ਆਸਟਰੇਲੀਆ ਵਿੱਚ ਨਵ ਗਠਿਤ ਸਾਹਿਤਕ ਸੰਸਥਾ ਸਾਹਿਤਕ ਸੱਥ, ਮੈਲਬੌਰਨ ਨੇ ਆਪਣਾ ਪਲੇਠਾ ਸਮਾਗਮ ਰਚਾਉਂਦਿਆਂ ਇਤਿਹਾਸਕ ਪਹਿਲਕਦਮੀ ਕੀਤੀ। ਪੰਜਾਬੀ ਮਾਤ ਭਾਸ਼ਾ ਅਤੇ ਸਾਹਿਤ ਦੀ ਸੇਵਾ ਲਈ ਕਾਰਜਸ਼ੀਲ ਬਿੱਕਰ ਬਾਈ ਦੀ ਅਗਵਾਈ ਹੇਠ ਮੈਲਬੌਰਨ ਦੇ ਸਥਾਨਕ ਬਾਲਾ ਕਮਿਊਨਿਟੀ ਸੈਂਟਰ ਕਰੇਨਬੌਰਨ ਈਸਟ ਵਿੱਚ ਪਹਿਲੇ ਅਦਬੀ ਉਤਸਵ ਦਾ ਆਗਾਜ਼ ਸ਼ਾਨਦਾਰ ਢੰਗ ਨਾਲ ਹੋਇਆ। ਇਸ ਉਤਸਵ ਵਿੱਚ ਮੈਲਬੌਰਨ ਤੋਂ ਆਏ ਸਰੋਤਿਆਂ, ਕਲਾ ਪ੍ਰੇਮੀਆਂ ਅਤੇ ਕਲਮਕਾਰਾਂ ਦੇ ਨਾਲ ਨਾਲ ਆਸਟਰੇਲੀਆ ਦੇ ਸ਼ਹਿਰ ਸਿਡਨੀ ਅਤੇ ਬ੍ਰਿਸਬੇਨ ਤੋਂ ਲੇਖਕ ਭਾਈਚਾਰੇ ਅਤੇ ਨਾਮੀ ਹਸਤੀਆਂ ਦੀ ਸ਼ਿਰਕਤ ਨੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ।
ਉਤਸਵ ਦੀ ਸ਼ੁਰੂਆਤ ਸਟੇਜ ਸੰਚਾਲਿਕਾ ਰਮਾ ਸੇਖੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਸ ਉਪਰੰਤ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਮੁੱਖ ਮਹਿਮਾਨ ਪ੍ਰਭਜੋਤ ਸਿੰਘ ਸੰਧੂ ਸਿਡਨੀ, ਬਿਕਰਮਜੀਤ ਸਿੰਘ ਚੰਦੀ ਅਤੇ ਲੈਕਚਰਾਰ ਰਵਿੰਦਰਜੀਤ ਕੌਰ ਸ਼ਾਮਲ ਹੋਏ। ਇਸ ਉਤਸਵ ਵਿੱਚ 11 ਵਿਸ਼ੇਸ਼ ਹਸਤੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਕੰਮ ਲਈ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਬਲਰਾਜ ਸੰਘਾ ਪੱਤਰਕਾਰੀ ਲਈ, ਕੁਲਜੀਤ ਸੰਧੂ ਨੂੰ ਪੰਜਾਬੀ ਗਾਇਕੀ ਲਈ, ਪਾਲ ਰਾਊਕੇ ਨੂੰ ਸਾਹਿਤ ਸੇਵਾ ਲਈ, ਸੁਰਜੀਤ ਨੂੰ ਬਾਲ ਸਾਹਿਤ ਲਈ, ਭੰਗੜਾ ਕੋਚ ਗੁਰਜੀਤ ਬਾਰੀਆ ਨੂੰ ਲੋਕ ਨਾਚ ਲਈ, ਸੁਰਿੰਦਰ ਸਿਦਕ ਨੂੰ ਨਾਰੀ ਸਾਹਿਤ ਲਈ, ਮੁਖਤਿਆਰ ਸਿੰਘ ਨੂੰ ਫ਼ਿਲਮਸਾਜ਼ੀ ਲਈ, ਪਰਮਿੰਦਰ ਪਾਪਾਟੋਏ ਨੂੰ ਰੇਡੀਓ ਵਾਰਤਾਕਾਰੀ, ਨਵਤੇਜ ਰੰਧਾਵਾ ਨੂੰ ਰੇਡੀਓ ਪ੍ਰਸਾਰਣ ਅਤੇ ਰਮਾ ਸੇਖੋਂ ਨੂੰ ਰੰਗ-ਮੰਚ ਲਈ ਸਨਮਾਨ ਦਿੱਤਾ ਗਿਆ। ਇਸ ਵਰ੍ਹੇ ਦਾ ਪਹਿਲਾ ਪ੍ਰੋ. ਮੋਹਨ ਸਿੰਘ ਯਾਦਗਾਰੀ ਪੁਰਸਕਾਰ ਕਵੀ ਸਰਬਜੀਤ ਸੋਹੀ ਨੂੰ ਦਿੱਤਾ ਗਿਆ।
