ਕਿਸਾਨਾਂ ਵੱਲੋਂ ਜਾਗਣ ਦਾ ਹੋਕਾ

ਕਿਸਾਨਾਂ ਵੱਲੋਂ ਜਾਗਣ ਦਾ ਹੋਕਾ

ਡਾ. ਗੁਰਬਖ਼ਸ਼ ਸਿੰਘ ਭੰਡਾਲ

ਕਿਸਾਨ ਓਟੇ ’ਤੇ ਬੈਠੀਆਂ ਚਿੜੀਆਂ ਦੀ ਖਾਮੋਸ਼ੀ ਤੋਂ ਬਹੁਤ ਪਰੇਸ਼ਾਨ ਹਨ। ਇਹ ਚਿੜੀਆਂ ਤੇ ਜਨੌਰ ਹੁਣ ਬਚੀ ਹੋਈ ਰੋਟੀ ਦੇ ਟੁਕੜੇ ਕਿੱਥੋਂ ਖਾਣ ਜਦੋਂ ਕਿ ਘਰਵਾਲਿਆਂ ਨੂੰ ਹੀ ਕੁਝ ਨਹੀਂ ਮਿਲਦਾ। ਬਹੁਤ ਅੱਖਰਦਾ ਹੈ ਇਨ੍ਹਾਂ ਨੂੰ ਚੁੱਲ੍ਹਿਆਂ ਵਿਚ ਉੱਗਿਆ ਘਾਹ, ਚੁਗਲੀਆਂ ਕਰਦੀ ਅੱਗ ਦੀ ਅਣਹੋਂਦ ਅਤੇ ਚੌਂਕੇ ਵਿਚਲੀ ਚੋਹਲ-ਮੋਹਲ ਭਰੀ ਪਰਿਵਾਰਕ ਫਿਜ਼ਾ ਦਾ ਗਾਇਬ ਹੋਣਾ। ਇਹ ਤਾਂ ਇਨ੍ਹਾਂ ਚਿੜੀਆਂ ਨੂੰ ਪਰ ਤੇ ਪਰਵਾਜ਼ ਦੇਣ ਅਤੇ ਚੁੱਪ-ਗੁਟਕਣੀ ਨੂੰ ਬੋਲ ਦੇਣ ਆਏ ਨੇ।

ਇਹ ਕਿਸਾਨ ਬੇਰੁਜ਼ਗਾਰੀ ਦੇ ਭਾਰ ਹੇਠਾਂ ਦੱਬੀਆਂ ਡਿਗਰੀਆਂ ਦੀ ਪੀੜ ਤੋਂ ਬਹੁਤ ਪੀੜਤ ਨੇ ਕਿਉਂਕਿ ਜਦੋਂ ਕੋਈ ਡਿਗਰੀ ਨਹਿਰ ਵਿਚ ਛਾਲ ਮਾਰ ਕੇ ਖੁਦ ਨੂੰ ਮਿਟਾਉਣ ਦੇ ਰਾਹ ਤੁਰ ਪਵੇ ਜਾਂ ਡਿਗਰੀ ਨੂੰ ਨਸ਼ੇ ਖਾਣ ਲੱਗ ਪੈਣ ਤਾਂ ਬਾਪ ਦੀ ਡੰਗੋਰੀ ਰੁੱਸ ਜਾਂਦੀ ਏ। ਉਹ ਮਨ ਵਿਚ ਸਿਰਜੇ ਸੁਪਨਿਆਂ ਦੇ ਬਲਦੇ ਸਿਵੇ ਦੇ ਸੇਕ ਨਾਲ ਅੰਦਰ ਨੂੰ ਲੂੰਹਦਾ ਹੈ ਅਤੇ ਫਿਰ ਉਸ ਦੀਆਂ ਚਿੰਤਾਵਾਂ ਨੂੰ ਚਿਖਾ ਵਿਚ ਤਬਦੀਲ ਹੁੰਦਿਆਂ ਦੇਰ ਨਹੀਂ ਲੱਗਦੀ। ਉਹ ਤਾਂ ਇਹ ਦੱਸਣ ਆਏ ਨੇ ਕਿ ਮੁੜ੍ਹਕੇ ਦੀ ਮਹਿਕ ਵਿਚੋਂ ਉੱਗੀਆਂ ਡਿਗਰੀਆਂ ਦੀ ਅਹਿਮੀਅਤ ਸਮਝੋ। ਵਿਹਲੇ ਹੱਥਾਂ ਨੂੰ ਆਹਰੇ ਲਾਓ ਅਤੇ ਸਰਘੀ ਨੂੰ ਸੂਰਜ ਵਿਚ ਤਬਦੀਲ ਹੋਣ ਤੋਂ ਨਾ ਰੋਕੋ।

ਇਹ ਕਿਸਾਨ ਮਿੱਟੀ ਦੀ ਚੀਖ਼ ਪੁਕਾਰ ਤੋਂ ਬਹੁਤ ਆਵਾਜ਼ਾਰ ਨੇ। ਸੌਣ ਨਹੀਂ ਦਿੰਦੀ ਧਰਤੀ ਮਾਂ ਦੀ ਲੇਰ। ਇਸ ਦੀ ਕੁੱਖ ਵਿਚ ਪਲ ਪਲ ਉਤਰ ਰਿਹਾ ਜ਼ਹਿਰ, ਕਹਿਰ ਬਣਦਾ ਜਾ ਰਿਹਾ ਹੈ। ਧਰਤੀ ਜਦੋਂ ਬੰਦੇ ਜੰਮਣ ਦੀ ਬਜਾਇ ਮੌਤ ਦਾ ਪੈਗ਼ਾਮ ਕੰਨਾਂ ਵਿਚ ਘੋਲਣ ਲੱਗ ਪਵੇ ਤਾਂ ਇਸ ਦਾ ਦੁੱਖੜਾ ਸਿਰਫ਼ ਇਸ ਦੇ ਪੁੱਤਰ ਹੀ ਸੁਣ ਸਕਦੇ ਹਨ। ਇਨ੍ਹਾਂ ਨੂੰ ਤਾਂ ਮਿੱਟੀ, ਜਨਮ ਦੇਣ ਵਾਲੀ ਮਾਂ ਤੋਂ ਵੀ ਵੱਧ ਪਿਆਰੀ, ਨਿਆਰੀ ਅਤੇ ਸਤਿਕਾਰੀ ਏ।

