ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਅਫਗਾਨਿਸਤਾਨ ਤੋਂ 180 ਸਿੱਖ ਤੇ ਹਿੰਦੂ ਪਰਿਵਾਰਾਂ ਨੂੰ ਲੈ ਕੇ ਅੱਜ ਆਖ਼ਰੀ ਚਾਰਟਰਡ ਉਡਾਣ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉੱਤਰੀ। ਵਿਸ਼ਵ ਪੰਜਾਬੀ ਸੰਗਠਨ ਦੇ ਕੌਮਾਂਤਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਅਫਗਾਨਿਸਤਾਨ ਦੇ ਜਲਾਲਾਬਾਦ ਅਤੇ ਗਜ਼ਨੀ ਖੇਤਰ ਵਿੱਚ ਰਹਿੰਦੇ ਸਿੱਖਾਂ ਅਤੇ ਹਿੰਦੂਆਂ ਨੂੰ ਬਾਹਰ ਕੱਢਣ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਉਡਾਣ ਨਾਲ ਕਾਬੁਲ ਵਿੱਚ ਫਸੇ 500 ਸਿੱਖ ਤੇ ਹਿੰਦੂ ਪਰਿਵਾਰਾਂ ਨੂੰ ਬਾਹਰ ਕੱਢਣ ਦਾ ਆਪਣਾ ਪ੍ਰੋਗਰਾਮ ਮੁਕੰਮਲ ਹੋ ਗਿਆ ਹੈ।
ਸ੍ਰੀ ਸਾਹਨੀ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਨੂੰ ਅਸਥਾਈ ਰਿਹਾਇਸ਼ ਮੁਹੱਈਆ ਕਰਵਾਏਗੀ ਤੇ ਇਨ੍ਹਾਂ ਸ਼ਰਨਾਰਥੀਆਂ ਲਈ ਗੁਰਦੁਆਰਾ ਰਕਾਬ ਗੰਜ, ਮੋਤੀ ਬਾਗ ਤੇ ਬੰਗਲਾ ਸਾਹਿਬ ਵਿਖੇ ਤਿੰਨ ਇਕਾਂਤਵਾਸ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪਰਿਵਾਰ ਸੰਯੁਕਤ ਰਾਜ, ਬ੍ਰਿਟੇਨ, ਮਿਡਲ ਈਸਟ ਦੇ ਵੱਖ-ਵੱਖ ਪਰਵਾਸੀ ਭਾਰਤੀ ਤੇ ਵਿਸ਼ਵ ਪੰਜਾਬੀ ਸੰਗਠਨ ਦੇ ਮੈਂਬਰਾਂ ਦੁਆਰਾ “ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ” ਪ੍ਰੋਗਰਾਮ ਤਹਿਤ ਸਪਾਂਸਰ ਕੀਤੇ ਗਏ ਹਨ। ਉਨ੍ਹਾਂ ਦਿਲੀਪ ਸਿੰਘ ਸੇਠੀ ਤੇ ਪਰਮਜੀਤ ਸਿੰਘ ਬੇਦੀ ਦਾ ਇਨ੍ਹਾਂ ਸ਼ਰਨਾਰਥੀਆਂ ਲਈ ਮਕਾਨਾਂ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਦੀ ਬੱਚਿਆਂ ਦੀ ਪੜ੍ਹਾਈ ਸਮੇਤ ਦੋ ਸਾਲਾਂ ਦੇ ਘਰੇਲੂ ਖਰਚਿਆਂ ਨੂੰ ਪੂਰਾ ਕਰਨ ਦੇ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਧੰਨਵਾਦ ਕੀਤਾ।
ਸ੍ਰੀ ਸਾਹਨੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਐੱਨਜੀਓ ‘ਸਨ ਫਾਊਂਡੇਸ਼ਨ; ਜੇਲ ਰੋਡ ਆਈਟੀਆਈ ਕੈਂਪਸ ਵਿਖੇ ਹੁਨਰ ਕੇਂਦਰ ਵਿੱਚ ਸਾਰੇ ਨੌਜਵਾਨ ਅਫਗਾਨੀ ਸਿੱਖਾਂ ਤੇ ਹਿੰਦੂਆਂ ਨੂੰ ਮੁਫ਼ਤ ਸਿਖਲਾਈ ਦੇਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।