ਗੁਰਚਰਨ ਕੌਰ ਥਿੰਦ
ਕਰੋਨਾ ਜਿੱਥੇ ਇਕ ਭਿਆਨਕ ਬਿਮਾਰੀ ਹੈ, ਉੱਥੇ ਇਸ ਨੇ ਕਈ ਹਾਲਤਾਂ ਵਿਚ ਘਰਾਂ ਅੰਦਰ ਰਹਿੰਦੇ ਪਰਿਵਾਰਾਂ ਦੇ ਜੀਆਂ ਲਈ ਸਾਹ ਘੁਟਵਾਂ ਮਾਹੌਲ ਪੈਦਾ ਕਰਨ ਵਿਚ ਵੀ ਯੋਗਦਾਨ ਪਾਇਆ ਹੈ। ਜਿਸ ਪਰਿਵਾਰ ਵਿਚ ਪਹਿਲਾਂ ਹੀ ਲੜਾਈ-ਝਗੜੇ, ਹਿੰਸਾ ਅਤੇ ਆਪਸੀ ਦੁਰਵਿਵਹਾਰ ਹੁੰਦਾ ਹੋਵੇ, ਉੱਥੇ ਇਸ ਨਵੀਂ ਮੁਸੀਬਤ ਦੇ ਆਉਣ ਨਾਲ ਇਸ ਤਰ੍ਹਾਂ ਦੇ ਵਿਵਹਾਰ ਦੇ ਵਧਣ ਦੀਆਂ ਸੰਭਾਵਨਾਵਾਂ ਵੀ ਵਧ ਜਾਂਦੀਆਂ ਹਨ।
ਕਰੋਨਾ ਵਾਇਰਸ ਤਾਂ ਹੁਣ ਆਇਆ ਹੈ, ਪਰ ਸੱਭਿਅਕ ਸਮਾਜ ਵਿਚ ਘਰੇਲੂ ਹਿੰਸਾ ਦੀ ਬਿਮਾਰੀ ਤਾਂ ਸਦੀਆਂ ਤੋਂ ਹੋਂਦ ਵਿਚ ਹੈ। ਸ਼ਾਇਦ ਉਦੋਂ ਤੋਂ ਹੀ ਜਦੋਂ ਮਨੁੱਖ ਨੇ ਜੰਗਲ ਬੇਲੇ ਛੱਡ ਆਪਣੇ ਸਿਰ ’ਤੇ ਛੱਤ ਬਣਾ ਘਰ ਵਿਚ ਆਪਣੇ ਪਰਿਵਾਰ ਨਾਲ ਰਹਿਣ ਦਾ ਸੁਪਨਾ ਸੱਚ ਕੀਤਾ ਸੀ। ਆਮ ਪ੍ਰਚੱਲਿਤ ਧਾਰਨਾ ਹੈ ਕਿ ‘ਘਰ ਵਿਚ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ ਹੀ’ ਭਾਵ ਜੇ ਦੋ ਚਾਰ ਜੀਅ ਘਰ ਵਿਚ ਰਹਿੰਦੇ ਹਨ ਤਾਂ ਮਾੜੀ ਮੋਟੀ ਵਿਚਾਰਾਂ ਦੀ ਊਚ-ਨੀਚ, ਤੂੰ-ਤੂੰ, ਮੈਂ-ਮੈਂ ਤਾਂ ਆਮ ਜਿਹੀ ਗੱਲ ਹੈ ਕਿਉਂਕਿ ਸਾਰੇ ਬੰਦੇ ਇਕੋ ਜਿਹੇ ਤਾਂ ਨਹੀਂ ਹੁੰਦੇ। ਜੇ ਰੰਗ, ਰੂਪ, ਆਕਾਰ ਭਿੰਨ ਭਿੰਨ ਹਨ ਤਾਂ ਸੁਭਾਅ ਵੀ ਵੱਖੋ ਵੱਖਰੇ ਹੋਣੇ ਯਕੀਨੀ ਹਨ। ਹੁਣ ਜੇ ਕੋਈ ਤੱਤੇ ਸੁਭਾਅ ਵਾਲਾ ਬੜਬੋਲਾ ਤੇ ਠਾਹ ਸੋਟਾ ਮਾਰਨ ਵਾਲਾ ਹੈ ਤਾਂ ਦੂਸਰਾ ਜ਼ਰਾ ਸਹਿਜ-ਮਤੇ ਵਾਲਾ, ਗੱਲ ਨੂੰ ਸਹਿਣ ਵਾਲਾ ਹੋ ਸਕਦਾ ਅਤੇ ਕੋਈ ਵਿਚ ਵਿਚਾਲੇ ਵਾਲੇ ਸੁਭਾਅ ਦਾ ਮਾਲਕ। ਹਰੇਕ ਦੀ ਸੋਚ ਤੇ ਵਿਚਾਰ ਨਹੀਂ ਰਲ਼ ਸਕਦੇ। ਵਿਚਾਰਾਂ ਦਾ ਅੰਤਰ ਹੋਣਾ ਕੋਈ ਅਲੋਕਾਰੀ ਗੱਲ ਵੀ ਨਹੀਂ। ਇਸੇ ਅੰਤਰ ਕਾਰਨ ਹੀ ਸੰਸਾਰ ਵਿਚ ਐਨੀਆਂ ਨਵੀਆਂ ਕਾਢਾਂ, ਖੋਜਾਂ ਅਤੇ ਸਮਾਜ ਦਾ ਵਿਕਾਸ ਸੰਭਵ ਹੋਇਆ ਹੈ।