ਇਹ ਕਿਸਾਨ ਖੇਤ ਵਿਚ ਖੜ੍ਹੀਆਂ ਫ਼ਸਲਾਂ ਦੀ ਲੱਗਦੀ ਬੋਲੀ ਤੋਂ ਬਹੁਤ ਦੁਖੀ ਨੇ। ਜਦੋਂ ਖ਼ਰੀਦਦਾਰ ਤੇ ਦਲਾਲ ਆਪਸ ਵਿਚ ਰਲ ਜਾਂਦੇ ਹਨ ਤਾਂ ਅੰਨ ਦੀ ਬੇਕਦਰੀ ਵਿਚੋਂ ਬੋਹਲ ਦੀ ਅੱਖ ਵਿਚ ਹੰਝੂ ਉੱਗਦਾ ਹੈ ਜੋ ਹੌਲੀ ਹੌਲੀ ਭੜੋਲਿਆਂ ਵਿਚ ਸਹਿਮ, ਘਰ ਨੂੰ ਖਾਰੇਪਣ ਵਿਚ ਡੋਬਦਾ ਹੈ। ਇਸ ਵਿਚ ਖੁਰ ਜਾਂਦੀਆਂ ਹਨ ਤਾਂਘਾਂ, ਤਰਜੀਹਾਂ, ਤਫਸ਼ੀਲਾਂ ਤੇ ਤਕਦੀਰਾਂ। ਇਹ ਹੰਝੂ, ਮਾਨਵਤਾ ਦਾ ਆਖਰੀ ਸੋਹਲਾ ਪੜ੍ਹਨ ਲੱਗਿਆਂ ਦੇਰ ਨਹੀਂ ਲਾਉਂਦਾ।

ਇਹ ਕਿਸਾਨ ਆੜ੍ਹਾਂ, ਔਲੂਆਂ, ਟਿਊਬਵੈੱਲਾਂ ਅਤੇ ਖੂਹਾਂ ਵਿਚ ਦਮ ਤੋੜ ਰਹੀ ਪਾਣੀ ਦੀ ਧਾਰਾ ਲਈ ਰਵਾਨਗੀ ਅਤੇ ਨਿਰੰਤਰਤਾ ਦੀ ਬਰਕਰਾਰੀ ਦਾ ਵਾਸਤਾ ਪਾਉਣ ਆਏ ਨੇ ਤਾਂ ਕਿ ਪਾਣੀ ਨਾਲ ਜੀਵਨ-ਧਾਰਾ ਵਗਦੀ ਰਹੇ, ਫ਼ਸਲਾਂ ਲਹਿਰਾਉਂਦੀਆਂ ਰਹਿਣ, ਪਰਿੰਦਿਆਂ ਤੇ ਪੰਛੀਆਂ ਨੂੰ ਚੋਗ ਮਿਲਦੀ ਰਹੇ, ਮਿਹਨਤਕਸ਼ ਨੂੰ ਭੁੱਖੇ ਪੇਟ ਨਾ ਸੌਣਾ ਪਵੇ ਅਤੇ ਨਾ ਹੀ ਉਸ ਨੂੰ ਖੇਤ ਵਾਲੀ ਟਾਹਲੀ ’ਤੇ ਖ਼ੁਦਕੁਸ਼ੀ ਦੀ ਫ਼ਸਲ ਉਗਾਉਣ ਲਈ ਮਜਬੂਰ ਹੋਣਾ ਪਵੇ।

ਇਹ ਕਿਸਾਨ ਉਨ੍ਹਾਂ ਗੁਰਬਿਆਂ ਦੀ ਦਰਦ ਗਾਥਾ ਨੂੰ ਵੀ ਜ਼ੁਬਾਨ ਦੇਣ ਆਏ ਨੇ ਜਿਨ੍ਹਾਂ ਨੂੰ ਆਪਣੇ ਹੀ ਘਰਾਂ ਤੋਂ ਬੇਘਰ ਕੀਤਾ ਗਿਆ। ਉਨ੍ਹਾਂ ਦੇ ਦਰਾਂ, ਘਰਾਂ ਅਤੇ ਗਰਾਂ ਨੂੰ ਮਲੀਆਮੇਟ ਕਰਕੇ, ਪੱਥਰਾਂ ਦਾ ਸ਼ਹਿਰ ਉਗਾਇਆ ਗਿਆ ਹੈ। ਉਹ ਅੰਬਰ ਦੀ ਛੱਤ ਹੇਠ ਸੌਣ ਲਈ ਮਜਬੂਰ ਹਨ। ਇਹ ਕਿਸਾਨ ਥੋੜ੍ਹਾਂ ਤੇ ਖੋੜ੍ਹਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਮਿਟਾਉਣ ਤੁਰੇ ਹਨ। ਜਦੋਂ ਤੋਂ ਇਹ ਕਾਫ਼ਲੇ ਤੁਰੇ ਨੇ, ਉਸ ਸਮੇਂ ਤੋਂ ਸਭ ਮਨੁੱਖ ਅੰਦਰ ਝਾਤੀ ਮਾਰਨ ਵੱਲ ਮੁੜੇ ਨੇ। ਇਹ ਤਾਂ ਬੇਦਖਲੀ, ਬੇਗਾਨਗੀ ਅਤੇ ਬਦਗੁਮਾਨੀ ਦੇ ਧੁੰਧਲਕੇ ਨੂੰ ਦੂਰ ਕਰਨ ਲਈ ਸੂਰਜ ਉਗਾਉਣ ਤੁਰੇ ਨੇ।

