ਭਾਈਚਾਰਕ ਸਾਂਝ ਦਾ ਹੋਕਾ ਦੇਣ ਵਾਲਾ ਤਾਰਿਕ ਫਤਹਿ : The Tribune India

ਭਾਈਚਾਰਕ ਸਾਂਝ ਦਾ ਹੋਕਾ ਦੇਣ ਵਾਲਾ ਤਾਰਿਕ ਫਤਹਿ

ਭਾਈਚਾਰਕ ਸਾਂਝ ਦਾ ਹੋਕਾ ਦੇਣ ਵਾਲਾ ਤਾਰਿਕ ਫਤਹਿ

ਹਰਚਰਨ ਸਿੰਘ ਪ੍ਰਹਾਰ

ਵੀਹ ਨਵੰਬਰ, 1949 ਨੂੰ ਕਰਾਚੀ (ਪਾਕਿਸਤਾਨ) ਵਿੱਚ ਪੈਦਾ ਹੋਏ ਪਾਕਿਸਤਾਨੀ-ਕੈਨੇਡੀਅਨ ਪੱਤਰਕਾਰ ਤੇ ਲੇਖਕ ਤਾਰਿਕ ਫਤਹਿ ਦਾ 73 ਸਾਲ ਦੀ ਉਮਰ ਵਿੱਚ 24 ਅਪਰੈਲ, 2023 ਨੂੰ ਟੋਰਾਂਟੋ ਵਿੱਚ ਦੇਹਾਂਤ ਹੋ ਗਿਆ। ਜ਼ਿੰਦਾ-ਦਿਲ ਤੇ ਹਸਮੁੱਖ ਸੁਭਾਅ ਦੇ ਮਾਲਕ ਤਾਰਿਕ ਫਤਹਿ ਇੱਕ ਨਿਡਰ ਤੇ ਨਿਧੜਕ ਲੇਖਕ, ਪੱਤਰਕਾਰ, ਰੇਡੀਓ, ਟੀਵੀ ਵਕਤਾ ਤੇ ਰਾਜਸੀ ਕਾਰਕੁੰਨ ਸਨ।

ਤਾਰਿਕ ਫਤਹਿ ਦੇ ਪੰਜਾਬੀ ਪਿਛੋਕੜ ਵਾਲੇ ਮਾਪੇ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਅਕਤੂਬਰ, 1947 ਵਿੱਚ ਮੁੰਬਈ ਤੋਂ ਕਰਾਚੀ ਚਲੇ ਗਏ ਸਨ। ਕਾਲਜ ਦੇ ਦਿਨਾਂ ਵਿੱਚ ਉਸ ਦਾ ਰੁਝਾਨ ਖੱਬੇਪੱਖੀ ਵਿਦਿਆਰਥੀ ਰਾਜਨੀਤੀ ਵੱਲ ਸੀ। ਕਰਾਚੀ ਯੂਨੀਵਰਸਿਟੀ ਤੋਂ ‘ਬਾਇਓ ਕਮਿਸਟਰੀ’ ਵਿੱਚ ਡਿਗਰੀ ਪ੍ਰਾਪਤ ਕਰਨ ਬਾਅਦ ਤਾਰਿਕ ਫਤਹਿ ਨੇ 1970 ਵਿੱਚ ‘ਕਰਾਚੀ ਸੰਨ’ ਅਖ਼ਬਾਰ ਵਿੱਚ ਖੋਜੀ ਪੱਤਰਕਾਰੀ ਸ਼ੁਰੂ ਕੀਤੀ। ਜਿਸ ਦੌਰਾਨ ਪਾਕਿਸਤਾਨ ਦੀ ਫੌਜੀ ਹਕੂਮਤ ਨੇ ਉਸ ਨੂੰ ਦੋ ਵਾਰ ਜੇਲ੍ਹ ਵਿੱਚ ਨਜ਼ਰਬੰਦ ਵੀ ਕੀਤਾ। ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਜਨਰਲ ਜ਼ਿਆ ਉਲ ਹੱਕ ਦੇ ਰਾਜ ਵਿੱਚ ਉਸ ’ਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਉਹ ਖ਼ਤਰਾ ਮਹਿਸੂਸ ਕਰਦੇ ਹੋਏ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਕੇ 1979 ਵਿੱਚ ‘ਸਾਉਦੀ ਅਰਬ’ ਚਲੇ ਗਏ। ਜਿੱਥੋਂ ਉਹ ਆਪਣੀ ਪਤਨੀ ਤੇ ਦੋ ਬੇਟੀਆਂ ਨਾਲ 1987 ਵਿੱਚ ਕੈਨੇਡਾ ਆ ਵੱਸੇ। ਉਹ ਹਮੇਸ਼ਾਂ ਆਪਣੇ ਆਪ ਨੂੰ ਪਾਕਿਸਤਾਨੀ ਹੋਣ ਨਾਲੋਂ ਭਾਰਤੀ ਹੋਣ ਵਿੱਚ ਵੱਧ ਮਾਣ ਮਹਿਸੂਸ ਕਰਦੇ ਸਨ, ਇਸੇ ਕਰਕੇ ਉਹ ਅਕਸਰ ਕਹਿੰਦਾ ਸੀ: ‘ਮੈਂ ਪਾਕਿਸਤਾਨ ਵਿੱਚ ਜੰਮਿਆ ਭਾਰਤੀ ਅਤੇ ਇਸਲਾਮ ਵਿੱਚ ਜੰਮਿਆ ਪੰਜਾਬੀ ਹਾਂ।’

