ਸ਼ਮੀਲ
ਸਾਡੇ ਕੋਲ ਅਜਿਹਾ ਕੋਈ ਕੈਨੇਡੀਅਨ ਪੰਜਾਬੀ ਲੇਖਕ ਅਜੇ ਨਹੀਂ ਹੈ, ਜਿਸ ਬਾਰੇ ਅਸੀਂ ਕਹਿ ਸਕੀਏ ਕਿ ਇਹ ਕੈਨੇਡਾ ਵਿਚ ਪੈਦਾ ਹੋਇਆ, ਪੜ੍ਹਿਆ ਅਤੇ ਫੇਰ ਵੀ ਪੰਜਾਬੀ ਵਿਚ ਲਿਖ ਰਿਹਾ ਹੈ। ਜਿੰਨੇ ਵੀ ਪੰਜਾਬੀ ਲੇਖਕ ਕੈਨੇਡਾ ਵਿਚ ਇਸ ਵਕਤ ਹਨ, ਉਹ ਸਾਰੇ ਹੀ ਉਮਰ ਦੇ ਕਿਸੇ ਨਾ ਕਿਸੇ ਪੜਾਅ ’ਤੇ ਭਾਰਤ ਜਾਂ ਪਾਕਿਸਤਾਨ ਵਿਚੋਂ ਕੈਨੇਡਾ ਆਏ। ਇਨ੍ਹਾਂ ਵਿਚੋਂ ਕੁਝ ਚੜ੍ਹਦੀ ਜਵਾਨੀ ਵਿਚ ਕੈਨੇਡਾ ਆਏ ਹੋ ਸਕਦੇ ਹਨ ਅਤੇ ਕਈ ਪ੍ਰੌਢ ਉਮਰ ਵਿਚ। ਮੈਂ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਅਜਿਹਾ ਜਾਣਿਆ-ਪਛਾਣਿਆ ਪੰਜਾਬੀ ਲੇਖਕ ਨਹੀਂ ਲੱਭਿਆ, ਜਿਸ ਦਾ ਕੈਨੇਡਾ ਵਿਚ ਜਨਮ ਹੋਇਆ ਹੋਵੇ। ਅਜਿਹੇ ਕੁਝ ਲੋਕ ਮਿਲ ਜਾਣਗੇ, ਜਿਹੜੇ ਕੈਨੇਡਾ ਵਿਚ ਜਨਮੇ, ਜਿਹੜੇ ਸਿੱਖ ਸਟੱਡੀਜ਼ ਨਾਲ ਜੁੜੇ ਹਨ ਅਤੇ ਜਿਹੜੇ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਲੈਂਦੇ ਹਨ। ਪਰ ਉਹ ਵੀ ਪੰਜਾਬੀ ਵਿਚ ਕਵਿਤਾ, ਕਹਾਣੀ, ਨਾਵਲ ਜਾਂ ਹੋਰ ਵਾਰਤਕ ਨਹੀਂ ਲਿਖਦੇ। ਉਨ੍ਹਾਂ ਨੇ ਜੇ ਕੁਝ ਸਿਰਜਨਾਤਮਕ ਕਰਨਾ ਹੋਵੇ ਤਾਂ ਉਹ ਅੰਗਰੇਜ਼ੀ ਹੀ ਲਿਖਣਗੇ। ਇਹ ਤੱਥ ਆਪਣੇ ਆਪ ਵਿਚ ਪੰਜਾਬੀ ਦੇ ਭਵਿੱਖ ਬਾਰੇ ਬਹੁਤ ਕੁਝ ਕਹਿੰਦਾ ਹੈ।
ਕੀ ਇਸ ਦਾ ਇਹ ਸਿੱਟਾ ਕੱਢਿਆ ਜਾਵੇ ਕਿ ਲੋਕ ਸਿਰਫ਼ ਉਸੇ ਭਾਸ਼ਾ ਵਿਚ ਲਿਖਦੇ ਹਨ, ਉਹ ਜਿਹੜੇ ਉਸ ਭਾਸ਼ਾ ਵਾਲੇ ਖਿੱਤੇ ਵਿਚ ਜਨਮੇ ਹੋਣ?