ਇਹ ਕਿਸਾਨ ਰੁੱਸ ਗਏ ਬਚਪਨ ਨੂੰ ਵਰਾਉਣ ਆਏ ਨੇ। ਜਦੋਂ ਤਨ ਨੂੰ ਢਕਣ ਦੀ ਲਚਾਰੀ ਅਤੇ ਰੋਟੀ ਦਾ ਟੁੱਕ ਮਿਲਣ ਦੀ ਖੁਆਰੀ ਹੋ ਜਾਵੇ ਤਾਂ ਬਚਪਨ ਦੀ ਅੱਖ ਵਿਚ ਲਟਕਦੇ ਹੰਝੂਆਂ ਦੀ ਇਬਾਰਤ ਪੜ੍ਹਨਾ ਅਤੇ ਇਸ ਵਿਚੋਂ ਔਕੜਾਂ, ਔਖਿਆਈਆਂ ਅਤੇ ਅੱਥਰੂਆਂ ਦੀ ਵਿਲਕਣੀ ਨੂੰ ਕਿਆਸਣਾ ਬਹੁਤ ਔਖਾ ਹੁੰਦਾ ਹੈ। ਹਉਕੇ ਭਰਦੇ ਕਾਇਦਿਆਂ, ਕਿਤਾਬਾਂ, ਕਾਪੀਆਂ ਅਤੇ ਕਲਮਾਂ ਨੂੰ ਹੌਸਲਾ, ਹੱਠ, ਹਿੰਮਤ ਅਤੇ ਹਮਦਰਦੀ ਵਰਜਣ ਆਏ ਨੇ ਤਾਂ ਕਿ ਕਿਧਰੇ ਸਹਿਮੇ ਹੋਏ ਅੱਖਰਾਂ ਵਿਚ ਉੱਗਦੇ ਚਾਨਣ ਨੂੰ ਹਨੇਰਾ ਹੀ ਨਾ ਖਾ ਜਾਏ।

ਇਹ ਕਿਸਾਨ ਬਜ਼ੁਰਗੀ ਬਹਿਸ਼ਤ ਨੂੰ ਬਚਾਉਣ ਅਤੇ ਆਪਣੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਦੇ ਨਾਮ ਲਾਉਣ ਆਏ ਨੇ ਤਾਂ ਕਿ ਆਉਣ ਵਾਲੀਆਂ ਨਸਲਾਂ ਆਪਣੇ ਬਜ਼ੁਰਗਾਂ ਦੀਆਂ ਛੋਹਾਂ, ਰੂਹਾਂ ਅਤੇ ਬੁੱਢੇ ਘਰ ਦੀਆਂ ਬਰੂਹਾਂ ਨਾਲ ਸੰਵਾਦ ਰਚਾ ਕੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਖ਼ੁਦ ਨੂੰ ਮਾਣਮੱਤੇ ਵਾਰਸ ਹੋਣ ’ਤੇ ਮਾਣ ਕਰ ਸਕਣ।

ਇਹ ਕਿਸਾਨ, ਉਸ ਇਤਿਹਾਸ ਨੂੰ ਮੁੜ ਤੋਂ ਦੁਹਰਾਉਣ ਆਏ ਨੇ ਜੋ ਲੋਕ-ਚੇਤਿਆਂ ਅਤੇ ਹਾਕਮ ਦੀ ਮਾਨਸਿਕਤਾ ਵਿਚੋਂ ਸ਼ਾਇਦ ਭੁੱਲ ਚੁੱਕਾ ਏ। ਇਤਿਹਾਸ ਸਿਰਫ਼ ਪੜ੍ਹੇ ਜਾਂ ਪੜ੍ਹਾਏ ਨਹੀਂ ਜਾਂਦੇ ਸਗੋਂ ਸਿਰਜੇ ਜਾਂਦੇ ਨੇ। ਕੁਝ ਕੁ ਲੋਕ ਹੁੰਦੇ ਨੇ ਜੋ ਸਿਰਜਣਹਾਰੇ ਦਾ ਲਕਬ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਇਤਿਹਾਸ ਤਾਂ ਸਬਰ, ਸਿਰੜ, ਸਿਦਕ, ਸਾਧਨਾ, ਸ਼ਾਂਤੀ, ਸੰਤੋਖ ਅਤੇ ਸਮ-ਸੋਚ ਰਾਹੀਂ ਹੀ ਸਿਰਜੇ ਜਾਂਦੇ ਹਨ।

ਇਹ ਕਿਸਾਨ, ਜੋ ਰੰਗ-ਬਿਰੰਗੀਆਂ ਪੱਗਾਂ, ਪਰਨਿਆਂ, ਮੰਡਾਸਿਆਂ, ਦੁਮਾਲਿਆਂ ਤੇ ਟੋਪੀਆਂ ਨਾਲ ਸਤਰੰਗੀ ਦਾ ਸਿਰਨਾਵਾਂ ਨੇ, ਇਹ ਜਾਤਾਂ, ਧਰਮਾਂ, ਨਸਲਾਂ, ਨਫ਼ਰਤਾਂ, ਨਗੋਚਾਂ, ਕਿੱਤਿਆਂ ਅਤੇ ਨਿੱਜਾਂ ਤੋਂ ਉੱਪਰ ਉਠ ਕੇ ਸਰਬ-ਸੁੱਖਨਤਾ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਆਏ ਨੇ। ਇਹ ਜਾਣਦੇ ਨੇ ਕਿ ਸਭ ਦਾ ਦੁੱਖ-ਦਰਦ ਬਰਾਬਰ ਹੈ, ਸਾਰੇ ਹੀ ਇਨਸਾਨ ਅਤੇ ਹਰੇਕ ਲਈ ਆਪਣੇ ਹਿੱਸੇ ਦਾ ਆਸਮਾਨ ਜ਼ਰੂਰੀ ਏ। ਇਸ ਤੋਂ ਮੁਨਕਰੀ ਹੀ ਨਾਬਰੀ ਨੂੰ ਜਨਮ ਦਿੰਦੀ ਹੈ।

ਇਹ ਕਿਸਾਨ ਜਵਾਕਾਂ ਨੂੰ ਮੋਢਿਆਂ ’ਤੇ ਚੁੱਕੀ ਅਤੇ ਹੱਥਾਂ ਵਿਚ ਖਾਲੀ ਪੀਪਾ ਲੈ ਕੇ ਖੜ੍ਹੇ ਨਿਤਾਣਿਆਂ, ਨਿਰਬਲਾਂ ਅਤੇ ਨਗੁਰਿਆਂ ਦੀ ਹੂਕ ਬਣਨ ਦਾ ਅਹਿਦ ਵੀ ਨੇ ਜਿਹੜੇ ਆਪਣੇ ਘਰਾਂ ਦੀ ਛੱਤ ਹੇਠ ਖ਼ੁਦ ਦੀ ਸਲਾਮਤੀ ਦਾ ਸਬਕ ਬਣਨਾ ਲੋਚਦੇ ਹਨ। ਉਨ੍ਹਾਂ ਦੇ ਦੀਦਿਆਂ ਵਿਚ ਭੁੱਖ, ਤ੍ਰਾਸਦੀ, ਤੜਪ ਅਤੇ ਬੱਚਿਆਂ ਦੇ ਹੋਠਾਂ ’ਤੇ ਮਰ ਚੁੱਕੀ ਪਿਆਸ ਤੇ ਭੁੱਖ ਨੂੰ ਉਚਾਰਨ ਅਤੇ ਰਾਜੇ ਦੇ ਮਨ ਵਿਚ ਉਤਾਰਨ ਦਾ ਬੀੜਾ ਵੀ ਇਹ ਕਿਸਾਨ ਹੀ ਚੁੱਕੀ ਫਿਰਦੇ ਹਨ।

ਇਨ੍ਹਾਂ ਕਿਸਾਨਾਂ ਦੇ ਬਲਦ ਵੀ ਇਨ੍ਹਾਂ ਦੇ ਗ਼ਮ ਵਿਚ ਸ਼ਰੀਕ ਹਨ। ਬਲਦ ਤਾਂ ਬਹੁਤ ਕੋਸ਼ਿਸ਼ ਕਰਦੇ ਰਹੇ ਕਿ ਆਪਣੇ ਮਾਲਕ ਦੀ ਸੱਖਣੀ ਤਲੀ ’ਤੇ ਕੁਝ ਧਰਨ, ਉਨ੍ਹਾਂ ਲਈ ਹੋਰ ਕਰਨ, ਜਰਨ ਅਤੇ ਖਾਲੀ ਬੋਝੇ ਨੂੰ ਭਰਨ ਦੀ ਤਦਬੀਰ ਘੜਨ। ਤਾਂ ਹੀ ਇਹ ਹੁਣ ਇਨ੍ਹਾਂ ਬੇਜ਼ੁਬਾਨਾਂ ਨੂੰ ਜ਼ੁਬਾਨ ਦੇਣ ਅਤੇ ਇਨ੍ਹਾਂ ਦੀ ਪੀੜਾ ਨੂੰ ਮਹਿਲ-ਮੁਨਾਰਿਆਂ ਤੀਕ ਸੁਣਾਉਣ ਆਏ ਨੇ।

ਇਹ ਕਿਸਾਨ ਬਲਦਾਂ ਦੇ ਗਲ਼ ਲੱਗ ਕੇ ਦੁੱਖੜੇ ਸੁਣਾਉਣ ਤੋਂ ਅੱਕੇ, ਹੁਣ ਰਾਜ ਦਰਬਾਰ ਨੂੰ ਆਪਣੀ ਦਾਸਤਾਨ ਸੁਣਾਉਣ ਆਏ ਨੇ। ਹਿਚਕੀਆਂ ਵਿਚੋਂ ਹਾਸਿਆਂ ਨੂੰ ਉਪਜਾਉਣ ਦੀ ਜੁਗਤ ਅਤੇ ਜਾਗਤ ਤਲਾਸ਼ਣ ਆਏ ਨੇ।

ਇਹ ਢਾਣੀ ਤਾਂ ਹੀ ’ਕੱਠੀ ਹੋ ਕੇ ਆਈ ਹੈ। ਢਾਣੀ ਨੂੰ ਕੋਈ ਸਿਰਾ ਤਾਂ ਫੜਾਵੇ ਇਸ ਉਲਝੀ ਹੋਈ ਤਾਣੀ ਦਾ, ਨਹੀਂ ਤਾਂ ਜਿਉਂਦੇ ਜੀਅ ਸਾਹਾਂ ਦੀ ਪੂੰਜੀ ਸ਼ਰਚ ਹੋ ਜਾਣੀ ਹੈ। ਫਿਰ ਕਿਹੜੇ ਮੂੰਹ ਨਾਲ ਆਪਣੀ ਔਲਾਦ ਨੂੰ ਆਪਣੀ ਤਵਾਰੀਖ਼ ਦੀ ਤਸਵੀਰ ਦਿਖਾਉਣੀ ਹੈ। ਇਹ ਕਿਸਾਨ ਜ਼ਿੰਦਗੀ ਦੇ ਗਵਾਚੇ ਹੋਏ ਅਰਥਾਂ ਦੀ ਤਲਾਸ਼ ਵਿਚ ਰੁੱਝੇ ਹੋਏ ਲੋਕਾਂ ਦੇ ਪ੍ਰਤੀਬਿੰਬ ਹਨ। ਭਾਵੇਂ ਗਵਾਂਢ ਵਿਚ ਵਸਦੇ ਲੁਹਾਰ, ਤਰਖਾਣ, ਘੁਮਿਆਰ, ਝਿਊਰ, ਮਜ੍ਹਬੀ, ਕਰਿਆੜ, ਕੰਮੀ ਜਾਂ ਸੀਰੀ ਹੋਣ। ਇਹ ਭਾਈਚਾਰੇ ਦਾ ਦੁੱਖ-ਸਮੋਈ ਅਤੇ ਆਸ ਦੀ ਲੋਈ ਲੈ ਕੇ ਅਵੱਗਿਆਵਾਂ, ਉਲੰਘਣਾਵਾਂ ਵਿਚੋਂ ਉਦਾਸੀਆਂ ਦੀਆਂ ਪੈੜਾਂ ਨੱਪਣ ਆਏ ਨੇ। ਇਨ੍ਹਾਂ ਨੂੰ ਯਾਦ ਏ ਬਾਬੇ ਨਾਨਕ ਦੀਆਂ ਉਦਾਸੀਆਂ ਵਿਚੋਂ ਉੱਗੇ ਰੌਸ਼ਨ ਸੁਨੇਹੇ ਅਤੇ ਸਮੇਂ ਦੇ ਹਾਕਮਾਂ ਨੂੰ ਦਿੱਤੀ ਵੰਗਾਰ ਤੇ ਲਲਕਾਰ।

