ਪ੍ਰੋ. ਸੁਹਿੰਦਰ ਬੀਰ
ਡਾ. ਗੁਰੂਮੇਲ ਦਾ ਲਘੂ ਕਾਵਿ-ਨਾਟਕ
ਅਮਰੀਕਾ ਰਹਿੰਦਾ ਡਾ. ਗੁਰੂਮੇਲ ਸੁੱਘੜ ਵਿਗਿਆਨੀ ਅਤੇ ਗੰਭੀਰ ਕਵੀ ਹੈ। ਉਸ ਨੇ ਬੱਚੇ ਦੇ ਪੈਦਾ ਹੋਣ ਦੀ ਵਿਗਿਆਨਕ ਪ੍ਰਕਿਰਿਆ ਨੂੰ ਵਾਸਤਵਿਕ ਰੂਪ ਵਿਚ ਸਮਝ ਕੇ ਕਾਵਿ-ਨਾਟਕ ਰਾਹੀਂ ‘ਟੈਸਟ ਟਿਊਬ ਬੇਬੀ’ ਦੇ ਨਾਂ ਹੇਠ ਪੇਸ਼ ਕੀਤਾ। ਭਾਵੇਂ ਪੰਜਾਬੀ ਸਾਹਿਤ ਵਿਚ ਕਾਵਿ-ਨਾਟਕ ਦੀ ਪਰੰਪਰਾ ਬਹੁਤੀ ਬਲਵਾਨ ਨਜ਼ਰ ਨਹੀਂ ਆਉਂਦੀ, ਪਰ ਇਸ ਦੇ ਬਾਵਜੂਦ ਕਵੀ ਨੇ ਲਘੂ ਆਕਾਰ ਰਾਹੀਂ ਵਿਗਿਆਨਕ ਸੱਚਾਈ ਨੂੰ ਪੇਸ਼ ਕਰਕੇ ਇਸ ਰੂਪਾਕਾਰ ਦੀ ਯੋਗਤਾ ਵਿਚ ਨਿੱਗਰ ਵਾਧਾ ਕੀਤਾ ਹੈ। ਡਾ. ਗੁਰੂਮੇਲ ਦੀ ਸ਼ਖ਼ਸੀਅਤ ਦਾ ਲੇਖਾ-ਜੋਖਾ ਕਰਨਾ ਹੋਵੇ ਤਾਂ ਸੁਖਾਲਾ ਕੰਮ ਨਹੀਂ ਹੈ। ਉਹ ਇਕ ਪਾਸੇ ਵਿਸ਼ਵ ਦੇ ਜੀਵ ਵਿਗਿਆਨੀਆਂ ਵਿਚ ਗਿਣਿਆ ਜਾਂਦਾ ਹੈ ਅਤੇ ਦੂਸਰੇ ਪਾਸੇ ਕਵਿਤਾ ਦੀ ਰਚਨਾਤਮਕ ਸਾਧਨਾ ਵਿਚ ਲੀਨ ਰਹਿੰਦਾ ਹੈ।
‘ਟੈਸਟ ਟਿਊਬ ਬੇਬੀ’ ਲਘੂ ਕਾਵਿ-ਨਾਟਕ ਪੰਜਾਬੀ ਦੇ ਆਧੁਨਿਕ ਕਵੀ ਡਾ. ਗੁਰੂਮੇਲ ਵੱਲੋਂ 1984 ਵਿਚ ਲਿਖਿਆ ਗਿਆ ਸੀ। ਇਹ ਕਾਵਿ-ਨਾਟਕ ਉਸ ਨੇ ਆਪਣੇ ਕਾਵਿ-ਸੰਗ੍ਰਹਿ ‘ਸਿਫਰ ਸਫ਼ਰ’ ਵਿਚ ਸ਼ਾਮਲ ਕੀਤਾ। 2004 ਵਿਚ ਜਦੋਂ ਉਸ ਨੇ ਆਪਣੀਆਂ ਚੋਣਵੀਆਂ ਕਾਵਿ ਰਚਨਾਵਾਂ ਦਾ ਇਕ ਸੰਗ੍ਰਹਿ ‘ਸ਼ਬਦਾਂ ਦਾ ਸਫ਼ਰ’ ਪ੍ਰਕਾਸ਼ਿਤ ਕੀਤਾ ਤਾਂ ਇਸ ਲਘੂ ਕਾਵਿ ਨਾਟਕ ਨੂੰ ਵੀ ਉਸ ਵਿਚ ਸ਼ਾਮਲ ਕੀਤਾ।
ਡਾ. ਗੁਰੂਮੇਲ ਦਾ ਜਨਮ 23 ਮਈ 1944 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਪਾਸਲਾ ਵਿਖੇ ਹੋਇਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਾਇੰਸ ਵਿਚ ਗ੍ਰੈਜੂਏਸ਼ਨ ਕਰਨ ਉਪਰੰਤ ਉਸ ਨੇ 1970 ਵਿਚ ਕੈਨੇਡਾ ਵਿਖੇ ਪਰਵਾਸ ਕਰ ਲਿਆ। ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਜੈਨੇਟਿਕ ਦੇ ਵਿਸ਼ੇ ਵਿਚ ਉਚੇਰੀਆਂ ਡਿਗਰੀਆਂ (ਐੱਮ. ਐੱਸ. ਸੀ. ਅਤੇ ਪੀਐੱਚ. ਡੀ.) ਪ੍ਰਾਪਤ ਕੀਤੀਆਂ। ਇੱਥੇ ਕੁਝ ਸਮਾਂ ਰਹਿਣ ਤੋਂ ਬਾਅਦ 1980 ਵਿਚ ਉਸ ਨੇ ਅਮਰੀਕਾ ਵਿਖੇ ਪਰਵਾਸ ਕਰ ਲਿਆ।
