ਇੰਜ. ਈਸ਼ਰ ਸਿੰਘ
ਤੌਬਾ ਜਾਮ-ਸ਼ਿਕਨ, ਜਾਮ ਤੌਬਾ-ਸ਼ਿਕਨ,
ਸਾਮਨੇ ਢੇਰ ਹੈਂ ਟੂਟੇ ਹੂਏ ਪੈਮਾਨੋਂ ਕੇ।
ਰਿਆਜ਼ ਖੈਰਾਬਾਦੀ ਦੇ ਇਸ ਸ਼ਿਅਰ ਦੇ ਭਾਵ ਨੂੰ ਅਮਰੀਕਾ ਦੇ ਮਹਾਨ ਹਾਸ-ਰਸ ਸਾਹਿਤਕਾਰ ਮਾਰਕ ਟਵੇਨ ਦੀ ਹੇਠਲੀ ਟੂਕ ਹੋਰ ਵੀ ਵੱਧ ਅਰਥ- ਭਰਪੂਰ ਬਣਾ ਦਿੰਦੀ ਹੈਃ
“ਸ਼ਰਾਬ ਛੱਡਣੀ ਕਿਹੜੀ ਔਖੀ ਗੱਲ ਹੈ? ਮੈਂ ਪੰਜਾਹ ਵਾਰ ਛੱਡੀ ਹੈ।”
ਇਹ ਦੋਵੇਂ ਕਲਾਮ ਆਪਾਂ ਨੂੰ ਮਨੁੱਖੀ ਸੁਭਾਅ ਦੇ ਇਸ ਅਹਿਮ ਪੱਖ ਪ੍ਰਤੀ ਜਾਗਰੂਕ ਕਰਦੇ ਹਨ ਕਿ ਸਾਡੀਆਂ ਆਦਤਾਂ ਦੇ ਸਾਹਮਣੇ ਸਾਡੀ ਇੱਛਾ ਸ਼ਕਤੀ ਇੰਨੀ ਨਿਰਬਲ ਹੈ ਕਿ ਗਿਆਨ, ਸਿਆਣਪਾਂ, ਖਾਧੀਆਂ ਸਹੁੰਆਂ ਅਤੇ ਸੁਹਿਰਦ ਸਲਾਹਾਂ ਵੀ ਇਸ ਦੀ ਮਦਦ ਨਹੀਂ ਕਰ ਸਕਦੀਆਂ। ਹਠ ਕਰਕੇ ਇਹ ਜਾਮ ਤੋੜ-ਤੋੜ ਕੇ ਉਨ੍ਹਾਂ ਦੇ ਢੇਰ ਤਾਂ ਲਾ ਸਕਦੀ ਹੈ, ਪਰ ਖੁਦ ਆਦਤਾਂ ਸਾਹਮਣੇ ਬੇਵੱਸ ਹੋ ਜਾਂਦੀ ਹੈ। ਜੇ ਸਹੁੰ ਖਾ ਕੇ ਗਲਾਸੀਆਂ ਜਾਂ ਬੋਤਲਾਂ ਭੰਨਣ ਨਾਲ ਸ਼ਰਾਬ ਛੁਟਦੀ ਹੁੰਦੀ ਤਾਂ ਲਗਭਗ ਸਾਰੇ ਸ਼ਰਾਬੀਆਂ ਨੇ ਹੀ ਛੱਡੀ ਹੋਣੀ ਸੀ। ਸਾਡੀਆਂ ਆਦਤਾਂ ਅਤੇ ਸਾਡੀ ਇੱਛਾ ਸ਼ਕਤੀ ਦੀ ਇਹ ਵਿਰੋਧਤਾ ਕੁਦਰਤੀ ਵੀ ਹੈ ਅਤੇ ਵਿਆਪਕ ਵਰਤਾਰਾ ਵੀ ਹੈ। ਇਹ ਸਿਰਫ਼ ਅੱਜ ਦੇ ਮਨੁੱਖ ਦੀ ਹੀ ਨਹੀਂ ਬਲਕਿ ਆਦਿ-ਕਾਲੀਨੀ ਸਮੱਸਿਆ ਹੈ। ਮਹਾਂਭਾਰਤ ਦੇ ਨਾਇਕ ਧਰਮ-ਪੁੱਤਰ ਯੁਧਿਸ਼ਟਰ ਦੀ ਜੂਆ ਖੇਡਣ ਦੀ ਆਦਤ ਅਖੀਰ ਨੂੰ ਕਿੱਡਾ ਵੱਡਾ ਦੁਖਾਂਤ ਬਣੀ ਹਾਲਾਂਕਿ ਕ੍ਰਿਸ਼ਨ ਭਗਵਾਨ ਖੁਦ ਉਸ ਦੇ ਸਲਾਹਕਾਰਾਂ ਵਿਚੋਂ ਸਨ।