ਇਹ ਕਿਸਾਨ, ਮੱਸਿਆ ਦੀ ਰਾਤ ’ਚ ਗਵਾਚੇ ਹੋਏ ਚੰਦਰਮੇ ਨੂੰ ਕਹਿਣ ਆਏ ਨੇ ਕਿ ਕਦੇ ਵੀ ਚਾਨਣ ਗ਼ੁਲਾਮ ਨਹੀਂ ਹੋ ਸਕਦੇ। ਇਹ ਅੰਬਰ ਦੇ ਤਾਰਿਆਂ ਦੀ ਗਲਵਕੜੀ ਮਾਨਣ ਲਈ ਕਾਹਲੇ ਹਨ ਅਤੇ ਇਨ੍ਹਾਂ ਦੀਆਂ ਸੋਚਾਂ ਵਿਚ ਹੁਣ ਉਗ ਆਈ ਹੈ ਸੂਰਜਾਂ ਦੀ ਸਾਉਣੀ ਤੇ ਹਾੜ੍ਹੀ। ਸੂਰਜ ਕਦੇ ਵੀ ਡੁੱਬਦੇ ਨਹੀਂ। ਸਗੋਂ ਛੁਪਦੇ ਹਨ ਅਤੇ ਛਿਪਣ ਤੋਂ ਬਾਅਦ ਵੀ ਸੂਰਜ ਹਨੇਰਿਆਂ ਦੀ ਵੱਖੀ ਵਿਚ ਚੀਰ ਪਾਉਣ ਲਈ ਬਹੁਤ ਕਾਹਲਾ ਹੁੰਦਾ ਹੈ। ਇਹ ਕਿਸਾਨ, ਕਲਮਾਂ ਤੇ ਕਿਰਤਾਂ ਵਿਚਲੀ ਉਦਾਸੀ, ਉਪਰਾਮਤਾ, ਉਦੇਸ਼ਹੀਣਤਾ, ਉਤਸ਼ਾਹਹੀਣਤਾ ਅਤੇ ਉੱਦਮਹੀਣਤਾ ਵਿਚਲੀ ਕਲਯੋਗਣੀ ਸੁਰ ਨੂੰ ਤਬਦੀਲ ਕਰਨ ਆਏ ਨੇ। ਇਹ ਕਲਮਾਂ ਨੂੰ ਕਲਮ-ਧਰਮ ਨਿਭਾਉਂਦਿਆਂ, ਕਲਮ-ਕੀਰਤੀ ਵਿਚੋਂ ਸੁਖਨ, ਸਕੂਨ, ਸੁਚੇਤਨਾ ਅਤੇ ਸ਼ੁਭਚਿੰਤਨ ਪੈਦਾ ਕਰਨ ਲਈ ਉਤਸ਼ਾਹਤ ਕਰਨਾ ਚਾਹੁੰਦੇ ਹਨ। ਇਹ ਜਾਣਦੇ ਨੇ ਕਿ ਜਦੋਂ ਕਲਮ ਹੀ ਕਮਜ਼ੋਰ ਹੋ ਜਾਵੇ ਅਤੇ ਕਰਤੱਵਾਂ, ਕਾਰਨਾਮਿਆਂ ਤੇ ਕੀਰਤੀਆਂ ਤੋਂ ਬੇਮੁਖ ਹੋ ਜਾਵੇ ਤਾਂ ਤਵਾਰੀਖ਼ ਨਿਰਾਸ਼ ਤੇ ਹਤਾਸ਼ ਹੋ ਕੇ ਸਰਬਨਾਸ਼ ਦਾ ਸ਼ਬਦ ਬਣ ਜਾਂਦੀ ਹੈ। ਜਾਗਦੀਆਂ ਕਲਮਾਂ ਨੂੰ ਆਪਣੀ ਤਵਾਰੀਖ਼ ਦਾ ਅਹਿਸਾਸ ਹੁੰਦਾ ਹੈ। ਜਾਗਦੀਆਂ ਤੇ ਜਗਦੀਆਂ ਕਲਮਾਂ ਵਕਤ ਲਈ ਵਰਦਾਨ ਜਦੋਂਕਿ ਸੁੱਤੀਆਂ ਕਲਮਾਂ, ਸਮਿਆਂ ਲਈ ਸੰਤਾਪ ਹੁੰਦੀਆਂ ਹਨ।

