੜ੍ਹਨ ਵਾਲੀ ਕੁਰਸੀ ਹਲਕੇ ਹਲਕੇ ਮੇਜ਼ ਹੇਠੋਂ ਬਾਹਰ ਨੂੰ ਖਿਸਕਾਈ। ਸ਼ਾਇਦ ਮਨ ਵਿੱਚ ਆਇਆ ਹੋਏ ਕਿ ਘਰੀਚ ਦੀ ਆਵਾਜ਼ ਨਾਲ ਮੰਮੀ-ਡੈਡੀ ਨਾ ਜਾਗ ਪੈਣ।
ਕਾਪੀ ਦੇ ਵਰਕਿਆਂ ਉੱਤੇ ਪੈੱਨ ਤੇਜ਼ੀ ਨਾਲ ਚੱਲਣ ਲੱਗਾ ਤੇ ਸੁਪਨੇ ਦੇ ਦ੍ਰਿਸ਼ ਲਿਖ ਲਿਖ ਕੇ ਵਰਕੇ ਭਰੀ ਜਾ ਰਿਹਾ ਸਾਂ। ਆਲੇ ਦੁਆਲੇ ਘਰਾਂ ਵਿੱਚੋਂ ਕੁੱਕੜ ਦੀਆਂ ਬਾਂਗਾਂ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਮੈਂ ਸਾਰੇ ਸੁਪਨੇ ਨੂੰ ਅੱਖਰਾਂ ਵਿੱਚ ਸਮੇਟ ਲਿਆ ਸੀ। ਵੱਖਰੇ ਤਰ੍ਹਾਂ ਦੇ ਚਾਅ ਨਾਲ ਮੇਰਾ ਮਨ ਭਰਿਆ ਪਿਆ ਸੀ। ਕਾਗਜ਼ਾਂ ਉੱਤੇ ਸਫ਼ਾ ਨੰਬਰ ਲਾ ਕੇ ਸਟੈਪਲ ਕਰ ਦਿੱਤੇ। ਇੱਕ ਵਾਰ ਫਿਰ ਪੜ੍ਹਨ ਦਾ ਮਨ ਕੀਤਾ, ਪਰ ਮੰਮੀ ਦੇ ਉੱਠਣ ਤੋਂ ਪਹਿਲਾਂ ਥੋੜ੍ਹਾ ਸੌਣ ਦੇ ਖਿਆਲ ਨਾਲ ਬਿਸਤਰੇ ਵਿੱਚ ਜਾ ਪਿਆ। ਜਦੋਂ ਮੰਮੀ ਨੇ ਜਗਾਇਆ ਤਾਂ ਦਿਨ ਕਾਫ਼ੀ ਚੜ੍ਹ ਆਇਆ ਸੀ। ਮਾਵਾਂ ਤੋਂ ਅੱਖਾਂ ਦੀ ਲਾਲੀ ਗੁੱਝੀ ਥੋੜ੍ਹਾ ਰਹਿ ਸਕਦੀ ਐ। ਮੈਂ ਬਹਾਨਾ ਮਾਰਿਆ, ਮੰਮੀ ਰਾਤੀਂ ਨਾਵਲ ਪੜ੍ਹਦਿਆਂ ਦੇਰ ਹੋਗੀ। ਮੈਂ ਭੁੱਲ ਈ ਗਿਆ ਕਿ ਜੇ ਮੰਮੀ ਨੇ ਨਾਵਲ ਦਾ ਨਾਂ ਪੁੱਛ ਲਿਆ ਜਾਂ ਆਪ ਪੜ੍ਹਨ ਲਈ ਮੰਗ ਲਿਆ ਤਾਂ ਕੀ ਕਹਾਂਗਾ, ‘ਰਾਤੋ ਰਾਤ ਕੌਣ ਲੈ ਗਿਆ?’
ਉਸ ਦਿਨ ਡੈਡੀ ਨੇ ਕਣਕ ਨੂੰ ਪਹਿਲਾ ਪਾਣੀ ਲਾਉਣ ਲੱਗਣਾ ਸੀ। ਪਿੰਡਾਂ ਵਿੱਚ ਕਿਹਾ ਜਾਂਦਾ ਕਿ ਪਹਿਲੇ ਪਾਣੀ ਤੋਂ ਬਾਅਦ ਕਣਕ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ। ਪਹਿਲੇ ਪਾਣੀ ਮੌਕੇ ਖੁਸ਼ੀ ਮਨਾਉਣ ਦਾ ਰਿਵਾਜ ਸਾਡੇ ਪਿੰਡਾਂ ਵਿੱਚ ਅਜੇ ਤੱਕ ਵੀ ਹੈਗਾ। ਮੰਮੀ ਨੇ ਕੜਾਹ ਪ੍ਰਸਾਦਿ ਬਣਾਇਆ ਤੇ ਪਾਠ ਕਰਕੇ ਸਾਰਿਆਂ ਨੂੰ ਵੰਡਣ ਤੋਂ ਬਾਅਦ ਡੈਡੀ ਨੂੰ ਖੇਤਾਂ ਵੱਲ ਜਾਣ ਦਿੱਤਾ ਸੀ। ਉਸ ਦਿਨ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਐਵੇਂ ਨਹੀਂ ਅਖ਼ਬਾਰਾਂ ਵਿੱਚ ਲਿਖਿਆ ਹੁੰਦਾ, ‘ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ।’ ਮੰਮੀ ਨੇ ਮੈਨੂੰ ਡੈਡੀ ਦੇ ਨਾਲ ਰੋਹੀ ਵਾਲੇ ਚੱਕ ਨੂੰ ਜਾਣ ਲਈ ਕਿਹਾ। ਡੈਡੀ ਤੋਂ ਕਹੀ ਫੜਕੇ ਮੈਂ ਆਪਣੇ ਮੋਢੇ ਰੱਖੀ ਤੇ ਅੱਗੇ ਅੱਗੇ ਤੁਰ ਪਿਆ। ਪੁੱਤ ਦਾ ਮੂਹਰੇ ਲੱਗਣਾ ਡੈਡੀ ਨੂੰ ਕਿੰਨਾ ਚੰਗਾ ਲੱਗਾ ਸੀ, ਇਹ ਅਗਲੇ ਦਿਨ ਮੰਮੀ ਨੇ ਮੈਨੂੰ ਦੱਸਿਆ। ਉਸ ਮਹੀਨੇ ਸਾਡੇ ਵਾਲੇ ਬਿਜਲੀ ਫੀਡਰ ਦੀ ਵਾਰੀ ਦਿਨ ਦੀ ਸੀ। ਨਹੀਂ ਤਾਂ ਠਰੀਆਂ ਰਾਤਾਂ ਨੂੰ ਪਾਣੀ ਵਿੱਚ ਵੜਕੇ ਨੱਕੇ ਮੋੜਨੇ ਸੁਖਾਲੇ ਨਹੀਂ ਹੁੰਦੇ। ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ’ਤੇ ਵੀ ਕਿਸਾਨਾਂ ਦੇ ਪੈਰ ਆ ਜਾਂਦੇ ਨੇ। ਉਸ ਦਿਨ ਆਪਣੇ ਪਰਿਵਾਰ ਦੀ ਹੱਡਬੀਤੀ ਲਿਖਣ ਕਰਕੇ ਮੇਰੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ।