ਆਦਤਾਂ ਅਤੇ ਇੱਛਾ ਸ਼ਕਤੀ ਦੀ ਵਿਰੋਧਤਾ ਬਾਰੇ ਆਪਣਾ ਸਭ ਦਾ ਹਰ ਰੋਜ਼ ਦਾ ਵਿਅਕਤੀਗਤ ਤਜਰਬਾ ਵੀ ਹੈ ਅਤੇ ਆਪਾਂ ਆਲੇ-ਦੁਆਲੇ ਹੋਰਾਂ ਨੂੰ ਵੀ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਆਮ ਹੀ ਦੇਖਦੇ ਹਾਂ। ਪੜ੍ਹਦੇ-ਸੁਣਦੇ ਹਾਂ ਕਿ ਕੌਮਾਂਤਰੀ-ਪੱਧਰ ਤਕ ਦੇ ਖਿਡਾਰੀ ਨਸ਼ੇੜੀ ਬਣ ਜਾਂਦੇ ਹਨ ਅਤੇ ਹੋਰ-ਹੋਰ ਗ਼ਲਤ ਕੰਮਾਂ ਵਿਚ ਪੈ ਜਾਂਦੇ ਹਨ ਹਾਲਾਂਕਿ ਉਨ੍ਹਾਂ ਦੀ ਇੱਛਾ ਸ਼ਕਤੀ ਤਾਂ ਬੇਜੋੜ ਹੁੰਦੀ ਹੈ। ਵਿਚਾਰ ਦੀ ਗੱਲ ਇਹ ਹੈ ਕਿ ਇੱਛਾ ਸ਼ਕਤੀ ਵੀ ਸਾਡੀ ਹੈ, ਆਦਤਾਂ ਵੀ ਸਾਡੀਆਂ ਹਨ, ਨਫਾ-ਨੁਕਸਾਨ ਵੀ ਸਾਡਾ ਹੁੰਦਾ ਹੈ, ਕਰਨ-ਭਰਨ ਵਾਲੇ ਵੀ ਅਸੀਂ ਹਾਂ ਅਤੇ ਇਸ ਸਮੱਸਿਆ ਦਾ ਸਮਾਧਾਨ ਵੀ ਸਾਡਾ ਸਭ ਦਾ ਆਪੋ-ਆਪਣਾ ਫਰਜ਼ ਹੈ। ਸਪੱਸ਼ਟ ਹੈ ਕਿ ਅਸੀਂ ਇਨ੍ਹਾਂ ਦੋਹਾਂ ਗੁਣਾਂ ਦਾ ਸੁਮੇਲ ਕਰਕੇ ਆਪਣੇ ਜੀਵਨ ਨੂੰ ਵੱਧ ਸੌਖਾ ਅਤੇ ਸੁਚੱਜਾ ਬਣਾ ਸਕਦੇ ਹਾਂ। ਪਰ ਕਿਵੇਂ?
ਇਹ ਸਮਝਣ ਵਾਸਤੇ ਪਹਿਲਾਂ ਇੱਛਾ ਸ਼ਕਤੀ ਦੇ ਲੱਛਣਾਂ ਬਾਰੇ ਵਿਚਾਰ ਕਰਦੇ ਹਾਂ। ਇਸ ਦੇ ਕਈ ਰੂਪ ਹਨ, ਜਿਵੇਂ ਕਿ ਦ੍ਰਿੜਤਾ, ਪੱਕਾ ਇਰਾਦਾ, ਹਠ, ਸਿਰੜ, ਤਹੱਈਆ ਆਦਿ। ਨਿਰਸੰਦੇਹ ਸਾਡੀ ਇੱਛਾ ਸ਼ਕਤੀ ਸਾਨੂੰ ਕਿਸੇ ਔਖੇ ਕੰਮ ਨੂੰ ਕਰਨ ਦੀ ਹਿੰਮਤ ਅਤੇ ਜਜ਼ਬਾਤੀ ਵਹਿਣਾਂ ਅਤੇ ਗ਼ਲਤ ਵਿਚਾਰਾਂ ਨੂੰ ਦਬਾਉਣ ਦਾ ਬਲ ਦਿੰਦੀ ਹੈ। ਸਾਨੂੰ ਸਵੈ-ਕਾਬੂ ਜਾਂ ਅਨੁਸ਼ਾਸਨ ਵਿਚ ਰੱਖ ਕੇ ਮੰਦੇ ਕਰਮ ਤੋਂ ਰੋਕਦੀ ਹੈ ਅਤੇ ਚੰਗੇ ਵਾਸਤੇ ਪ੍ਰੇਰਦੀ ਹੈ। ਭਵਿੱਖ ਦੇ ਮਹੱਤਵਪੂਰਨ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਛਿਨ-ਭੰਗਰ ਚਸਕਿਆਂ ਤੋਂ ਮੂੰਹ ਮੋੜਨ ਦਾ ਸਿਰੜ ਦਿੰਦੀ ਹੈ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਇੱਛਾ ਸ਼ਕਤੀ ਸੁਚੇਤ ਮਨ ਦੀ ਅਗਵਾਈ ਵਿਚ ਜਾਣਬੁੱਝ ਕੇ ਕੀਤੀ ਕਾਰਵਾਈ ਹੈ। ਜੀਵਨ ਵਿਚ ਮਿੱਥੇ ਨਿਸ਼ਾਨਿਆਂ ਦੀ ਪ੍ਰਾਪਤੀ ਵਾਸਤੇ ਆਪਾਂ ਨੂੰ ਹਰ ਵਕਤ ਅਤੇ ਸਾਰੀ ਉਮਰ ਇਸ ਦੀ ਲੋੜ ਹੈ, ਪਰ ਇੰਨੀ ਵੱਡੀ ਸ਼ਕਤੀ ਹੋਣ ਦੇ ਬਾਵਜੂਦ ਆਪਣੀਆਂ ਕੁਝ ਕਮਜ਼ੋਰੀਆਂ ਕਰ ਕੇ ਇਹ ਪੱਕ-ਚੁੱਕੀਆਂ ਆਦਤਾਂ ਅੱਗੇ ਬੇਵੱਸ ਹੋ ਜਾਂਦੀ ਹੈ।
ਮਨੋ-ਵਿਗਿਆਨੀ ਮੰਨਦੇ ਹਨ ਕਿ ਉਹ ਇੱਛਾ ਸ਼ਕਤੀ ਦੀਆਂ ਕਮਜ਼ੋਰੀਆਂ ਦੇ ਕਾਰਨ ਪੂਰੀ ਤਰ੍ਹਾਂ ਨਹੀਂ ਸਮਝ ਸਕੇ। ਜਿੰਨਾ ਕੁ ਉਹ ਸਮਝ ਸਕੇ ਹਨ, ਉਸ ਅਨੁਸਾਰ ਇਹ ਇਕ ਵਿਅਕਤੀਗਤ ਕਾਰਵਾਈ ਹੈ। ਇਸ ਵਿਚ ਮੁਕਾਬਲੇਬਾਜ਼ੀ ਵੱਧ ਹੁੰਦੀ ਹੈ ਅਤੇ ਟੀਮ-ਜਜ਼ਬਾ ਘੱਟ ਹੁੰਦਾ ਹੈ। ਇਹ ਸਾਨੂੰ ਸਰੀਰ, ਦਿਮਾਗ਼ ਅਤੇ ਮਨ ਨਾਲ ਧੱਕਾ ਕਰਨ ਦੀ ਆਦਤ ਪਾ ਦਿੰਦੀ ਹੈ ਜੋ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਇਹ ਦਿਖਾਵੇ ਅਤੇ ਪ੍ਰਸ਼ੰਸਾ ਦੀ ਇੱਛੁਕ ਹੁੰਦੀ ਹੈ, ਇਸ ਕਰਕੇ ਸਾਡੇ ਹੰਕਾਰ ਵਿਚ ਵਾਧਾ ਕਰਦੀ ਹੈ। ਇਹ ਸੁਚੇਤ ਮਨ ਦੀ ਕਾਰਵਾਈ ਹੈ, ਸੋ ਇਹ ਸਾਡੇ ਮੂਡ, ਸਾਡੀ ਸਮਰੱਥਾ, ਸਾਡੇ ਸਰੀਰਿਕ ਅਤੇ ਦਿਮਾਗ਼ੀ ਚਸਕਿਆਂ ਅਤੇ ਵਾਤਾਵਰਣ ਉੱਪਰ ਨਿਰਭਰ ਹੈ। ਇਹ ਸਭ ਬਦਲਦੇ ਰਹਿੰਦੇ ਹਨ ਜਿਵੇਂ ਕਿ ਮਾੜੀ ਸੰਗਤ ਵਿਚ ਜਾ ਕੇ ਜਾਂ ਟੀਵੀ ਦੇ ਇਸ਼ਤਿਹਾਰ ਦੇਖ ਕੇ ਅਸੀਂ ਬੇਲੋੜੇ ਕੰਮ ਕਰ ਲੈਂਦੇ ਹਾਂ। ਇਹ ਸਾਡੇ ਸਰੀਰ ਦੇ ਹੋਰ ਅੰਗਾਂ ਵਾਂਗ ਕੰਮ ਕਰਦੀ ਹੈ, ਇਸ ਕਰਕੇ ਇਹ ਥੱਕ ਵੀ ਜਾਂਦੀ ਹੈ। ਇਹ ਚਾਰਜ ਕੀਤੀ ਬੈਟਰੀ ਵਾਂਗ ਹੁੰਦੀ ਹੈ ਜਾਂ ਮੀਂਹ ਵੇਲੇ ਕਿਸੇ ਬਰਸਾਤੀ ਨਦੀ ਦੇ ਵਹਾਓ ਵਾਂਗ ਹੁੰਦੀ ਹੈ।
ਫਿਰ ਵੀ ਇਸ ਦੀਆਂ ਲੋੜ ਤੋਂ ਵੱਧ ਵਡਿਆਈਆਂ ਆਪਾਂ ਆਮ ਕਰਦੇ ਸੁਣਦੇ ਹਾਂ ਕਿਉਂਕਿ ਆਪਾਂ ਪ੍ਰਸ਼ੰਸਾ ਦੇ ਗਾਹਕ ਹਾਂ। ਇੱਥੋਂ ਤਕ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਨੂੰ ਤਕੜੀ ਕਰ ਕੇ ਅਸੀਂ ਜੀਵਨ ਦੇ ਹਰ ਮੰਤਵ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਅਸੰਭਵ ਨੂੰ ਸੰਭਵ ਬਣਾ ਸਕਦੇ ਹਾਂ। ਪਰ ਇਹ ਅਤਿ-ਕਥਨੀ ਹੈ।
ਹਰ ਇਨਸਾਨ ਦੀ ਕੁਦਰਤ ਵੱਲੋਂ ਸਰੀਰਿਕ ਅਤੇ ਮਾਨਸਿਕ ਪ੍ਰਤਿਭਾ ਨਿਯਤ ਹੋਈ ਹੁੰਦੀ ਹੈ ਅਤੇ ਕੋਈ ਵੀ ਇਸ ਤੋਂ ਬਾਹਰ ਨਹੀਂ ਜਾ ਸਕਦਾ। ਪਰ ਇਹ ਪ੍ਰਤਿਭਾ ਇੰਨੀ ਜ਼ਿਆਦਾ ਹੈ ਕਿ ਇਸ ਦੇ ਪੂਰੇ ਵਿਕਾਸ ਅਤੇ ਸਦ-ਉਪਯੋਗ ਨਾਲ ਅਸੀਂ ਆਪਣੇ ਕਿਆਸ ਤੋਂ ਵੀ ਕਿਤੇ ਵੱਧ ਪ੍ਰਾਪਤੀਆਂ ਕਰ ਸਕਦੇ ਹਾਂ। ਪਰ ਸਾਡੀ ਇੱਛਾ-ਸ਼ਕਤੀ ਅਤੇ ਸਾਡੀਆਂ ਆਦਤਾਂ ਦੀ ਅੰਤਰ-ਵਿਰੋਧਤਾ ਸਾਨੂੰ ਇਨ੍ਹਾਂ ਤੋਂ ਵਾਂਝਾ ਰੱਖਦੀ ਹੈ। ਇੱਛਾ-ਸ਼ਕਤੀ ਦੇ ਲੱਛਣਾਂ ਕਰਕੇ ਇਸ ਦੀ ਦੁਰਵਰਤੋਂ ਦੀ ਸੰਭਾਵਨਾ ਵੱਧ ਜਾਂਦੀ ਹੈ ਕਿਉਂਕਿ ਅਸੀਂ ਇੱਛਾ ਦੀ ਤੀਬਰਤਾ ਨੂੰ ਹੀ ਇੱਛਾ-ਸ਼ਕਤੀ ਸਮਝੀਂ ਬੈਠੇ ਹਾਂ। ਇਸ ਸਭ ਦਾ ਇਹ ਭਾਵ ਵੀ ਨਹੀਂ ਕਿ ਇੱਛਾ-ਸ਼ਕਤੀ ਕੋਈ ਘੱਟ ਮਹੱਤਵਪੂਰਨ ਗੁਣ ਹੈ। ਇਹ ਇਕ ਬਹੁਤ ਉਪਯੋਗੀ ਯੰਤਰ ਹੈ। ਇਸ ਦੇ ਲੱਛਣਾਂ ਅਤੇ ਇਸ ਦੀਆਂ ਕਮਜ਼ੋਰੀਆਂ ਨੂੰ ਸਮਝਣਾ ਇਸ ਕਰਕੇ ਹੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਨੂੰ ਸਹੀ ਢੰਗ, ਸਹੀ ਵਕਤ ਅਤੇ ਸਹੀ ਮੰਤਵ ਵਾਸਤੇ ਵਰਤਣ ਦੀ ਕਲਾ ਅਰਥਾਤ ਨਿਪੁੰਨਤਾ ਹਾਸਲ ਕਰਨ ਦੀ ਲੋੜ ਨੂੰ ਵੀ ਬਣਦਾ ਮਹੱਤਵ ਦੇ ਸਕੀਏ। ਇਹ ਨਿਪੁੰਨਤਾ ਆਪਾਂ ਇੱਛਾ ਸ਼ਕਤੀ ਦੇ ਯੰਤਰ ਦੀ ਵਰਤੋਂ ਨਾਲ ਚੰਗੀਆਂ ਆਦਤਾਂ ਪੈਦਾ ਕਰਕੇ ਕਰ ਸਕਦੇ ਹਾਂ। ਭਾਵ ਚੰਗੀਆਂ ਆਦਤਾਂ ਵਾਸਤੇ ਇੱਛਾ ਸ਼ਕਤੀ ਦੀ ਲੋੜ ਹੈ ਅਤੇ ਚੰਗੀਆਂ ਆਦਤਾਂ ਉਹ ਕਲਾ ਜਾਂ ਨਿਪੁੰਨਤਾ ਹਨ ਜਿਨ੍ਹਾਂ ਨੇ ਇੱਛਾ ਸ਼ਕਤੀ ਦੀ ਸਹੀ ਵਰਤੋਂ ਕਰ ਕੇ ਸਾਡੀ ਕੁਦਰਤੀ ਪ੍ਰਤਿਭਾ ਦਾ ਵਿਕਾਸ ਕਰਨਾ ਹੈ। ਚੰਗੀਆਂ ਆਦਤਾਂ ਪਾਉਣਾ ਇਕ ਅਣਖਿਝ, ਪ੍ਰਸ਼ੰਸਾ-ਰਹਿਤ ਅਤੇ ਠਰ੍ਹੰਮੇ ਵਾਲਾ ਕੰਮ ਹੈ। ਜਿੰਨਾ ਕੋਈ ਦਿਖਾਵੇ ਦਾ ਚਾਹਵਾਨ ਹੈ, ਉਸ ਵਾਸਤੇ ਇਹ ਓਨਾ ਹੀ ਔਖਾ ਕੰਮ ਹੈ। ਆਦਤਾਂ ਸਾਡੀਆਂ ਸਰੀਰਿਕ ਅਤੇ ਬੌਧਿਕ ਕਾਰਵਾਈਆਂ ਹਨ ਜਿਹੜੀਆਂ ਅਸੀਂ ਕਿਸੇ ਇੱਛੁਕ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਕਿਸੇ ਖਾਸ ਸਮੇਂ ਜਾਂ ਵਾਤਾਵਰਣ ਅਨੁਸਾਰ ਆਪ-ਮੁਹਾਰੇ ਕਰਦੇ ਰਹਿੰਦੇ ਹਾਂ। ਇਨ੍ਹਾਂ ਕਾਰਵਾਈਆਂ ਦਾ ਸਬੰਧ ਸਾਡੇ ਅਚੇਤ ਮਨ ਨਾਲ ਹੁੰਦਾ ਹੈ ਅਤੇ ਆਪ-ਮੁਹਾਰਤਾ ਇਨ੍ਹਾਂ ਦਾ ਖਾਸ ਗੁਣ ਹੈ। ਇਹ ਉਹ ਕਾਰਵਾਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਅਸੀਂ ਸੁਚੇਤ ਢੰਗ ਨਾਲ ਵਾਰ-ਵਾਰ ਕੀਤਾ ਹੁੰਦਾ ਹੈ ਅਤੇ ਜੋ ਸੁਚੇਤ ਮਨ ਦੇ ਘੇਰੇ ਵਿਚੋਂ ਨਿਕਲ ਕੇ ਅਚੇਤ ਮਨ ਵਿਚ ਪਰਿਪੱਕ ਹੋ ਚੁੱਕੀਆਂ ਹੁੰਦੀਆਂ ਹਨ।
ਕਿਉਂਕਿ ਸਾਡੀਆਂ ਆਦਤਾਂ ਅਤੇ ਸਾਡੀ ਇੱਛਾ ਸ਼ਕਤੀ ਦੀ ਵਿਰੋਧਤਾ ਕੁਦਰਤੀ ਅਤੇ ਆਦਿ-ਕਾਲੀਨੀ ਵਰਤਾਰਾ ਹੈ, ਸੋ ਇਸ ਦੇ ਕਾਰਨਾਂ ਅਤੇ ਸਮਾਧਾਨਾਂ ਵਾਸਤੇ ਖੋਜਾਂ ਵੀ ਆਰੰਭ ਤੋਂ ਹੀ ਹੋ ਰਹੀਆਂ ਹਨ। ਅੱਜ ਦੇ ਵਿਸ਼ਵ-ਪ੍ਰਸਿੱਧ ਸਮਾਜਿਕ ਮਨੋ-ਵਿਗਿਆਨੀ ਡਾ. ਜੌਨਥਨ ਹਾਈਟ ਨੇ ਆਪਣੀ ਕਿਤਾਬ ‘ਹੈਪੀਨੈੱਸ ਹਾਈਪੌਥੇਸਿਸ’ ਵਿਚ ਇਸ ਗੁੰਝਲ ਦੇ ਸਮਾਧਾਨ ਦਾ ਆਧਾਰ ਸੰਸਾਰ ਦੇ ਵੱਡੇ ਧਰਮਾਂ ਦੇ ਮੋਢੀ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਅਤੇ ਮਾਡਰਨ ਖੋਜਾਂ ਦੇ ਸੁਮੇਲ ਨੂੰ ਬਣਾਇਆ ਹੈ। ਅੱਜ ਮਨੋ-ਵਿਗਿਆਨ ਦੇ ਅੱਡ-ਅੱਡ ਖੇਤਰਾਂ ਵਿਚ ਕੀਤੀਆਂ ਜਾ ਰਹੀਆਂ ਖੋਜਾਂ ਦਾ ਮੁੱਖ ਆਧਾਰ ਇਹ ਵਿਚਾਰਧਾਰਾ ਹੀ ਹੈ ਅਤੇ ਯੂ.ਐੱਨ.ਓ. ਵੀ ਇਸ ਦੀ ਪੂਰੀ ਹਾਮੀ ਹੈ। ਡਾ. ਹਾਈਟ ਅਨੁਸਾਰ ਸਾਡੀ ਸ਼ਖ਼ਸੀਅਤ ਇਕ ਇਕਾਈ ਨਾ ਹੋ ਕੇ ਇਕ ਕਮੇਟੀ ਦੀ ਤਰ੍ਹਾਂ ਹੈ ਜਿਸ ਦੇ ਮੈਂਬਰਾਂ ਨੂੰ ਕੋਈ ਖਾਸ ਪ੍ਰਾਜੈਕਟ ਸੌਂਪਿਆ ਗਿਆ ਹੈ, ਪਰ ਜਿਹੜੇ ਆਪਸ ਵਿਚ ਝਗੜਦੇ ਰਹਿੰਦੇ ਹਨ ਅਤੇ ਇਕ-ਦੂਜੇ ਦੇ ਵਿਰੁੱਧ ਕੰਮ ਕਰਦੇ ਹਨ। ਸਾਡਾ ਫਰਜ਼ ਇਕ ਸਿਆਣੇ ਚੇਅਰਪਰਸਨ ਵਾਂਗ ਇਸ ਕਮੇਟੀ ਵਿਚ ਇਕਸੁਰਤਾ ਬਣਾ ਕੇ, ਸੌਂਪੇ ਗਏ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਦਾ ਹੈ। ਇਸ ਫਰਜ਼ ਨੂੰ ਸਹੀ ਢੰਗ ਨਾਲ ਨਿਭਾਉਣ ਵਾਸਤੇ ਜ਼ਰੂਰੀ ਹੈ ਕਿ ਆਪਾਂ ਇਨ੍ਹਾਂ ਮੈਂਬਰਾਂ ਅਤੇ ਇਨ੍ਹਾਂ ਦੀਆਂ ਵਿਰੋਧਤਾਵਾਂ ਦੀ ਸਹੀ ਨਿਸ਼ਾਨਦੇਹੀ ਕਰੀਏ। ਇਹ ਚਾਰ ਤਰ੍ਹਾਂ ਦੀਆਂ ਹਨ:
1. ਦਿਮਾਗ਼ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਦੀਆਂ।
2. ਤਰਕ ਅਤੇ ਜਜ਼ਬਾਤਾਂ ਦੀਆਂ।
3. ਮਨ ਅਤੇ ਸਰੀਰ ਦੀਆਂ।
4. ਸੁਚੇਤ ਮਨ ਅਤੇ ਅਚੇਤ ਮਨ ਦੀਆਂ।
