ਬਲਜਿੰਦਰ ਸਿੰਘ ਸੰਧੂ
ਦਾਦੀ ‘ਮਰੋ’ ਕਹਿੰਦੀ ਹੈ ਕਿ ਥੋੜ੍ਹੇ ਹੀ ਸਮੇਂ ਵਿਚ ਬਹੁਤ ਕੁਝ ਬਦਲਿਆ ਹੈ ਤੇ ਸਭ ਕਾਸੇ ਦੇ ਬਦਲਾਅ ਦੀ ਲੜੀ ਵਿਚ ਬੰਦਾ ਸਭ ਤੋਂ ਤੇਜ਼ ਰਫ਼ਤਾਰ ਨਾਲ ਬਦਲਿਆ ਹੈ। ਯਾਦਾਂ ਦੀਆਂ ਔਸੀਆਂ ਪਾਉਂਦੀ ਪਿਛਲੇ ਪਾਣੀਆਂ ਦੇ ਵੇਲੇ ਦੀ ਗੱਲ ਦੱਸਦੀ ਹੋਈ ਕਹਿੰਦੀ ਹੈ ਕਿ ਜਿੱਥੇ ਮੋਢਿਆਂ ਤਕ ਚੜ੍ਹਿਆ ਪਾਣੀ ਲੋਕਾਂ ਨੂੰ ਕੋਈ ਜਿਊਣ ਦਾ ਰਾਹ ਨਹੀਂ ਦਿੰਦਾ ਸੀ, ਉਸ ਵੇਲੇ ਇਨਸਾਨੀਅਤ ਜ਼ਿੰਦਾ ਸੀ ਜਿਹੜੀ ਇਨਸਾਨਾਂ ਨੂੰ ਬਚਾਉਣ ਖਾਤਰ ਥੋੜ੍ਹੇ ਵਿਚੋਂ ਵੀ ਦੇਣ ਲਈ ਹੜ੍ਹਾਂ ਨਾਲ ਝੰਬੇ ਲੋਕਾਂ ਨੂੰ ਤਾਂਘਦੀਆਂ ਨਜ਼ਰਾਂ ਨਾਲ ਤੱਕਦੀ ਸੀ।
ਪਾਣੀ ਹੁਣ ਵੀ ਆਉਂਦੇ ਹਨ, ਪਰ ਹੁਣ ਹੋਰਾਂ ਦੇ ਡੁੱਬਣ ਤੇ ਸਾਡੇ ਤਰਨ ਵਾਲੀ ਗੱਲ ਬਣੀ ਪਈ ਹੈ। ਪਹਿਲਾਂ ਲੋਕ ਹੜ੍ਹਾਂ ਵਿਚ ਡੁੱਬਣ ਕਾਰਨ ਤਰ ਕੇ ਆਏ ਲੋਕਾਂ ਨੂੰ ਕੱਢਣ ਨੂੰ ਪਹਿਲ ਦਿੰਦੇ ਸਨ ਤੇ ਚੀਜ਼ਾਂ ਨੂੰ ਬਾਅਦ ’ਚ, ਪਰ ਹੁਣ ਵਹਿ ਕੇ ਆਈਆਂ ਚੀਜ਼ਾਂ ਨੂੰ ਅਛੋਪਲੇ ਜਿਹੇ ਆਪਣੀ ਵਰਤੋਂ ਲਈ ਕਿਸੇ ਜਗ੍ਹਾ ਸੁਰੱਖਿਅਤ ਕੀਤਾ ਜਾਂਦਾ ਹੈ। ਫਿਰ ਡੁੱਬਦੇ-ਤਰਦੇ ਲੋਕਾਂ ਦੀਆਂ ਚੀਖਾਂ ਦੀ ਵੀਡੀਓ ਬਣਾ ਪ੍ਰਸ਼ਾਸਨ ਨੂੰ ਬਚਾਅ ਲਈ ਹਾਲ-ਦੁਹਾਈ ਪਾਈ ਜਾਂਦੀ ਹੈ। ਜ਼ਾਹਰਾ ਤੌਰ ’ਤੇ ਅੱਜ ਦਾ ਇਨਸਾਨ ਇਸ ਗੱਲ ਤੋਂ ਅਣਜਾਣ ਹੁੰਦਾ ਜਾਂਦਾ ਹੈ ਕਿ ‘ਰੱਬ ਪਹਿਲਾਂ ਜਾਂ ਚਪੇੜ’। ਇਸ ਅਖਾਣ ਨੂੰ ਬੰਦਾ ਕਿਸੇ ਵੀ ਰੂਪ ਵਿਚ ਲਾਗੂ ਕਰ ਸਕਦਾ ਹੈ। ਬਚਾਅ ਦੀ ਲੋੜ ਸਮੇਂ ਮਦਦ ਕਰਕੇ ਜਾਂ ਸ਼ੋਹਰਤ ਲਈ ਵੀਡੀਓ ਬਣਾ ਕੇ।