ਕੈਨੇਡਾ ਦੀ ਰਾਜਨੀਤੀ ਵਿੱਚ ਉਹ ਲੰਬਾ ਸਮਾਂ ਐੱਨਡੀਪੀ ਦਾ ਸਰਗਰਮ ਵਰਕਰ ਰਿਹਾ। ਕੁਝ ਸਮੇਂ ਲਈ ਉਹ ਐੱਨਡੀਪੀ ਛੱਡ ਕੇ ਲਿਬਰਲ ਪਾਰਟੀ ਵਿੱਚ ਵੀ ਚਲਾ ਗਿਆ ਸੀ, ਪਰ ਆਪਣੇ ਆਜ਼ਾਦ ਤੇ ਸਪੱਸ਼ਟ ਵਿਚਾਰਾਂ ਕਾਰਨ ਰਵਾਇਤੀ ਰਾਜਨੀਤਕ ਪਾਰਟੀਆਂ ਵਿੱਚ ਕਦੇ ਫਿੱਟ ਨਹੀਂ ਆਇਆ। ਉਹ ਲੰਬਾ ਸਮਾਂ ‘ਟੋਰਾਂਟੋ ਸਟਾਰ’, ‘ਗਲੋਬ ਐਂਡ ਮੇਲ’ ਅਤੇ ਹੋਰ ਕਈ ਨਾਮਵਰ ਅਖ਼ਬਾਰਾਂ ਲਈ ਕਾਲਮ ਲਿਖਦਾ ਰਿਹਾ। ਤਾਰਿਕ ਫਤਹਿ ਦੀਆਂ ਦੋ ਕਿਤਾਬਾਂ ‘ਮ੍ਰਿਗਤ੍ਰਿਸ਼ਨਾ ਦਾ ਪਿੱਛਾ’ (Chasing a Mirage) ਅਤੇ ‘ਯਹੂਦੀ ਮੇਰਾ ਦੁਸ਼ਮਣ ਨਹੀਂ’ (The Jew Is Not My Enemy) ਜਗਤ ਪ੍ਰਸਿੱਧ ਹਨ। ਉਹ ਧਾਰਮਿਕ ਕੱਟੜਵਾਦ ਤੇ ਅਤਿਵਾਦ ਦੇ ਸਖ਼ਤ ਖਿਲਾਫ਼ ਸੀ। ਆਪਣੀਆਂ ਅਜਿਹੀਆਂ ਲਿਖਤਾਂ ਕਾਰਨ ਉਹ ਅਕਸਰ ਨਾ ਸਿਰਫ਼ ਇਸਲਾਮਿਕ ਕੱਟੜਪੰਥੀਆਂ, ਸਗੋਂ ਸਿੱਖ ਕੱਟੜਪੰਥੀਆਂ ਦੀ ਨਫ਼ਰਤ ਦਾ ਵੀ ਸ਼ਿਕਾਰ ਰਹਿੰਦਾ ਸੀ। 2017 ਵਿੱਚ ਪੁਲੀਸ ਨੇ ਜੁਰਮ ਦੀ ਦੁਨੀਆ ਦੇ ਬਾਦਸ਼ਾਹ ਛੋਟਾ ਸ਼ਕੀਲ ਦੇ ਦੋ ਗੈਂਗਸਟਰਾਂ ਨੂੰ ਤਾਰਿਕ ਫਤਹਿ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਸਿੱਖ ਧਰਮ ਪ੍ਰਤੀ ਉਸ ਦੇ ਮਨ ਵਿੱਚ ਵਿਸ਼ੇਸ਼ ਸਤਿਕਾਰ ਸੀ। ਉਹ ਆਪਣੇ ਆਪ ਨੂੰ ਤਾਰਿਕ ਫਤਹਿ ਸਿੰਘ ਕਹਾ ਕੇ ਖੁਸ਼ ਹੁੰਦਾ ਸੀ। ਉਹ ਆਪਣੀ ਕਿਤਾਬ ‘ਚੇਜ਼ਿੰਗ ਏ ਮੀਰਾਜ’ ਵਿੱਚ ਲਿਖਦਾ ਹੈ ਕਿ ਮੈਂ ਇਹ ਇੱਕ ਮੁਸਲਮਾਨ ਹੋਣ ਦੇ ਨਾਤੇ ਲਿਖ ਰਿਹਾ ਹਾਂ, ਜਿਸ ਦੇ ਪੁਰਖੇ ਕਦੇ ਹਿੰਦੂ ਸਨ, ਮੇਰੇ ਇਸਲਾਮ ਦੀਆਂ ਜੜਾਂ ਯਹੂਦੀ ਧਰਮ ਵਿੱਚ ਪਈਆਂ ਹਨ। ਮੇਰੇ ਪੰਜਾਬੀ ਪਿਛੋਕੜ ਕਰਕੇ ਮੇਰਾ ਸਬੰਧ ਸੱਭਿਆਚਾਰਕ ਤੌਰ ’ਤੇ ਸਿੱਖਾਂ ਨਾਲ ਜੁੜਿਆ ਹੋਇਆ ਹੈ।’’ ਉਹ ਮੁਸਲਮਾਨਾਂ ਨੂੰ ਕਹਿੰਦਾ ਸੀ ਕਿ ਆਪਣੇ ਇਸ ਪੁਰਾਤਨ ਵਿਰਸੇ ਨੂੰ ਛੱਡ ਕੇ ਅਸੀਂ ਕਦੇ ਸੱਚੇ ਮੁਸਲਮਾਨ ਨਹੀਂ ਬਣ ਸਕਦੇ। ਉਸ ਨੂੰ ਪਾਕਿਸਤਾਨ ਦੇ ਅਜੋਕੇ ਮੁਸਲਮਾਨ ਭਰਾਵਾਂ ਨਾਲ ਹਮੇਸ਼ਾਂ ਇਸ ਗੱਲ ਦਾ ਇਤਰਾਜ਼ ਰਿਹਾ ਕਿ ਉਹ ਆਪਣੇ ਪ੍ਰਾਚੀਨ ਭਾਰਤੀ ਸੰਸਕ੍ਰਿਤਕ ਵਿਰਸੇ ਨੂੰ ਪਿੱਠ ਦੇ ਕੇ ਆਪਣਾ ਨਾਤਾ ਅਰਬ ਨਾਲ ਕਿਉਂ ਜੋੜਦੇ ਹਨ? ਪਾਕਿਸਤਾਨ ਦੇ ਮੁਸਲਮਾਨਾਂ ਵਾਂਗ ਸ਼ਾਇਦ ਅਜਿਹੀ ਹੀ ਕਿਸੇ ਮੰਦਭਾਗੀ ਦੁਬਿਧਾ ਨੇ ਸਾਡੇ ਕੁਝ ਸਿੱਖ ਭਰਾਵਾਂ ਨੂੰ ਵਿਚਾਰਧਾਰਕ ਧੁੰਦੂਕਾਰੇ ਵਿੱਚ ਲਪੇਟਿਆ ਹੋਇਆ ਹੈ। ਜੋ ਆਪਣੀ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਅਤੇ ਪੰਜਾਬੀ ਕੌਮ ਤੋਂ ਨਾਤਾ ਤੋੜ ਕੇ ਵੱਖਰੀ ਸਿੱਖ ਕੌਮ ਦੀ ਪਹਿਚਾਣ ਸਥਾਪਿਤ ਕਰਨ ਦੇ ਵਿਰੋਧਾਭਾਸ ਵਿੱਚ ਫਸੇ ਹੋਏ ਹਨ। ਹੈਰਾਨੀ ਨਹੀਂ ਹੈ ਕਿ ਅਜਿਹੇ ਲੋਕਾਂ ਦੀ ਇਸ ਬਿਰਤੀ ਨੇ ਦੁਨੀਆ ਭਰ ਵਿੱਚ ਵਸਦੇ ਵਿਸ਼ਾਲ ਸਿੱਖ ਭਾਈਚਾਰੇ ਨੂੰ ਬਿਨਾਂ ਕਾਰਨ ਬੇਲੋੜੀ ਘੁੰਮਣਘੇਰੀ ਵਿੱਚ ਪਾਇਆ ਹੋਇਆ ਹੈ। ਜਿਸ ਕਾਰਨ ਸਿੱਖ ਪੰਥ ਪਿਛਲੇ 100 ਸਾਲ ਤੋਂ ਆਪਣੀ ਪਛਾਣ ਦੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

ਸਿੱਖ ਧਰਮ ਪ੍ਰਤੀ ਆਪਣੇ ਲਗਾਅ ਦਾ ਪ੍ਰਗਟਾਵਾ ਉਹ ਆਪਣੀ ਕਿਤਾਬ ‘ਚੇਜ਼ਿੰਗ ਏ ਮੀਰਾਜ’ ਦੇ ਮੁੱਖਬੰਦ ਦੀਆਂ ਆਖਰੀ ਲਾਈਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਮਾਝ ਦੀ ਵਾਰ ਦੇ ਮੁਸਲਮਾਨਾਂ ਨੂੰ ਸੰਬੋਧਨ ਇੱਕ ਸਲੋਕ ਨਾਲ ਕਰਦਾ ਹੈ। ਉਹ ਆਪਣੇ ਵੱਲੋਂ ਮੁਸਲਮਾਨ ਭਰਾਵਾਂ ਨੂੰ ਸੁਨੇਹਾ ਦਿੰਦਾ ਹੈ ਕਿ ਸਾਨੂੰ ਆਪਣੀ ਸੋਚ ਨੂੰ ਵਿਸ਼ਾਲ ਕਰਨ ਦੀ ਲੋੜ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਮੁਸਲਮਾਨਾਂ ਨੂੰ ਦਿੱਤੇ ਸੰਦੇਸ਼ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਜਿਸ ਵਿੱਚ ਉਹ ਮੁਸਲਮਾਨ ਦੋਸਤਾਂ ਨੂੰ ਸਲਾਹ ਦਿੰਦੇ ਹਨ ਕਿ ਜੇ ਮੁਸਲਮਾਨ ਬਣਨਾ ਹੈ ਤਾਂ ਇਸ ਤਰ੍ਹਾਂ ਦੇ ਸੱਚੇ ਮੁਸਲਮਾਨ ਬਣੋ:

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥

ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥

ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੇ ਲਾਜ॥

ਜਿਸ ਤਰ੍ਹਾਂ ਦੁਨੀਆ ਭਰ ਦੇ ਸਿੱਖ ਰੋਜ਼ਾਨਾ ‘ਰਾਜ ਕਰੇਗਾ ਖਾਲਸਾ’ ਦਾ ਦੋਹਰਾ ਪੜ੍ਹਦੇ ਹਨ, ਪਰ ਇਸ ਦਾ ਕੀ ਭਾਵ ਹੈ, ਉਸ ਨੂੰ ਕੋਈ ਨਹੀਂ ਵਿਚਾਰਦਾ? ਇਸ ਨੂੰ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ? ਜਦੋਂ ਕੋਈ ਕੈਨੇਡਾ, ਅਮਰੀਕਾ ਜਾਂ ਪੱਛਮੀ ਦੇਸ਼ਾਂ ਵਿੱਚ ਇਹ ਦੋਹਰਾ ਪੜ੍ਹਦਾ ਹੈ ਤਾਂ ਕੀ ਉਸ ਨੇ ਉਨ੍ਹਾਂ ਦੇਸ਼ਾਂ ਵਿੱਚ ਸਿੱਖ ਹਾਕਮਾਂ ਵਾਲਾ ‘ਖਾਲਸਾ ਰਾਜ’ ਬਣਾਉਣਾ ਹੈ? ਇਸੇ ਤਰ੍ਹਾਂ ਮੁਸਲਮਾਨਾਂ ਵਿੱਚ ਵੀ ਅਜਿਹਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਸਾਰੀ ਦੁਨੀਆ ਨੂੰ ਸ਼ਰੀਅਤ ਆਧਾਰਿਤ ਇਸਲਾਮਕਿ ਸਟੇਟ ਬਣਾਉਣਾ ਹੈ? ਤਾਰਿਕ ਫਤਹਿ ‘ਚੇਜ਼ਿੰਗ ਏ ਮੀਰਾਜ’ ਵਿੱਚ ਇਹੀ ਦਲੀਲ ਦਿੰਦਾ ਹੈ ਕਿ ਮੁਸਲਮਾਨਾਂ ਨੂੰ ਇਸਲਾਮਿਕ ਸਟੇਟ ਨਹੀਂ, ਸਗੋਂ ਸਟੇਟ ਆਫ ਇਸਲਾਮ ਭਾਵ ਮੁਸਲਮਾਨਾਂ ਨੂੰ ਇਸਲਾਮ ਦੇ ਸ਼ੁਭ ਗੁਣਾਂ ਰਾਹੀਂ ਸਾਰੀ ਦੁਨੀਆ ਵਿੱਚ ਰਾਜ ਕਰਨਾ ਚਾਹੀਦਾ ਹੈ, ਨਾ ਕਿ ਮੁਸਲਮਾਨਾਂ ਨੇ ਸਾਰਿਆਂ ’ਤੇ ਪਾਕਿਸਤਾਨ, ਅਫ਼ਗਾਨਿਸਤਾਨ, ਇਰਾਨ, ਸਾਉਦੀ ਅਰਬ ਆਦਿ ਵਾਂਗ ਸ਼ਰੀਅਤ ਸਟੇਟ ਰਾਹੀਂ ਰਾਜ ਕਰਨਾ ਹੈ। ਕੁਝ ਅਜਿਹਾ ਹੀ ਵਿਚਾਰ ਸੌ ਕੁ ਸਾਲ ਪਹਿਲਾਂ ਪ੍ਰੋ. ਪੂਰਨ ਸਿੰਘ ਨੇ ਸਿੱਖਾਂ ਨੂੰ ਇਸ ਤਰ੍ਹਾਂ ਦਿੱਤਾ ਸੀ: ‘ਪੰਜਾਬ ਸਾਰਾ ਵਸਦਾ ਗੁਰਾਂ ਦੇ ਨਾਮ...’। ਜਦੋਂ ਤੁਸੀਂ ਪ੍ਰੋ. ਪੂਰਨ ਸਿੰਘ ਨੂੰ ਪੜ੍ਹੋਗੇ ਤਾਂ ਪਤਾ ਲੱਗੇਗਾ ਕਿ ਉਨ੍ਹਾਂ ਦਾ ਮਤਲਬ ਇਹ ਨਹੀਂ ਸੀ ਕਿ ਪੰਜਾਬ ਵਿੱਚ ਬਹੁਗਿਣਤੀ ਸਿੱਖਾਂ ਦਾ ਰਾਜ ਕਾਇਮ ਕਰਨਾ ਹੈ? ਸ਼ਾਇਦ ਉਹ ਵੀ ਇਹੀ ਚਾਹੁੰਦੇ ਸਨ ਕਿ ਗੁਰੂ ਸਾਹਿਬਾਨ ਦੀ ਸਰਬ-ਸਾਂਝੀਵਾਲਤਾ, ਮਨੁੱਖੀ ਬਰਾਬਰੀ, ਕਿਰਤ ਕਰਨ, ਵੰਡ ਛਕਣ ਵਾਲੀ ਵਿਚਾਰਧਾਰਾ ਦਾ ਸਾਰੇ ਪੰਜਾਬ ਵਿੱਚ ਬੋਲ-ਬਾਲਾ ਹੋਵੇ? ਉਹ ਗੁਰੂਆਂ ਦੀ ਸਾਂਝੀਵਾਲਤਾ ਵਾਲੀ ਭਾਵਨਾ ਨੂੰ ਸਾਰੇ ਪੰਜਾਬੀਆਂ ਵਿੱਚ ਵਸਦੇ ਦੇਖਣਾ ਚਾਹੁੰਦੇ ਸਨ।

ਤਾਰਿਕ ਫਤਹਿ, ਜਿੱਥੇ ਭਾਰਤ-ਪਾਕਿਸਤਾਨ ਵੰਡ ਤੋਂ ਬੇਹਦ ਦੁਖੀ ਸੀ, ਉੱਥੇ ਉਹ ਮੁਸਲਿਮ ਦੇਸ਼ਾਂ ਵਿੱਚ ਸ਼ਰੀਅਤ ਆਧਾਰਿਤ ਇਸਲਾਮਿਕ ਰਾਜ ਦੇ ਵੀ ਸਖ਼ਤ ਖਿਲਾਫ਼ ਸੀ। ਇਸੇ ਕਰਕੇ ਧਰਮਾਂ ਦੇ ਕੱਟੜਪੰਥੀ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਸਨ। ਇਸੇ ਤਰ੍ਹਾਂ ਉਹ ਸਿੱਖਾਂ ਦੇ ਇੱਕ ਹਿੱਸੇ ਵੱਲੋਂ ਧਰਮ ਆਧਾਰਿਤ ਸਿੱਖ ਸਟੇਟ ‘ਖਾਲਿਸਤਾਨ’ ਦੇ ਵੀ ਹੱਕ ਵਿੱਚ ਨਹੀਂ ਸੀ। ਉਹ ਅਕਸਰ ਸਿੱਖਾਂ ਨੂੰ ਧਰਮ ਆਧਾਰਿਤ ਮੁਸਲਿਮ ਸਟੇਟਾਂ ਦੇ ਹਵਾਲੇ ਨਾਲ ਚਿਤਾਵਨੀ ਦਿੰਦਾ ਸੀ ਕਿ ‘ਖਾਲਿਸਤਾਨ’ ਵਰਗੀ ਧਰਮ ਆਧਾਰਿਤ ਸਟੇਟ ਸਾਰੀ ਦੁਨੀਆ ਵਿੱਚ ਵਸਦੇ ਘੱਟ-ਗਿਣਤੀ ਸਿੱਖ ਭਾਈਚਾਰੇ ਦੇ ਹਿੱਤ ਵਿੱਚ ਨਹੀਂ।