ਜਦੋਂ ਪਰਿਵਾਰ ਵਿਚ ਕੋਈ ਜੀਅ ਜਾਣ-ਬੁੱਝ ਕੇ ਆਪਣੇ ਨੇੜਲੇ ਵਿਅਕਤੀ ਨੂੰ ਕੰਟਰੋਲ ਕਰਨ ਜਾਂ ਉਸ ਦਾ ਨੁਕਸਾਨ ਕਰਨ ਲਈ ਦੁਰਵਿਵਹਾਰ ਕਰੇ ਤਾਂ ਉਸ ਦੇ ਇਸ ਵਰਤਾਰੇ ਨੂੰ ਪਰਿਵਾਰਕ/ਘਰੇਲੂ ਹਿੰਸਾ ਆਖਿਆ ਜਾਂਦਾ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਵਿਅਕਤੀ ਪੀੜਤ ਅਤੇ ਹਿੰਸਾ ਕਰਨ ਵਾਲਾ ਦੋਸ਼ੀ ਹੁੰਦਾ ਹੈ। ਦੁਨੀਆਂ ਭਰ ਦੇ ਘਰੇਲੂ ਹਿੰਸਾ ਦੇ ਅੰਕੜੇ ਦਰਸਾਉਂਦੇ ਹਨ ਕਿ ਹਰ ਤਿੰਨ ਔਰਤਾਂ ਵਿਚੋਂ ਇਕ ਔਰਤ ਆਪਣੇ ਜੀਵਨ-ਕਾਲ ਵਿਚ ਹਿੰਸਾ ਦਾ ਸ਼ਿਕਾਰ ਹੁੰਦੀ ਆਈ ਹੈ ਅਤੇ ਹੋ ਰਹੀ ਹੈ। ‘ਘਰਾਂ ਵਿਚ ਘਰੇਲੂ ਹਿੰਸਾ ਦਾ ਸ਼ਿਕਾਰ ਅਕਸਰ ਔਰਤਾਂ ਹੁੰਦੀਆਂ ਹਨ ਅਤੇ ਦੋਸ਼ੀ ਮਰਦ’ ਇਹ ਕਿਸੇ ਹੱਦ ਤਕ ਸੱਚ ਹੈ, ਪਰ ਪੂਰਾ ਸੱਚ ਨਹੀਂ, ਘਰ ਵਿਚ ਮਰਦ ਅਤੇ ਬੱਚੇ ਵੀ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਹਿੰਸਾ ਤੋਂ ਪੀੜਤ ਕੁਲ ਵਿਅਕਤੀਆਂ ਵਿਚੋਂ 86% ਭਾਵ ਸੌ ਵਿਚੋਂ 86 ਔਰਤਾਂ ਹੀ ਹੁੰਦੀਆਂ ਹਨ। ਬਾਕੀ ਗਿਣਤੀ ਮਰਦਾਂ ਤੇ ਬੱਚਿਆਂ ਦੀ ਹੁੰਦੀ ਹੈ।
ਇਕ ਵਿਅਕਤੀ ਵੱਲੋਂ ਦੂਜੇ ’ਤੇ ਹਿੰਸਾ ਕਰਨ ਦਾ ਮਤਲਬ ਕੁੱਟਮਾਰ ਕਰਨਾ, ਠੁੱਢਾ ਮਾਰਨਾ, ਬਾਂਹ ਮਰੋੜਨਾ ਜਾਂ ਸਰੀਰ ਦੇ ਕਿਸੇ ਅੰਗ ਨੂੰ ਨੁਕਸਾਨ ਪਹੁੰਚਾਉਣਾ ਹੀ ਨਹੀਂ ਹੁੰਦਾ ਬਲਕਿ ਆਪਣੇ ਬੋਲਾਂ ਜਾਂ ਕੋਝੇ ਵਤੀਰੇ ਨਾਲ ਕਿਸੇ ਨੂੰ ਤੰਗ ਕਰਨਾ, ਤਾਅਨੇ ਮਾਰਨਾ, ਸਤਾਉਣਾ, ਡਰਾਉਣਾ, ਧਮਕਾਉਣਾ, ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਬਾਰ ਬਾਰ ਗ਼ਲਤੀ ਦੀ ਮੁਆਫ਼ੀ ਮੰਗਾਉਣੀ, ਕਿਸੇ ਦੂਸਰੇ ਪ੍ਰਤੀ ਗ਼ਲਤਫਹਿਮੀ ਫੈਲਾਉਣੀ ਤੇ ਉਸ ਖ਼ਿਲਾਫ਼ ਕਰਨਾ, ਆਪਣੇ ਭੈਣ-ਭਰਾਵਾਂ, ਰਿਸ਼ਤੇਦਾਰਾਂ ਜਾਂ ਦੋਸਤਾਂ/ਸਹੇਲੀਆਂ ਨੂੰ ਮਿਲਣ ਜਾਣ ਤੋਂ ਰੋਕਣਾ, ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਜਾਂ ਉਸ ਨੂੰ ਆਪਣੇ ਵਿਸ਼ਵਾਸ ਨੂੰ ਮੰਨਣ ਤੋਂ ਰੋਕਣਾ, ਉਸ ਦੀ ਕਮਾਈ ’ਤੇ ਹੱਕ ਜਮਾਉਣਾ, ਉਸ ਦੁਆਰਾ ਖ਼ਰਚੇ ਗਏ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਮੰਗਣਾ, ਉਹਦੇ ਪਹਿਰਾਵੇ ’ਤੇ ਵਿਅੰਗ ਕੱਸਣਾ, ਉਸ ਨੂੰ ਦੂਜਿਆਂ ਸਾਹਮਣੇ ਗੱਲੀਂ ਗੱਲੀਂ ਨੀਵਾਂ ਵਿਖਾਉਣ ਦਾ ਯਤਨ ਕਰਨਾ ਆਦਿ ਅਜਿਹੇ ਵੱਖ ਵੱਖ ਪ੍ਰਕਾਰ ਦੇ ਵਤੀਰਿਆਂ ਦੀਆਂ ਉਦਾਹਰਨਾਂ ਹਨ ਜੋ ਘਰੇਲੂ ਹਿੰਸਾ ਦਾ ਕਾਰਨ ਬਣਦੀਆਂ ਹਨ। ਦੂਸਰੇ ਦੀ ਮਰਜ਼ੀ ਦੇ ਬਗੈਰ ਉਸ ਨਾਲ ਛੇੜਖਾਨੀ ਕਰਨੀ ਜਾਂ ਜ਼ਬਰਦਸਤੀ ਉਸ ਨਾਲ ਲਿੰਗਕ ਸਬੰਧ ਬਣਾਉਣਾ ਲਿੰਗਕ ਦੁਰਵਿਵਹਾਰ ਹੁੰਦਾ ਹੈ ਜੋ ਘਰੇਲੂ ਹਿੰਸਾ ਦਾ ਅਤਿ ਘਿਨਾਉਣਾ ਅਤੇ ਖ਼ਤਰਨਾਕ ਪਹਿਲੂ ਹੈ। ਅਕਸਰ ਅਣਭੋਲ ਬੱਚੇ ਵੱਡਿਆਂ ਵੱਲੋਂ ਅਜਿਹੇ ਦੁਰਵਿਵਹਾਰ ਦਾ ਸ਼ਿਕਾਰ ਹੁੰਦੇ ਹਨ ਜਿਨ੍ਹਾਂ ਵਿਚ ਕੁੜੀਆਂ ਦੀ ਗਿਣਤੀ ਕਿਤੇ ਵੱਧ ਹੈ। ਅਜਿਹੇ ਦੁਰਵਿਵਹਾਰ ਅਤੇ ਲਿੰਗਕ ਹਿੰਸਾ ਬਾਰੇ ਪਰਿਵਾਰ ਦੇ ਜੀਆਂ ਨੂੰ ਪਤਾ ਹੋਣ ਦੇ ਬਾਵਜੂਦ ਇਸ ਬਾਰੇ ਗੱਲ ਨਹੀਂ ਕੀਤੀ ਜਾਂਦੀ, ਸਗੋਂ ਇਸ ਨੂੰ ਪਰਿਵਾਰ ਦੀ ਹੇਠੀ ਜਾਣ ਲੁਕਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਪੀੜਤ ਦਾ ਲਗਾਤਾਰ ਲਿੰਗਕ-ਸ਼ੋਸ਼ਣ ਹੁੰਦਾ ਰਹਿੰਦਾ ਹੈ।
