ਸ਼ਮੀਲ
ਪੰਜਾਬ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਸਾਧਾਰਨ ਲੋਕ, ਬਜ਼ੁਰਗ, ਮਾਈਆਂ ਕੈਨੇਡਾ ਵਿਚ ਪਹੁੰਚੇ ਹੋਏ ਹਨ, ਜਿਨ੍ਹਾਂ ਨੂੰ ਕੈਨੇਡਾ ਵਿਚ ਘੁੰਮਦਿਆਂ ਦੇਖ ਕੇ ਕਈ ਵਾਰ ਭਾਰਤ ਦੇ ਸ਼ਹਿਰਾਂ ਵਿਚੋਂ ਆਉਣ ਵਾਲੇ ਪੜ੍ਹੇ ਲਿਖੇ ਲੋਕਾਂ ਨੂੰ ਬੜਾ ਅਜੀਬ ਲੱਗਦਾ ਹੈ। ਸ਼ਹਿਰਾਂ ਵਿਚੋਂ ਨਵੇਂ ਕੈਨੇਡਾ ਆਉਣ ਵਾਲੇ ਲੋਕਾਂ ਦੇ ਮਨਾਂ ਵਿਚ ਵੀ ਇਹ ਭਾਵ ਹੁੰਦਾ ਹੈ ਕਿ ਉਹ ਇਕ ਵਿਕਸਤ ਮੁਲਕ ਵਿਚ ਪਹੁੰਚ ਗਏ ਹਨ। ਕਿਤੇ ਨਾ ਕਿਸੇ ਉਨ੍ਹਾਂ ਦੇ ਮਨਾਂ ਵਿਚ ਪ੍ਰਾਪਤੀ ਦਾ ਇਕ ਭਾਵ ਵੀ ਹੁੰਦਾ ਹੈ। ਖ਼ਾਸ ਕਰਕੇ ਜਿਹੜੇ ਪੁਆਇੰਟ ਸਿਸਟਮ ’ਤੇ ਆਧਾਰਿਤ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਆਏ, ਜਾਂ ਕਿਸੇ ਪ੍ਰੋਫੈਸ਼ਨਲ ਯੋਗਤਾ ਕਰਕੇ ਵਰਕ ਪਰਮਿਟ ਲਿਆ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੈਨੇਡਾ ਵਿਚ ਦਾਖਲ ਹੋਣਾ ਆਪਣੀ ਯੋਗਤਾ ਦੀ ਪ੍ਰਾਪਤੀ ਵੀ ਲੱਗ ਰਹੀ ਹੁੰਦੀ ਹੈ। ਅਜਿਹੇ ਬੰਦੇ ਜਦੋਂ ਪੰਜਾਬ ਦੇ ਪਿੰਡਾਂ ਦੇ ਬਾਬਿਆਂ ਨੂੰ ਇੱਥੇ ਘੁੰਮਦੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਇੱਥੇ ਪਹੁੰਚਣਾ ਕੀ ਪ੍ਰਾਪਤੀ ਹੋਈ, ਸਾਥੋਂ ਪਹਿਲਾਂ ਤਾਂ ਇਹ ਬਾਬੇ ਇੱਥੇ ਪਹੁੰਚੇ ਹੋਏ ਹਨ। ਕੁਝ ਇਸ ਤਰ੍ਹਾਂ ਦੇ ਖਿਆਲ ਉਨ੍ਹਾਂ ਦੇ ਮਨਾਂ ਵਿਚ ਚੱਲਦੇ ਹਨ। ਵੱਡੇ ਸ਼ਹਿਰਾਂ ਵਿਚੋਂ ਆਏ ਲੋਕਾਂ ਨੂੰ ਇੱਥੇ ਪਹਿਲਾਂ ਪਹੁੰਚੇ ਪਿੰਡਾਂ ਦੇ ਸਾਧਾਰਨ ਲੋਕਾਂ ਨੂੰ ਦੇਖਕੇ ਇਸ ਤਰੀਕੇ ਨਾਲ ਨੱਕ-ਬੁੱਲ੍ਹ ਚੜ੍ਹਾਉਂਦੇ ਹੋਏ ਮੈਂ ਕਈ ਵਾਰ ਦੇਖਿਆ ਹੈ। ਮੈਂ ਜਿਨ੍ਹਾਂ ਸਾਲਾਂ ਦੌਰਾਨ ਇੱਥੇ ਆਇਆ, ਉਸ ਸਮੇਂ ਜ਼ਿਆਦਾ ਪੁਆਇੰਟ ਸਿਸਟਮ ਆਧਾਰਿਤ ਪਰਮਾਨੈਂਟ ਰੈਜ਼ੀਡੈਂਸੀ ਵਾਲੇ ਲੋਕ ਹੀ ਇੱਥੇ ਆ ਰਹੇ ਸਨ। ਉਨ੍ਹਾਂ ਲੋਕਾਂ ਵਿਚ ਇਹ ਗੱਲਾਂ ਮੈਂ ਅਕਸਰ ਸੁਣਦਾ ਸਾਂ। ਉਹ ਹੈਰਾਨ ਹੁੰਦੇ ਸਨ ਕਿ ਪੰਜਾਬ ਦੇ ਪਿੰਡਾਂ ਵਿਚੋਂ ਜਿਸ ਤਰ੍ਹਾਂ ਦੇ ਦੇਸੀ ਲੋਕ ਇੱਥੇ ਆਏ ਹੋਏ ਹਨ, ਉਸ ਤਰ੍ਹਾਂ ਦੇ ਤਾਂ ਅਸੀਂ ਕਦੇ ਪੰਜਾਬ ਦੇ ਸ਼ਹਿਰਾਂ ਵਿਚ ਵੀ ਨਹੀਂ ਸਨ ਦੇਖੇ। ਦੋ ਕੁ ਸਾਲ ਵਿਚ ਹੀ ਮੈਂ ਕੈਨੇਡਾ ਦੀ ਇਕ ਨੈਸ਼ਨਲ ਮੀਡੀਆ ਕਾਰਪੋਰੇਸ਼ਨ ਵਿਚ ਨੌਕਰੀ ਕਰਨ ਲੱਗ ਪਿਆ। ਰੌਜਰਜ਼ ਕੈਨੇਡਾ ਦੀ ਵੱਡੀ ਟੈਲੀਕੌਮ ਅਤੇ ਮੀਡੀਆ ਕੰਪਨੀ ਹੈ ਅਤੇ ਇਸ ਦੀ ਮੀਡੀਆ ਡਿਵੀਜ਼ਨ ਵਿਚ ਇਕ ਮਲਟੀਕਲਚਰ ਟੀਵੀ ਚੈਨਲ ਔਮਨੀ ਹੈ। ਇਹ ਕੈਨੇਡਾ ਦਾ ਇਕੋ ਇਕ ਮਲਟੀਕਲਚਰ ਨੈਸ਼ਨਲ ਟੈਲੀਵਿਜ਼ਨ ਚੈਨਲ ਹੈ। ਇਸ ਚੈਨਲ ’ਤੇ ਉਨ੍ਹਾਂ ਦਿਨਾਂ ਦੌਰਾਨ ਛੇ ਭਾਸ਼ਾਵਾਂ ਵਿਚ ਨਿਊਜ਼ ਪ੍ਰੋਗਰਾਮ ਸਨ ਅਤੇ ਹੋਰ ਕਈ ਭਾਸ਼ਾਵਾਂ ਵਿਚ ਵੀਕਲੀ ਪ੍ਰੋਗਰਾਮਿੰਗ ਸੀ। ਉਨ੍ਹਾਂ ਦਿਨਾਂ ਦੌਰਾਨ ਟੋਰਾਂਟੋ ਸਟੂਡੀਓ ਵਿਚ ਪੰਜਾਬੀ ਨਿਊਜ਼ ਅਜੇ ਉਹ ਸ਼ੁਰੂ ਕਰ ਰਹੇ ਸਨ ਅਤੇ ਮੈਂ ਪਹਿਲਾ ਪੰਜਾਬੀ ਜਰਨਲਿਸਟ ਸਾਂ, ਜਿਸ ਨੂੰ ਟੋਰਾਂਟੋ ਦੀ ਨਿਊਜ਼ ਟੀਮ ਵਿਚ ਰੱਖਿਆ ਗਿਆ ਸੀ। ਮੈਂ ਜਦੋਂ ਇਸ ਦਫ਼ਤਰ ਵਿਚ ਜਾਣਾ ਸ਼ੁਰੂ ਕੀਤਾ ਤਾਂ ਇਕ ਅਹਿਸਾਸ ਮੈਨੂੰ ਪਹਿਲੀ ਵਾਰ ਹੋਇਆ, ਜਿਸ ਕਰਕੇ ਇਹ ਆਰਟੀਕਲ ਲਿਖ ਰਿਹਾ ਹਾਂ।