ਵਿਹੜੇ ਵਿਚ ਧਰੇਕਾਂ ਦੀ ਛਾਵੇਂ ਬੈਠੀ ਮਾਂ ‘ਮਰੋ’ ਅੱਗੇ ਕੋਇਲੇ ਦੇ ਇੰਜਣਾਂ ਦੇ ਚੱਲਣ ਦੀ ਬਾਤ ਪਾਉਂਦੀ ਹੋਈ ਦੱਸਦੀ ਹੈ ਕਿ ਉਦੋਂ ਲੋਕ ਪਿਆਰ, ਮੁਹੱਬਤ, ਸਨੇਹ, ਸਾਕਾਦਾਰੀਆਂ, ਲਿਆਕਤ, ਸਤਿਕਾਰ, ਈਮਾਨ, ਭਾਈਚਾਰੇ ਜਿਹੀਆਂ ਅਲਾਮਤਾਂ ਨੂੰ ਆਪਣੀ ਜ਼ਿੰਦਗੀ ਨੂੰ ਚਲਾਉਣ ਲਈ ਕੋਇਲੇ ਦੇ ਰੂਪ ਵਿਚ ਵਰਤਦੇ ਸਨ। ਪਰ ਹੁਣ ਪਾਣੀ ਵਰਗੇ ਤੇਲ ਨੇ ਆਪਣੀ ਥੰਦਿਆਈ ਵਿਚ ਸਭ ਕੁਝ ਸਮੋ ਲਿਆ ਹੈ। ਲੋਕਾਂ ਦੀ ਜ਼ਿੰਦਗੀ ਦਾ ਇੰਜਣ ਹੁਣ ਸੌੜੀਆਂ ਸੋਚਾਂ ਜ਼ਰੀਏ ਤੇਜ਼ ਦੌੜਨ ਲਈ ਸਿਰ-ਪੈਰਾਂ ਦੀ ਚਾਲ ਚੱਲਣ ਲੱਗਾ ਹੈ। ਹੜ੍ਹਾਂ ਦੀ ਮਾਰ, ਸੋਕਿਆਂ ਦਾ ਕਹਿਰ, ਅੰਨ ਦੀ ਥੁੜ੍ਹ, ਹੱਕਾਂ ਲਈ ਧਰਨੇ, ਇਨਸਾਫ਼ ਲਈ ਸਜ਼ਾਵਾਂ ਤੇ ਆਪਣੇ ਹੀ ਘਰ ਵਿਚ ਡਰ-ਭੈਅ ਹੁਣ ਆਮ ਗੱਲਾਂ ਨੇ। ਹੁਣ ਤੁਰੀ ਜਾਂਦੀ ਪਿੰਡ ਦੀ ਧੀ-ਭੈਣ ਪਟੋਲਾ ਹੈ ਤੇ ਜਦੋਂ ਇਹੀ ਕਿਸੇ ਹੋਰ ਲਈ ਬਣਿਆ ਪਟੋਲਾ ਪਹਾੜਾਂ ਵੱਲ ਉਡਾਰੀ ਮਾਰ ਜਾਂਦਾ ਹੈ ਤਾਂ ਇੱਜ਼ਤਾਂ ਖਾਤਰ ਕਤਲਾਂ ਦੀ ਗਾਥਾ ਦਾ ਆਰੰਭ ਹੋ ਜਾਂਦਾ ਹੈ, ਕਿਉਂਕਿ ਅਸੀਂ ਖ਼ੁਦ ਨੂੰ ਇੱਜ਼ਤਦਾਰ ਬੰਦੇ ਵੀ ਅਖਵਾਉਣਾ ਹੋਇਆ।
ਬਾਪ-ਦਾਦਿਆਂ ਦੀ ਸ਼ਰਮ ਤੇ ਚਿੱਟੀਆਂ ਪੱਗਾਂ ਦੇ ਤੁਰਲਿਆਂ ਨੂੰ ਦਾਗਾਂ ਤੋਂ ਬਚਾਉਣ ਲਈ ਮੁਟਿਆਰਾਂ, ਗੱਭਰੂਆਂ ਦੀ ਸੰਗੀਨਗੀ ਤੇ ਸੰਜੀਦਗੀ ਉਨ੍ਹਾਂ ਦਾ ਗਹਿਣਾ ਹੁੰਦੀ ਸੀ। ਪਰ ਹੋਏ ਵੱਡੇ-ਛੋਟੇ ਹੱਲਿਆਂ ਨੇ ਲਾਲ ਪਰਾਂਦਿਆਂ ਨੂੰ ਧਿੱਗੋਜ਼ੋਰੀ ਹਿੱਕੜੀਆਂ ਨਾਲ ਜੁੜਨ ਲਈ ਕਚਹਿਰੀਆਂ-ਕੋਰਟਾਂ ਦੇ ਰਾਹੇ ਪਾ ਦਿੱਤਾ ਹੈ। ਹੁਣ ਦੇ ਵੇਲਿਆਂ ਵਿਚ ਆਈਲੈਟਸ ਦੇ ਚੱਕਰਾਂ ਨੇ ਮਾਵਾਂ ਨੂੰ ਧੀਆਂ ਲਈ ਦਾਜ ਜੋੜਨ ਦੀ ਸਮੱਸਿਆ ਤੋਂ ਮੁਕਤ ਕਰ ਦਿੱਤਾ ਹੈ। ਦੁਪਹਿਰ ਦੇ ਸਿਖਰਾਂ ’ਤੇ ਦਾਦੀ-ਮਾਂ ‘ਮਰੋ’ ਬਾਤ ਪਾਉਂਦੀ ਹੋਈ ਦੱਸਦੀ ਹੈ ਕਿ ਹੁਣ ਜਵਾਨਾਂ ਦੀਆਂ ਹਿੱਕਾਂ ਨੂੰ ਸੁਲਫੇ-ਸੂਟਿਆਂ ਦੇ ਧੂੰਏ ਨੇ ਸੁੰਗੇੜ ਕੇ ਰੱਖ ਦਿੱਤਾ ਹੈ। ਵਿਹਲੜਾਂ ਦੀ ਡਾਰ ਮਾਂ ਦੀਆਂ ਵਾਲੀਆਂ ਪੇਪਰ ਦੀਆਂ ਪੰਨੀਆਂ ਵਿਚ ਪਰੋ ਕੇ ਉਡਾਉਣ ਲਈ ਕਾਹਲੀ ਹੋਈ ਫਿਰਦੀ ਹੈ। ਅੱਡਰੀਆਂ ਤੇ ਵਾਧਰੀਆਂ ਸਮਝਾਂ ਨੂੰ ਪਿਉ ਹੁਣ ਨਾਲਾਇਕ ਤੇ ਨਾ-ਸਮਝ ਜਾਪਣ ਲੱਗਾ ਹੈ। ਮਾਂ ‘ਮਰੋ’ ਅਕਸਰ ਕਹਿੰਦੀ ਹੈ, ‘ਭੋਲਿਓ ਜਿਨ੍ਹਾਂ ਜੰਮਿਆ ਉਨ੍ਹਾਂ ’ਤੇ ਹੀ ਬੇ-ਵਿਸ਼ਵਾਸੀ’।
ਮਾਈ ‘ਮਰੋ’ ਦਾ ਮੁੱਖ ਅਕਸਰ ਇਹ ਗੱਲ ਉਚਾਰਦਾ ਥੱਕਿਆ ਲੱਗਦਾ ਹੈ, ਜਦੋਂ ਉਹ ਕਹਿੰਦੀ ਹੈ ਕਿ ਇਸ ਤੋਂ ਹੋਰ ਭੈੜੀ ਗੱਲ ਕੀ ਹੋ ਸਕਦੀ ਹੈ ਕਿ ਸਾਡੇ ਮੰਜਿਆਂ ਦਾ ਵਾਣ ਹੀ ਸਾਡੇ ਫਾਹੇ ਦੀਆਂ ਰੱਸੀਆਂ ਬਣ ਚੁੱਕਿਆ ਹੈ। ਜਿਹੜੀ ਕ੍ਰਾਂਤੀ ਵੱਟੇ ਚਾਰ ਛਿਲੜਾਂ ਦੀ ਆਮਦਨੀ ਵਿਚ ਵਾਧਾ ਹੋਇਆ ਸੀ, ਉਹੀ ਕ੍ਰਾਂਤੀ ਦੇ ਡੱਬੇ-ਬੰਦ ਜ਼ਹਿਰ ਨੇ ਪਹਿਲਾਂ ਕੀੜੇ ਮਾਰੇ ਤੇ ਫਿਰ ਉਸਦੇ ਛਿੜਕਾਅ ਨੇ ਸਾਡੇ ਘਰਾਂ ਦੇ ਬਨੇਰਿਆਂ ਨੂੰ ਖਾਲੀ ਕਰਕੇ ਵਿਹੜਿਆਂ ਵਿਚ ਸੱਥਰ ਵਿਛਾਉਣ ਦਾ ਕੰਮ ਕੀਤਾ ਹੈ।