‘ਯਹੂਦੀ ਮੇਰਾ ਦੁਸ਼ਮਣ ਨਹੀਂ’ ਲਿਖਣ ਦੀ ਪ੍ਰੇਰਨਾ ਦੇ ਸੋਮੇ ਬਾਰੇ ਪੁੱਛੇ ਜਾਣ ’ਤੇ ਤਾਰਿਕ ਫਤਹਿ ਦਾ ਕਹਿਣਾ ਸੀ ਕਿ ਇਹ ਪ੍ਰੇਰਨਾ ਸਾਲ 2006 ਵਿੱਚ ਉਸ ਨੂੰ ਪਾਕਿਸਤਾਨ ਵਿੱਚ ਵਤਨ ਫੇਰੀ ਸਮੇਂ ਮਿਲੀ ਸੀ। ਉਸ ਦੇ ਦੱਸਣ ਅਨੁਸਾਰ 20ਵੀਂ ਸਦੀ ਦੇ 50ਵਿਆਂ ਜਾਂ 60ਵਿਆਂ ਤੱਕ ਪਾਕਿਸਤਾਨੀ ਮੁਸਲਮਾਨਾਂ ਅੰਦਰ ਯਹੂਦੀਆਂ ਬਾਰੇ ਕੋਈ ਨਫ਼ਰਤ ਦੀ ਕਵਾਇਤ ਨਹੀਂ ਸੀ, ਪਰ 2006 ਵਿੱਚ ਜਦੋਂ ਉਸ ਨੇ ਕਰਾਚੀ ਦੇ ਦੌਰੇ ਸਮੇਂ ਚੁਫੇਰੇ ਕੰਧਾਂ ਕੌਲੇ ਯਹੂਦੀਆਂ ਪ੍ਰਤੀ ਨਫ਼ਰਤ ਦੇ ਨਾਅਰਿਆਂ ਨਾਲ ਭਰੇ ਦੇਖੇ ਤਾਂ ਹੈਰਾਨ ਰਹਿ ਗਿਆ। ਉਹਨੀਂ ਦਿਨੀਂ ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਵਿੱਚ ਬਰਡ ਫਲੂ ਫੈਲਿਆ ਹੋਇਆ ਸੀ, ਇਨ੍ਹਾਂ ਨਾਅਰਿਆਂ ਵਿੱਚ ਇਸਲਾਮੀ ਦੇਸ਼ ਇੰਡੋਨੇਸ਼ੀਆ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਯਹੂਦੀਆਂ ਦੀ ਸਾਜ਼ਿਸ਼ ਕਿਹਾ ਗਿਆ ਸੀ। ਉਸ ਦੇ ਕੁਲੀਨ ਮਿੱਤਰਾਂ ਵਿੱਚ ਵੀ ਇਜ਼ਰਾਈਲ ਖਿਲਾਫ਼ ਗੱਲਾਂ ਆਮ ਚੱਲਦੀਆਂ ਸਨ। ਇਹ ਵੇਖ ਕੇ ਉਸ ਨੂੰ ਬੇਹੱਦ ਪਰੇਸ਼ਾਨੀ ਹੋਈ ਸੀ। ਉਸ ਨੇ ਉਦੋਂ ਹੀ ਆਪਣੀ ਇਹ ਕਿਤਾਬ ਲਿਖਣ ਦਾ ਮਨ ਬਣਾ ਲਿਆ ਸੀ।

‘ਚੇਜ਼ਿੰਗ ਏ ਮਿਰਾਜ’ ਦਾ ਇੱਕ-ਇੱਕ ਪੰਨਾ ਪੜ੍ਹਨ ਵਾਲਾ ਹੈ, ਜਿਸ ਵਿੱਚ ਤਾਰਿਕ ਫਤਹਿ ਇਸਲਾਮ ਦੀਆਂ 11-12 ਸੌ ਸਾਲ ਤੋਂ ਉਸਾਰੀਆਂ ਤੰਗ ਨਜ਼ਰੀ ਦੀਆਂ ਸਾਰੀਆਂ ਝੂਠੀਆਂ ਮਿੱਥਾਂ ਨੂੰ ਬੜੇ ਸਹਿਜ ਨਾਲ ਤੋੜੀਂ ਤੁਰੇ ਜਾਂਦਾ ਹੈ। ਉਹ ਬੇਸ਼ੱਕ ਮਹਿਮੂਦ ਗਜ਼ਨਵੀ ਵਰਗਾ ਨਮਰੂਦ (ਜ਼ਾਲਮ) ਤਾਂ ਨਹੀਂ ਸੀ, ਪਰ ਬਹੁਤ ਹੀ ਨਰਮ ਦਿਲ, ਨੇਕ ਅਤੇ ਮੁਹੰਮਦ ਸਾਹਿਬ ਦਾ ਸੱਚਾ ਬੁੱਤ ਸ਼ਿਕਨ ਪੈਰੋਕਾਰ ਸੀ। ਕਿਤਾਬ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਤਾਰਿਕ ਫਤਹਿ ਨੇ ਫਰੈਡਰਿਕ ਨੀਤਸ਼ੇ ਦੇ ਜਗਤ ਪ੍ਰਸਿੱਧ ਗ੍ਰੰਥ ‘ਦਸ ਸਪੋਕ ਯਰਾਥੁਸਟਰਾ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸੇ ਕਰਕੇ ਉਸ ਦਾ ਨਾਮ ਸ਼ਾਅਦਤ ਹਸਨ ਮੰਟੋ, ਇਕਬਾਲ ਅਹਿਮਦ, ਅਮਜ਼ਦ ਅਯੂਬ ਮਿਰਜ਼ਾ, ਤਾਰਿਕ ਅਲੀ, ਇਸ਼ਤਿਆਕ ਅਹਿਮਦ, ਹੁਸੈਨ ਹਾਕਾਨੀ, ਫੈਜ਼ ਅਹਿਮਦ ਫੈਜ਼ ਅਤੇ ਫਰੂਖ ਤਾਹਿਰ ਵਰਗੇ ਅਨੇਕਾਂ ਬੁੱਤ ਸ਼ਿਕਨ ਇਸਲਾਮਿਕ ਸਕਾਲਰਾਂ ਦੀ ਲਾਈਨ ਵਿੱਚ ਕਿਸੇ ਧਰੂ ਤਾਰੇ ਵਾਂਗ ਚਮਕਦਾ ਨਜ਼ਰ ਆਉਂਦਾ ਹੈ। ਹੈਰਾਨੀ ਨਹੀਂ ਕਿ ਇਸ਼ਤਿਆਕ ਅਹਿਮਦ ਤੇ ਹੁਸੈਨ ਹਕਾਨੀ ਵਰਗੇ ਵਿਦਵਾਨ ਉਸ ਦੇ ਵੱਡੇ ਸ਼ੁੱਭ ਚਿੰਤਕਾਂ ਵਿੱਚੋਂ ਸਨ। ਇਸੇ ਕਰਕੇ ਡਾ. ਇਸ਼ਤਿਆਕ ਅਹਿਮਦ, ਡਾ. ਹੁਸੈਨ ਹਕਾਨੀ ਵਰਗੇ ਕਈ ਵੱਡੇ ਵਿਦਵਾਨਾਂ ਨੇ ਵਿਸ਼ਵ ਵਿਆਪੀ ਮੁਸਲਿਮ ਭਾਈਚਾਰੇ ਦੇ ਹਿੱਤਾਂ ਹੱਕਾਂ ਦੀ ਰਾਖੀ ਲਈ ਲਾਜ਼ਮੀ ਇਸਲਾਮਿਕ ਸਟੇਟ ਦੀ ਜ਼ਰੂਰਤ ਦੇ ਸਿਧਾਂਤ ਜਾਂ ਮਿੱਥ ਦੇ ਖੋਖਲੇਪਨ ਨੂੰ ਉਜਾਗਰ ਕਰਨ ਲਈ ਇਸ ਕਿਤਾਬ ਦੇ ਸ਼ੁਰੂ ਵਿੱਚ ਉਚੇਚੀ ਪ੍ਰਸ਼ੰਸਾ ਕੀਤੀ ਹੋਈ ਹੈ।

ਜਗਤ ਪ੍ਰਸਿੱਧ ਬੁੱਤ ਸ਼ਿਕਨ ਨਾਟਕਕਾਰ ਜੌਰਜ ਬਰਨਾਰਡ ਸ਼ਾਹ ਨੇ ਰੂਸੀ ਇਨਕਲਾਬੀ ਲਿਊਨ ਟਰੌਸਟਕੀ ਦੀ ਕਿਤਾਬ ‘ਮਾਈ ਲਾਈਫ’ (My Life: An Attempt at an Autobiography) ਪੜ੍ਹ ਕੇ ਟਿੱਪਣੀ ਕੀਤੀ ਸੀ: ‘ਟਰੌਸਟਕੀ ਆਪਣੀ ਕਲਮ ਦੀ ਨੋਕ ਨਾਲ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਸਿਰ ਤੋਂ ਖੋਪੜ ਉਡਾ ਕੇ ਦਿਖਾ ਦਿੰਦਾ ਹੈ ਕਿ ਇਸ ਦਿਮਾਗ਼ ਵਿੱਚ ਵਿਦਵਤਾ ਦੀ ਥਾਂ ਭੂਸਾ ਭਰਿਆ ਹੋਇਆ ਹੈ।’ ਅਜਿਹਾ ਪਵਿੱਤਰ ਕਾਰਜ ‘ਚੇਜ਼ਿੰਗ ਏ ਮੀਰਾਜ’ ਵਿੱਚ ਤਾਰਿਕ ਫਤਹਿ ਨੇ ਮੌਲਾਨਾ ਮਦੂਦੀ ਅਤੇ ਸਈਅਦ ਕੁਤਬ ਵਰਗੇ ਵੱਡੇ-ਵੱਡੇ ਇਸਲਾਮਿਕ ਚਿੰਤਕਾਂ ਦੀ ਵਿਚਾਰਧਾਰਾ ਦਾ ਨੰਗ ਦਰਸਾ ਕੇ ਬੜੇ ਦਲੀਲ ਪੂਰਵਕ ਢੰਗ ਨਾਲ ਕੀਤਾ ਹੋਇਆ ਹੈ।

ਪੁਸਤਕ ‘ਚੇਜ਼ਿੰਗ ਏ ਮਿਰਾਜ’ ਦੇ ‘ਸ਼ਰੀਆ ਗੌਡਜ਼ ਲਾਅ ਔਰ ਮੈਨਜ਼ ਫਲਾਅ?’ (Sharia—God’s Law or Man’s Flaw?) ਸਿਰਲੇਖ ਹੇਠਲੇ ਗਿਆਰਵੇਂ ਅਤੇ ‘ਜਿਹਾਦ’ (Jihad) ਹੇਠਲੇ 12ਵੇਂ ਚੈਪਟਰ ਵਿਸ਼ੇਸ਼ ਤੌਰ ’ਤੇ ਪੜ੍ਹਨਯੋਗ ਹਨ। ਤਾਰਿਕ ਫਤਹਿ ਦੱਸਦੇ ਹਨ ਕਿ ਸ਼ਰੀਅਤ ਦਾ ਸੋਮਾ ‘ਰੂਹਾਨੀ ਫੁਰਮਾਨ’ ਨਹੀਂ ਬਲਕਿ ‘ਇਨਸਾਨੀ’ ਹੈ। ਇਹ ਇਨਸਾਨ ਦੁਆਰਾ ਮੁਹੰਮਦ ਸਾਹਿਬ ਤੋਂ 2-3 ਸੌ ਸਾਲ ਬਾਅਦ ਬਣਾਈ ਗਈ ਹੈ। ਇਸਲਾਮ ਦੀ ਸ਼ਰੀਅਤ ਦੇ ਨਿਯਮ ਵੱਖ-ਵੱਖ ਇਸਲਾਮਿਕ ਸਕਾਲਰਾਂ (ਇਮਾਮ ਹਬੂ ਖਲੀਫਾ, ਇਮਾਮ ਜ਼ਾਫਿਰ ਸਾਦਿਕ, ਇਮਾਮ ਸ਼ਫੀ, ਇਮਾਮ ਮਲਿਕ, ਇਮਾਮ ਹੰਭਾਲ ਆਦਿ) ਦੀ ਕੁਰਾਨਿਕ ਵਿਆਖਿਆ ਆਧਾਰਿਤ ਹਨ। ਇਸਲਾਮਿਕ ਇਤਿਹਾਸ ਦੀ ਵਿਡੰਬਨਾ ਦੇਖੋ ਕਿ ਇਸਲਾਮਿਕ ਸ਼ਰੀਅਤ ਦੇ ਸਕਾਲਰ ਨਿਰਮਾਤਾਵਾਂ ਨੂੰ ਸ਼ਰੀਅਤ ਆਧਾਰਿਤ ਇਸਲਾਮਿਕ ਹਕੂਮਤਾਂ ਨੇ ਇਮਾਮ ਹਬੂ ਹਨੀਫਾ ਨੂੰ ਜੇਲ੍ਹ ਵਿੱਚ ਜ਼ਹਿਰ ਦੇ ਕੇ ਮਾਰਿਆ, ਇਮਾਮ ਮਲਿਕ ਦੇ ਸ਼ਰੇਆਮ ਹੱਥ ਵੱਢੇ ਗਏ, ਇਮਾਮ ਸ਼ਫੀ ਤੇ ਇਮਾਮ ਹੰਭਾਲ ਨੂੰ ਵੀ ਜੇਲ੍ਹਾਂ ਵਿੱਚ ਕਤਲ ਕੀਤਾ ਗਿਆ। ਤਾਰਿਕ ਫਤਹਿ ਆਪਣੀ ਕਿਤਾਬ ਵਿੱਚ ਸਵਾਲ ਉਠਾਉਂਦੇ ਹਨ ਕਿ ਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ ਕਿ ਜਨੂੰਨੀ ਇਸਲਾਮਿਕ ਸਕਾਲਰ ਇਸ ਨੂੰ ‘ਇਸਲਾਮ ਦਾ ਸੁਨਹਿਰੀ ਕਾਲ’ ਕਿਸ ਆਧਾਰ ’ਤੇ ਕਹਿੰਦੇ ਹਨ?

ਦੁਨੀਆ ਭਰ ਦੇ ਬਹੁਤ ਸਾਰੇ ਖੱਬੇ-ਪੱਖੀ ਚਿੰਤਕ, ਇਸਲਾਮਿਕ ਜਨੂੰਨੀਆਂ ਦੀਆਂ ‘ਹਥਿਆਰਬੰਦ ਸਥਾਨਿਕ ਮੂਵਮੈਂਟਾਂ’ ਨੂੰ ‘ਸਾਮਰਾਜਵਾਦ’ ਦੇ ਖਿਲਾਫ਼ ‘ਇਸਲਾਮਿਕ ਜਿਹਾਦ’ ਦੇ ਰੂਪ ਵਿੱਚ ਦੇਖਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਜਿਹੀਆਂ ਮੂਲਵਾਦੀ ਮੂਵਮੈਂਟਾਂ ਰਾਹੀਂ ਸਾਮਰਾਜਵਾਦ ਨੂੰ ਢਾਹਿਆ ਜਾ ਸਕਦਾ ਹੈ? ਅਜਿਹੀ ਸੋਚ ਨਾਲ ਹੀ ਅਮਰੀਕਾ ਨੇ ‘ਸਮਾਜਵਾਦ’ ਨੂੰ ਢਾਹੁਣ ਲਈ ਅਫ਼ਗਾਨਿਸਤਾਨ ਵਿੱਚ ‘ਇਸਲਾਮਿਕ ਮੁਜ਼ਾਹਦੀਨ’ ਖੜ੍ਹੇ ਕੀਤੇ ਸਨ, ਜੋ ਬਾਅਦ ਵਿੱਚ ‘ਤਾਲਿਬਾਨ’ ਬਣ ਕੇ ਅੱਜ ਤੱਕ ਸਾਰੇ ਸੱਭਿਅਕ ਜਗਤ ਲਈ ਖ਼ਤਰਾ ਬਣੇ ਹੋਏ ਹਨ? ਇਸ ਦੇ ਉਲਟ ਬਹੁਤ ਸਾਰੇ ਲਿਬਰਲ ਤੇ ਸੈਕੂਲਰ ਇਸਲਾਮਿਕ ਸਕਾਲਰ ਇਸ ਨੂੰ ‘ਇੱਕ ਨਵੇਂ ਕਾਲੇ ਦੌਰ’ ਦੇ ਰੂਪ ਵਿੱਚ ਦੇਖਦੇ ਹਨ। ਇਸ ਸਬੰਧੀ 2008 ਵਿੱਚ ਜਦੋਂ ਪਾਕਿਸਤਾਨ ਦੇ ਦੋ ਪ੍ਰਮੁੱਖ ਖੱਬੇ-ਪੱਖੀ ਸਕਾਲਰਾਂ ਪ੍ਰੋ. ਪਰਵੇਜ਼ ਹੁੱਡਬੋਏ (ਜੋ ਇਲਾਮਾਬਾਦ ਦੀ ਯੂਨੀਵਰਸਿਟੀ ਦੇ ਫਿਜ਼ਿਕਸ ਦੇ ਪ੍ਰੋਫੈਸਰ ਸਨ) ਅਤੇ ਤਾਰਿਕ ਅਲੀ (ਲੇਖਕ, ਪੱਤਰਕਾਰ, ਇਤਿਹਾਸਕਾਰ ਤੇ ਫਿਲਮ ਨਿਰਮਾਤਾ) ਵਿੱਚ ਇਸ ਸਬੰਧੀ ਬਹਿਸ ਚੱਲ ਰਹੀ ਸੀ ਤਾਂ ਤਾਰਿਕ ਫਤਹਿ ਨੇ ਕੈਨੇਡੀਅਨ ਟੀਵੀ ਨੈੱਟਵਰਕ ਸੀਬੀਸੀ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਪ੍ਰੋ. ਪਰਵੇਜ਼ ਹੁੱਡਬੋਏ ਦੇ ਹੱਕ ਵਿੱਚ ਸਟੈਂਡ ਲਿਆ ਸੀ। ਜਿੱਥੇ ਤਾਰਿਕ ਅਲੀ ਵਰਗੇ ਵਿਦਵਾਨ ਧਾਰਮਿਕ ਕੱਟੜਤਾ ਨੂੰ ਪ੍ਰਨਾਏ ਹੋਏ ਤਾਲਿਬਾਨ ਵਰਗੇ ਅਨੇਕਾਂ ਇਸਲਾਮਕਿ ਗਰੁੱਪਾਂ ਨੂੰ ਇਸਲਾਮ ਦੇ ਜਬਰ ਜੁਲਮ ਵਿਰੁੱਧ ਲੜਨ ਵਾਲੇ ‘ਜਿਹਾਦ’ ਦੇ ਰੂਪ ਵਿੱਚ ਵੇਖਦੇ ਹਨ, ਜਿਸ ਨਾਲ ‘ਅਮਰੀਕਾ ਪੱਖੀ ਸਾਮਰਾਜੀ’ ਤਾਕਤਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ, ਉੱਥੇ ਪ੍ਰੋ. ਪਰਵੇਜ਼ ਵਰਗੇ ਵਿਦਵਾਨ ਇਹ ਸਮਝਦੇ ਹਨ ਕਿ ਅਜਿਹੀਆਂ ਮੂਲਵਾਦੀ ਲਹਿਰਾਂ ਦੁਨੀਆ ਨੂੰ ਇਤਿਹਾਸ ਦੇ ਉਨ੍ਹਾਂ ਕਾਲੇ ਦੌਰਾਂ ਵਿੱਚ ਲੈ ਜਾਣਗੀਆਂ, ਜਿੱਥੋਂ ਮਨੁੱਖਤਾ ਨੂੰ ਨਿਕਲਣ ਲਈ ਸਦੀਆਂ ਲੱਗ ਗਈਆਂ ਸਨ ਤੇ ਲੱਖਾਂ ਲੋਕ ਮੌਤ ਦੇ ਮੂੰਹ ਜਾ ਪਏ ਸਨ। ਤਾਰਿਕ ਫਤਹਿ ਵੀ ਆਪਣੀ ਕਿਤਾਬ ਵਿੱਚ ਅਜਿਹਾ ਮੱਤ ਹੀ ਪੇਸ਼ ਕਰਦੇ ਹਨ ਕਿ ਅਜਿਹੀਆਂ ਮੂਲਵਾਦੀ ਲਹਿਰਾਂ ਦਾ ਖਾਸਾ ਹੀ ਲੋਕ ਵਿਰੋਧੀ ਹੋਣ ਕਰਕੇ ਇਹ ਨਾ ਧਰਮ ਤੇ ਨਾ ਲੋਕ ਹਿੱਤ ਵਿੱਚ ਹਨ।