ਇੱਛਾ ਸ਼ਕਤੀ ਦੀ ਆਦਤਾਂ ਸਾਹਮਣੇ ਬੇਵਸੀ ਵਿਚ ਪਿਛਲੀਆਂ ਦੋ ਵਿਰੋਧਤਾਵਾਂ ਦਾ ਬਹੁਤ ਵੱਧ ਹਿੱਸਾ ਹੈ। ਸਾਡਾ ਸਰੀਰ ਪੂਰੀ ਤਰ੍ਹਾਂ ਸਾਡੇ ਮੁੱਖ ਦਿਮਾਗ਼ ਦੇ ਅਧੀਨ ਕੰਮ ਨਹੀਂ ਕਰਦਾ। ਉਦਾਹਰਣ ਵਜੋਂ ਸਾਡੇ ਹਾਜ਼ਮੇ ਦੇ ਸਿਸਟਮ ਉੱਪਰ ਇਸ ਦਾ ਬਹੁਤ ਹੀ ਥੋੜ੍ਹਾ ਕੰਟਰੋਲ ਹੈ। ਇਹ ਸਿਸਟਮ ‘ਗੱਟ-ਬਰੇਨ’, ਜਿਸ ਨੂੰ ਦੂਸਰਾ ਦਿਮਾਗ਼ ਵੀ ਕਿਹਾ ਜਾਂਦਾ ਹੈ, ਦੇ ਅਧੀਨ ਹੈ। ਇਸੇ ਕਰਕੇ ਸਾਡੇ ਸਰੀਰਿਕ ਅਤੇ ਇੰਦ੍ਰਿਆਵੀ ਚਸਕਿਆਂ ਸਾਹਮਣੇ ਇੱਛਾ ਸ਼ਕਤੀ ਹਾਰ ਜਾਂਦੀ ਹੈ। ਸ਼ਰਾਬ ਪੀਣ ਜਾਂ ਬਹੁਤਾ ਮਿੱਠਾ ਖਾਣ ਦਾ ਸਬੰਧ ਇਸੇ ਗੱਲ ਨਾਲ ਹੈ। ਇਨਸਾਨ ਦੀ ਕਾਮ-ਉਤੇਜਨਾ ਵੀ ਮੁੱਖ ਦਿਮਾਗ਼ ਦੇ ਕਹਿਣੇ ਵਿਚ ਨਹੀਂ। ਸਾਡੀ ਇੱਛਾ ਸ਼ਕਤੀ ਸੁਚੇਤ ਮਨ ਨਾਲ ਸਬੰਧ ਰੱਖਦੀ ਹੈ ਅਤੇ ਆਦਤਾਂ ਅਚੇਤ ਮਨ ਨਾਲ ਸਬੰਧ ਰੱਖਦੀਆਂ ਹਨ। ਸਾਡੇ ਸੁਚੇਤ ਮਨ ਦੀਆਂ ਕਾਰਵਾਈਆਂ ਬਹੁਤਾ ਕਰਕੇ ਸਾਡੇ ਅਚੇਤ ਮਨ ਦੀਆਂ ਕਾਰਵਾਈਆਂ ਤੋਂ ਹਾਰ ਜਾਂਦੀਆਂ ਹਨ। ਭਾਵ ਇਹ ਕਿ ਇੱਛਾ ਸ਼ਕਤੀ ਦੀ ਬੇਵਸੀ ਇਕ ਕੁਦਰਤੀ ਬਣਤ ਹੈ।
ਸਾਰ ਤੱਤ ਇਹ ਕਿ ਇੱਛਾ ਸ਼ਕਤੀ ਦਾ ਰੂਪਾਂਤਰਣ ਚੰਗੀਆਂ ਆਦਤਾਂ ਵਿਚ ਕੀਤਾ ਜਾਵੇ ਜਿਹੜੀਆਂ ਆਪ-ਮੁਹਾਰੇ ਹੀ ਸਾਨੂੰ ਚੰਗੇ ਜੀਵਨ-ਰਸਤੇ ਉੱਤੇ ਤੋਰਦੀਆਂ ਰਹਿਣ। ਇਸ ਨਾਲ ਹਰ ਰੋਜ਼ ਦੇ ਵਾਰ-ਵਾਰ ਦੁਹਰਾਏ ਜਾਣ ਵਾਲੇ ਛੋਟੇ-ਛੋਟੇ ਫ਼ੈਸਲਿਆਂ ਵਿਚ ਵਰਤੀ ਜਾਣ ਵਾਲੀ ਸਾਡੀ ਊਰਜਾ ਦੀ ਬੱਚਤ ਹੋ ਜਾਵੇਗੀ ਜਿਹੜੀ ਕਿ ਹੋਰ ਵੱਡੇ ਸਾਰਥਿਕ ਫ਼ੈਸਲਿਆਂ ਵਾਸਤੇ ਵਰਤੀ ਜਾ ਸਕਦੀ ਹੈ। ਛੋਟੇ-ਛੋਟੇ ਫ਼ੈਸਲੇ ਕਰ-ਕਰ ਥੱਕੇ ਹੋਏ, ਆਪਾਂ ਵੱਡੇ ਫ਼ੈਸਲੇ ਠੀਕ ਢੰਗ ਨਾਲ ਨਹੀਂ ਕਰ ਸਕਦੇ। ਮਨੋ-ਵਿਗਿਆਨ ਵਿਚ ਇਸ ਨੂੰ ‘Decision Fatigue’ (ਫ਼ੈਸਲੇ ਕਰਨ ਵਿਚ ਥਕਾਵਟ) ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਬਰਾਕ ਓਬਾਮਾ ਦਾ ਕਹਿਣਾ ਹੈ:
“ਤੁਸੀਂ ਦੇਖੋਗੇ ਕਿ ਮੈਂ ਸਿਰਫ਼ ਗਰੇਅ ਜਾਂ ਨੀਲੇ ਰੰਗ ਦੇ ਸੂਟ ਹੀ ਪਹਿਨਦਾ ਹਾਂ। ਮੈਂ ਆਪਣੇ ਫ਼ੈਸਲਿਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਮੈਂ ਖਾਣ-ਪਹਿਨਣ ਦੇ ਫ਼ੈਸਲੇ ਨਹੀਂ ਕਰਦਾ ਕਿਉਂਕਿ ਮੈਂ ਹੋਰ ਬਹੁਤ ਵੱਡੇ ਫ਼ੈਸਲੇ ਕਰਨੇ ਹੁੰਦੇ ਹਨ।”
ਇੱਛਾ ਸ਼ਕਤੀ ਨੂੰ ਚੰਗੀਆਂ ਆਦਤਾਂ ਵਿਚ ਰੂਪਾਂਤਰ ਕਰਨਾ ਕਿਸੇ ਨਦੀ ਉੱਪਰ ਡੈਮ ਉਸਾਰਨ ਵਾਂਗ ਹੈ। ਇਸ ਨਾਲ ਫਾਲਤੂ ਵਹਿਣ ਵਾਲੇ ਪਾਣੀ ਨੂੰ ਸਾਂਭ ਕੇ ਉਸ ਤੋਂ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ ਅਤੇ ਅੱਡ-ਅੱਡ ਦਿਸ਼ਾਵਾਂ ਵਿਚ ਨਹਿਰਾਂ ਰਾਹੀਂ ਸਿੰਚਾਈ ਕਰ ਕੇ ਅਨਾਜ ਦੇ ਭੰਡਾਰ ਵੀ ਭਰੇ ਜਾ ਸਕਦੇ ਹਨ। ਸਭ ਪਾਸੇ ਚਾਨਣ ਅਤੇ ਖੁਸ਼ਹਾਲੀ ਬਿਖੇਰੀ ਜਾ ਸਕਦੀ ਹੈ। ਇਸੇ ਤਰ੍ਹਾਂ ਇੱਛਾ ਸ਼ਕਤੀ ਅਤੇ ਚੰਗੀਆਂ ਆਦਤਾਂ ਦੇ ਸੁਮੇਲ ਨਾਲ ਅਸੀਂ ਆਪਣੇ ਜੀਵਨ ਨੂੰ ਵੱਧ ਸੌਖਾ ਅਤੇ ਸੁਚੱਜਾ ਵੀ ਬਣਾ ਸਕਦੇ ਹਾਂ ਅਤੇ ਆਪਣੀ ਕੁਦਰਤੀ ਪ੍ਰਤਿਭਾ ਦਾ ਵੀ ਵਿਕਾਸ ਕਰ ਸਕਦੇ ਹਾਂ। ਨਾਲ ਹੀ ਵਾਰਿਸ ਸ਼ਾਹ ਵੱਲੋਂ ਸਾਡੀ ਮਾਨਸਿਕਤਾ ਵਿਚ ਪਾਈ ਇਸ ਨਿਰਾਰਥਕ ਸੋਚ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ:
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।