ਇਹ ਕਿਸਾਨ ਲੋਕਾਈ ਦੇ ਹੋਠਾਂ ’ਤੇ ਜੰਗਾਲੇ ਜਿੰਦਰਿਆਂ ਨੂੰ ਖੋਲ੍ਹਣ ਲਈ ਚਾਬੀ ਲਾਉਣ ਆਏ ਨੇ ਤਾਂ ਕਿ ਜ਼ੁਬਾਨ ’ਤੇ ਲੱਗੀ ਹੋਈ ਉੱਲੀ ਉਤਾਰੀ ਜਾਵੇ। ਚੁੱਪ ਨੂੰ ਬੋਲ ਦਿੱਤੇ ਜਾਣ ਅਤੇ ਗੂੰਗੇ ਅਲਫ਼ਾਜ਼ਾਂ ਨੂੰ ਕੁਝ ਕਹਿਣ ਦਾ ਵੱਲ ਆਵੇ। ਉਹ ਆਪਣੇ ਮਨ ਦੇ ਦੱਬੇ ਹੋਏ ਜਜ਼ਬਾਤਾਂ ਨੂੰ ਪ੍ਰਗਟਾਅ ਸਕਣ ਅਤੇ ਬਹਿਰੇ ਕੰਨਾਂ ਨੂੰ ਦਰਦ ਸੁਣਾ ਸਕਣ। ਬੋਲਾਂ ਵਿਚੋਂ ਹੀ ਬਹਾਦਰੀ, ਬੰਦਗੀ, ਬੰਦਿਆਈ, ਬਰਕਤਾਂ ਤੇ ਬਾਦਸ਼ਾਹੀ ਦੀਆਂ ਬਾਤਾਂ ਪਾਈਆਂ ਤੇ ਸੁਣਾਈਆਂ ਜਾਂਦੀਆਂ ਹਨ। ਇਹ ਬਾਤਾਂ ਹੀ ਸੁੱਤਿਆਂ ਨੂੰ ਜਗਾਉਣ, ਥੱਕੇ ਹਾਰਿਆਂ ਦੇ ਕਦਮਾਂ ਵਿਚ ਸਫ਼ਰ ਉਗਾਉਣ, ਰਾਹਾਂ ਦੀ ਨਿਸ਼ਾਨਦੇਹੀ ਕਰਨ ਅਤੇ ਮੰਜ਼ਲਾਂ ’ਤੇ ਅਪੜਨ ਦਾ ਸੁਨੇਹਾ ਬਣਦੀਆਂ ਹਨ।

ਇਹ ਕਿਸਾਨ ਨੀਮ ਬੇਹੋਸ਼ੀ ਵਿਚ ਸੁੱਤਿਆਂ ਨੂੰ ਜਗਾਉਣ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਚਿੰਤਨ, ਅਸਫਲਤਾਵਾਂ ਨੂੰ ਸਫਲਤਾਵਾਂ ਅਤੇ ਆਲਿਆਂ ਵਿਚ ਚਿਰਾਗ ਧਰਨ ਦਾ ਪਲੇਠਾ ਉੱਦਮ ਨੇ। ਉਹ ਜਾਣਦੇ ਨੇ ਕਿ ਜਦੋਂ ਆਮ ਵਿਅਕਤੀ ਹੀ ਆਪਣੇ ਫਰਜ਼ਾਂ ਤੇ ਮਰਜ਼ਾਂ ਪ੍ਰਤੀ ਜਾਗਰੂਕ ਹੋ ਗਿਆ ਤਾਂ ਸੁਖਨ-ਸਵੇਰ ਦੀ ਦਸਤਕ ਦੂਰ ਨਹੀਂ ਰਹਿਣੀ।

ਇਹ ਕਿਸਾਨ ਅਚਿੰਤੇ ਪਏ ਬਾਜਾਂ ਨੂੰ ਛਿੱਛਕਾਰਨ ਅਤੇ ਉਨ੍ਹਾਂ ਦੇ ਖੰਭਾਂ ਨੂੰ ਨੋਚਣ ਆਏ ਨੇ ਤਾਂ ਕਿ ਉਹ ਚਿੜੀਆਂ ਦਾ ਸ਼ਿਕਾਰ ਨਾ ਕਰ ਸਕਣ। ਬੋਟਾਂ ਨੂੰ ਚੋਗ ਤੋਂ ਮਹਿਰੂਮ ਨਾ ਕਰ ਸਕਣ। ਆਲ੍ਹਣੇ ਨੂੰ ਤੀਲ੍ਹਾ-ਤੀਲ੍ਹਾ ਨਾ ਕਰ ਸਕਣ ਅਤੇ ਨਾ ਹੀ ਬੋਟਾਂ ਨੂੰ ਪਰ ਤੇ ਪਰਵਾਜ਼ ਦੀ ਰਹਿਮਤ ਤੋਂ ਵਰਜਣ। ਬੋਟ ਜਿਉਂਦੇ ਰਹੇ ਤਾਂ ਉਹ ਖ਼ੁਦ ਹੀ ਉੱਡਣਾ ਸਿੱਖ ਜਾਣਗੇ। ਚੋਗ ਭਾਲਣ ਲਈ ਉਡਾਰੀ ਵੀ ਭਰ ਸਕਣਗੇ ਅਤੇ ਸ਼ਿਕਰਿਆਂ ਤੋਂ ਵੀ ਆਪਣਾ ਬਚਾ ਕਰ ਸਕਣਗੇ। ਬੋਟ ਹੀ ਕਿਸੇ ਨਸਲ ਦਾ ਭਵਿੱਖ ਹੁੰਦੇ ਹਨ ਅਤੇ ਜੇਕਰ ਭਵਿੱਖ ਹੀ ਖ਼ਤਮ ਹੋ ਗਿਆ ਤਾਂ ਨਸਲਾਂ ਕਿਵੇਂ ਬਚਣਗੀਆਂ ?