ਇਹ ਕੈਨੇਡਾ ਦੀ ਵੱਡੀ ਕਾਰਪੋਰੇਸ਼ਨ ਦਾ ਦਫ਼ਤਰ ਸੀ ਅਤੇ ਇਸ ਦਫ਼ਤਰ ਵਿਚ ਮੈਨੂੰ ਨੌਕਰੀ ਇਕ ਪੰਜਾਬੀ ਜਰਨਲਿਸਟ ਹੋਣ ਦੇ ਨਾਤੇ ਮਿਲੀ ਸੀ। ਹੁਣ ਤਾਂ ਸਮਾਂ ਬਹੁਤ ਬਦਲ ਗਿਆ ਹੈ, ਪਰ ਉਨ੍ਹਾਂ ਦਿਨਾਂ ਵਿਚ ਪੰਜਾਬੀ ਪੱਤਰਕਾਰੀ ਦੀ ਹਾਲਤ ਕੋਈ ਬਹੁਤ ਅੱਛੀ ਨਹੀਂ ਸੀ। ਇਕ ਪੰਜਾਬੀ ਜਰਨਲਿਸਟ ਨੂੰ ਤਾਂ ਉਨ੍ਹਾਂ ਦਿਨਾਂ ਵਿਚ ਭਾਰਤ ਵਿਚ ਵੀ ਕੋਈ ਚੰਗੀ ਨੌਕਰੀ ਲੱਭਣੀ ਮੁਸ਼ਕਲ ਸੀ ਅਤੇ ਕੈਨੇਡਾ ਆਉਣ ਸਮੇਂ ਤਾਂ ਮੈਂ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਇਸ ਮੁਲਕ ਵਿਚ ਪੰਜਾਬੀ ਪੱਤਰਕਾਰ ਦੇ ਤੌਰ ’ਤੇ ਕਿਸੇ ਅੱਛੇ ਦਫ਼ਤਰ ਵਿਚ ਮੈਨੂੰ ਨੌਕਰੀ ਮਿਲ ਸਕਦੀ ਹੈ। ਜਦੋਂ ਪਹਿਲੇ ਦਿਨ ਉਸ ਦਫ਼ਤਰ ਵਿਚ ਮੈਂ ਗਿਆ ਤਾਂ ਮੇਰੇ ਮਨ ਵਿਚ ਇਹ ਖਿਆਲ ਚੱਲ ਰਿਹਾ ਸੀ ਕਿ ਇਹ ਨੌਕਰੀ ਮੈਨੂੰ ਉਨ੍ਹਾਂ ਲੋਕਾਂ ਕਾਰਨ ਮਿਲੀ ਹੈ, ਜਿਨ੍ਹਾਂ ਨੂੰ ਲੋਕ ਕੈਨੇਡਾ ਵਿਚ ਆਏ ਪੰਜਾਬ ਦੇ ਪਿੰਡਾਂ ਦੇ ਅਨਪੜ੍ਹ ਲੋਕ ਸਮਝਦੇ ਹਨ। ਇਹ ਲੋਕ ਇੱਥੇ ਐਨੀ ਵੱਡੀ ਗਿਣਤੀ ਵਿਚ ਆਏ। ਇਨ੍ਹਾਂ ਨੇ ਆਪਣੀ ਜ਼ੁਬਾਨ ਨਹੀਂ ਛੱਡੀ ਜਾਂ ਛੱਡ ਹੀ ਨਹੀਂ ਸਨ ਸਕਦੇ ਅਤੇ ਇਨ੍ਹਾਂ ਕਰਕੇ ਹੀ ਇਸ ਮੁਲਕ ਦੀਆਂ ਵੱਡੀਆਂ ਕੰਪਨੀਆਂ ਨੂੰ ਪੰਜਾਬੀ ਭਾਸ਼ਾ ਨੂੰ ਵੀ ਮਾਨਤਾ ਦੇਣੀ ਪਈ ਹੈ।
ਅਸੀਂ ਆਮ ਕਰਕੇ ਇਹ ਸਮਝਦੇ ਹਾਂ ਕਿ ਕੋਈ ਵੀ ਭਾਸ਼ਾ ਉਸ ਨੂੰ ਬੋਲਣ ਵਾਲੇ ਪੜ੍ਹੇ ਲਿਖੇ ਲੋਕਾਂ ਕਰਕੇ ਤਰੱਕੀ ਕਰਦੀ ਹੈ। ਕਿਸੇ ਵੀ ਭਾਸ਼ਾ ਦੇ ਕਲਚਰ ਦਾ ਵਿਕਾਸ ਆਮ ਕਰਕੇ ਸ਼ਹਿਰਾਂ ਵਿਚ ਹੁੰਦਾ ਹੈ, ਪਰ ਪੰਜਾਬੀ ਦੀ ਕਹਾਣੀ ਉਲਟੀ ਹੈ। ਜੇ ਪੰਜਾਬੀ ਪੰਜਾਬ ਦੇ ਸ਼ਹਿਰਾਂ ਦੇ ਲੋਕਾਂ ਸਿਰ ਹੁੰਦੀ ਤਾਂ ਹੁਣ ਤਕ ਰੁਲ ਖੁਲ ਜਾਂਦੀ। ਸ਼ਹਿਰਾਂ ਦੇ ਲੋਕਾਂ ਨੂੰ, ਚਾਹੇ ਉਹ ਭਾਰਤ ਦੇ ਪੰਜਾਬ ਵਿਚ ਹੋਣ ਅਤੇ ਚਾਹੇ ਪਾਕਿਸਤਾਨ ਦੇ ਪੰਜਾਬ ਵਿਚ, ਕਦੇ ਆਪਣੀ ਜ਼ੁਬਾਨ ’ਤੇ ਮਾਣ ਨਹੀਂ ਰਿਹਾ। ਹੁਣ ਫ਼ਿਲਮਾਂ ਅਤੇ ਪੰਜਾਬੀ ਮਿਊਜ਼ਿਕ ਕਰਕੇ ਭਾਰਤ ਦੇ ਪੰਜਾਬ ਵਿਚ ਮਾਹੌਲ ਬਦਲ ਗਿਆ ਹੈ, ਪਰ ਪਾਕਿਸਤਾਨ ਦੇ ਸ਼ਹਿਰਾਂ ਵਿਚ ਅਜੇ ਵੀ ਹਾਲਤ ਪਹਿਲਾਂ ਵਾਲੀ ਹੀ ਹੈ। ਪੰਜਾਬ ਦੇ ਸ਼ਹਿਰੀ ਲੋਕਾਂ ਨੂੰ ਆਪਣੀ ਜ਼ੁਬਾਨ ਨੂੰ ਲੈ ਕੇ ਹੀਣ-ਭਾਵਨਾ ਹੁੰਦੀ ਹੈ। ਉਹ ਜ਼ਰਾ ਪੜ੍ਹੇ ਲਿਖੇ ਲੱਗਣ ਲਈ ਹਿੰਦੀ ਜਾਂ ਉਰਦੂ ਬੋਲਦੇ ਸਨ। ਜਾਂ ਕਈਆਂ ਨੂੰ ਲੱਗਦਾ ਹੈ ਕਿ ਸ਼ਾਇਦ ਅੰਗਰੇਜ਼ੀ ਹੀ ਉਨ੍ਹਾਂ ਦੀ ਪਹਿਲੀ ਜ਼ੁਬਾਨ ਹੈ। ਇਸ ਤਰ੍ਹਾਂ ਦੇ ਭਰਮ ਭੁਲੇਖਿਆ ਵਿਚ ਲੱਖਾਂ ਪੰਜਾਬੀਆਂ ਨੇ ਕਈ ਦਹਾਕੇ ਖ਼ਰਾਬ ਕੀਤੇ ਹਨ। ਇਨ੍ਹਾਂ ਦਹਾਕਿਆਂ ਦੌਰਾਨ ਪੰਜਾਬੀ ਨੂੰ ਸੰਭਾਲਣ ਦਾ ਜ਼ਿੰਮਾ ਸਿਰਫ਼ ਪਿੰਡਾਂ ਦੇ ਲੋਕਾਂ ਸਿਰ ਆ ਗਿਆ। ਇਹ ਗੱਲ ਵੀ ਸਿਰਫ਼ ਭਾਰਤੀ ਪੰਜਾਬ ਦੇ ਪਿੰਡਾਂ ਬਾਰੇ ਹੀ ਸੱਚ ਹੈ। ਪਾਕਿਸਤਾਨ ਦੇ ਪਿੰਡ ਤਾਂ ਹੁਣ ਤਕ ਵੀ ਬਾਹਰ ਦੀ ਦੁਨੀਆਂ ਤੋਂ ਬੇਖ਼ਬਰ ਲੱਗਦੇ ਹਨ। ਪੰਜਾਬ ਵਿਚ ਪੰਜਾਬੀ ਨੂੰ ਸਰਕਾਰੀ ਮਾਨਤਾ ਮਿਲੀ। ਸਕੂਲਾਂ ਵਿਚ ਪੜ੍ਹਾਈ ਜਾਣ ਲੱਗੀ। ਵੱਡੇ ਵੱਡੇ ਅਦਾਰੇ ਬਣੇ। ਅਖ਼ਬਾਰਾਂ ਅਤੇ ਹੋਰ ਮੀਡੀਆ ਵਿਕਸਤ ਹੋਣ ਲੱਗਾ। ਇਨ੍ਹਾਂ ਸਭ ਅਦਾਰਿਆਂ ਵਿਚ ਵੀ ਪੰਜਾਬੀ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਪਿੰਡਾਂ ਵਿਚੋਂ ਆਏ। ਇਹੀ ਲੋਕ ਫੇਰ ਪੱਛਮੀ ਮੁਲਕਾਂ ਵਿਚ ਚਲੇ ਗਏ। ਪੱਛਮੀ ਮੁਲਕਾਂ ਵਿਚ ਪੰਜਾਬੀਆਂ ਦੀ ਤਰੱਕੀ ਦਾ ਅਸਰ ਫੇਰ ਪਿੱਛੇ ਪੰਜਾਬ ’ਤੇ ਵੀ ਪਿਆ। ਪੱਛਮੀ ਮੁਲਕਾਂ ਵਿਚ ਪੰਜਾਬੀਆਂ ਨੇ ਬਿਜ਼ਨਸ, ਰਾਜਨੀਤੀ ਅਤੇ ਹੋਰ ਖੇਤਰਾਂ ਵਿਚ ਆਪਣੀ ਥਾਂ ਬਣਾਈ। ਇਹ ਸਾਰੀਆਂ ਗੱਲਾਂ ਮਿਲਕੇ ਹੀ ਇਕ ਨਵੀਂ ਤਰ੍ਹਾਂ ਦੀ ਪੰਜਾਬੀ ਪਛਾਣ ਉੱਭਰਨੀ ਸ਼ੁਰੂ ਹੋਈ। ਭਾਰਤ ਵਿਚ ਵੀ ਪੰਜਾਬੀ ਮਿਊਜ਼ਿਕ ਤੇ ਬੌਲੀਵੁੱਡ ਕਾਰਨ ਪੰਜਾਬੀ ਦਾ ਅਕਸ ਬਦਲਿਆ। ਭਾਰਤ ਵਿਚ ਪੰਜਾਬੀ ਟਰੱਕ ਡਰਾਈਵਰਾਂ ਦੀ ਇਕ ਖਰ੍ਹਵੀ ਬੋਲੀ ਤੋਂ ਇਕ ਮੌਡਰਨ ਭਾਸ਼ਾ ਦੇ ਰੂਪ ਵਿਚ ਸਾਡੇ ਦੇਖਦਿਆਂ ਦੇਖਦਿਆਂ ਹੀ ਬਦਲ ਗਈ ਹੈ। ਇਸ ਸਭ ਕਾਸੇ ਦੇ ਪਿੱਛੇ ਜੇ ਕਿਸੇ ਇਕ ਵਰਗ ਨੂੰ ਪਛਾਨਣਾ ਹੋਵੇ ਤਾਂ ਉਹ ਭਾਰਤੀ ਪੰਜਾਬ ਦੇ ਪਿੰਡਾਂ ਦੇ ਲੋਕ ਹਨ। ਪਾਕਿਸਤਾਨ ਦੇ ਸ਼ਹਿਰਾਂ ਨੇ ਪੰਜਾਬੀ ਨੂੰ ਤਿਆਗਿਆ ਹੋਇਆ ਹੈ ਅਤੇ ਪਿੰਡਾਂ ਵਾਲਿਆਂ ਕੋਲ ਕੁਝ ਕਰ ਸਕਣ ਦੀ ਸਮਰੱਥਾ ਨਹੀਂ, ਭਾਵੇਂ ਉਨ੍ਹਾਂ ਦੀ ਗਿਣਤੀ ਭਾਰਤੀ ਪੰਜਾਬ ਨਾਲੋਂ ਤਿੰਨ ਗੁਣੀ ਹੈ। ਭਾਰਤ ਵਿਚ ਪੰਜਾਬੀਆਂ ਦੀ ਆਬਾਦੀ 2-3 ਫੀਸਦੀ ਹੈ, ਪਰ ਭਾਰਤ ਦੇ ਕਲਚਰਲ ਸੰਸਾਰ ਵਿਚ ਪੰਜਾਬ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਸਭ ਤੋਂ ਵੱਡਾ ਸੂਬਾ ਹੋਵੇ। ਮੁਲਕ ਦੇ ਹਰ ਖੇਤਰ ਵਿਚ ਪੰਜਾਬੀਆਂ ਨੂੰ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ਵਿਚ ਕਿਤੇ ਵੱਧ ਨੁਮਾਇੰਦਗੀ ਮਿਲੀ ਹੈ। ਕਈ ਵਾਰ ਮੈਂ ਜਦੋਂ ਕਿਸੇ ਪਾਕਿਸਤਾਨੀ ਦੋਸਤ ਨੂੰ ਇੱਥੇ ਦੱਸਦਾ ਹਾਂ ਕਿ ਅਸੀਂ ਭਾਰਤ ਵਿਚ ਸਿਰਫ਼ 2-3 ਪ੍ਰਤੀਸ਼ਤ ਹਾਂ ਤਾਂ ਉਹ ਹੈਰਾਨ ਹੁੰਦੇ ਹਨ। ਕਈ ਵਾਰ ਉਨ੍ਹਾਂ ਨੂੰ ਸੱਚ ਨਹੀਂ ਆਉਂਦਾ। ਕਈ ਵਾਰ ਇਸ ਪੱਖ ਤੋਂ ਮੈਨੂੰ ਭਾਰਤੀ ਲੋਕਤੰਤਰ ਦੀ ਤਾਕਤ ਦਾ ਅਹਿਸਾਸ ਵੀ ਹੁੰਦਾ ਹੈ।
ਅੱਜ ਮੈਂ ਆਪਣੀ ਜ਼ਿੰਦਗੀ ’ਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਗੁਜ਼ਾਰਾ ਪੰਜਾਬੀ ਦੇ ਸਿਰ ’ਤੇ ਹੀ ਚੱਲਿਆ ਹੈ। ਇਹ ਜ਼ੁਬਾਨ ਮੇਰੇ ਵਰਗੇ ਲੱਖਾਂ ਲੋਕਾਂ ਨੂੰ ਪਾਲ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੇਰੇ ਵਾਂਗ ਪੰਜਾਬੀ ਦੇ ਸਿਰ ’ਤੇ ਜਿਊਣ ਵਾਲੇ ਦੁਨੀਆਂ ਦੇ ਕਿੰਨੇ ਹੀ ਮੁਲਕਾਂ ਵਿਚ ਹੋਣਗੇ, ਪਰ ਇਹ ਸਾਰਾ ਕੁੱਝ ਤਦ ਹੀ ਸੰਭਵ ਹੋਇਆ, ਜੇ ਭਾਰਤੀ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਇਸ ਜ਼ੁਬਾਨ ਨੂੰ ਪਿੱਠ ਨਹੀਂ ਦਿਖਾਈ। ਕਈ ਵਾਰ ਮੈਂ ਸੋਚਦਾਂ ਹਾਂ ਕਿ ਪੰਜਾਬ ਦੇ ਪਿੰਡਾਂ ਵਾਲੇ ਕੁੱਝ ਨਾ ਕਰ ਸਕਦੇ ਜੇ ਪੰਜਾਬ ਵਿਚ ਇਸ ਨੂੰ ਸਰਕਾਰੀ ਭਾਸ਼ਾ ਦੇ ਤੌਰ ’ਤੇ ਮਾਨਤਾ ਨਾ ਮਿਲਦੀ। ਇਸ ਗੱਲ ਦੇ ਮਹੱਤਵ ਨੂੰ ਵੀ ਸਾਨੂੰ ਸਮਝਣਾ ਚਾਹੀਦਾ ਹੈ। ਪੰਜਾਬ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦੇ ਤੌਰ ’ਤੇ ਮਾਨਤਾ ਮਿਲਣ ਦਾ ਬਹੁਤ ਵੱਡਾ ਫਰਕ ਪਿਆ ਹੈ। ਪਰ ਜਿਸ ਸਮਾਜਿਕ ਵਰਗ ਨੇ ਪੰਜਾਬੀ ਨੂੰ ਅੱਜ ਇਕ ਗਲੋਬਲ ਪਛਾਣ ਦੁਆਈ ਹੈ, ਉਹ ਮੁੱਖ ਤੌਰ ’ਤੇ ਪੰਜਾਬ ਦੇ ਪਿੰਡਾਂ ਦੇ ਲੋਕ ਹਨ। ਹੁਣ ਹਰ ਤਰ੍ਹਾਂ ਦੇ ਲੋਕ ਆ ਜਾਣਗੇ, ਕਿਉਂਕਿ ਹੁਣ ਪੰਜਾਬੀ ਨਾਲ ਇਕ ਮਾਣ-ਸਨਮਾਨ ਵੀ ਜੁੜ ਗਿਆ ਹੈ। ਪਰ ਇਹ ਹਾਲਤ ਦੋ ਜਾਂ ਤਿੰਨ ਦਹਾਕੇ ਪਹਿਲਾਂ ਸੱਚ ਨਹੀਂ ਸੀ।
ਇਸ ਕਰਕੇ ਜਦੋਂ ਮੈਂ ਕੈਨੇਡਾ ਵਿਚ ਬਰੈਂਪਟਨ ਜਾਂ ਸਰ੍ਹੀ ਵਰਗੇ ਪੰਜਾਬੀਆਂ ਦੁਆਰਾ ਬਣਾਏ ਨਵੇਂ ਕੈਨੇਡੀਅਨ ਪਿੰਡ ਦੇਖਦਾ ਹਾਂ ਤਾਂ ਮੇਰੇ ਮਨ ਵਿਚ ਇਸ ਨੂੰ ਦੇਖਕੇ ਨਿਰੇ ਗਿਲੇ-ਸ਼ਿਕਵੇ ਪੈਦਾ ਨਹੀਂ ਹੁੰਦੇ, ਜਿਵੇਂ ਹੋਰ ਬਹੁਤ ਸਾਰੇ ਲੋਕਾਂ ਵਿਚ ਹੁੰਦੇ ਹਨ। ਸਾਡੇ ਦੇਸੀ ਲੋਕਾਂ ਦੀਆਂ ਹਜ਼ਾਰ ਬੁਰੀਆਂ ਆਦਤਾਂ ਹੋਣਗੀਆਂ, ਪਰ ਪੰਜਾਬੀ ਜ਼ੁਬਾਨ ਨੂੰ ਜੇ ਅੱਜ ਕੋਈ ਮਾਨਤਾ ਦੁਨੀਆਂ ਵਿਚ ਮਿਲੀ ਹੈ, ਮੈਨੂੰ ਲੱਗਦਾ ਹੈ ਕਿ ਇਨ੍ਹਾਂ ਅਨਪੜ੍ਹਾਂ ਕਰਕੇ ਹੀ ਮਿਲੀ ਹੈ। ਸਾਡੇ ਸ਼ਹਿਰਾਂ ਦੇ ਪੜ੍ਹੇ-ਲਿਖੇ ਲੋਕਾਂ ਨੂੰ ਤਾਂ ਸ਼ਾਇਦ ਅਜੇ ਵੀ ਆਪਣੀ ਜ਼ੁਬਾਨ ਤੋਂ ਸ਼ਰਮ ਆਉਂਦੀ ਹੋਵੇਗੀ।