ਇਸ ਉਤਸਵ ਦਾ ਪਹਿਲਾ ਭਾਗ ਕਲਾ ਪ੍ਰਦਰਸ਼ਨੀ ਨੂੰ ਸਮਰਪਿਤ ਸੀ। ਇਸ ਵਿੱਚ ਨਾਮਵਰ ਆਰਟਿਸਟ ਰਾਜੀ ਮੁਸੱਵਰ ਤੋਂ ਇਲਾਵਾ ਬਹੁਤ ਸਾਰੇ ਬਾਲ ਚਿੱਤਰਕਾਰਾਂ ਦੇ ਚਿੱਤਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਜੱਸੀ ਧਾਲੀਵਾਲ ਨੇ ਪੁਸਤਕਾਂ ਦਾ ਸਟਾਲ ਲਾਇਆ। ਕਵੀ ਦਰਬਾਰ ਵਿੱਚ ਸਰਬਜੀਤ ਸੋਹੀ, ਇੰਦਰਜੀਤ, ਸੰਨੀ ਕਸ਼ਿਅਪ, ਗੁਰਪ੍ਰੀਤ ਬਰਾੜ, ਸਤਿੰਦਰ ਚਾਵਲਾ, ਰਮਾ ਸੇਖੋਂ, ਸੁਰਜੀਤ ਸੰਧੂ, ਅਸ਼ੋਕ ਕਾਸਦ, ਹਰਵਿੰਦਰ ਸਿੰਘ, ਰਾਜੀ ਮੁਸੱਵਰ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਗਾਇਕ ਕੁਲਜੀਤ ਸੰਧੂ ਨੇ ਖ਼ੂਬਸੂਰਤ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਾਈ। ਇਸ ਦੌਰਾਨ ਹੀ ਬਿੱਕਰ ਬਾਈ ਦੀਆਂ ਦੋ ਪੁਸਤਕਾਂ ‘ਬੋਲ ਪਏ ਅਲਫਾਜ਼’ ਅਤੇ ‘ਗੀਤ ਰਹਿਣਗੇ ਕੋਲ’ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਸੁਖਜਿੰਦਰ ਸਿੰਘ ਲਾਡੀ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਲੋਕ ਸਾਜ਼ ਬੁਗਚੂ, ਢੋਲ, ਅਲਗੋਜ਼ੇ ਆਦਿ ਵਜਾਉਣ ਦੀ ਦਿੱਤੀ ਪੇਸ਼ਕਾਰੀ ਬਹੁਤ ਮਨਮੋਹਕ ਸੀ। ਇਸ ਪ੍ਰੋਗਰਾਮ ਵਿੱਚ ਐੱਮ. ਪੀ. ਜੇਸਿਨ ਵੁੱਡ ਅਸਿਸਟੈਂਟ ਮਨਿਸਟਰ ਕਸਟਮਜ਼, ਕਮਿਊਨਿਟੀ ਸੇਫਟੀ ਅਤੇ ਮਲਟੀ ਕਲਚਰਲ ਅਫੇਰਜ਼ ਨੇ ਆਪਣੇ ਹੋਰ ਸਾਥੀਆਂ ਸਮੇਤ ਹਾਜ਼ਰੀ ਭਰੀ ਅਤੇ ਇਨਾਮ ਤਕਸੀਮ ਕੀਤੇ। ਮੁੱਖ ਮਹਿਮਾਨ ਪ੍ਰਭਜੋਤ ਸਿੰਘ ਸੰਧੂ ਨੇ ਇਸ ਉਤਸਵ ਨੂੰ ਇਤਿਹਾਸਕ ਪਹਿਲਕਦਮੀ ਦੱਸਦਿਆਂ ਕਿਹਾ ਕਿ ਇਸ ਨੂੰ ਅਗਲੇ ਸਾਲ ਤੋਂ ਹੋਰ ਵਿਸ਼ਾਲ ਕੀਤਾ ਜਾਏਗਾ। ਇਸ ਮੌਕੇ ਲਬਿਰਲ ਐੱਫ. ਈ. ਸੀ. ਚੇਅਰਮੈਨ ਫਾਰ ਲਾ ਟਰੌਬ ਚਰਨਪ੍ਰੀਤ ਸੋਢੀ, ਲੇਖਕ ਅਤੇ ਪ੍ਰਮੋਟਰ ਨਵ ਸਰਕਾਰੀਆ, ਰੀਅਲ ਅਸਟੇਟ ਕਾਰੋਬਾਰੀ ਸੰਨੀ ਬੇਰੀ, ਪੰਜਾਬੀ ਸਵੈਗ ਦੀ ਪ੍ਰਬੰਧਕ ਪ੍ਰੀਤ ਖਿੰਡਾ, ਸਮਾਜਿਕ ਹਸਤੀ ਸਤਨਾਮ ਪਾਬਲਾ, ਲੋਕ ਆਗੂ ਬਲਿਹਾਰ ਸੰਧੂ, ਹਰਿਮੰਦਰ ਕੌਰ ਵਿਰਕ, ਦੀਪਇੰਦਰ ਸਿੰਘ ਬ੍ਰਿਸਬੇਨ, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸ਼ਮਸ਼ੇਰ ਸਿੰਘ, ਸੰਜੇ ਭੰਡਾਰੀ, ਨੈਣਾ ਭੰਡਾਰੀ, ਰਮਨ ਮਾਰੂਪੁਰ, ਹੈਰੀ ਸੰਧੂ, ਹਰਮਨ ਗਿੱਲ, ਗਗਨ ਬਮਰਾਹ ਆਦਿ ਨੇ ਸ਼ਮੂਲੀਅਤ ਕੀਤੀ।