ਇਹ ਕਿਸਾਨ ਲਾਚਾਰਾਂ, ਨਿਤਾਣਿਆਂ, ਅਬਲਾਵਾਂ, ਵਿਧਵਾਵਾਂ, ਨਿਰਦੋਸ਼ਾਂ, ਨਾਕਰਮਿਆਂ ਤੇ ਮਾਂ-ਮਛੋਰਾਂ ਦੀ ਤਲੀ ’ਤੇ ਕਿਸਮਤ ਰੇਖਾਵਾਂ ਉਘਾੜਨ ਆਏ ਨੇ ਜਿਹੜੀਆਂ ਉਨ੍ਹਾਂ ਦੇ ਰੱਟਨਾਂ ਵਿਚ ਗਵਾਚ ਗਈਆਂ ਅਤੇ ਬਿਆਈਆਂ ਵਿਚ ਲੁਪਤ ਹੋ ਗਈਆਂ ਨੇ। ਇਹ ਉਨ੍ਹਾਂ ਨੂੰ ਸੁਲੱਗ, ਸੁਚੇਤ, ਸਮਰੱਥ, ਸਹਿਯੋਗੀ, ਸਹਾਇਕ, ਸਿਰੜੀ ਅਤੇ ਸਿਦਕੀ ਬਣਨ ਦੀ ਵਿਧਾ ਸਮਝਾਉਣ ਆਏ ਨੇ।

ਇਹ ਕਿਸਾਨ ਵਾੜਾਂ ਵਿਚ ਤਾੜੇ, ਜੰਗਲਿਆਂ ਵਿਚ ਕਾਬੂ, ਕੋਠੜੀਆਂ ਵਿਚ ਬੰਦ, ਕਮਰਿਆਂ ਵਿਚ ਕੈਦ ਲੋਕਾਂ ਨੂੰ ਖੁੱਡਿਆਂ ’ਚੋਂ ਬਾਹਰ ਨਿਕਲਣ, ਤਾਜ਼ੀ ਹਵਾ ਵਿਚ ਸਾਹ ਲੈਣ, ਧੁੱਪ ਤੇ ਰੌਸ਼ਨੀ ਵਿਚ ਨਹਾਉਣ ਅਤੇ ਰੰਗਾਂ ਤੇ ਮਹਿਕਾਂ ਵਿਚ ਖ਼ੁਦ ਨੂੰ ਭਿਉਣ ਦੀ ਚਾਹਨਾ ਪੈਦਾ ਕਰਨ ਦਾ ਸੁੱਖਦ ਸੁਨੇਹਾ ਵੀ ਨੇ। ਇਹ ਕਿਸਾਨ ਤਾਂ ਦਰਿਆਵਾਂ ਵਰਗੇ, ਪਹਾੜਾਂ ਜਿਹੇ ਜੇਰਿਆਂ ਵਾਲੇ ਅਤੇ ਤੂਫ਼ਾਨਾਂ ਨੂੰ ਠੱਲ੍ਹਣ ਵਾਲੇ ਉਨ੍ਹਾਂ ਲੋਕਾਂ ਦਾ ਕਾਰਵਾਂ ਏ ਜਿਨ੍ਹਾਂ ਨੇ ਸਮਿਆਂ ਦੀ ਤਕਦੀਰ ਘੜਨ, ਤਸਵੀਰ ਸਿਰਜਣ ਅਤੇ ਤਵਾਰੀਖ਼ ਨੂੰ ਉਕਰਨ ਦਾ ਹਰਫ਼ਨਾਮਾ ਬਣਨਾ ਏ। ਇਨ੍ਹਾਂ ਦੀ ਪਿੱਠ ’ਤੇ ਇਨ੍ਹਾਂ ਦਾ ਇਤਿਹਾਸ, ਇਖ਼ਲਾਕ ਅਤੇ ਸਿਰ ’ਤੇ ਇੱਜ਼ਤਾਂ ਦਾ ਤਾਜ਼ ਹੈ। ਇਹ ਖ਼ੁਦ ਦੀ ਤਾਜ਼ਪੋਸ਼ੀ ਕਰਨ ਵਾਲੀਆਂ ਬਿਗਾਨੀਆਂ ਧਿਰਾਂ ਅਤੇ ਠੁੱਮਣਿਆਂ ਹੇਠ ਜ਼ਿੰਦਗੀ ਨੂੰ ਬਸਰ ਨਹੀਂ ਕਰਦੇ। ਉਹ ਤਾਂ ਆਪਣੀ ਜ਼ਿੰਦਗੀ ਦੇ ਖ਼ੁਦ ਸਿਰਜਣਹਾਰੇ ਹਨ।

ਇਹ ਕਿਸਾਨ ਤਾਂ ਖੜਸੁੱਕ ਬਾਗ਼ ਦੇ ਮਾਲੀ ਨੂੰ ਇਹ ਚਿਤਾਰਨ ਆਏ ਨੇ ਕਿ ਜਦੋਂ ਬਾਗ਼ ਸੁੱਕ ਜਾਵੇ, ਫੁੱਲ ਮੁਰਝਾ ਜਾਣ, ਕਲੀਆਂ ਦੀ ਨਿਲਾਮੀ ਹੋਵੇ, ਕੱਚੀਆਂ ਕਰੂੰਬਲਾਂ ਨੂੰ ਮਰੋੜਿਆ ਜਾਵੇ, ਪਲੱਤਣਾਂ ਭਾਰੂ ਹੋਣ, ਮਹਿਕ ਨੂੰ ਬਦਬੂ ਦਾ ਸਰਾਪ ਮਿਲੇ ਅਤੇ ਬਹਾਰ ਵਿਚੋਂ ਵੈਰਾਨਗੀ ਦਾ ਝਲਕਾਰਾ ਪਵੇ ਤਾਂ ਜ਼ਰੂਰੀ ਹੋ ਜਾਂਦਾ ਏ ਕਿ ਮਾਲੀ ਸੁਚੇਤ ਹੋ ਜਾਵੇ। ਉਹ ਅਲਾਮਤਾਂ ਨੂੰ ਸਮਝੇ। ਬਾਗ਼ ਦੀ ਪੁਰਾਤੱਤਵ ਮੁਹਾਰ, ਬਹਾਰ, ਲਬਰੇਜ਼ਤਾ ਅਤੇ ਰੰਗਰੇਜ਼ਤਾ ਦੀ ਬਹਾਲੀ ਲਈ ਸੁੱਘੜ ਸਾਧਨ ਜੁਟਾਵੇ ਅਤੇ ਬਾਗ਼ ਵਿਚੋਂ ਬਹਿਸ਼ਤ ਦਾ ਹੁਲਾਰ ਆਵੇ।

ਇਹ ਕਿਸਾਨ ਸੁਪਨਹੀਣ ਨੈਣਾਂ ਵਿਚ ਸੁਪਨੇ ਧਰਨ ਆਏ ਨੇ। ਸਮਝਾਉਣ ਆਏ ਨੇ ਕਿ ਸਭ ਤੋਂ ਜ਼ਰੂਰੀ ਹੁੰਦਾ ਏ ਸੁਪਨਾ ਲੈਣਾ ਅਤੇ ਇਸ ਦੀ ਪੂਰਨਤਾ ਨੂੰ ਆਪਣੀ ਜੀਵਨ-ਜਾਚ ਬਣਾਉਣਾ। ਸੁਪਨਹੀਣਤਾ ਵਿਚੋਂ ਪ੍ਰਾਪਤੀ ਦਾ ਕਿਆਸ ਕਿੰਜ ਲਗਾਵੋਗੇ? ਜਦੋਂ ਸੁਪਨੇ ਕਬਰਾਂ ਬਣਦੇ ਹਨ ਤਾਂ ਸਿਰਫ਼ ਕੀਰਨੇ ਹੀ ਸੁਣਾਈ ਦਿੰਦੇ ਹਨ। ਕਹਿਕਸ਼ਾਂ ਲਈ ਕਿਰਤੀਆਂ ਦੀ ਕਰਮਯੋਗਤਾ ਜ਼ਰੂਰੀ ਹੈ।

ਇਹ ਕਿਸਾਨ ਸਾਝਰੇ ਸਾਝਰੇ ਪਿੰਡਾਂ ਵਿਚ ਗੇੜੀ ਦਿੰਦੇ ਉਨ੍ਹਾਂ ਫੱਕਰਾਂ ਵਰਗੇ ਹਨ ਜੋ ਲੋਕਾਂ ਨੂੰ ਜਾਗਣ ਦਾ ਹੋਕਾ ਲਾਉਂਦੇ ਹੋਏ ਸਵੇਰ ਦੀ ਸ਼ੁਭ-ਅਰੰਭਤਾ ਲਈ ਅਰਦਾਸ ਕਰਦੇ ਹੋਏ, ਕੁਲ ਆਲਮ ਲਈ ਦੁਆਵਾਂ ਮੰਗਦੇ ਹਨ। ਸਰਬੱਤ ਦਾ ਭਲਾ ਮੰਗਣ ਵਾਲਿਆਂ ਦੀ ਸੋਚ ਵਿਚਲੀ ਵਸੀਹਤਾ, ਵਿਲੱਖਣਤਾ ਅਤੇ ਵਿਵਹਾਰਤਾ ਨੂੰ ਸੀਮਤ ਸ਼ਬਦਾਂ ਜਾਂ ਅਰਥਾਂ ਵਿਚ ਬੰਨ੍ਹਿਆ ਨਹੀਂ ਜਾ ਸਕਦਾ। ਫੱਕਰਾਂ ਵਰਗੇ ਲੋਕਾਂ ਦੀ ਜ਼ਮੀਰ, ਜ਼ਹਿਨੀਅਤ ਅਤੇ ਜਜ਼ਬਾ ਹਮੇਸ਼ਾਂ ਨਿੱਜ ਤੋਂ ਪਰੇ ਤੇ ਪਾਕੀਜ਼ ਹੁੰਦਾ ਹੈ।

ਇਹ ਕਿਸਾਨ ਕਿਰਤ-ਕਮਾਈ ਦੀ ਨਿਰੀ ਯੋਗ ਕਮਾਉਂਦੇ-ਕਮਾਉਂਦੇ, ਹੁਣ ਹੰਭ-ਹਾਰ ਚੁੱਕੇ ਨੇ। ਇਹ ਪਿੰਡੇ ਤੋਂ ਵਿਭੂਤੀ ਲਾਹ, ਗੁਰੂ ਗੋਰਖ ਨਾਥ ਨੂੰ ਆਪਣਾ ਕਰਮੰਡਲ, ਰੁੱਦਰਮਾਲਾ ਤੇ ਮੁੰਦਰਾਂ ਵਾਪਸ ਕਰਕੇ ਮੋਢੇ ’ਤੇ ਲਟਕਾਈ ਖਾਲੀ ਬਗਲੀ ਲਈ ਸੰਧਾਰੇ ਦਾ ਸ਼ਗੂਫ਼ਾ ਲੈਣ ਆਏ ਨੇ। ਖਾਲੀ ਬਗਲੀ ਨਾਲ ਭਲਾ ਕਿੰਨਾ ਕੁ ਚਿਰ ਜੋਗ ਕਮਾਈ ਜਾ ਸਕਦੀ ਏ? ਇਹ ਬਹੁਤ ਚਿਰ ਤੋਂ ਅਲਖ਼ ਜਗਾਈ ਬੈਠੇ ਨੇ, ਗੋਰਖ ਨਾਥ ਜੀ ਇਨ੍ਹਾਂ ਨੂੰ ਖਾਲੀ ਨਾ ਮੋੜਿਓ ਕਿਉਂਕਿ ਜੋਗੀਆਂ ਦੀ ਬਦ-ਦੁਆ ਬਹੁਤ ਮਾੜੀ ਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All