ਬਿਲਕੁਲ ਨਹੀਂ। ਸਾਰੀ ਦੁਨੀਆਂ ਵਿਚ ਹੀ ਲੋਕ ਉਨ੍ਹਾਂ ਭਾਸ਼ਾਵਾਂ ਵਿਚ ਵੀ ਲਿਖਦੇ ਹਨ, ਜਿਹੜੀਆਂ ਉਨ੍ਹਾਂ ਦੇ ਸੱਭਿਆਚਾਰ ਦੀਆਂ ਮੂਲ ਭਾਸ਼ਾਵਾਂ ਨਹੀਂ ਹੁੰਦੀਆਂ। ਭਾਰਤ ਦੇ ਸਾਰੇ ਅੰਗਰੇਜ਼ੀ ਲੇਖਕਾਂ ਨੂੰ ਇਸ ਖਾਨੇ ਵਿਚ ਰੱਖਿਆ ਜਾ ਸਕਦਾ ਹੈ। ਭਾਰਤ ਵਿਚ ਕਿੰਨੇ ਹੀ ਲੇਖਕ ਹਨ, ਜਿਹੜੇ ਅੰਗਰੇਜ਼ੀ ਵਿਚ ਕਵਿਤਾ, ਕਹਾਣੀ, ਨਾਵਲ ਜਾਂ ਹੋਰ ਰਚਨਾਤਮਕ ਸਾਹਿਤ ਲਿਖਦੇ ਹਨ।
ਸੰਸਕ੍ਰਿਤ ਅੱਜ ਕਿਤੇ ਵੀ ਨਹੀਂ ਬੋਲੀ ਜਾਂਦੀ, ਪਰ ਸਾਡੇ ਕੋਲ ਸਾਰੀ ਦੁਨੀਆਂ ਵਿਚ ਸੰਸਕ੍ਰਿਤ ਦੇ ਵਿਦਵਾਨ ਮੌਜੂਦ ਹਨ। ਭਾਰਤ ਵਿਚ ਤੁਹਾਨੂੰ ਅਰਬੀ ਅਤੇ ਫ਼ਾਰਸੀ ਦੇ ਲੇਖਕ ਮਿਲਦੇ ਹਨ, ਜਦੋਂਕਿ ਇਹ ਦੋਵੇਂ ਭਾਸ਼ਾਵਾਂ ਭਾਰਤ ਦੇ ਲੋਕਾਂ ਵਾਸਤੇ ਉਸੇ ਤਰ੍ਹਾਂ ਵਿਦੇਸ਼ੀ ਭਾਸ਼ਾਵਾਂ ਹਨ, ਜਿਵੇਂ ਅੰਗਰੇਜ਼ੀ ਹੈ।
ਇਸ ਕਰਕੇ ਇਹ ਸੰਭਵ ਹੈ ਕਿ ਕੈਨੇਡਾ ਜਾਂ ਹੋਰ ਪੱਛਮੀ ਮੁਲਕਾਂ ਵਿਚ ਪੈਦਾ ਹੋਈ ਨਵੀਂ ਪੰਜਾਬੀ ਪੀੜ੍ਹੀ ਵਿਚੋਂ ਪੰਜਾਬੀ ਦੇ ਲੇਖਕ ਜਾਂ ਵਿਦਵਾਨ ਪੈਦਾ ਹੋਣ, ਪਰ ਅਜੇ ਤਕ ਪੈਦਾ ਨਹੀਂ ਹੋਏ। ਇਸ ਦੇ ਕਈ ਕਾਰਨ ਹਨ। ਜਿਹੜੇ ਲੋਕ ਭਾਰਤ ਵਿਚ ਪੈਦਾ ਹੋਏ ਅਤੇ ਅੰਗਰੇਜ਼ੀ ਦੇ ਲੇਖਕ ਬਣੇ, ਉਹ ਸਾਰੇ ਉਹ ਲੋਕ ਹਨ, ਜਿਨ੍ਹਾਂ ਨੇ ਆਪਣੀ ਸਾਰੀ ਪੜ੍ਹਾਈ ਅੰਗਰੇਜ਼ੀ ਵਿਚ ਕੀਤੀ। ਸ਼ੁਰੂ ਤੋਂ ਉਨ੍ਹਾਂ ਦੇ ਪੜ੍ਹਨ-ਲਿਖਣ ਅਤੇ ਹਰ ਤਰ੍ਹਾਂ ਦੇ ਪ੍ਰੋਫੈਸ਼ਨਲ ਸੰਚਾਰ ਦੀ ਭਾਸ਼ਾ ਅੰਗਰੇਜ਼ੀ ਰਹੀ। ਇਨ੍ਹਾਂ ਲਈ ਇਕ ਹੋਰ ਵੱਡੀ ਪ੍ਰੇਰਨਾ ਇਹ ਰਹੀ ਕਿ ਅੰਗਰੇਜ਼ੀ ਵਿਚ ਮੁਹਾਰਤ ਇਨ੍ਹਾਂ ਲਈ ਜੀਵਨ ਵਿਚ ਅੱਗੇ ਵਧਣ ਦੇ ਅਨੇਕਾਂ ਮੌਕੇ ਖੋਲ੍ਹ ਰਹੀ ਸੀ। ਇਹੀ ਗੱਲ ਹੋਰ ਉਨ੍ਹਾਂ ਭਾਸ਼ਾਵਾਂ ਬਾਰੇ ਕਹੀ ਜਾ ਸਕਦੀ ਹੈ, ਜਿਨ੍ਹਾਂ ਨੂੰ ਲੋਕ ਦੂਜੀ ਭਾਸ਼ਾ ਵਜੋਂ ਸਿੱਖਦੇ ਹਨ ਅਤੇ ਉਨ੍ਹਾਂ ਵਿਚ ਮੁਹਾਰਤ ਹਾਸਲ ਕਰਦੇ ਹਨ। ਉਹ ਇਸ ਪੱਧਰ ਦੀ ਮੁਹਾਰਤ ਹਾਸਲ ਕਰਦੇ ਹਨ ਕਿ ਉਨ੍ਹਾਂ ਵਿਚ ਰਚਨਾਤਮਕ ਅਤੇ ਖੋਜ ਲਿਖਤਾਂ ਕਰਦੇ ਹਨ। ਪਰ ਪੰਜਾਬੀ ’ਤੇ ਇਹ ਗੱਲਾਂ ਪੰਜਾਬ ਜਾਂ ਦਿੱਲੀ ਤੋਂ ਬਾਹਰ ਕਿਤੇ ਲਾਗੂ ਨਹੀਂ ਹੁੰਦੀਆਂ।
ਕੈਨੇਡਾ ਵਿਚ ਕਿਤੇ ਵੀ ਕਿਸੇ ਇੱਥੇ ਜੰਮੇ ਪਲੇ ਬੱਚੇ ਲਈ ਪੰਜਾਬੀ ਪੜ੍ਹਾਈ ਦਾ ਮੁੱਖ ਮਾਧਿਅਮ ਕਦੇ ਵੀ ਨਹੀਂ ਬਣਦੀ। ਉਹ ਹਮੇਸ਼ਾਂ ਪੰਜਾਬੀ ਇਕ ਵਿਸ਼ੇ ਦੇ ਤੌਰ ’ਤੇ ਪੜ੍ਹਦੇ ਹਨ ਅਤੇ ਬਾਅਦ ਵਿਚ ਕੁਝ ਹੋਣਗੇ, ਜਿਹੜੇ ਆਪਣੀ ਲਗਨ ਨਾਲ ਇਸ ਨੂੰ ਕੁਝ ਨਿਖਾਰ ਲੈਂਦੇ ਹੋਣਗੇ। ਪਰ ਪੰਜਾਬੀ ਦੀ ਉਸ ਤਰ੍ਹਾਂ ਦੀ ਗਹਿਰੀ ਸਟੱਡੀ ਕਦੇ ਵੀ ਨਹੀਂ ਹੁੰਦੀ, ਜਿਸ ਤਰ੍ਹਾਂ ਕਿਸੇ ਅਜਿਹੇ ਸਕੂਲ ਵਿਚ ਹੋ ਸਕਦੀ ਹੈ, ਜਿਸ ਵਿਚ ਤੁਸੀਂ ਸਾਰੇ ਵਿਸ਼ੇ ਪੰਜਾਬੀ ਵਿਚ ਪੜ੍ਹ ਰਹੇ ਹੋਵੋ। ਇਸ ਪੱਖ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਇਲਾਵਾ ਪੰਜਾਬੀ ਹੋਰ ਕਿਤੇ ਵੀ ਉਸ ਤਰੀਕੇ ਨਾਲ ਪੜ੍ਹਨ ਦਾ ਮੌਕਾ ਬੱਚਿਆਂ ਨੂੰ ਨਹੀਂ ਮਿਲਦਾ, ਜਿਵੇਂ ਅੰਗਰੇਜ਼ੀ ਜਾਂ ਫਰੈਂਚ ਵਿਚ ਇਹ ਮੌਕਾ ਬਹੁਤ ਸਾਰੇ ਉਨ੍ਹਾਂ ਲੋਕਾਂ ਨੂੰ ਵੀ ਮਿਲਦਾ ਹੈ, ਜਿਨ੍ਹਾਂ ਦੇ ਸੱਭਿਆਚਾਰ ਦੀ ਮੁੱਖ ਭਾਸ਼ਾ ਫਰੈਂਚ ਜਾਂ ਅੰਗਰੇਜ਼ੀ ਨਹੀਂ ਹੁੰਦੀ। ਇਸ ਫ਼ਰਕ ਨੂੰ ਮੇਟਣਾ ਅਸੰਭਵ ਹੈ।
ਅੰਗਰੇਜ਼ੀ, ਫਰੈਂਚ, ਰਸ਼ੀਅਨ, ਚਾਈਨੀਜ਼, ਅਰਬੀ ਵਿਚ ਮੁਹਾਰਤ ਨਾਲ ਤੁਹਾਡੇ ਲਈ ਦੁਨੀਆਂ ਦੇ ਕਈ ਹਿੱਸਿਆਂ ਵਿਚ ਕੰਮ ਦੇ ਅਨੇਕਾਂ ਮੌਕੇ ਮਿਲ ਸਕਦੇ ਹਨ। ਇਨ੍ਹਾਂ ਭਾਸ਼ਾਵਾਂ ਵਿਚ ਮੁਹਾਰਤ ਤੁਹਾਨੂੰ ਬਹੁਤ ਸਾਰੀਆਂ ਅਕਾਦਮਿਕ, ਪ੍ਰਸ਼ਾਸਨਿਕ ਅਤੇ ਮੀਡੀਆ ਪੁਜੀਸ਼ਨਾਂ ’ਤੇ ਪਹੁੰਚਣ ਦਾ ਰਾਹ ਖੋਲ੍ਹਦੀ ਹੈ। ਇਸ ਦੇ ਮੁਕਾਬਲੇ ਜੇ ਪੰਜਾਬੀ ਨੂੰ ਦੇਖੀਏ ਤਾਂ ਅਜਿਹੇ ਮੌਕੇ ਬਹੁਤ ਥੋੜ੍ਹੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਸਾਨੂੰ ਕੈਨੇਡਾ ਵਿਚ ਜੰਮੇ-ਪਲੇ ਅਜਿਹੇ ਲੋਕ ਨਹੀਂ ਲੱਭ ਰਹੇ, ਜਿਹੜੇ ਪੰਜਾਬੀ ਵਿਚ ਪ੍ਰੋਫੈਸ਼ਨਲ ਪੱਧਰ ਦੀ ਮੁਹਾਰਤ ਰੱਖਦੇ ਹੋਣ।