ਦਿਨ ਦੇ ਛਿਪਾਅ ਵੇਲੇ ਸਪੀਕਰ ’ਚੋਂ ਆਉਂਦੀ ਆਵਾਜ਼ ਸੁਣ ਕੇ ਮਾਂ ‘ਮਰੋ’ ਕਹਿੰਦੀ ਹੈ ਕਿ ਉਦੋਂ ਧਰਮ ਦਾ ਨਾਂ ਦਾਨ-ਪੁੰਨ ਸੀ ਤੇ ਹੁਣ ਧਰਮ ਦਾ ਨਾਂ ਲੁੱਟ-ਖਸੁੱਟ ਹੈ। ਉਗਰਾਹੀਆਂ, ਦਸਵੰਧਾਂ ਨੂੰ ਪਹਿਲਾਂ ਲੋਕਾਂ ਦੇ ਭਲੇ ਲਈ ਵਰਤਿਆ ਜਾਂਦਾ ਸੀ ਤੇ ਹੁਣ ਸਾਧਾਂ ਦੀਆਂ ਗੋਗੜਾਂ ਵਧਾਉਣ ਲਈ। ਉਹ ਕਹਿੰਦੀ ਹੈ, ਪੁੱਤਰਾ ਵੇਲਿਆਂ ਵਿਚ ਇੰਨਾ ਫ਼ਰਕ ਆ ਗਿਆ ਕਿ ਹੁਣ ਵਿਹਲੜ-ਚੋਰਾਂ ਨੂੰ ਮਹਾਂਪੁਰਸ਼ ਕਹਿ ਕੇ ਬੁਲਾਇਆ ਜਾਂਦਾ ਹੈ।
ਸਮੇਂ ਦੇ ਵਹਾਅ ਨੇ ਪਿੰਡਾਂ ਵਿਚ ਵੱਸਦੀਆਂ ਸਾਡੀਆਂ ਦੌਣਾਂ, ਪੀੜ੍ਹੀਆਂ ਤੇ ਹਾਰਿਆਂ ਨੇ ਚੌਕਿਆਂ ਵਿਚੋਂ ਆਪਣੀ ਜਗ੍ਹਾ ਮਨਫੀ ਕਰ ਲਈ ਹੈ। ਤਾਰਿਆਂ ਦੀ ਚਾਨਣੀ ਵਿਚ ਬਾਤਾਂ ਪਾਉਣੀਆਂ ਅਸੀਂ ਭੁੱਲ-ਭੁਲਾਅ ਕੇ ਸਕਰੀਨੀ-ਜ਼ਿੰਦਗੀ ਵਿਚ ‘ਤਾਰਕ ਮਹਿਤਿਆਂ ਦੇ ਚਸ਼ਮਿਆਂ’ ਵਿਚ ਆਪਣੇ ਸੁਭਕ ਜਵਾਕਾਂ ਦੇ ਬਚਪਨਾਂ ਨੂੰ ਵਹਾਈ ਜਾ ਰਹੇ ਹਾਂ। ਸਮਿਆਂ ਨੇ ਤਾਂ ਬਦਲਣਾ ਸੀ ਭਾਈ, ਪਰ ਬੰਦਾ ਇੰਨੀ ਤੇਜ਼ੀ ਨਾਲ ਬਦਲੇਗਾ ਇਸਦੀ ਕਿਸਨੂੰ ਖ਼ਬਰ ਸੀ। ਛੱਡ ਪੁੱਤਰਾ ਤੁਸੀਂ ਹੁਣ ਸਾਡੇ ਵੇਲਿਆਂ ਨੂੰ ਹੰਢਾ ਨਹੀਂ, ਸਿਰਫ਼ ਕਿਤਾਬਾਂ ਵਿਚ ਪੜ੍ਹ ਸਕਦੇ ਹੋ।
ਸੰਪਰਕ: 94789-00076