ਪਹਿਲਾ ਖੇਤ ਭਰਨ ਤੋਂ ਬਾਅਦ ਮੈਂ ਡੈਡੀ ਨੂੰ ਅਗਲਾ ਕਿਹੜਾ ਪੁੱਛ ਲੈਂਦਾ। ਦੁਪਹਿਰ ਦੀ ਰੋਟੀ ਮੰਮੀ ਖੇਤਾਂ ਵਿੱਚ ਲੈ ਆਏ ਸੀ। 8 ਘੰਟਿਆਂ ਦੀ ਵਾਰੀ ਵਿੱਚ ਅਸੀਂ ਤਿੰਨ ਖੇਤ ਸਿੰਜ ਲਏ ਸਨ। ਸ਼ਾਮ ਨੂੰ ਘਰ ਆ ਕੇ ਮੈਂ ਰਾਤ ਵਾਲੀ ਲਿਖਤ ਨੂੰ ਸੋਧ ਲਿਆ ਤੇ ਗ਼ਲਤੀਆਂ ਠੀਕ ਕਰਕੇ ਨਵੇਂ ਸਿਰਿਓਂ ਲਿਖਕੇ ਫਾਈਲ ਵਿੱਚ ਟਿਕਾ ਲਿਆ। ਸੋਮਵਾਰ ਕਾਲਜ ਜਾਣ ਦਾ ਚਾਅ ਪਹਿਲਾਂ ਤੋਂ ਕੁਝ ਵੱਖਰਾ ਸੀ। ਪੰਜਾਬੀ ਦੇ ਪੰਜਵੇਂ ਪੀਰੀਅਡ ਦੀ ਉਡੀਕ ਬੇਸਬਰੀ ਨਾਲ ਰਹੀ। ਜਿਵੇਂ ਹੀ ਪ੍ਰੋ. ਨੰਦਾ ਕਮਰੇ ਵਿੱਚ ਆਏ, ਮੈਂ ਫਾਈਲ ਉਨ੍ਹਾਂ ਮੂਹਰੇ ਜਾ ਰੱਖੀ। ਮੈਨੂੰ ਪ੍ਰੋ. ਨੰਦਾ ਦੀ ਉਹ ਟੇਢੀ ਜਿਹੀ, ਪਰ ਵਿਸ਼ਵਾਸ ਭਰੀ ਤੱਕਣੀ ਅੱਜ ਵੀ ਯਾਦ ਹੈ। ਮੇਰੇ ਲਈ ਉਹ ਕਿੰਨੀ ਵੱਡੀ ਬਿਨ-ਸ਼ਬਦੀ ਸ਼ਾਬਾਸ਼ ਸੀ। ਜਾਣ ਲੱਗਿਆਂ ਪ੍ਰੋਫੈਸਰ ਹੋਰਾਂ ਮੇਰੀ ਫਾਈਲ ਆਪਣੇ ਰਜਿਸਟਰ ਵਿੱਚ ਰੱਖ ਲਈ। ਹਫ਼ਤੇ ਦੇ ਦਿੱਤੇ ਸਮੇਂ ਵਿੱਚ ਦੋ ਦਿਨ ਬਾਕੀ ਸਨ। ਆਖਰੀ ਦਿਨ ਪੰਜ ਹੋਰਾਂ ਨੇ ਲਿਖਤਾਂ ਦੇ ਦਿੱਤੀਆਂ। ਪ੍ਰੋ. ਨੰਦਾ ਹੈਰਾਨ ਸਨ ਕਿ 24 ਵਿੱਚੋਂ ਸਿਰਫ਼ ਸੱਤ ਵਿਦਿਆਰਥੀਆਂ ਨੇ ਹੀ ਕੁਝ ਲਿਖਿਆ ਸੀ। ਉਨ੍ਹਾਂ ਸਾਰੀਆਂ ਲਿਖਤਾਂ ਪੜ੍ਹਕੇ ਤੇ ਮਿਆਰੀ ਅੰਕ ਲਾ ਕੇ ਸੋਮਵਾਰ ਨੂੰ ਲੈ ਕੇ ਆਉਣ ਬਾਰੇ ਕਿਹਾ।
ਮੇਰੇ ਲਈ ਉਡੀਕ ਲੰਮੀ ਹੋ ਕੇ ਸੋਮਵਾਰ ਆਇਆ। ਪ੍ਰੋ. ਨੰਦਾ ਅੰਦਰ ਆਏ। ਅਸੀਂ ਖੜ੍ਹੇ ਹੋ ਕੇ ਸਤਿਕਾਰ ਦਿੱਤਾ। ਉਨ੍ਹਾਂ ਰਜਿਸਟਰ ਵਿੱਚੋਂ ਦੋ ਫਾਈਲਾਂ ਕੱਢਕੇ ਮੇਜ਼ ’ਤੇ ਟਿਕਾਈਆਂ। ਕਹਿੰਦੇ ਇਹੀ ਦੋ ਲਿਖਤਾਂ ਨੇ ਜੋ ਮੈਨੂੰ ਚੰਗੀਆਂ ਲੱਗੀਆਂ। ਬਾਕੀਆਂ ਨੂੰ ਲਿਖਾਰੀ ਬਣਨ ਲਈ ਬਹੁਤ ਕੁਝ ਸਿੱਖਣਾ ਪੈਣਾ। ਪਹਿਲਾਂ ਉਨ੍ਹਾਂ ਦੂਜੇ ਨੰਬਰ ਵਾਲੀ ਕਹਾਣੀ ਪੜ੍ਹਨੀ ਸ਼ੁਰੂ ਕੀਤੀ ਜੋ ਸ਼ਹਿਰ ਵਿੱਚ ਆਪਣੀ ਮਾਸੀ ਕੋਲ ਰਹਿਕੇ ਪੜ੍ਹਦੇ ਪ੍ਰਦੁਮਣ ਦੀ ਸੀ। ਮੈਂ ਉਸ ਵਿੱਚ ਵਰਤੇ ਸ਼ਬਦਾਂ ਨੂੰ ਆਪਣੇ ਸ਼ਬਦਾਂ ਨਾਲ ਮਿਲਾ ਕੇ ਪਰਖਦਾ ਰਿਹਾ। ਮਨ ਵਿੱਚ ਇਹੀ ਕਸ਼ਮਕਸ਼ ਚੱਲਦੀ ਰਹੀ ਕਿ ਜਾਂ ਤਾਂ ਮੈਂ ਫਸਟ ਹੋਵਾਂਗਾ ਜਾਂ ਫਿਰ ਜ਼ੀਰੋ। ਸੱਤ ਕੁ ਮਿੰਟ ਲੱਗੇ ਪ੍ਰਦੁਮਣ ਦੀ ਕਹਾਣੀ ਪੜ੍ਹਦਿਆਂ। ਸਾਡੇ ਵਿੱਚੋਂ ਕਈਆਂ ਨੇ ਤਾੜੀਆਂ ਮਾਰੀਆਂ ਤੇ ਕਈਆਂ ਨੇ ਸਿਰ ਹਿਲਾ ਕੇ ਸਾਰ ਦਿੱਤਾ। ਜਿਵੇਂ ਹੀ ਪ੍ਰੋ. ਨੰਦਾ ਨੇ ਦੂਜੀ ਫਾਈਲ ਖੋਲ੍ਹੀ, ਮੇਰੇ ਸਾਹ ਸੂਤੇ ਗਏ। ਪੜ੍ਹਨ ਤੋਂ ਪਹਿਲਾਂ ਉਨ੍ਹਾਂ ਕਿਹਾ, ‘ਇਹ ਲਿਖਤ ਪੜ੍ਹਕੇ ਮੈਨੂੰ ਤਸੱਲੀ ਹੋਈ ਹੈ ਕਿ ਕਿਸੇ ਨੂੰ ਤਾਂ ਲਿਖਣ ਦੀ ਚੇਟਕ ਲਾਉਣ ਵਿੱਚ ਸਫਲ ਹੋਇਆ ਹਾਂ।’ ਮੇਰਾ ਨਾਂ ਲਏ ਬਗੈਰ ਉਹ ਪੜ੍ਹਨ ਲੱਗੇ। ਆਪਣੀ ਲਿਖਤ ਦੀ ਪਹਿਲੀ ਲਾਈਨ ਸੁਣ ਕੇ ਮਨ ਕਰੇ ਡੈਸਕ ਤੋਂ ਛਾਲ ਮਾਰ ਕੇ ਭੰਗੜਾ ਪਾਵਾਂ। ਪਰ ਮੈਂ ਇਕਾਗਰਤਾ ਨਾਲ ਸੁਣਨ ਲੱਗ ਪਿਆ। ਆਪਣੀ ਲਿਖਤ ਕਿਸੇ ਹੋਰ ਦੇ ਮੂੰਹੋਂ ਸੁਣਨ ਵਿੱਚ ਕਿੰਨਾ ਮਜ਼ਾ ਹੁੰਦਾ, ਇਸ ਦਾ ਪਹਿਲਾ ਅਹਿਸਾਸ ਮੈਨੂੰ ਉਸ ਦਿਨ ਹੋਇਆ। ਪ੍ਰੋ. ਨੰਦਾ ਨੇ ਪਹਿਲੀ ਲਾਈਨ ਫਿਰ ਦੁਹਰਾਉਂਦੇ ਹੋਏ ਪੜ੍ਹਨਾ ਸ਼ੁਰੂ ਕੀਤਾ।
‘ਮੇਰੇ ਡੈਡੀ ਵੱਡੇ ਸਾਰੇ ਕਿਸਾਨ ਪਰਿਵਾਰ ਵਿੱਚ ਮਾਪਿਆਂ ਦੇ ਪਲੇਠੇ ਪੁੱਤਰ ਹਨ ਤੇ ਆਰਥਿਕ ਤੰਗੀਆਂ ਕਾਰਨ ਉਹ ਪੜ੍ਹਾਈ ਪੱਖੋਂ ਦਸਵੀਂ ਵਿੱਚੋਂ ਹਟਾ ਲਏ ਗਏ ਸੀ। ਸਰੀਰਕ ਪੱਖੋਂ ਉਹ ਹੁਣ ਵੀ ਨਰੋਏ ਤੇ ਤਕੜੇ ਹਨ। ਸ਼ਾਇਦ ਇਸੇ ਕਰਕੇ ਉਨ੍ਹਾਂ ਨੂੰ ਸਕੂਲੋਂ ਹਟਾ ਕੇ ਖੇਤੀਂ ਲਾ ਲਿਆ ਹੋਊ। ਸੁਣੀਦੈ ਕਿ ਉਦੋਂ ਮੇਰੀ ਦਾਦੀ ਦਾ ਸੁਭਾਅ ਸਨਕੀ ਜਿਹਾ ਤੇ ਦਾਦਾ ਜੀ ਗੁੱਸੇ ਖੋਰ ਸਨ। ਦਾਦੀ ਦੱਸਦੇ ਸੀ ਕਿ ਉਮਰ ਦੇ ਵੀਹਵਿਆਂ ਵਿੱਚ ਪੈਰ ਧਰਦਿਆਂ ਈ ਡੈਡੀ ਲਈ ਰਿਸ਼ਤੇ ਆਉਣ ਲੱਗ ਪਏ ਸਨ। ਉਦੋਂ ਪਿੰਡਾਂ ਵਾਲੇ ਮੁੰਡਿਆਂ ਦੇ ਰਿਸ਼ਤੇ ਲਈ ਜ਼ਮੀਨ ਕਿੰਨੀ ਹੈ, ਵਾਲਾ ਸਵਾਲ ਅਹਿਮ ਹੁੰਦਾ ਸੀ। ਸਾਡੇ ਕੋਲ ਗੁਜ਼ਾਰੇ ਜੋਗੀ ਸਮਝੀ ਜਾਂਦੀ ਜ਼ਮੀਨ ਹੈਗੀ ਸੀ। ਨਾਨੀ ਦੱਸਦੇ ਹੁੰਦੇ ਸੀ ਕਿ ਡੈਡੀ ਲਾਗਲੇ ਸ਼ਹਿਰੋਂ ਕਿਸੇ ਕਰਿਆਨੇ ਵਾਲੀ ਦੁਕਾਨ ਤੋਂ ਸਾਮਾਨ ਲੈਂਦਿਆਂ ਉਨ੍ਹਾਂ ਦੀ ਨਜ਼ਰੇ ਚੜ੍ਹੇ ਸੀ। ਕਰਿਆਨੇ ਵਾਲੇ ਤੋਂ ਈ ਮੁੰਡੇ ਦੀ ਪਛਾਣ ਪੁੱਛ ਕੇ ਉਨ੍ਹਾਂ ਕਿਸੇ ਰਾਹੀਂ ਰਿਸ਼ਤੇ ਦੀ ਗੱਲ ਤੋਰ ਲਈ। ਮੇਰੇ ਦਾਦਾ-ਦਾਦੀ ਨੇ ਮੰਮੀ ਨੂੰ ਮਿਲਦੇ ਸਾਰ ਪਸੰਦ ਕਰ ਲਿਆ ਤੇ ਰਿਸ਼ਤਾ ਪੱਕਾ ਕਰਕੇ ਘਰ ਮੁੜੇ ਸੀ। ਡੈਡੀ ਨੂੰ ਕਿਸੇ ਪੁੱਛਿਆ ਵੀ ਨਾ ਕਿ ਤੇਰੀ ਜ਼ਿੰਦਗੀ ਦਾ ਫੈਸਲਾ ਕਰਨ ਲੱਗੇ ਆਂ। ਡੈਡੀ ਮਾਪਿਆਂ ਦੇ ਆਗਿਆਕਾਰ ਪੁੱਤਰ ਸਨ। ਉਨ੍ਹਾਂ ਬਿਨਾਂ ਕੁਝ ਬੋਲੇ ਝੋਲੀ ਸ਼ਗਨ ਪਵਾ ਕੇ ਛੁਹਾਰਾ ਮੂੰਹ ਲਵਾ ਲਿਆ। ਉਦੋਂ ਆਹ ਮੋਬਾਈਲ ਫੋਨ ਅਜੇ ਨਹੀਂ ਸੀ ਆਏ। ਬਹੁਤੀ ਗੱਲਬਾਤ ਮਿਲ ਬੈਠਕੇ ਜਾਂ ਕਿਸੇ ਵਿਚੋਲੇ ਰਾਹੀਂ ਹੀ ਹੁੰਦੀ ਸੀ। ਚਿੱਠੀ ਪੱਤਰੀ ਕਰਨ ਵਾਲੇ ਨਾ ਤਾਂ ਮੇਰੇ ਦਾਦਕੇ ਸਨ ਤੇ ਨਾ ਹੀ ਨਾਨਕੇ। ਰਿਸ਼ਤੇ ਤੋਂ ਬਾਅਦ ਸਾਉਣੀ ਸਾਂਭਦਿਆਂ ਈ ਮੰਮੀ-ਡੈਡੀ ਦਾ ਵਿਆਹ ਹੋ ਗਿਆ ਸੀ।