ਤਾਰਿਕ ਫਤਹਿ ਭਾਰਤ-ਪਾਕਿਸਤਾਨ ਵੰਡ ਨੂੰ ਇਸ ਖਿੱਤੇ ਦੇ ਲੋਕਾਂ ਲਈ ਵੱਡਾ ਦੁਰਭਾਗ ਮੰਨਦਾ ਸੀ। ਉਸ ਦਾ ਮੰਨਣਾ ਸੀ ਕਿ ਇਹ ਵੰਡ ਕਦੇ ਵੀ ਨਹੀਂ ਹੋਣੀ ਚਾਹੀਦੀ ਸੀ। ਉਹ ਪਾਕਿਸਤਾਨ ਦੀ ਇਸਲਾਮਿਕ ਸਟੇਟ ਦੀ ਥਾਂ ਭਾਰਤ ਦੀ ਸੈਕੂਲਰ ਤੇ ਲੋਕਤੰਤਰੀ ਪ੍ਰਣਾਲੀ ਦਾ ਬੇਬਾਕ ਪ੍ਰਸ਼ੰਸਕ ਸੀ। ਉਹ ਸੈਕੂਲਰ ਭਾਰਤ ਨੂੰ ਇਸਲਾਮਿਕ ਪਾਕਿਸਤਾਨ ਦੇ ਮੁਕਾਬਲੇ ਵੱਧ ਚੰਗਾ ਸਮਝਦਾ ਸੀ। ਆਪਣੀ ਇਸੇ ਸੋਚ ਤਹਿਤ ਉਹ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ, ਮੌਲਾਨਾ ਅਬੁਲ ਕਲਾਮ ਅਜ਼ਾਦ ਸਮੇਤ ਭਾਰਤ ਦੇ ਕੌਮੀ ਲੀਡਰਾਂ ਦਾ ਪ੍ਰਸ਼ੰਸਕ ਸੀ। ਇਸੇ ਕਰਕੇ ਪਿਛਲੇ ਦਸ ਬਾਰਾਂ ਸਾਲਾਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਦਿਨ ਲੰਘਿਆ ਹੋਵੇ, ਜਦੋਂ ਉਸ ਨੂੰ ਗਾਲ੍ਹੀ-ਗਲੋਚ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਨਾ ਸੁਣਨੀਆਂ ਪਈਆਂ ਹੋਣ? ਇਸੇ ਚਿੜ ਤੋਂ ਉਹ ਮੌਜੂਦਾ ਭਾਰਤੀ ਹਾਕਮਾਂ ਦੀਆਂ ਕਈ ਗ਼ਲਤ ਨੀਤੀਆਂ ਨੂੰ ਵੀ ਜਾਇਜ਼ ਠਹਿਰਾਉਣ ਤੱਕ ਚਲੇ ਜਾਂਦਾ ਸੀ ਜੋ ਕਿ ਸਚਮੁੱਚ ਇਤਰਾਜ਼ਯੋਗ ਗੱਲ ਸੀ। ਪਾਕਿਸਤਾਨ ਦੇ ਜਨੂੰਨੀ ਇਸਲਾਮੀ ਨਿਜ਼ਾਮ ਵਿਰੁੱਧ ਉਸ ਅੰਦਰ ਗੁੱਸੇ ਦੀ ਭੜਕਦੀ ਅੱਗ ਦਾ ਕਾਰਨ, ਉਸ ਦੀਆਂ ਲਿਖਤਾਂ ਪੜ੍ਹ ਕੇ ਹੀ ਜਾਣਿਆ ਜਾ ਸਕਦਾ ਹੈ?

ਤਾਰਿਕ ਫਤਹਿ ਵਰਗੇ ਸਿਰੜੀ ਤੇ ਬਹਾਦਰ, ਧਰਮ ਨਿਰਪੱਖ ਅਤੇ ਅਗਾਂਹਵਧੂ ਵਿਅਕਤੀਆਂ ਦੇ ਸੰਸਾਰ ਤੋਂ ਚਲੇ ਜਾਣ ਨਾਲ ਸਮਾਜ ਨੂੰ ਘਾਟਾ ਤਾਂ ਜ਼ਰੂਰ ਪੈਂਦਾ ਹੈ, ਪਰ ਉਨ੍ਹਾਂ ਦੇ ਵਿਚਾਰ ਕਦੇ ਮਰਦੇ ਨਹੀਂ। ਜਿਸ ਤਰ੍ਹਾਂ ਉਸ ਦੀ ਬੇਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੋਕ ਸਮਾਜ ਵਿੱਚੋਂ ਕੱਟੜਵਾਦ ਤੇ ਅਤਿਵਾਦ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ...।

ਸੰਪਰਕ: 403-681-8689

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All