ਸੋ ਇਹੋ ਜਿਹੇ ਜਾਂ ਇਸੇ ਪ੍ਰਕਾਰ ਦਾ ਹੋਰ ਦੁਰਵਿਵਹਾਰ ਕਰਨਾ ਹੀ ਹਿੰਸਾ ਹੁੰਦੀ ਹੈ। ਘਰ ਵਿਚ ਜੇ ਕੋਈ ਮਰਦ ਔਰਤ ਨਾਲ, ਕੋਈ ਔਰਤ ਮਰਦ ਨਾਲ ਜਾਂ ਘਰ ਵਿਚ ਰਹਿੰਦੇ ਬਜ਼ੁਰਗਾਂ ਜਾਂ ਬੱਚਿਆਂ ਨਾਲ ਅਜਿਹਾ ਦੁਰਵਿਵਹਾਰ ਕਰਦਾ ਹੈ ਤਾਂ ਇਸ ਨੂੰ ਘਰੇਲੂ ਹਿੰਸਾ ਆਖਿਆ ਜਾਂਦਾ ਹੈ। ਇਸ ਬਾਰੇ ਹਰ ਆਮ ਖ਼ਾਸ ਵਿਅਕਤੀ ਜਾਣਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਹੈ ਕਿ ਇਹ ਕਾਨੂੰਨੀ ਜੁਰਮ ਹੈ ਅਤੇ ਘਰੇਲੂ ਹਿੰਸਾ ਦੇ ਦੋਸ਼ੀ ਨੂੰ ਸਖ਼ਤ ਕਾਨੂੰਨੀ ਸਜ਼ਾ ਵੀ ਮਿਲਦੀ ਹੈ। ਪਰਿਵਾਰ ਟੁੱਟਦੇ ਹਨ। ਬੱਚੇ ਮਾਪਿਆਂ ਤੋਂ ਵੱਖ ਕਰ ਦਿੱਤੇ ਜਾਂਦੇ ਹਨ। ਆਪਸੀ ਗ਼ਲਤਫਹਿਮੀਆਂ, ਜੋ ਕੁਝ ਪਲਾਂ ਦੀ ਤਲਖ਼-ਕਲਾਮੀ ਬਣ ਜਦੋਂ ਕੁੱਟ ਮਾਰ ਜਾਂ ਹੋਰ ਕਿਸੇ ਪ੍ਰਕਾਰ ਦਾ ਦੁਰਵਿਵਹਾਰ ਬਣ ਜਾਂਦੀਆਂ ਹਨ ਤਾਂ ਫਿਰ ਸਾਰੀ ਉਮਰ ਦਾ ਪਛਤਾਵਾ ਵੀ ਉਸ ਗ਼ਲਤੀ ਨੂੰ ਕਦੇ ਸਾਵਾਂ-ਪੱਧਰਾ ਨਹੀਂ ਕਰ ਸਕਦਾ। ਇਹ ਬਹੁਤਿਆਂ ਨੂੰ ਪਤਾ ਹੈ ਅਤੇ ਕਈਆਂ ਨੇ ਇਹ ਸੱਚ ਪਿੰਡੇ ’ਤੇ ਹੰਢਾਇਆ ਵੀ ਹੋਵੇਗਾ।
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਕਰੋਨਾ ਵਾਇਰਸ ਨੇ ਘਰੇਲੂ ਹਿੰਸਾ ਵਿਚ ਕਿਵੇਂ ਤੇ ਕਿੰਨਾ ਕੁ ਵਾਧਾ ਕੀਤਾ ਹੈ? ਕੋਵਿਡ ਮਹਾਂਮਾਰੀ ਕਾਰਨ ਪਿਛਲੇ ਦਸ ਕੁ ਮਹੀਨਿਆਂ ਤੋਂ ਲੋਕ ਘਰਾਂ ਅੰਦਰ ਡੱਕ ਕੇ ਰਹਿ ਗਏ ਹਨ। ਪਹਿਲਾਂ ਤਾਂ ਨੌਕਰੀ ’ਤੇ ਜਾਣ ਕਰਕੇ ਦਿਨ ਦੇ ਕੁਝ ਘੰਟੇ ਦੋਸ਼ੀ ਤੇ ਪੀੜਤ ਇਕ ਦੂਜੇ ਤੋਂ ਅਲੱਗ ਰਹਿ ਲੈਂਦੇ ਸਨ। ਘਰ ਤੋਂ ਬਾਹਰ ਆਪਣੇ ਦੋਸਤਾਂ ਮਿੱਤਰਾਂ ਤੇ ਸਹਿਯੋਗੀਆਂ ਨਾਲ ਦਿਲ ਹੌਲਾ ਕਰ ਸੌਖਾ ਸਾਹ ਲੈ ਲੈਂਦੇ ਸਨ। ਪਰ ਹੁਣ ਬਹੁਤਿਆਂ ਨੂੰ ਆਪਣੀਆਂ ਨੌਕਰੀਆਂ ਦਾ ਕੰਮ ਘਰ ਤੋਂ ਹੀ ਕਰਨਾ ਪੈ ਰਿਹਾ ਹੈ। ਜੇ ਦੋਵੇਂ ਨਹੀਂ ਤਾਂ ਇਕ ਜਣਾ ਤਾਂ ਘਰੋਂ ਹੀ ਕੰਮ ਕਰ ਰਿਹਾ ਹੁੰਦਾ ਹੈ। ਇੰਜ ਲੰਬੀ ਨੇੜਤਾ ਦੋਸ਼ੀ ਨੂੰ ਪੀੜਤ ਉੱਪਰ ਕੰਟਰੋਲ ਕਰਨਾ ਸੁਖਾਲਾ ਬਣਾ ਰਹੀ ਹੈ। ਹਰ ਵੇਲੇ ਉਸ ਦੇ ਸਿਰ ’ਤੇ ਪਹਿਰਾ ਬਣਿਆ ਰਹਿੰਦਾ ਹੈ। ਇੱਥੋਂ ਤਕ ਕਿ ਪੀੜਤ ਸਰਕਾਰੀ ਮਦਦ ਲੈਣ ਦੇ ਅਸਮਰੱਥ ਹੋ ਜਾਂਦੀ/ਜਾਂਦਾ ਹੈ ਅਤੇ ਪਤਾ ਲੱਗਣ ’ਤੇ ਕਲੇਸ਼ ਵਧਣ ਦੇ ਡਰ ਤੋਂ ਕਿਸੇ ਨੇੜਲੇ ਦੀ ਮਦਦ ਲੈਣ ਤੋਂ ਵੀ ਗੁਰੇਜ਼ ਕੀਤਾ ਜਾਂਦਾ ਹੈ। ਇਸ ਕਾਰਨ ਘਰੇਲੂ ਹਿੰਸਾ ਵਿਚ ਵਾਧਾ ਹੋ ਰਿਹਾ ਹੈ।
ਇਸ ਦੇ ਨਾਲ ਹੀ ਇਸ ਮਹਾਂਮਾਰੀ ਦੌਰਾਨ ਬਹੁਤ ਸਾਰਿਆਂ ਦੀਆਂ ਨੌਕਰੀਆਂ ਛੁੱਟ ਗਈਆਂ ਹੋਣ ਕਰਕੇ ਉਹ ਵਿਹਲੇ ਘਰ ਬੈਠੇ ਹਨ। ਕਿਸੇ ਘਰ ਵਿਚ ਮਰਦ ਦੀ ਨੌਕਰੀ ਚਲੇ ਗਈ ਅਤੇ ਕਿਸੇ ਵਿਚ ਔਰਤ ਦੀ ਨੌਕਰੀ ਨਹੀਂ ਰਹੀ। ਇਸ ਨਾਲ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਪ੍ਰਭਾਵਿਤ ਹੋਈ ਹੈ। ਜਿਸ ਕਰਕੇ ਘਰੇਲੂ ਖ਼ਰਚਿਆਂ ਨੂੰ ਲੈ ਕੇ ਆਪਸੀ ਖਿੱਚੋਤਾਣ ਕਈ ਪਰਿਵਾਰਾਂ ਵਿਚ ਘਰੇਲੂ ਹਿੰਸਾ ਦਾ ਕਾਰਨ ਬਣੀ ਹੈ ਅਤੇ ਕਈਆਂ ਵਿਚ ਪਹਿਲਾਂ ਮੌਜੂਦ ਪਰਿਵਾਰਕ ਹਿੰਸਾ ਵਿਚ ਵਾਧਾ ਹੋਇਆ ਹੈ। ਇਸ ਪ੍ਰਕਾਰ ਜਿਸ ਦੀ ਨੌਕਰੀ ਨਹੀਂ ਰਹੀ, ਉਸ ਵਿਚ ਹੀਣ-ਭਾਵਨਾ ਦਾ ਆ ਜਾਣਾ ਅਤੇ ਦੂਜੇ ਸਾਥੀ ਦਾ ਉਸ ’ਤੇ ਹਾਵੀ ਹੋ ਜਾਣਾ ਵੀ ਕੁਦਰਤੀ ਹੈ। ਇਹ ਵਤੀਰਾ ਦਿਮਾਗ਼ੀ ਪ੍ਰੇਸ਼ਾਨੀਆਂ ਵਧਾ ਰਿਹਾ ਹੈ ਜਿਸ ਨਾਲ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ ਅਤੇ ਚੰਗੇ ਭਲੇ ਸਿਆਣੇ ਵਿਅਕਤੀ ਦਿਮਾਗ਼ੀ ਬਿਮਾਰ ਹੋ ਰਹੇ ਹਨ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਬਹੁਤੇ ਵਿਦਿਆਰਥੀ ਘਰ ਵਿਚ ਹੀ ਔਨਲਾਈਨ ਪੜ੍ਹਾਈ ਕਰਨ ਲਈ ਮਜਬੂਰ ਹਨ। ਸੋ ਉਹ ਵੀ ਇਸ ਦਮ-ਘੁਟਵੇਂ ਘਰੇਲੂ ਮਾਹੌਲ ਦਾ ਸ਼ਿਕਾਰ ਹੋ ਰਹੇ ਹਨ। ਮਾਤਾ-ਪਿਤਾ ਆਪ ਘਰੋਂ ਨੌਕਰੀ ਦਾ ਕੰਮ ਕਰਦੇ ਹੋਣ ਕਰਕੇ ਛੋਟੇ ਬੱਚੇ ਨੂੰ ਔਨਲਾਈਨ ਪੜ੍ਹਾਉਂਦੇ ਅਕਸਰ ਖਹਬਿੜਬਾਜ਼ੀ ਵਿਚ ਉਲਝ ਜਾਂਦੇ ਹਨ। ਜਿਸ ਦਾ ਬੱਚੇ ਉੱਪਰ ਹੋਰ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਮਹਾਂਮਾਰੀ ਦੌਰਾਨ ਪੀੜਤ ਦਾ ਵੱਧ ਤੋਂ ਵੱਧ ਸਮਾਂ ਦੋਸ਼ੀ ਦੇ ਸੰਪਰਕ ਵਿਚ ਰਹਿਣ ਕਰਕੇ ਜਿਨਸੀ ਸ਼ੋਸ਼ਣ ਅਤੇ ਜਿਨਸੀ ਹਮਲਿਆਂ ਵਿਚ ਕਈ ਗੁਣਾ ਵਾਧਾ ਹੋਇਆ ਹੈ।
ਇਹ ਅਤੇ ਇਸ ਤਰ੍ਹਾਂ ਦੇ ਕਈ ਹੋਰ ਕਾਰਨ ਅਤੇ ਤਰੀਕੇ ਹਨ, ਜਿਸ ਨਾਲ ਕਰੋਨਾ ਵਾਇਰਸ ਦੀ ਮਹਾਂਮਾਰੀ ਪਰਿਵਾਰਕ ਸ਼ਾਂਤੀ ਨੂੰ ਪ੍ਰਭਾਵਿਤ ਕਰ ਰਹੀ ਹੈ। ਅੰਕੜੇ ਦੱਸਦੇ ਹਨ ਕਿ ਕਿਸੇ ਵੀ ਬਾਹਰੀ ਬਿਪਤਾ ਜਾਂ ਸੰਕਟ ਕਾਰਨ ਪਰਿਵਾਰਕ ਸੁੱਖ-ਸ਼ਾਂਤੀ ਵਧੇਰੇ ਭੰਗ ਹੁੰਦੀ ਹੈ। ਜਿਵੇਂ ਜਦੋਂ 2009 ਵਿਚ ‘ਹੁਰੀਕੇਨ ਕੈਟਰੀਨਾ’ ਨਾਂ ਦਾ ਸਮੁੰਦਰੀ ਤੁਫ਼ਾਨ ਆਇਆ ਸੀ ਤਾਂ ਘਰੇਲੂ ਹਿੰਸਾ ਦੇ ਕੇਸ 400% ਵਧ ਗਏ ਸਨ। 