ਨਾਨੀ ਦੱਸਦੇ ਸੀ ਕਿ ਵਿਆਹ ਤੋਂ ਤਿੰਨ ਚਾਰ ਮਹੀਨੇ ਬਾਅਦ ਤੱਕ ਸਾਰਾ ਕੁਝ ਠੀਕ ਠਾਕ ਚੱਲਦਾ ਰਿਹਾ। ਪਰ ਜਿਵੇਂ ਜਿਵੇਂ ਮੌਸਮ ਵਿੱਚ ਗਰਮੀ ਆਉਣ ਲੱਗੀ ਤਿਵੇਂ ਤਿਵੇਂ ਕੁੜਮਾਂ (ਮੇਰੇ ਦਾਦਾ-ਦਾਦੀ) ਦਾ ਵਤੀਰਾ ਬਦਲਣ ਲੱਗ ਪਿਆ। ਉਹ ਮੰਮੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ। ਆਨੇ ਬਹਾਨੇ ਚੋਭਵੇਂ ਤਾਅਨੇ ਦੇਣ ਲੱਗ ਪਏ। ਭੁੱਖਿਆਂ ਨਾਲ ਵਾਹ ਪੈ ਗਿਆ, ਗੱਲਾਂ ਲੁਕੋ ਕੇ ਵਿਆਹ ਕਰਤਾ, ਵਰਗੇ ਕਈ ਮਿਹਣੇ ਮੰਮੀ ਨੂੰ ਦਿੱਤੇ ਜਾਣ ਲੱਗੇ। ਸਾਧੂ ਸੁਭਾਅ ਵਾਲੇ ਡੈਡੀ ਸਾਰਾ ਕੁਝ ਸੁਣਕੇ ਗੁੱਸਾ ਅੰਦਰੇ ਅੰਦਰ ਪੀ ਜਾਂਦੇ। ਸ਼ਾਇਦ ਸੋਚਦੇ ਹੋਣਗੇ ਕਿ ਸਮਾਂ ਪੈ ਕੇ ਸਾਰਾ ਕੁਝ ਠੀਕ ਹੋਜੂ। ਵਿਸਾਖੀ ਵਿੱਚ ਕੁਝ ਦਿਨ ਰਹਿੰਦੇ ਸੀ ਜਦੋਂ ਮੇਰੀ ਦਾਦੀ ਨੇ ਮੰਮੀ ਨੂੰ ਡੰਡੇ ਨਾਲ ਕੁੱਟ ਸੁੱਟਿਆ। ਮੇਰੇ ਨਾਨਕੇ ਤਾਂ ਕੁੱਟਮਾਰ ਤੇ ਗਾਲੀ ਗਲੋਚ ਦਾ ਰਿਵਾਜ ਹੈ ਨਹੀਂ ਸੀ। ਗੁੱਸੇ ਵਿੱਚ ਆਏ ਮੰਮੀ ਜਿਸ ਹਾਲਤ ਵਿੱਚ ਸੀ, ਉਵੇਂ ਈ ਬੱਸ ਚੜ੍ਹਕੇ ਪੇਕੇ ਪਹੁੰਚਗੇ। ਧੀ ਦੇ ਸਰੀਰ ’ਤੇ ਪਏ ਸੱਟਾਂ ਦੇ ਨੀਲ ਵੇਖ ਕੇ ਨਾਨੀ ਅੱਗ ਬਗੋਲਾ ਹੋ ਗਈ। ਧੀਆਂ ਦੇ ਇਹੋ ਜਿਹੇ ਦਰਦਾਂ ਦੇ ਅਹਿਸਾਸ ਕਾਰਨ ਈ ਸ਼ਾਇਦ ਲੋਕ ਧੀਆਂ ਜੰਮਣ ਤੋਂ ਡਰਦੇ ਨੇ। ਨਾਨਿਕਆਂ ਨੇ ਪਿੰਡ ਦੇ ਚਾਰ ਕੁ ਮੋਹਤਬਰ ਨਾਲ ਲਏ ਤੇ ਆ ਕੇ ਮੇਰੇ ਦਾਦਾ-ਦਾਦੀ ਤੇ ਡੈਡੀ ਨੂੰ ਬਹਾ ਲਿਆ। ਇਹ ਕੁਝ ਮੰਨਣ ਦੀ ਥਾਂ ਉਲਟਾ ਉਨ੍ਹਾਂ ਨੂੰ ਈ ਪੈ ਗਏ। ਅਖੇ ਸੁਰਜੀਤ ਨੇ ਪੌੜੀਆਂ ਵਿੱਚੋਂ ਡਿੱਗਕੇ ਸੱਟਾਂ ਲਵਾਈਂਆਂ ਸੀ। ਉਹ ਤਾਂ ਡਾਕਟਰ ਕੋਲ ਲਿਜਾਣ ਤੋਂ ਔਖੀ ਹੋ ਕੇ ਸੱਸ ਤੋਂ ਬਾਹਰੀ ਹੋ ਕੇ ਪੇਕੇ ਭੱਜ ਗਈ ਸੀ। ਲੋਕਾਚਾਰੀ ਸੱਚੀ ਹੋਣ ਲਈ ਇਹ ਕਹਾਣੀ ਮੇਰੀ ਦਾਦੀ ਨੇ ਘੜੀ ਸੀ ਤੇ ਦਾਦਾ ਜੀ ਨੇ ਸੱਚ ਮੰਨ ਲਿਆ ਸੀ। ਪੰਚਾਇਤ ਵਿੱਚ ਉਹ ਇਸੇ ਗੱਲ ’ਤੇ ਜ਼ੋਰ ਦੇਈ ਜਾਣ, ‘ਕਰਾਓ ਸੁਰਜੀਤ ਨੂੰ ਮੂੰਹ ’ਤੇ ਇੰਜ ਨਹੀਂ ਹੋਇਆ?’ ਮੇਰੀ ਦਾਦੀ ਇਨ੍ਹਾਂ ਪੱਤਣਾਂ ਦੀ ਤਾਰੂ ਸੀ। ਉਸ ਨੂੰ ਧੱਕੇ ਨਾਲ ਆਪਣੀ ਗੱਲ ਅਗਲੇ ਦੇ ਮੂੰਹ ਵਿੱਚ ਪਾਉਣ ਦਾ ਵੱਲ ਆਉਂਦਾ ਸੀ। ਉਸ ਮੌਕੇ ਤਾਂ ਉਨ੍ਹਾਂ ਹਰਪਾਲ (ਮੇਰੇ ਡੈਡੀ) ਨੂੰ ਭੇਜਾਂਗੇ ਤੇ ਸੁਰਜੀਤ ਨੂੰ ਲੈ ਆਵੇਗਾ, ਕਹਿ ਕੇ ਖਹਿੜਾ ਛੁਡਵਾ ਲਿਆ, ਪਰ ਗਿਆ ਕੋਈ ਨਾ।
ਕੁਝ ਦਿਨ ਉਡੀਕ ਤੋਂ ਬਾਅਦ ਮੇਰੇ ਨਾਨਾ-ਨਾਨੀ ਦੀ ਪਰੇਸ਼ਾਨੀ ਵਧਣ ਲੱਗੀ ਤਾਂ ਕਿਸੇ ਨੇ ਇਹ ਗੱਲ ਅਖ਼ਬਾਰ ਵਿੱਚ ਛਪਾਉਣ ਦੀ ਸਲਾਹ ਦਿੱਤੀ। ਪੁੱਛ ਪੁਛਾਅ ਕੇ ਨਾਨਾ-ਨਾਨੀ ਤੇ ਮੰਮੀ ਅਖ਼ਬਾਰਾਂ ਦੇ ਰਿਪੋਰਟਰ ਕਰਨੈਲ ਸਿੰਘ ਨੂੰ ਮਿਲੇ ਤੇ ਆਪਣੀ ਸਮੱਸਿਆ ਦੱਸੀ। ਜੇਕਰ ਕੋਈ ਹੋਰ ਰਿਪੋਰਟਰ ਹੁੰਦਾ, ਜਿਵੇਂ ਕਿ ਬਹੁਤੇ ਖ਼ਬਰ ਬਣਾਉਣ ਦੇ ਚੱਕਰ ਵਿੱਚ ਕਰਦੇ ਨੇ, ਖ਼ਬਰ ਛਾਪ ਦਿੰਦਾ, ਪਰ ਕਰਨੈਲ ਸਿੰਘ ਨੇ ਸਾਰੀ ਗੱਲ ਸੁਣ ਕੇ ਸਲਾਹ ਦਿੱਤੀ ਕਿ ਖ਼ਬਰ ਛਪਣ ਨਾਲ ਦੁਵੱਲੀ ਤਲਖੀ ਵਧੇਗੀ। ਕੁੜੀ ਦੇ ਉਸ ਘਰ ਵੱਸਣ ਦੇ ਚਾਂਸ ਖ਼ਤਮ ਹੋ ਜਾਣਗੇ। ਉਸ ਨੇ ਸਮਝਾ ਕੇ ਕਿ ਇੰਜ ਦੇ ਕਾਫ਼ੀ ਮਾਮਲੇ ਸਮਾਂ ਪਾ ਕੇ ਹੱਲ ਹੋ ਜਾਂਦੇ ਨੇ, ਇਨ੍ਹਾਂ ਨੂੰ ਤੋਰ ਦਿੱਤਾ। ਉਸ ਵੇਲੇ ਤਾਂ ਨਾਨਾ-ਨਾਨੀ ਨੂੰ ਬਹੁਤ ਬੁਰਾ ਲੱਗਾ ਕਿ ਖੌਰੇ ਰਿਪੋਰਟਰ ਨੇ ਸੇਵਾ ਪਾਣੀ ਖੁਣੋਂ ਖ਼ਬਰ ਛਾਪਣ ਤੋਂ ਟਾਲ ਦਿੱਤੈ। ਨਾਨਕਿਆਂ ਦੀ ਪਰੇਸ਼ਾਨੀ ਦਿਨ ਬਦਿਨ ਵਧਦੀ ਗਈ। ਇੰਜ ਦੇ ਹਾਲਾਤ ਵਿੱਚ ਬੰਦੇ ਦੀ ਸੋਚ ਆਪਣੇ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਥੋੜ੍ਹੇ ਦਿਨਾਂ ਬਾਅਦ ਇੱਕ ਹੋਰ ਪੰਚਾਇਤ ਹੋਈ ਜਿਸ ਵਿੱਚ ਮੰਮੀ ਨੂੰ ਵੀ ਲੈ ਕੇ ਗਏ। ਮੰਮੀ ਦੇ ਉੱਥੇ ਹੋਣ ਬਾਰੇ ਪਤਾ ਲੱਗਾ ਤਾਂ ਦਾਦੀ ਬਿਮਾਰ ਹੋਣ ਦਾ ਡਰਾਮਾ ਕਰਕੇ ਪੰਚਾਇਤ ਵਿੱਚ ਨਾ ਗਈ। ਉਸ ਦਿਨ ਵੀ ਗੱਲ ਕਿਸੇ ਤਣ ਪੱਤਣ ਨਾ ਲੱਗੀ। ਇੱਕ ਹੋਰ ਚਿੰਤਾ ਵੀ ਨਾਨੀ ਹੋਰਾਂ ਨੂੰ ਸਤਾ ਰਹੀ ਸੀ, ਇਸੇ ਲਈ ਉਹ ਕਾਹਲ ਕਰ ਰਹੇ ਸਨ। ਚੜ੍ਹਿਆ ਹਰ ਨਵਾਂ ਦਿਨ ਉਨ੍ਹਾਂ ਲਈ ਭਾਰੂ ਹੋ ਰਿਹਾ ਸੀ। ਕੁਝ ਦਿਨ ਉਡੀਕ ਕੇ ਨਾਨਾ ਜੀ ਆਪਣੀ ਸ਼ਿਕਾਇਤ ਲਿਖਵਾ ਕੇ ਥਾਣੇ ਦੇ ਆਏ। ਥਾਣੇਦਾਰ ਨੇ ਤੀਜੇ ਕੁ ਦਿਨ ਦੋਹਾਂ ਧਿਰਾਂ ਨੂੰ ਸੱਦ ਲਿਆ। ਥਾਣੇ ਵਿਚਲਾ ਬੋਹੜ ਦਾ ਰੁੱਖ ਗਰਮੀਆਂ ਵਿੱਚ ਉੱਥੋਂ ਦੇ ਪੁਲੀਸ ਵਾਲਿਆਂ ਨੂੰ ਬੜਾ ਰਾਸ ਆਉਂਦਾ ਸੀ। ਉਸ ਦਿਨ ਵੀ ਥਾਣੇਦਾਰ ਨੇ ਬੋਹੜ ਹੇਠ ਆਪਣਾ ਦਫ਼ਤਰ ਲਾਇਆ ਹੋਇਆ ਸੀ। ਦੋਹਵੇਂ ਧਿਰਾਂ ਹਮਾਇਤੀਆਂ ਸਮੇਤ ਥਾਣੇ ਪਹੁੰਚੀਆਂ। ਥਾਣੇਦਾਰ ਨੇ ਦੋਹਾਂ ਧਿਰਾਂ ਨੂੰ ਮੂਹਰੇ ਲੱਗੇ ਬੈਂਚਾਂ ’ਤੇ ਬੈਠਾ ਲਿਆ ਤੇ ਵਾਰੀ ਵਾਰੀ ਗੱਲ ਸੁਣਨ ਲੱਗਾ। ਨਾਨਾ ਜੀ ਕੁੜੀ ਦਾ ਵਸੇਬਾ ਚਾਹੁੰਦੇ ਸੀ, ਪਰ ਦਾਦਾ-ਦਾਦੀ ਦੇ ਸਿਰ ‘ਮੁੰਡੇ ਵਾਲੇ ਹਾਂ’ ਦਾ ਭੂਤ ਸਵਾਰ ਸੀ। ਗੱਲ ਕਿਸੇ ਪਾਸੇ ਨਹੀਂ ਸੀ ਲੱਗ ਰਹੀ।
ਅਚਾਨਕ ਉਹੀ ਰਿਪੋਰਟਰ ਕਰਨੈਲ ਸਿੰਘ ਉੱਥੇ ਆ ਗਿਆ ਤੇ ਥਾਣੇਦਾਰ ਨੇ ਉਸ ਨੂੰ ਆਪਣੇ ਨਾਲ ਬੈਠਾ ਲਿਆ। ਨਾਨੀ ਤੋਂ ਉਦੋਂ ਵਾਲੀਆਂ ਗੱਲਾਂ ਸੁਣਨ ਕਰਕੇ ਮੇਰੇ ਮਨ ਵਿੱਚ ਰਿਪੋਰਟਰ ਕਰਨੈਲ ਸਿੰਘ ਨੂੰ ਮਿਲਣ ਦੀ ਤਾਂਘ ਸੀ। ਪਿਛਲੇ ਸਾਲ ਮਿਲਣ ਦਾ ਸਮਾਂ ਲੈ ਕੇ ਮੈਂ ਕਰਨੈਲ ਸਿੰਘ ਦੇ ਦਫ਼ਤਰ ਚਲਾ ਗਿਆ। ਆਪਣੀ ਪਹਿਚਾਣ ਤੇ ਮਿਲਣ ਦਾ ਕਾਰਨ ਮੈਂ ਫੋਨ ’ਤੇ ਦੱਸ ਦਿੱਤਾ ਸੀ। ਉਨ੍ਹਾਂ ਬੈਠਾਉਣ ਤੋਂ ਪਹਿਲਾਂ ਮੁਸਕਰਾਉਂਦੇ ਹੋਏ ਮੋਹ ਜਿਹੇ ਨਾਲ ਹੁੱਝ ਮਾਰ ਕੇ ਮਜ਼ਾਕ ਕੀਤਾ, ‘ਉਹ ਗੱਲਾਂ ਤਾਂ ਕਾਕਾ ਤੂੰ ਖੁਦ ਵੀ ਸੁਣਦਾ ਈ ਰਿਹਾ ਹੋਣਾ ਜੋ ਥਾਣੇ ਬੈਠਿਆਂ ਹੋਈਆਂ ਸੀ।’ ਪਰ ਮੈਂ ਉਨ੍ਹਾਂ ਦੀ ਗੁੱਝੀ ਰਮਜ਼ ਸਮਝ ਨਾ ਸਕਿਆ ਤੇ ਕਿਹਾ, ‘ਜੀ ਮੇਰਾ ਤਾਂ ਜਨਮ ਉਸ ਤੋਂ ਕੁਝ ਮਹੀਨੇ ਬਾਅਦ ਦਾ ਹੈ।’ ਤੇ ਉਨ੍ਹਾਂ ਨੇ ਬੋਹੜ ਹੇਠ ਹੋਏ ਸਮਝੌਤੇ ਵਾਲੀ ਗੱਲ ਤੋਰ ਲਈ।