ਇੱਥੇ ਪੰਜਾਬੀ ਸੰਗੀਤ ਜਾਂ ਫ਼ਿਲਮਾਂ ਦਾ ਹਵਾਲਾ ਦੇਣਾ ਵੀ ਗੱਲ ਨੂੰ ਸਪੱਸ਼ਟ ਕਰਨ ਵਿਚ ਮਦਦ ਕਰੇਗਾ। ਪੰਜਾਬੀ ਸੰਗੀਤ ਇਸ ਵਕਤ ਅਜਿਹੀ ਇੰਡਸਟਰੀ ਹੈ, ਜਿਹੜੀ ਕਰੀਅਰ ਬਣਾਉਣ, ਅੱਗੇ ਵਧਣ, ਪਛਾਣ ਬਣਾਉਣ ਲਈ ਵੱਡੇ ਰਾਹ ਖੋਲ੍ਹਦੀ ਹੈ। ਬਹੁਤ ਸਾਰੇ ਲੋਕਾਂ ਨੇ ਇਸ ਦੇ ਸਿਰ ’ਤੇ ਆਲਮੀ ਪਛਾਣ ਬਣਾਈ ਹੈ। ਇਸ ਕਰਕੇ ਅਜਿਹੇ ਬਹੁਤ ਸਾਰੇ ਲੋਕ ਹਨ, ਜਿਹੜੇ ਕੈਨੇਡਾ ਜਾਂ ਹੋਰ ਪੱਛਮੀ ਮੁਲਕਾਂ ਵਿਚ ਜੰਮੇ-ਪਲੇ, ਪਰ ਜਿਹੜੇ ਪੰਜਾਬੀ ਵਿਚ ਗਾ ਰਹੇ ਹਨ। ਇਨ੍ਹਾਂ ਨੇ ਗਾਉਣ ਜੋਗੀ ਪੰਜਾਬੀ ਸਿੱਖ ਲਈ ਹੈ। ਕਾਰਨ ਸਪੱਸ਼ਟ ਹੈ ਕਿ ਇੱਥੇ ਪੰਜਾਬੀ ਦੀ ਜਾਣਕਾਰੀ ਉਨ੍ਹਾਂ ਲਈ ਕੋਈ ਚੰਗਾ ਕਰੀਅਰ ਬਣਾਉਣ ਦੇ ਮੌਕੇ ਖੋਲ੍ਹਦੀ ਹੈ। ਪਰ ਪੰਜਾਬੀ ਵਿਚ ਸਾਹਿਤ ਲਿਖਣਾ ਜਾਂ ਪੰਜਾਬੀ ਵਿਚ ਖੋਜ ਕਾਰਜ ਕਰਨੇ ਇਸ ਤਰ੍ਹਾਂ ਦੇ ਮੌਕੇ ਨਹੀਂ ਖੋਲ੍ਹਦੇ। ਨਾ ਹੀ ਪੰਜਾਬੀ ਦੀ ਜਾਣਕਾਰੀ ਕੋਈ ਬਹੁਤ ਵਧੀਆ ਪ੍ਰਸਾਸ਼ਨਿਕ ਪੁਜੀਸ਼ਨਾਂ ਦਿਵਾਉਣ ਵਿਚ ਸਹਾਈ ਹੁੰਦੀ ਹੈ। ਇਸ ਸਥਿਤੀ ਵਿਚ ਅਗਲੇ ਵੀਹ-ਤੀਹ ਸਾਲ ਵਿਚ ਕੋਈ ਬਹੁਤ ਵੱਡਾ ਮੋੜ ਆ ਸਕੇ, ਉਸ ਦੀ ਕੋਈ ਸੰਭਾਵਨਾ ਵੀ ਨਹੀਂ ਲੱਗਦੀ, ਸਿਵਾਏ ਸੰਗੀਤ ਜਾਂ ਮਨੋਰੰਜਨ ਦੀ ਦੁਨੀਆਂ ਦੇ।
ਪੰਜਾਬੀ ਦੇ ਵਿਕਾਸ ਦੇ ਅਜੇ ਵੀ ਸਭ ਤੋਂ ਵੱਧ ਮੌਕੇ ਪੰਜਾਬ ਵਿਚ ਹੀ ਹਨ। ਪੰਜਾਬ ਨੂੰ ਹੁਣ ਇਕ ਅਜਿਹੀ ਗਲੋਬਲ ਹੱਬ ਦੇ ਤੌਰ ’ਤੇ ਆਪਣੇ ਆਪ ਨੂੰ ਵਿਕਸਤ ਕਰਨਾ ਚਾਹੀਦਾ ਹੈ, ਜਿਹੜਾ ਸਾਰੀ ਦੁਨੀਆਂ ਦੇ ਪੰਜਾਬੀਆਂ ਲਈ ਸਰੋਤ ਪੈਦਾ ਕਰ ਸਕੇ। ਅਜਿਹੇ ਪੰਜਾਬੀ ਅਦਾਰੇ ਪੰਜਾਬ ਵਿਚ ਖੜ੍ਹੇ ਕੀਤੇ ਜਾਣ, ਜਿਹੜੇ ਸਾਰੀ ਦੁਨੀਆਂ ਵਿਚੋਂ ਪੰਜਾਬੀ ਪ੍ਰਤਿਭਾ ਨੂੰ ਆਪਣੇ ਵੱਲ ਆਕਰਸ਼ਤ ਕਰ ਸਕਣ। ਇਸ ਵਾਸਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਆਪਣੇ ਮੌਜੂਦਾ ਸਿਸਟਮ ਨੂੰ ਬਦਲਣਾ ਪਵੇਗਾ। ਜ਼ਰੂਰਤ ਇਸ ਗੱਲ ਦੀ ਹੈ ਕਿ ਇਨ੍ਹਾਂ ਯੂਨੀਵਰਸਿਟੀਆਂ ਦੀ ਅਗਵਾਈ ਆਲਮੀ ਨਜ਼ਰੀਏ ਵਾਲੇ ਲੋਕ ਕਰਨ। ਜਿਸ ਤਰ੍ਹਾਂ ਦੇ ਲੋਕ ਇਸ ਵਕਤ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਬਣਦੇ ਹਨ, ਉਸ ਨਾਲ ਇਹ ਗਲੋਬਲ ਪੰਜਾਬੀ ਕਲਚਰ ਨੂੰ ਕਿਸੇ ਵੀ ਤਰ੍ਹਾਂ ਦੀ ਅਕਾਦਮਿਕ ਅਤੇ ਕਲਚਰਲ ਲੀਡਰਸ਼ਿਪ ਪ੍ਰਦਾਨ ਨਹੀਂ ਕਰ ਸਕਦੇ। ਪੰਜਾਬ ਦੇ ਅਦਾਰਿਆਂ ਨੂੰ ਹਰ ਪੱਖ ਤੋਂ ਗਲੋਬਲ ਮਿਆਰਾਂ ਦਾ ਬਣਾਉਣਾ ਇਸ ਵਕਤ ਦੀ ਸਭ ਤੋਂ ਵੱਡੀ ਲੋੜ ਹੈ। ਇਹ ਗੱਲ ਪੂਰੀ ਦੁਨੀਆਂ ਵਿਚ ਪੰਜਾਬੀ ਸੱਭਿਆਚਾਰ ਨੂੰ ਪ੍ਰਭਾਵਿਤ ਕਰੇਗੀ। ਇਸ ਗੱਲ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਕਿ ਕੈਨੇਡਾ ਵਿਚ ਪੰਜਾਬੀ ਦੇ ਭਵਿੱਖ ਬਾਰੇ ਸੋਚਦਿਆਂ ਸਾਨੂੰ ਫੇਰ ਪਿੱਛੇ ਪੰਜਾਬ ਵੱਲ ਦੇਖਣਾ ਪੈ ਰਿਹਾ ਹੈ।
ਈ-ਮੇਲ: Jay.shameel@gmail.com