2015-16 ਵਿਚ ਜਦੋਂ ਕੈਲਗਰੀ ਵਿਚ ਆਇਲ ਐਂਡ ਗੈਸ ਇਕਨੌਮਿਕ ਕਰਾਈਸਿਜ਼ ਆਏ ਤਾਂ ਘਰੇਲੂ ਹਿੰਸਾ ਦੀ ਹੈਲਪਲਾਈਨ ’ਤੇ ਇਨ੍ਹਾਂ ਦੀ ਗਿਣਤੀ ਵਿਚ 300% ਫੋਨ ਕਾਲਾਂ ਦਾ ਵਾਧਾ ਹੋ ਗਿਆ ਸੀ। ਇਸੇ ਤਰ੍ਹਾਂ ਹੁਣ 2020 ਵਿਚ ਚੀਨ ਵਿਚ ਵੂਹਾਨ ਵਿਖੇ ਕਰੋਨਾ ਦੇ ਸੰਕਟ ਦੇ ਪੈਦਾ ਹੁੰਦਿਆਂ ਹੀ ‘ਘਰੇਲੂ ਹਿੰਸਾ’ ਤੋਂ ਮਦਦ ਲਈ 300% ਫੋਨ ਕਾਲਾਂ ਦਾ ਵਾਧਾ ਹੋਇਆ ਦੱਸਿਆ ਜਾਂਦਾ ਹੈ। ਇੰਜ ਹੀ ਕੈਨੇਡਾ ਵਿਚ ਕੋਵਿਡ ਤੋਂ ਬਚਣ ਲਈ ਜਦੋਂ ਤੋਂ ਸਰੀਰਿਕ ਤੇ ਸਮਾਜਿਕ ਦੂਰੀ ਬਣਾਉਣ ਦੇ ਨਿਯਮ ਲਾਗੂ ਹੋਏ ਹਨ, ਉਦੋਂ ਤੋਂ ‘ਘਰੇਲੂ ਹਿੰਸਾ’ ਦੀਆਂ ਰਿਪੋਰਟਾਂ ਅਤੇ ਫੋਨ ਕਾਲਾਂ ਵਿਚ ਆਮ ਨਾਲੋਂ 25% ਦਾ ਵਾਧਾ ਹੋ ਗਿਆ ਹੈ। ਸੰਸਾਰ ਭਰ ਵਿਚ ਘਰੇਲੂ ਹਿੰਸਾ ਦਾ 1.5 ਟ੍ਰਿਲੀਅਨ ਡਾਲਰ ਖ਼ਰਚੇ ਦਾ ਭਾਰ ਹੈ।
ਕਈ ਪੀੜਤ ਔਰਤਾਂ ਦਾ ਕਹਿਣਾ ਹੈ ਕਿ ‘ਇਹ ਘਰ ਵਿਚ ਇਕ ਪ੍ਰੈੱਸ਼ਰ ਕੁੱਕਰ ਵਾਂਗ ਹੈ ਜਿਸ ਦਾ ਵਾਲਵ ਨਹੀਂ ਹੈ’ ਭਾਵ ਇਸ ਕਾਰਨ ਕਿਸੇ ਵੇਲੇ ਵੀ ਧਮਾਕਾ ਹੋ ਸਕਦਾ ਹੈ। ਯੂਨਾਈਟਿਡ ਨੇਸ਼ਨਜ਼ ਵੱਲੋਂ ਔਰਤਾਂ ਤੇ ਕੁੜੀਆਂ ਨਾਲ ਹੁੰਦੀ ਹਿੰਸਾ ਵਿਚ ਹੋਏ ਵਾਧੇ ਨੂੰ ‘ਮਹਾਂਮਾਰੀ ਦਾ ਪਰਛਾਵਾਂ’ ਦਾ ਨਾਂ ਦੇ ਦਿੱਤਾ ਗਿਆ ਹੈ ਕਿਉਂਕਿ ਕੋਵਿਡ ਮਹਾਂਮਾਰੀ ਸਿਹਤ, ਹਿਫ਼ਾਜ਼ਤ ਅਤੇ ਆਰਥਿਕ ਸੁਰੱਖਿਆ ਦੇ ਨਾਂ ’ਤੇ ਸਮਾਜਿਕ ਇਕੱਲਤਾ ਅਤੇ ਮਾਨਸਿਕ ਤਣਾਅ ਉੱਪਰ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਇਸ ਤਰ੍ਹਾਂ ਕੋਵਿਡ ਮਹਾਂਮਾਰੀ, ਘਰੇਲੂ ਹਿੰਸਾ ਕਰਨ ਵਾਲਿਆਂ ਲਈ ਸਾਹਮਣੇ ਵਾਲੇ ਤੇ ਤਾਕਤ ਹਾਸਲ ਕਰਨ ਵਾਸਤੇ ਇਕ ਨਵਾਂ ਹਥਿਆਰ ਹੱਥ ਲੱਗ ਗਿਆ ਹੈ।
ਬੇਸ਼ੱਕ ਇਸ ਬਿਮਾਰੀ ਤੋਂ ਬਚਾਓ ਦਾ ਟੀਕਾ ਆ ਗਿਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਖ਼ਤਰਾ ਟਲ਼ ਗਿਆ ਹੈ ਜਾਂ ਛੇਤੀ ਹੀ ਹਮੇਸ਼ਾਂ ਲਈ ਖ਼ਤਮ ਹੋ ਜਾਵੇਗਾ। ਕੋਈ ਵੀ ਬਿਮਾਰੀ ਜਿਹੜੀ ਆਈ ਹੈ, ਕਦੇ ਪੂਰੀ ਤਰ੍ਹਾਂ ਅਲੋਪ ਨਹੀਂ ਹੋਈ। ਇਸ ਬਿਮਾਰੀ ਦਾ ਪ੍ਰਭਾਵ ਵੀ ਆਉਣ ਵਾਲੇ ਸਾਲ ਵਿਚ ਲਗਪਗ ਇਸੇ ਤਰ੍ਹਾਂ ਬਣੇ ਰਹਿਣ ਦਾ ਖਦਸ਼ਾ ਹੈ। ਅਸੀਂ ਸਭ ਨੇ ਕੀ ਕਰਨਾ ਹੈ? ਫ਼ੈਸਲਾ ਸਾਡੇ ਸਾਰਿਆਂ ਦੇ ਆਪਣੇ ਹੱਥ ਵਿਚ ਹੈ। ਕੀ ਇਸ ਸੰਕਟਕਾਲ ਵਿਚੋਂ ਆਪਣੇ ਪਰਿਵਾਰ ਦਾ ਘਾਣ ਕਰਕੇ ਪਾਰ ਲੰਘਣਾ ਹੈ ਜਾਂ ਸੂਝ-ਬੂਝ ਨਾਲ ਇਸ ਔਖੀ ਘੜੀ ਵਿਚੋਂ ਸੰਭਲ ਸੰਭਲ ਪੈਰ ਧਰ ਪਾਰ ਜਾਣਾ ਹੈ। ਸਿਆਣੇ ਕਹਿੰਦੇ ਹਨ ਕਿ ਜੇ ਚੰਗਾ ਸਮਾਂ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹਿਣਾ। ਸਮੇਂ ਦਾ ਸੁਭਾਅ ਚੱਲਦੇ ਰਹਿਣਾ ਹੈ, ਇਸ ਨੇ ਕਦੇ ਰੁਕਣਾ ਨਹੀਂ। ਪਰਿਵਾਰ ਦੇ ਸਾਰੇ ਜੀਅ ਇਸ ਔਖੇ ਸਮੇਂ ਸਹਿਜ ਮਤੇ ਨਾਲ ਇਕ ਦੂਜੇ ਦਾ ਸਹਾਰਾ ਬਣ ਮਹਾਂਮਾਰੀ ਦੇ ਇਸ ਝੱਖੜ ਦਾ ਸਾਹਮਣਾ ਕਰ ਸਕਦੇ ਹਨ। ਕੁਝ ਵੀ ਅਸੰਭਵ ਨਹੀਂ, ਬਸ! ਇਰਾਦੇ ਪੱਕੇ ਅਤੇ ਨੇਕ ਹੋਣੇ ਚਾਹੀਦੇ ਹਨ। ਸਾਹਮਣੇ ਵਾਲੇ ਨੂੰ ਪ੍ਰੇਸ਼ਾਨ ਕਰਨ, ਤੰਗ ਕਰਨ, ਮਿਹਣੇ ਮਾਰਨ ਨਾਲੋਂ ਚੰਗਾ ਹੈ ਹੌਸਲਾ ਦੇਣ ਅਤੇ ਹੌਸਲਾ ਵਧਾਉਣ ਵਾਲੇ ਚਾਰ ਸ਼ਬਦ ਬੋਲ ਕੇ ਘਰ ਦੇ ਮਾਹੌਲ ਨੂੰ ਸੁਖਾਵਾਂ ਤੇ ਸਹਿਜ ਬਣਾ ਲਿਆ ਜਾਵੇ ਅਤੇ ਭਵਿੱਖ ਦੀ ਅਗਲੀ ਪੀੜ੍ਹੀ ਨੂੰ ਇਸ ਤ੍ਰਾਸਦੀ ਤੋਂ ਬਚਾ ਲਿਆ ਜਾਵੇ। ਮਹਾਂਮਾਰੀ ਤਾਂ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਹੀ ਰਹੀ ਹੈ, ਘੱਟੋ ਘੱਟ ਤੁਸੀਂ ਹੀ ਠੰਢੇ ਪਾਣੀ ਦਾ ਤਰੌਂਕਾ ਦੇ ਇਹਦੇ ਸੇਕ ਨੂੰ ਹੌਲੀ ਕਰ ਲਓ।
ਸੰਪਰਕ : 303-402-9635