‘ਜਦ ਤੇਰੇ ਨਾਨਾ-ਨਾਨੀ ਤੇ ਮੰਮੀ ਮੇਰੇ ਕੋਲ ਆਏ ਸੀ ਤਾਂ ਨਾਨੀ ਦੀ ਵੱਡੀ ਚਿੰਤਾ ਨਾ ਚਾਹੁੰਦੇ ਹੋਏ ਉਸ ਦੇ ਮੂੰਹੋਂ ਨਿਕਲ ਗਈ ਸੀ। ‘ਜੀ ਇਸ ਦੇ ਤਾਂ ਪੈਰ ਭਾਰੀ…।’ ਗੱਲ ਅਧੂਰੀ ਛੱਡਕੇ ਚੁੱਪ ਵੱਟਣ ਤੋਂ ਗੱਲ ਮੇਰੀ ਸਮਝ ਆ ਗਈ ਸੀ। ਜੇ ਮੈਂ ਵੀ ਆਪਣੇ ਵਿੱਚੋਂ ਬਹੁਤਿਆਂ ਵਾਂਗ ਸਮਝਦਾ ਤਾਂ ਇਹ ਆਂਮ ਵਰਗੀ ਖ਼ਬਰ ਸੀ ਜੋ ਛਪਵਾ ਦਿੰਦਾ। ਪਰ ਗੱਲ ਸੁਣ ਕੇ ਮੇਰੇ ਮਨ ਵਿੱਚ ਤੇਰੀ ਮੰਮੀ ਤੇ ਨਾਨਕਿਆਂ ਦੇ ਦਰਦ ਦਾ ਅਹਿਸਾਸ ਜਾਗ ਆਇਆ ਸੀ। ਇਸੇ ਲਈ ਮੈਂ ਗੱਲ ਨਾ ਵਧਾਉਣ ਦੀ ਸਲਾਹ ਦੇ ਕੇ ਤੋਰਿਆ ਸੀ। ਉਸ ਦਿਨ ਥਾਣੇਦਾਰ ਮੂਹਰੇ ਬਹੁਤੀਆਂ ਗੱਲਾਂ ਮੇਰੇ ਪਹੁੰਚਣ ਤੋਂ ਪਹਿਲਾਂ ਹੋ ਚੁੱਕੀਆਂ ਸੀ। ਮੇਰੇ ਪਹੁੰਚਣ ਤੱਕ ਤਾਂ ਗੱਲ ਛੱਡ ਛੁਡਾਅ ਤੱਕ ਪਹੁੰਚੀ ਹੋਈ ਸੀ। ਆਮ ਕਰਕੇ ਮੈਂ ਕਦੇ ਧਿਰ ਨਹੀਂ ਪੂਰਦਾ ਹੁੰਦਾ। ਪਰ ਉਸ ਦਿਨ ਪਤਾ ਨਹੀਂ ਮਨ ਵਿੱਚ ਕੀ ਆਇਆ। ਤੇਰੀ ਦਾਦੀ ਨੂੰ ਤੇਰੀ ਮੰਮੀ ਬਾਰੇ ਜ਼ਿਆਦਾ ਈ ਬੋਲਦਿਆਂ ਸੁਣਕੇ ਮੈਥੋਂ ਰਿਹਾ ਨਾ ਗਿਆ। ਮੈਂ ਉਸੇ ਨੂੰ ਸਵਾਲ ਕਰਤਾ, ‘ਨੂੰਹ ਨੂੰ ਤਾਂ ਛੱਡ ਦਿਓਗੇ, ਪਰ ਉਸ ਨੰਨ੍ਹੀ ਜਾਨ ਨੂੰ ਪਾਲਣ ਦੀ ਜ਼ਿੰਮੇਵਾਰੀ ਕੌਣ ਲਊ, ਜੋ ਤੁਹਾਡੇ ਖਾਨਦਾਨ ਦਾ ਖੂਨ ਹੈ। ਉਸ ਬਾਰੇ ਫ਼ੈਸਲਾ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ?’ ਮੇਰੀ ਗੱਲ ਸੁਣ ਕੇ ਉੱਥੇ ਚੁੱਪ ਛਾ ਗਈ ਸੀ। ਸਾਰਿਆਂ ਦੇ ਮੂੰਹ ਸੀਤੇ ਗਏ ਸੀ। ਆਪਸ ਵਿੱਚ ਘੁਸਰ ਮੁਸਰ ਹੋਣ ਲੱਗ ਪਈ ਸੀ। ਮੈਂ ਤੇ ਥਾਣੇਦਾਰ ਹੈਰਾਨ ਸੀ ਕਿ ਮੇਰੇ ਤੋਂ ਐਸਾ ਕੀ ਕਹਿ ਹੋ ਗਿਆ ? ਅਸਲ ਵਿੱਚ ਤੁਹਾਡੇ ਪਿੰਡ ਦੀ ਕੋਈ ਕੁੜੀ ਤੇਰੇ ਨਾਨਕੇ ਪਿੰਡ ਵਿਆਹੀ ਹੋਈ ਸੀ। ਜਦੋਂ ਤੇਰੇ ਡੈਡੀ ਦੀ ਬਰਾਤ ਗਈ ਤਾਂ ਤੇਰੇ ਦਾਦਕੇ ਉਸ ਕੁੜੀ ਦੀ ਥਾਲੀ ਕੱਢਣੀ ਭੁੱਲ ਗਏ। ਕੁੜੀ ਦੇ ਮਨ ਵਿੱਚ ਤੁਹਾਡੇ ਟੱਬਰ ਨਾਲ ਰੰਜ਼ਿਸ਼ ਪੈਦਾ ਹੋ ਗਈ। ਹੋ ਸਕਦਾ ਕਿ ਕੁੜੀ ਨੂੰ ਸਹੁਰਿਆਂ ਨੇ ਪੇਕਿਆਂ ਨਾਲ ਜੋੜ ਕੇ ਤਾਅਨੇ ਵੀ ਮਾਰੇ ਹੋਣਗੇ। ਇਸੇ ਰੰਜ਼ਿਸ਼ ਤਹਿਤ ਉਸ ਕੁੜੀ ਨੇ ਤੁਹਾਡੇ ਘਰ ਲੜਾਈ ਪਾਉਣ ਦੀ ਸਕੀਮ ਘੜੀ ਤੇ ਕਿਸੇ ਰਾਹੀਂ ਤੇਰੀ ਦਾਦੀ ਦੇ ਕੰਨ ਫੂਕ ਮਰਵਾ ਦਿੱਤੀ ਕਿ ਤੁਹਾਡੀ ਨੂੰਹ ਦੇ ਬੱਚਾ ਨਹੀਂ ਹੋਣਾ। ਗੱਲ ਜੋੜ ਦਿੱਤੀ ਕਿ ਕੁੜੀ ’ਚ ਨੁਕਸ ਸੀ ਤਾਹੀਓਂ ਮੰਗਣੀ ਤੋਂ ਬਾਅਦ ਮਾਪਿਆਂ ਨੇ ਛੇਤੀ ਵਿਆਹ ਨੂੰ ਜ਼ੋਰ ਦਿੱਤਾ ਸੀ। ਵਿਆਹ ਨੂੰ ਕੁਝ ਮਹੀਨੇ ਲੰਘ ਗਏ ਤਾਂ ਤੇਰੀ ਦਾਦੀ ਨੂੰ ਉਹ ਗੱਲ ਸੱਚੀ ਲੱਗਣ ਲੱਗੀ। ਹੁਣ ਤੱਕ ਤੈਨੂੰ ਪਤਾ ਲੱਗ ਗਿਆ ਹੋਊ ਕਿ ਬਜ਼ੁਰਗਾਂ ਨੂੰ ਪੋਤੇ-ਪੋਤੀਆਂ, ਧੀਆਂ-ਪੁੱਤਾਂ ਤੋਂ ਵੱਧ ਪਿਆਰੇ ਹੁੰਦੇ ਨੇ। ਸੱਸ ਨੂੰ ਨੂੰਹ ਵਿਹੁ ਵਰਗੀ ਲੱਗਣ ਲੱਗ ਪਈ। ਉਹ ਹੋਰ ਹੋਰ ਤਾਅਨੇ ਤਾਂ ਦੇ ਦਿਆ ਕਰੇ, ਪਰ ਬੱਚੇ ਵਾਲੀ ਖਾਹਸ਼ ਨੂੰ ਜ਼ੁਬਾਨ ’ਤੇ ਨਾ ਆਉਣ ਦੇਂਦੀ। ਤੇਰੀ ਮੰਮੀ ਮਹੀਨਾ ਦੋ ਮਹੀਨੇ ਤਾਂ ਤਾਅਨੇ ਮਿਹਣੇ ਸੁਣਦੀ ਰਹੀ। ਅਖੀਰ ਉਸ ਦੇ ਸਬਰ ਦਾ ਪਿਆਲਾ ਉੱਛਲ ਪਿਆ ਤੇ ਸੱਸ ਨੂੰ ਕੋਈ ਜਵਾਬ ਦੇ ਦਿੱਤਾ। ਸੱਸ ਨੇ ਡੰਡਾ ਫੜਿਆ ਤੇ ਕੁੱਟ ਦਿੱਤਾ। ਗੁੱਸੇ ਵਿੱਚ ਕਿਹੜਾ ਥਾਂ ਕੁਥਾਂ ਵੇਖ ਕੇ ਮਾਰਿਆ ਜਾਂਦਾ। ਇਹ ਤਾਂ ਚੰਗਾ ਹੋਇਆ ਕਿ ਉਦੋਂ ਪੇਟ ਵਿੱਚ ਤੇਰਾ ਵਜੂਦ ਅਜੇ ਬਣਨਾ ਸ਼ੁਰੂ ਈ ਹੋਇਆ ਸੀ, ਨਹੀਂ ਤਾਂ …।’ ਕਹਿੰਦਿਆਂ ਕਰਨੈਲ ਸਿੰਘ ਹੋਰੀਂ ਭਾਵੁਕ ਹੋ ਗਏ। ਉਨ੍ਹਾਂ ਮੇਜ਼ ’ਤੇ ਪਿਆ ਪਾਣੀ ਦਾ ਗਲਾਸ ਚੁੱਕ ਕੇ ਮੂੰਹ ਲਾਇਆ।
ਥੋੜ੍ਹੀ ਦੇਰ ਬਾਅਦ ਆਪਣੇ ਆਪ ਵਿੱਚ ਆ ਕੇ ਉਹ ਅੱਗੇ ਸ਼ੁਰੂ ਹੋਏ। ‘ਥਾਣੇ ਨਾਲ ਆਏ ਤੇਰੇ ਪਿੰਡ ਵਾਲਿਆਂ ਨੂੰ ਤੇਰੇ ਦਾਦਾ-ਦਾਦੀ ਨੇ ਦੱਸਿਆ ਸੀ ਕਿ ਕੁੜੀ ਦੇ ਸਰੀਰ ਵਿੱਚ ਨੁਕਸ ਹੈ ਤੇ ਉਹ ਮਾਂ ਨਹੀਂ ਬਣ ਸਕਦੀ। ਦੋਸ਼ ਲਾਉਂਦੇ ਸੀ ਕਿ ਕੁੜੀ ਦੇ ਮਾਪਿਆਂ ਨੇ ਇਹ ਗੱਲ ਲੁਕੋ ਕੇ ਰਿਸ਼ਤਾ ਕੀਤਾ ਸੀ। ਮੇਰੇ ਮੂੰਹੋਂ ਗਰਭਵਤੀ ਵਾਲੀ ਗੱਲ ਨੇ ਤੇਰੇ ਦਾਦਾ-ਦਾਦੀ ਸਮੇਤ ਸਭ ਨੂੰ ਹੈਰਾਨ ਕਰਤਾ ਸੀ। ਨਾਲ ਹੀ ਮੈਥੋਂ ਧਮਕੀ ਭਰੇ ਲਹਿਜੇ ਵਿੱਚ ਕਹਿ ਹੋ ਗਿਆ, ‘ਤੁਹਾਨੂੰ ਉਸ ਨੰਨ੍ਹੀ ਜਾਨ ਬਾਰੇ ਫ਼ੈਸਲਾ ਕਰਨ ਦਾ ਹੱਕ ਕਿਸ ਨੇ ਦਿੱਤਾ।’ ਸ਼ੁਰੂ ਹੋਈ ਘੁਸਮੁਸ ਤੋਂ ਬਾਅਦ ਤੇਰੇ ਦਾਦਾ-ਦਾਦੀ ਆਪਣੇ ਬੰਦਿਆਂ ਨੂੰ ਪਾਸੇ ਲੈ ਗਏ। ਬਾਤ ਤੋਂ ਬਣੇ ਬਤੰਗੜ ਦਾ ਸੱਚ ਸਭ ਦੇ ਸਾਹਮਣੇ ਸੀ। ਮਤਾ ਪਕਾ ਕੇ ਮੇਜ਼ ਵੱਲ ਆਉਂਦੇ ਸਾਰੇ ਹੱਸ ਰਹੇ ਸੀ। ਇੱਕ ਨੇ ਤਾਂ ਮੇਰੇ ’ਤੇ ਰਮਜ਼ ਕਸ ਦਿੱਤੀ, ਕਹਿੰਦਾ, ‘ਅੱਜਕੱਲ੍ਹ ਤਾਂ ਪੱਤਰਕਾਰਾਂ ਨੂੰ ਸੱਸ ਤੋਂ ਵੀ ਪਹਿਲਾਂ ਪਤਾ ਲੱਗ ਜਾਂਦਾ।’ ਮੈਂ ਉਸੇ ਵੇਲੇ ਖ਼ਬਰ ਵਾਲੀ ਗੱਲ ਦੱਸ ਕੇ ਉਨ੍ਹਾਂ ਦਾ ਵਹਿਮ ਦੂਰ ਕਰਤਾ। ਬੈਠਣ ਤੋਂ ਪਹਿਲਾਂ ਤੇਰੇ ਦਾਦਾ-ਦਾਦੀ ਨੇ ਇੱਕ ਤਰ੍ਹਾਂ ਨਾਲ ਤੇਰੇ ਨਾਨਾ-ਨਾਨੀ ਦੇ ਪੈਰ ਫੜਕੇ ਮੁਆਫ਼ੀ ਮੰਗ ਲਈ ਤੇ ਸੱਸ ਨੇ ਨੂੰਹ ਨੂੰ ਏਨੀ ਘੁੱਟ ਕੇ ਜੱਫੀ ਪਾਈ, ਜਿੰਨਾ ਸ਼ਾਇਦ ਉਸ ਨੇ ਰਿਸ਼ਤੇ ਦੀ ਹਾਂ ਕਰਨ ਵੇਲੇ ਵੀ ਨਾ ਘੁੱਟਿਆ ਹੋਊ। ਮੇਰੇ ਬੈਠਿਆਂ ਬੈਠਿਆਂ ਲੱਡੂਆਂ ਦੇ ਡੱਬੇ ਆ ਗਏ। ਥਾਣੇ ਦੀ ਹਵਾ ਵਿੱਚੋਂ ਚੋਰਾਂ ਦੀਆਂ ਚੀਕਾਂ ਦੀ ਥਾਂ ਮਿੱਠੀ ਮਿੱਠੀ ਮਹਿਕ ਆਉਣ ਲੱਗ ਪਈ ਸੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਸੀ ਕਿ ਉਸ ਤੋਂ ਬਾਅਦ ਤੇਰੇ ਡੈਡੀ ਦੀ ਸੋਚ ਈ ਬਦਲ ਗਈ ਸੀ। ਸੋਚ ਦੇ ਇਸੇ ਬਦਲਾਅ ਕਾਰਨ ਪਿੰਡ ਦੇ ਲੋਕ ਦੋ ਵਾਰ ਸਰਪੰਚੀ ਦਾ ਗੁਣਾ ਉਸ ’ਤੇ ਪਾਉਂਦੇ ਰਹੇ ਤੇ ਤੀਜੀ ਵਾਰ ਉਸ ਨੇ ਆਪ ਈ ਹੱਥ ਖੜ੍ਹੇ ਕੀਤੇ ਸੀ। ਬੇਸ਼ੱਕ ਉਸ ਫ਼ੈਸਲੇ ਦੀ ਅਖ਼ਬਾਰੀ ਖ਼ਬਰ ਤਾਂ ਨਹੀਂ ਸੀ ਬਣੀ, ਪਰ ਚਰਚਾ ਬਹੁਤ ਹੋਈ ਸੀ। ਉਸ ਤੋਂ ਕੁਝ ਮਹੀਨੇ ਬਾਅਦ ਤੇਰਾ ਜਨਮ ਹੋਇਆ ਸੀ। ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਉਦੋਂ ਤੋਂ ਅੱਜ ਤੱਕ ਤੁਹਾਡੇ ਘਰ ਵਾਲੇ ਖੁਸ਼ੀ ਗ਼ਮੀ ਮੌਕੇ ਮੈਨੂੰ ਸੱਦਣਾ ਨਹੀਂ ਭੁੱਲਦੇ।’
ਕਰਨੈਲ ਸਿੰਘ ਨੇ ਆਪਾਂ ਹੁਣ ਚੱਲੀਏ ਕਹਿ ਕੇ ਗੱਲ ਮੁਕਾਈ। ਉਨ੍ਹਾਂ ਦਾ ਕਿਸੇ ਨੂੰ ਮਿਲਣ ਜਾਣ ਦਾ ਸਮਾਂ ਹੋ ਗਿਆ ਸੀ। ਕੁਰਸੀ ਤੋਂ ਉੱਠੇ, ਨੋਟ ਬੁੱਕ ਤੇ ਪੱਤਰਕਾਰੀ ਵਾਲੇ ਹੋਰ ਸੰਦ ਫੜਕੇ ਬਾਹਰ ਨੂੰ ਤੁਰ ਪਏ। ਪਿੱਛੇ-ਪਿੱਛੇ ਦਫ਼ਤਰ ਵਿੱਚੋਂ ਨਿਕਲਦਿਆਂ ਮੇਰੀ ਨਜ਼ਰ ਉਨ੍ਹਾਂ ਦੀਆਂ ਪੈੜਾਂ ਉੱਤੇ ਸੀ, ਉਹ ਪੈੜਾਂ ਜੋ ਸੰਗਮਰਮਰੀ ਫਰਸ਼ ਉੱਤੇ ਨਜ਼ਰ ਤਾਂ ਨਹੀਂ ਸੀ ਆ ਰਹੀਆਂ, ਪਰ ਉਨ੍ਹਾਂ ਦੀ ਹੋਂਦ ਦਾ ਪਰਛਾਵਾਂ ਮੇਰੇ ਮਨ ਵਿੱਚ ਡੂੰਘਾ ਉੱਕਰ ਗਿਆ।
ਆਖਰੀ ਲਾਈਨ ਤੱਕ ਪਹੁੰਚਣ ਤੋਂ ਪਹਿਲਾਂ ਮੈਂ ਪ੍ਰੋਫੈਸਰ ਨੰਦਾ ਵੱਲ ਵੇਖਿਆ ਕਿ ਸੰਵੇਦਨਸ਼ੀਲਤਾ ਦਾ ਵੇਗ ਉਨ੍ਹਾਂ ਦੇ ਚਿਹਰੇ ’ਚੋਂ ਡਲਕਦਾ ਪਿਆ ਸੀ। ਆਵਾਜ਼ ਦੱਸ ਰਹੀ ਸੀ ਕਿ ਉਹ ਭਾਵੁਕਤਾ ਨੂੰ ਪਾਸੇ ਰੱਖਣ ਦਾ ਯਤਨ ਕਰਦਿਆਂ ਬੋਲ ਰਹੇ ਸਨ। ਆਖਰੀ ਲਾਈਨ ਪੜ੍ਹਕੇ ਮੈਨੂੰ ਆਪਣੇ ਕੋਲ ਸੱਦਣ ਦੀ ਬਜਾਏ ਫਾਈਲ ਮੇਜ਼ ’ਤੇ ਰੱਖ ਕੇ ਉਹ ਮੇਰੀ ਸੀਟ ਵੱਲ ਆਏ। ਕੋਲ ਪਹੁੰਚਣ ਤੋਂ ਪਹਿਲਾਂ ਈ ਮੈਂ ਸਮਝ ਗਿਆ ਸੀ ਤੇ ਖੜ੍ਹਾ ਹੋ ਗਿਆ। ਉਨ੍ਹਾਂ ਕਲਾਵੇ ਵਿੱਚ ਲੈ ਕੇ ਮੈਨੂੰ ਘੁੱਟਿਆ ਤੇ ਪਿੱਠ ਥਪਾ ਕੇ ਬਿਨਾਂ ਕੁਝ ਬੋਲੇ ਪਰਤ ਗਏ। ਪਾਣੀ ਪੀ ਕੇ ਆਪਣੇ ਆਪ ਵਿੱਚ ਆ ਕੇ ਬੋਲੇ, ‘ਬੇਸ਼ੱਕ ਪੈੜਾਂ ਦੇ ਪਰਛਾਵੇਂ ਨਜ਼ਰ ਨਹੀਂ ਆਉਂਦੇ, ਪਰ ਮਹਿਸੂਸ ਜ਼ਰੂਰ ਕੀਤੇ ਜਾ ਸਕਦੇ ਨੇ। ਅੱਜ ਮੈਂ ਫਖਰ ਨਾਲ ਕਹਿ ਸਕਦਾਂ ਕਿ ਮੇਰਾ ਇਸ ਕਲਾਸ ਨੂੰ ਪੜ੍ਹਾਉਣਾ ਸਕਾਰਥ ਹੋ ਗਿਆ।’ ਉਨ੍ਹਾਂ ਦਰਵਾਜ਼ੇ ਵਿੱਚੋਂ ਇਸ਼ਾਰਾ ਕਰਕੇ ਸੇਵਾਦਾਰ ਨੂੰ ਸੱਦਿਆ ਤੇ ਕਲਾਸ ਵਿੱਚ ਬੈਠੇ ਸਾਡੇ ਸਿਰਾਂ ਦੀ ਗਿਣਤੀ ਕਰਕੇ ਸੇਵਾਦਾਰ ਨੂੰ ਮੇਰੀ ਲਿਖਤ ਦੀਆਂ ਓਨੀਆਂ ਫੋਟੋ ਕਾਪੀਆਂ ਕਰਵਾਉਣ ਨੂੰ ਕਿਹਾ। ਪ੍ਰੋ. ਨੰਦਾ ਨੇ ਸਾਰਿਆਂ ਨੂੰ ਕੋਲ ਸੱਦ-ਸੱਦ ਕੇ ਕਾਪੀ ਦਿੰਦਿਆਂ ਕੰਨ ਵਿੱਚ ਕੀ ਕਿਹਾ, ਇਹ ਤਾਂ ਮੈਨੂੰ ਨਹੀਂ ਪਤਾ, ਪਰ ਉਸ ਤੋਂ ਬਾਅਦ ਜਮਾਤੀ ਮੈਨੂੰ ਲਿਖਾਰੀ ਕਹਿ ਕੇ ਛੇੜਨ ਲੱਗ ਪਏ।
ਸੰਪਰਕ: +16044427676