ਦੇਸ਼ ਵਿਚ ਰਹਿੰਦਿਆਂ ਹੋਇਆਂ 1966 ਵਿਚ ਡਾ. ਗੁਰੂਮੇਲ ਨੇ ‘ਦੁਬਿਧਾ’ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਕੀਤੀ। ਭਾਰਤ ਵਿਚ ਵੀਹਵੀਂ ਸਦੀ ਦਾ ਸੱਤਵਾਂ ਦਹਾਕਾ ਵੱਖ ਵੱਖ ਵਿਚਾਰਧਰਾਵਾਂ ਦੇ ਕਸ਼ਮਕਸ਼ ਦਾ ਦਹਾਕਾ ਸੀ।
1917 ਦੇ ਪ੍ਰਭਾਵ ਅਧੀਨ 1940 ਵਿਚ ਪ੍ਰਗਤੀਵਾਦੀ ਲਹਿਰ ਦਾ ਆਗ਼ਾਜ਼ ਹੋਇਆ ਸੀ। ਸੱਤਵੇਂ ਦਹਾਕੇ ਤਕ ਆਉਂਦਿਆਂ ਇਸ ਲਹਿਰ ਦਾ ਜਲੌਅ ਮੱਠਾ ਪੈ ਚੁੱਕਾ ਸੀ। ਜਿਹੜੇ ਸਾਹਿਤਕਾਰ ਇਸ ਲਹਿਰ ਨਾਲ ਸਬੰਧਿਤ ਸਨ, ਉਹ ਬਾਹਰੀ ਵਿਚਾਰਧਾਰਾ ਨੂੰ ਆਤਮ ਨਿਹਿਤ ਕਰਕੇ ਸਾਹਿਤ ਦੀ ਸਿਰਜਣਾ ਕਰਦੇ ਸਨ। ਇਸ ਦੇ ਪ੍ਰਤੀਕਰਮ ਵਜੋਂ ਪ੍ਰਯੋਗਵਾਦੀ ਲਹਿਰ ਦਾ ਆਰੰਭ ਹੋਇਆ। ਜਿਸ ਦੇ ਵਿਚਾਰਵਾਨਾਂ ਦਾ ਇਹ ਕਹਿਣਾ ਸੀ ਕਿ ਸਾਹਿਤ ਦੀ ਅਸਲ ਕਰਮਭੂਮੀ ਮਨੁੱਖੀ ਮਨ ਦੇ ਅੰਦਰ ਸਮਾਈ ਹੁੰਦੀ ਹੈ, ਇਸ ਕਰਕੇ ਸਾਹਿਤਕਾਰ ਨੂੰ ਉਹੀ ਕੁਝ ਸਿਰਜਣਾ ਚਾਹੀਦਾ ਹੈ ਜੋ ਉਸ ਦੇ ਜ਼ਿਹਨ ਵਿਚੋਂ ਉਤਪੰਨ ਹੁੰਦਾ ਹੋਵੇ। ਡਾ. ਗੁਰੂਮੇਲ ਨੇ ਇਸ ਲਹਿਰ ਨੂੰ ਸੁਚੇਤ ਰੂਪ ਵਿਚ ਧਾਰਨ ਕੀਤਾ। ‘ਦੁਬਿਧਾ’ ਕਾਵਿ ਸੰਗ੍ਰਹਿ ਇਸੇ ਪ੍ਰਭਾਵ ਅਧੀਨ ਉਤਪੰਨ ਹੋਈ ਰਚਨਾ ਹੈ।
ਡਾ. ਗੁਰੂਮੇਲ ਦੀ ਸ਼ਖ਼ਸੀਅਤ ਦਾ ਲੇਖਾ-ਜੋਖਾ ਕਰਨਾ ਹੋਵੇ ਤਾਂ ਸੁਖਾਲਾ ਕੰਮ ਨਹੀਂ ਹੈ। ਉਹ ਇਕ ਪਾਸੇ ਵਿਸ਼ਵ ਦੇ ਜੀਵ ਵਿਗਿਆਨੀਆਂ ਵਿਚ ਗਿਣਿਆ ਜਾਂਦਾ ਹੈ ਅਤੇ ਦੂਸਰੇ ਪਾਸੇ ਕਵਿਤਾ ਦੀ ਰਚਨਾਤਮਕ ਸਾਧਨਾ ਵਿਚ ਲੀਨ ਰਹਿੰਦਾ ਹੈ। ਨਾ ਕੇਵਲ ਕਵਿਤਾ ਦੀ ਸਿਰਜਣਾ ਵਿਚ ਹੀ ਉਸ ਦਾ ਰੁਝਾਨ ਹੈ ਬਲਕਿ ਸਾਹਿਤ ਦੇ ਕਾਵਿ ਸ਼ਾਸਤਰੀ ਪੱਖਾਂ ਵੱਲ ਵੀ ਉਸ ਦੀ ਰੁਚੀ ਹੈ। ਇਕ ਸਮੀਖਿਅਕ ਅਤੇ ਇਕ ਵਿਦਵਾਨ ਵਾਂਗ ਉਸ ਦੀ ਪਾਰਖੂ ਦ੍ਰਿਸ਼ਟੀ ਉਜਾਗਰ ਹੁੰਦੀ ਹੈ। ਅਮਰੀਕਾ ਵਿਚ ਰਹਿੰਦਿਆਂ ਉਸ ਨੇ ਪਰਵਾਸੀਆਂ ਦੇ ਇਤਿਹਾਸ ਬਾਰੇ ਵੀ ਭਰਪੂਰ ਖੋਜ ਕੀਤੀ ਹੈ। ਉਸ ਨੂੰ ਹੁਣ ਤਕ ਦੇਸ਼-ਵਿਦੇਸ਼ ਵਿਚੋਂ ਅਨੇਕਾਂ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਡਾ. ਗੁਰੂਮੇਲ ਦੀ ਸਾਹਿਤ-ਸਾਧਨਾ ਨੇ ਪੰਜਾਬੀ ਸਾਹਿਤ ਦੇ ਵਿਦਵਾਨਾਂ ਦੇ ਮਨਾਂ ਉੱਪਰ ਵੀ ਡੂੰਘੀ ਛਾਪ ਲਗਾਈ ਹੈ। ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਹਰਿਭਜਨ ਸਿੰਘ, ਡਾ. ਪ੍ਰੇਮ ਪ੍ਰਕਾਸ਼ ਸਿੰਘ, ਰਵਿੰਦਰ ਰਵੀ ਅਤੇ ਹੋਰ ਅਨੇਕਾਂ ਵਿਦਵਾਨਾਂ ਨੇ ਉਸ ਦਾ ਸਾਹਿਤਕ ਸਿੱਕਾ ਮੰਨਿਆ ਹੈ। ਡਾ. ਪ੍ਰੇਮ ਪ੍ਰਕਾਸ਼ ਦਾ ਕਥਨ ਦਰੁੱਸਤ ਹੈ:
‘‘ਗੁਰੂਮੇਲ ਬੁਨਿਆਦੀ ਤੌਰ ’ਤੇ ਸਾਇੰਸਦਾਨ ਹੈ। ਉਸ ਨੇ ਸਾਇੰਸ ਦੇ ਆਧੁਨਿਕ ਵਿਗਿਆਨਕ ਵਿਸ਼ੇ ‘ਜੈਨੇਟਿਕਸ’ ਦੀ ਉੱਚੀ ਤੋਂ ਉੱਚੀ ਸ਼ਿਕਸ਼ਾ ਹਾਸਲ ਕੀਤੀ ਹੈ। ਵਿਗਿਆਨਕ ਬਿਰਤੀ ਦਾ ਮਾਲਕ ਹੋਣ ਕਰਕੇ ਕਵੀ ਦਾ ਨਜ਼ਰੀਆ ਵੀ ਘੋਖਣ-ਪਰਖਣ ਵਾਲਾ ਅਤੇ ਅੰਕਲਮੰਦਾਨਾ ਹੈ। ਇਹੋ ਕਾਰਨ ਹੈ ਕਿ ਉਸ ਦੀ ਕਾਵਿ ਕਲਪਨਾ ਵਿਚ ਵਿਗਿਆਨਕ ਤਰਤੀਬ ਹਮੇਸ਼ਾਂ ਹਾਜ਼ਰ ਰਹਿੰਦੀ ਹੈ।’’
ਡਾ. ਪ੍ਰੇਮ ਪ੍ਰਕਾਸ਼ ਸਿੰਘ ਨੇ ਡਾ. ਗੁਰੂਮੇਲ ਬਾਰੇ ਜੋ ਕਿਹਾ ਹੈ ਕਿ ਉਹ ਸੁੱਘੜ ਵਿਗਿਆਨੀ ਅਤੇ ਗੰਭੀਰ ਕਵੀ ਹੈ। ਇਹ ਕਥਨ ਇਸ ਕਰਕੇ ਦਰੁੱਸਤ ਪ੍ਰਤੀਤ ਹੁੰਦਾ ਹੈ ਕਿ ਇਕ ਵਿਗਿਆਨੀ ਦੀ ਹੈਸੀਅਤ ਵਿਚ ਗੁਰੂਮੇਲ ਦੀ ਜੋ ਸ਼ਖ਼ਸੀਅਤ ਉਜਾਗਰ ਹੋਈ ਹੈ, ਉਹ ਆਮ ਸਾਧਾਰਨ ਪੰਜਾਬੀ ਕਵੀਆਂ ਵਾਂਗ ਸਰਲਤਾ ਦੇ ਰੁਖ਼ ਨਹੀਂ ਤੁਰਦੇ ਬਲਕਿ ਉਹ ਜ਼ਿੰਦਗੀ ਦੇ ਤਮਾਮ ਮਸਲਿਆਂ ਨੂੰ ਬਹੁ-ਕੋਨਾ ਅਤੇ ਬਹੁ-ਪਰਤਾਂ ਤੋਂ ਵੇਖਣ ਦਾ ਅਨੁਸਾਰੀ ਹੈ। ਇਸ ਲਈ ਕਦੇ ਕਦੇ ਉਸ ਦੀ ਕਵਿਤਾ ਆਮ ਸਾਧਾਰਨ ਪਾਠਕ ਦੀ ਪਕੜ ਵਿਚ ਵੀ ਨਹੀਂ ਆਉਂਦੀ ਅਤੇ ਸੰਚਾਰ ਦੀ ਸਮੱਸਿਆ ਵੀ ਸਾਹਮਣੇ ਆ ਜਾਂਦੀ ਹੈ। ਉਸ ਦਾ ਵਿਗਿਆਨੀ ਮਨ ਉਸ ਨੂੰ ਜੀਵਨ ਦੀਆਂ ਗਹਿਰ-ਗੰਭੀਰ ਸਮੱਸਿਆਵਾਂ ਵੱਲ ਲੈ ਜਾਂਦਾ ਹੈ ਅਤੇ ਪੰਜਾਬੀ ਮਨ ਪੰਜਾਬ ਦੇ ਗੌਰਵਮਈ ਵਿਰਸੇ ਅਤੇ ਸਮਾਜਿਕ ਸੱਭਿਆਚਾਰਕ ਪ੍ਰਸੰਗਾਂ ਨਾਲ ਜੋੜ ਦਿੰਦਾ ਹੈ।
ਮੇਰਾ ਮੂਲ ਮਨੋਰਥ ਡਾ. ਗੁਰੂਮੇਲ ਵੱਲੋਂ ਲਿਖੇ ਲਘੂ ਕਾਵਿ-ਨਾਟਕ ‘ਟੈਸਟ ਟਿਊਬ ਬੇਬੀ’ ਦੇ ਸਮਾਜਿਕ ਅਤੇ ਸੱਭਿਆਚਾਰਕ ਪ੍ਰਸੰਗਾਂ ਨੂੰ ਬਾਰੀਕੀ ਵਿਚ ਸਮਝਣ ਦਾ ਹੈ। ਇਸ ਲਘੂ ਕਾਵਿ-ਨਾਟਕ ਵਿਚ ਜੋ ਵਿਸ਼ਾ ਲਿਆ ਗਿਆ ਹੈ, ਉਸ ਨੂੰ ਕਾਵਿ-ਨਾਟਕ ਦੇ ਰੂਪਾਕਾਰ ਰਾਹੀਂ ਨਿਭਾਇਆ ਗਿਆ ਹੈ। ਪੰਜਾਬ ਸਾਹਿਤ ਦੇ ਖੇਤਰ ਵਿਚ ਖ਼ਾਸ ਕਰਕੇ ਕਵਿਤਾ ਅਤੇ ਗਲਪ ਵਿਚ ਭਾਵੇਂ ਬਹੁਤ ਸਾਰੇ ਲੇਖਕਾਂ ਨੇ ਕਲਮ ਅਜ਼ਮਾਈ ਕੀਤੀ ਹੈ, ਪਰ ਕਾਵਿ-ਨਾਟਕ ਦਾ ਰੂਪਾਕਾਰ ਇਕ ਅਜਿਹਾ ਖੇਤਰ ਹੈ ਜਿਸ ਵਿਚ ਸਾਹਿਤ-ਸਾਧਨਾ ਕਰਨ ਤੋਂ ਲੇਖਕਾਂ ਨੇ ਗੁਰੇਜ਼ ਕੀਤਾ ਹੈ। ਕਾਵਿ-ਨਾਟਕ ਦੀ ਆਧੁਨਿਕ ਸਾਹਿਤ ਵਿਚ ਇਕ ਵੱਖਰੀ ਪਛਾਣ ਹੈ ਭਾਵੇਂ ਕਿ ਭਾਰਤੀ ਸਾਹਿਤ ਪਰੰਪਰਾ ਤੇ ਯੂਨਾਨੀ ਸਾਹਿਤ ਪਰੰਪਰਾ ਵਿਚ ਬੜੇ ਪੁਰਾਣੇ ਸਮੇਂ ਤੋਂ ਕਾਵਿ-ਨਾਟਕ ਰਚੇ ਜਾ ਰਹੇ ਹਨ। ਕਲਾਸਕੀ ਰਚਨਾਵਾਂ ਭਾਵੇਂ ਉਹ ਕਿਸੇ ਵੀ ਖਿੱਤੇ ਵਿਚ ਰਚੀਆਂ ਗਈਆਂ ਹੋਣ, ਆਮ ਕਰਕੇ ਕਾਵਿ-ਨਾਟਕ ਦੇ ਰੂਪ ਵਿਚ ਹੀ ਰਚੀਆਂ ਗਈਆਂ ਹਨ। ਸੰਸਕ੍ਰਿਤ ਵਿਚ ਕਾਲੀਦਾਸ ਦੇ ਕਾਵਿ-ਨਾਟਕਾਂ ਦੀ ਵਿਸ਼ੇਸ਼ ਥਾਂ ਰਹੀ ਹੈ। ਪੁਰਾਤਨ ਯੁੱਗ ਤੋਂ ਲੈ ਕੇ ਨਵੀਨ ਯੁੱਗ ਦੇ ਸਾਹਿਤ ਨੂੰ ਵਾਚਿਆ ਜਾਵੇ ਤਾਂ ਕਾਵਿ-ਨਾਟਕ ਦੀ ਪਰੰਪਰਾ ਦਾ ਸਹਿਜੇ ਹੀ ਗਿਆਨ ਹੋ ਜਾਂਦਾ ਹੈ। ਕਾਵਿ-ਨਾਟਕ ਵਿਚ ਕਾਵਿਕ ਤੇ ਨਾਟਕੀ ਜੁਗਤਾਂ ਦਾ ਆਪਸ ਵਿਚ ਸੁਮੇਲ ਹੋਰ ਵੀ ਜ਼ਰੂਰੀ ਹੈ। ਕਾਵਿ ਨਾਟ ਵਿਚ ਨਾਟਕ, ਕਵਿਤਾ, ਸੰਗੀਤ, ਪ੍ਰਗੀਤ ਆਦਿ ਹੋਰ ਕਲਾਵਾਂ ਦਾ ਵਿਸ਼ੇਸ਼ ਅਨੁਪਾਤ ਵਿਚ ਮਿਸ਼ਰਣ ਹੁੰਦਾ ਹੈ।
ਸਫਲ ਕਾਵਿ-ਨਾਟਕ ਲਈ ਪਹਿਲਾਂ ਕਾਵਿ ਨਾਟਕਕਾਰ ਦਾ ਕਵੀ ਹੋਣਾ ਜ਼ਰੂਰੀ ਹੈ ਕਿਉਂਕਿ ਸੰਸਾਰ ਦੇ ਪ੍ਰਸਿੱਧ ਕਾਵਿ ਨਾਟਕਕਾਰ ਪਹਿਲਾਂ ਕਵੀ ਸੀ ਤੇ ਫਿਰ ਨਾਟਕਕਾਰ। ਇਸ ਰੂਪਾਕਾਰ ਦੀ ਸਿਰਜਣਾ ਕਰਨ ਲੱਗਿਆਂ ਲੇਖਕਾਂ ਦੀ ਰਚਨਾਤਮਕ ਜੁਗਤਾਂ ਦੀ ਪਰਖ ਵੀ ਹੋ ਜਾਂਦੀ ਹੈ। ਇਹ ਇਕ ਅਜਿਹਾ ਕਾਵਿ ਰੂਪਾਕਾਰ ਹੈ ਜਿਸ ਵਿਚ ਕਵਿਤਾ ਤੇ ਨਾਟਕ ਦੇ ਸਮਤੋਲ ਅਤੇ ਸੰਯੋਗ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਜੇ ਕੋਈ ਲੇਖਕ ਕਵੀ ਹੈ ਤਾਂ ਉਹ ਸ਼ਿਵ ਕੁਮਾਰ ਵਾਂਗ ਕਾਵਿ ਨਾਟਕ ਵਿਚ ਕਾਵਿਕ ਤੱਤਾਂ ਦੀ ਬਹੁਤਾਤ ਲੈ ਆਉਂਦਾ ਹੈ। ਅਮਰੀਕੀ ਕਵੀ ਅਤੇ ਆਲੋਚਕ ਟੀ. ਐੱਸ. ਏਲੀਅਟ ਦਾ ਕਥਨ ਬਹੁਤ ਹੀ ਦਰੁੱਸਤ ਅਤੇ ਮਿਆਰੀ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਕਾਵਿ-ਨਾਟਕ ਵਿਚ ਕਾਵਿ ਦੀ ਵਰਤੋਂ ਨਾਟਕ ਦੀ ਸਜਾਵਟ ਵਧਾਉਣ ਲਈ ਨਹੀਂ ਕਰਨੀ ਚਾਹੀਦੀ। ਜੇ ਇਹ ਨਾਟਕ ਦੇਖਣ ਵਾਲੇ ਨੂੰ ਸਿਰਫ਼ ਕਾਵਿਕ ਆਨੰਦ ਹੀ ਦਿੰਦਾ ਹੈ ਤਾਂ ਇਸ ਦੀ ਹੋਂਦ ਵਿਅਰਥ ਹੈ।
ਕਾਵਿ-ਨਾਟਕ ਵਿਚ ਕਵਿਤਾ ਇਕ ਮਾਧਿਅਮ ਦੇ ਤੌਰ ’ਤੇ ਹੀ ਸਾਹਮਣੇ ਆਉਣੀ ਚਾਹੀਦੀ ਹੈ। ਨਾਟਕ ਦੇ ਸਾਰੇ ਤੱਤ ਕਾਵਿ-ਨਾਟਕ ਵਿਚ ਸ਼ਾਮਲ ਹੋਣ ਤਾਂ ਨਾਟਕ ਆਪਣੇ ਮਿਆਰੀਕਰਨ ਨੂੰ ਪਹੁੰਚਦਾ ਹੈ। ਕਿਸੇ ਇਕ ਦੀ ਉਲਾਰਤਾ ਕਾਵਿ-ਨਾਟਕ ਦੇ ਮਿਆਰੀਕਰਨ ਨੂੰ ਭੰਗ ਕਰ ਦਿੰਦੀ ਹੈ। ਸੋ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਕਾਵਿ-ਨਾਟਕ ਦੀ ਸਿਰਜਣਾ ਲਈ ਇਕਹਿਰੀ ਯੋਗਤਾ ਵਾਲੇ ਨਹੀਂ ਸਗੋਂ ਵਡੇਰੀ ਯੋਗਤਾ ਵਾਲੇ ਲੇਖਕਾਂ ਦੀ ਹੀ ਜ਼ਰੂਰਤ ਹੁੰਦੀ ਹੈ।
ਡਾ. ਗੁਰੂਮੇਲ ਨੇ ‘ਟੈਸਟ ਟਿਊਬ ਬੇਬੀ’ ਕਾਵਿ-ਨਾਟਕ ਵਿਚ ਜਿਸ ਵਿਸ਼ੇ ਨੂੰ ਆਧਾਰ ਬਣਾਇਆ ਹੈ, ਉਹ ਅਸਲੋਂ ਵਿਗਿਆਨਕ ਹੈ ਅਤੇ ਲਗਭਗ ਹਰ ਮਨੁੱਖ ਦੇ ਸਮਾਜਿਕ ਅਤੇ ਸੱਭਿਆਚਾਰਕ ਸੰਦਰਭਾਂ ਨੂੰ ਚੁਣੌਤੀ ਦੇਣ ਵਾਲਾ ਹੈ। ‘ਟੈਸਟ ਟਿਊਬ ਬੇਬੀ’ ਅਜਿਹੀ ਤਕਨੀਕ ਹੈ ਜਿਸ ਰਾਹੀਂ ਬਾਂਝਪਨ ਹੰਢਾ ਰਹੇ ਜੋੜਿਆਂ ਨੂੰ ਮੁਕਤੀ ਦਵਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸੰਤਾਪਮਈ ਜੀਵਨ ਤੋਂ ਹੁਲਾਸ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੋਂ ਮਾਨਵ ਜਾਤੀ ਦੀ ਹੋਂਦ ਕਾਇਮ ਹੋਈ ਉਦੋਂ ਤੋਂ ਹੀ ਮਾਨਵ ਜਾਤੀ ਬਾਂਝਪਣ ਦੇ ਸੰਤਾਪ ਨੂੰ ਵਿਸ਼ਾਦ ਰੂਪ ਵਿਚ ਹੰਢਾਊਂਦੀ ਰਹੀ ਹੈ। ਇਸ ਸੰਕਟ ਤੋਂ ਮੁਕਤੀ ਵਿਸ਼ਵ ਪ੍ਰਸਿੱਧ ਵਿਗਿਆਨੀ ਡਾਕਟਰ ਰਾਬਰਟ ਜੀ. ਐਡਵਰਡ ਨੇ 21ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਦਵਾਈ ਸੀ। ਇਸ ਕਾਰਜ ਲਈ ਉਸ ਨੂੰ ਸਾਲ 2010 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਹੈ। ਇਸ ਤਕਨੀਕ ਦੇ ਅੰਤਰਗਤ ਵਿਆਹੁਤਾ ਜੋੜਿਆਂ ਦੇ ਸੰਭੋਗ ਦੇ ਵਿਪਰੀਤ ਲੈਬਾਰਟਰੀ ਦੀ ਮਦਦ ਰਾਹੀਂ ਮਾਨਵੀ ਸਪਰਮਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਮੁੱਢਲੀ ਪ੍ਰਜਨਣ ਪ੍ਰਕਿਰਿਆ ਲੈਬਾਰਟਰੀ ਵਿਚ ਰਸਾਇਣਕ ਰੂਪ ਵਿਚ ਚੱਲਦੀ ਹੈ ਅਤੇ ਫਿਰ ਅੰਡੇ ਤੋਂ ਭਰੂਣ ਬਣਨ ਉਪਰੰਤ ਉਸ ਨੂੰ ਔਰਤ ਦੀ ਬੱਚੇਦਾਨੀ ਵਿਚ ਸੁਰੱਖਿਅਤ ਕਰ ਦਿੱਤਾ ਜਾਂਦਾ ਹੈ। ਮਾਨਵ ਜਾਤੀ ਦੀ ਇਹ ਖੋਜ ਬਹੁਤ ਮਹੱਤਵਪੂਰਨ ਖੋਜ ਹੈ ਜਿਸ ਦੇ ਉਤਪੰਨ ਹੋਣ ਨਾਲ ਮਨੁੱਖ ਦੀ ਪਰੰਪਰਾਗਤ ਵਿਸ਼ਵਾਸਾਂ ਪ੍ਰਤਿ ਸੰਦੇਹਸ਼ੀਲਤਾ ਉਤਪੰਨ ਹੋਈ ਹੈ। ਪਰੰਪਰਾਗਤ ਵਿਹਾਰ ਵਿਚ ਬੱਚੇ ਨੂੰ ਰੱਬ ਦੀ ਦਾਤ ਜਾਂ ਰੱਬ ਦਾ ਭਾਣਾ ਹੀ ਮੰਨ ਲਿਆ ਜਾਂਦਾ ਸੀ ਅਤੇ ਜ਼ਿੰਦਗੀ ਭਰ ਮਨੁੱਖ ਇਸ ਸੰਤਾਪ ਨੂੰ ਹੰਢਾਉਂਦੇ ਹੋਏ ਆਪਣੀ ਉਮਰ ਤੋਂ ਪਹਿਲਾਂ ਹੀ ਆਪਣੀ ਅਉਧ ਨੂੰ ਵਿਹਾ ਜਾਂਦੇ ਸਨ। ਪਰ ਇਸ ਖੋਜ ਨੇ ਸਦੀਆਂ ਤੋਂ ਚੱਲੇ ਆ ਰਹੇ ਉਦਾਸ ਮਨੁੱਖ ਦੇ ਚਿਹਰੇ ’ਤੇ ਅਜਿਹਾ ਖੇੜਾ ਲੈ ਆਂਦਾ ਹੈ ਜੋ ਉਸ ਦੇ ਭਵਿੱਖ ਨੂੰ ਨਵੀਆਂ ਸੰਭਾਵਨਾਵਾਂ ਵਿਚ ਲੈ ਜਾਂਦਾ ਹੈ।
ਡਾ. ਗੁਰੂਮੇਲ ਨੇ ਬੱਚੇ ਦੇ ਪੈਦਾ ਹੋਣ ਦੀ ਵਿਗਿਆਨਕ ਪ੍ਰਕਿਰਿਆ ਨੂੰ ਵਾਸਤਵਿਕ ਰੂਪ ਵਿਚ ਸਮਝ ਕੇ ਦ੍ਰਿਸ਼ਟਾਂਤਕ ਰੂਪ ਵਿਚ ਪੇਸ਼ ਕੀਤਾ ਹੈ। ਇਸ ਦੀ ਪੇਸ਼ਕਾਰੀ ਲਈ ਉਸ ਨੇ ਚਾਰ ਪਾਤਰਾਂ ਦੀ ਸਿਰਜਣਾ ਕੀਤੀ ਹੈ। ਇਸ ਵਿਚ ਦੋ ਪਾਤਰ ਮਾਨਵੀ ਹੋਂਦ ਵਾਲੇ ਹਨ ਅਤੇ ਬਾਕੀ ਦੇ ਦੋ ਕਿਰਦਾਰਾਂ ਨੂੰ ਕਵੀ ਨੇ ਬੌਧਿਕ ਰੂਪ ਵਿਚ ਉਜਾਗਰ ਕੀਤਾ ਹੈ। ਕਾਵਿ-ਨਾਟਕ ਵਿਚ ਪੇਸ਼ ਹੋਇਆ ਵਿਸ਼ਾ ਵਰਜਨਾ ਵਾਲਾ ਹੈ ਜਿਸ ਨੂੰ ਖੁੱਲ੍ਹੇ ਰੂਪ ਵਿਚ ਪੇਸ਼ ਕਰਨ ਨਾਲ ਇਹ ਅਸ਼ਲੀਲਤਾ ਦਾ ਰੂਪ ਅਖ਼ਤਿਆਰ ਕਰ ਸਕਦਾ ਹੈ। ਇਸ ਲਈ ਉਸ ਨੇ ਇਸ ਨੂੰ ਸਦਾਚਾਰਕ ਅਤੇ ਨੈਤਿਕਤਾ ਦੇ ਵਿਧੀ ਵਿਧਾਨ ਅਨੁਸਾਰ ਮਿਆਰੀਕਰਨ ਦਾ ਰੂਪ ਪ੍ਰਦਾਨ ਕੀਤਾ ਹੈ। ਉਦਾਹਰਣ ਦੇ ਤੌਰ ’ਤੇ ਹੇਠ ਲਿਖੀਆਂ ਸਤਰਾਂ ਵਿਚ ਲੇਖਕ ਦੀ ਸਦਾਚਾਰਕ ਯੋਗਤਾ ਨੂੰ ਵੇਖਿਆ ਜਾ ਸਕਦਾ ਹੈ :
ਸਪਰਮ: ਮੈਂ ਪਿੱਤਰਾਂ ਦੀ
ਨਰ ਵਿਚ ਸਾਂਭੀ
ਅਰਧ ਵਸੀਹਤ।
ਗਰਭ ਬੀਜ: ਮੈਂ ਪਿੱਤਰਾਂ ਦੀ
ਮਾਂ ਵਿਚ ਦੱਬੀ
ਅਰਧ ਵਸੀਅਤ।
ਸਪਰਮ ਤੇ ਗਰਭ ਬੀਜ: ਸਾਡੇ ਬਿਣਸ ਜਾਣ ਤੋਂ ਪਹਿਲਾਂ
ਸਾਡਾ ਮੇਲ ਕਰਾਓ…
ਜੇ ਹੋਵੇ ਪਿਓ ਦੀ ਮਜਬੂਰੀ
ਤਾਂ ਕੋਈ ਸੁੱਤਾ ਕਾਮ ਜਗਾਓ
ਕਿਧਰੇ ਔਂਤਰਿਆਂ ਮਰ ਜਾਈਏ
ਸਾਡਾ ਅੰਕੁਰ ਬੂਟ ਬਣਾਓ।
ਡਾ. ਗੁਰੂਮੇਲ ਦੀ ਸਾਰੀ ਵਿਦਿਆ ਜੀਵ ਵਿਗਿਆਨ ਨਾਲ ਸਬੰਧਿਤ ਹੈ। ਉਹ ਖ਼ੁਦ ਇਸ ਵਿਸ਼ੇ ਨਾਲ ਵਿਸ਼ੇਸ਼ਗ ਦੇ ਤੌਰ ’ਤੇ ਪਿਛਲੇ ਕਈ ਵਰ੍ਹਿਆਂ ਤੋਂ ਜੁੜਿਆ ਹੋਇਆ ਹੈ। ਇਸ ਕਰਕੇ ਜਦੋਂ ਹੀ ਇਸ ਖੇਤਰ ਵਿਚ ਮਹੱਤਵਪੂਰਨ ਖੋਜ ਸਾਹਮਣੇ ਆਈ ਤਾਂ ਉਸ ਨੇ ਇਸ ਵਿਸ਼ੇ ਨੂੰ ਕਾਵਿਕ ਰੂਪ ਵਿਚ ਢਾਲਣ ਦਾ ਸੁਯਤਨ ਕੀਤਾ ਹੈ। ਇਹ ਜਾਗਰੂਕਤਾ ਡਾ. ਗੁਰੂਮੇਲ ਦੇ ਚਿੰਤਨ ਦਾ ਸਹਿਜ ਅੰਗ ਹੈ। ਕਾਵਿ-ਨਾਟਕ ਦੇ ਅਗਲੇ ਹਿੱਸੇ ਵਿਚ ਮਾਂ ਅਤੇ ਬਾਪ ਪਾਤਰਾਂ ਦੇ ਆਪਸੀ ਸੰਵਾਦ ਰਾਹੀਂ ਮਨੁੱਖੀ ਅਵਚੇਤਨ ਵਿਚ ਸਮਾਈਆਂ ਹੋਈਆਂ ਰੀਝਾਂ, ਸੱਧਰਾਂ ਤੇ ਇੱਛਾਵਾਂ ਆਦਿ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਉਸ ਦੇ ਦੋਹਰੇ ਰੂਪ ਸਾਹਮਣੇ ਆਉਂਦੇ ਹਨ। ਇਕ ਪਾਸੇ ਬੱਚੇ ਦੀ ਅਣਹੋਂਦ ਨਾਲ ਮਾਨਵੀ ਜੀਵਨ ਦਾ ਅਧੂਰਾਪਨ ਉਜਾਗਰ ਹੁੰਦਾ ਹੈ ਅਤੇ ਦੂਸਰੇ ਪਾਸੇ ‘ਹਰਿਆ ਨੀਂ ਮਾਏ, ਹਰਿਆ ਨੀਂ ਭੈਣੇ, ਹਰਿਆ ਤਾਂ ਭਾਗੀਂ ਭਰਿਆ’ ਦੀ ਆਮਦ ਨਾਲ ਮਨੁੱਖੀ ਜੀਵਨ ਵਿਚ ਸੋਕੇ ਦੀ ਜਗ੍ਹਾ ਹਰਿਆਵਲ ਅਤੇ ਰਮਣੀਕਤਾ ਵਾਲਾ ਮਾਹੌਲ ਸਾਕਾਰ ਹੁੰਦਾ ਹੈ। ਦੁਨੀਆਂ ਦਾ ਕੋਈ ਵੀ ਮਨੁੱਖ ਆਪਣੇ ਅਧੂਰੇ ਸੁਪਨਿਆਂ ਨੂੰ ਲੈ ਕੇ ਜੀਵਨ ਤੋਂ ਵਿਦਾ ਨਹੀਂ ਹੋਣਾ ਚਾਹੁੰਦਾ। ਹਰ ਹਾਲਤ ਵਿਚ ਮਨੁੱਖ ਆਪਣੇ ਸੁਪਨਿਆਂ ਨੂੰ ਪੂਰੇ ਹੁੰਦਿਆਂ ਵੇਖਣਾ ਚਾਹੁੰਦਾ ਹੈ। ਜਦੋਂ ਤਕ ਮਨੁੱਖ ਨੂੰ ਜੀਵਨ ਵਿਚ ਇਸ ਕਾਢ ਦੀ ਲੱਭਤ ਨਹੀਂ ਸੀ ਹੋਈ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਸ਼ਵਾਸ ਦੀਆਂ ਸਾਰੀਆਂ ਸੰਭਾਵਨਾਵਾਂ ਵਿਚ ਵਿਚਰਦਾ ਰਹਿੰਦਾ ਸੀ। ਪੰਜਾਬੀ ਫੋਕਲੋਰ ਵਿਚੋਂ ਇਸ ਦੇ ਅਨੇਕਾਂ ਹਵਾਲੇ ਪੇਸ਼ ਕੀਤੇ ਜਾ ਸਕਦੇ ਹਨ। ਇਸ ਕਰਕੇ ਮਨੁੱਖ ਸਦੀਆਂ ਤੋਂ ਧਾਰਮਿਕਤਾ ਦੇ ਖੇਤਰ ਵਿਚ ਪ੍ਰਵੇਸ਼ ਕਰਦਾ ਰਿਹਾ ਹੈ। ਜਦੋਂ ਹੀ ਮਨੁੱਖ ਨੂੰ ਵਿਗਿਆਨਕ ਲੱਭਤ ਹਾਸਲ ਹੁੰਦੀ ਹੈ ਤਾਂ ਉਹ ਧਾਰਮਿਕਤਾ ਦੇ ਖੇਤਰ ਵਿਚੋਂ ਨਿਕਲ ਕੇ ਤਰਕ ਅਤੇ ਆਧੁਨਿਕਤਾ ਦੇ ਖੇਤਰ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਵਿਸ਼ਵ ਦੇ ਲਗਭਗ ਹਰ ਖੇਤਰ ਵਿਚ ਘਰ, ਪਰਿਵਾਰ, ਸਮਾਜ ਅਤੇ ਸੱਭਿਆਚਾਰ ਵਿਚ ਔਰਤ ਦਾ ਮਾਣ-ਸਤਿਕਾਰ ਤਾਂ ਹੀ ਬਣਦਾ ਹੈ, ਜੇ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਸੰਤਾਨ ਪੈਦਾ ਕਰਨ ਦੇ ਯੋਗ ਹੋ ਜਾਂਦੀ ਹੈ। ਜੇਕਰ ਉਹ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਹੁੰਦੀ ਤਾਂ ਉਸ ਦਾ ਸਮਾਜ-ਸੱਭਿਆਚਾਰ ਵਿਚ ਨਿਰਾਦਰ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਆਲੇ-ਦੁਆਲੇ ਵਿਚ ਉਸ ਔਰਤ ਨੂੰ ਅਸਵੀਕਾਰ ਕਰ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿਚ ਘਿਰੀ ਹੋਈ ਔਰਤ ਧਾਰਮਿਕ ਵਿਸ਼ਵਾਸਾਂ ਅਤੇ ਸਮਾਜ-ਸੱਭਿਆਚਾਰ ਵਿਚ ਚੱਲ ਰਹੀਆਂ ਬੱਚਾ ਪ੍ਰਾਪਤ ਕਰਨ ਦੀਆਂ ਰਵਾਇਤਾਂ ਅਤੇ ਸੁਵਿਧਾਵਾਂ ਨੂੰ ਹਾਸਲ ਕਰਨ ਦਾ ਹਰ ਹੀਲਾ ਵਸੀਲਾ ਕਰਦੀ ਹੈ, ਪਰ ਇਹ ਸਾਰੇ ਹੀਲੇ ਵਸੀਲੇ ਅਜਿਹੇ ਹਨ ਜਿਨ੍ਹਾਂ ਨਾਲ ਔਰਤ ਨੂੰ ਸੰਦੇਹਸ਼ੀਲ ਬਿਰਤੀ ਨਾਲ ਦੇਖਿਆ ਜਾਂਦਾ ਹੈ। ਇਸ ਕਰਕੇ ਹਰ ਸੰਤਾਨਹੀਨ ਜੋੜਾ ਪਰੰਪਰਾਗਤ ਤੌਰ ’ਤੇ ਸੰਤਾਨ ਪ੍ਰਾਪਤ ਕਰਨ ਦੀਆਂ ਯੋਜਨਾਵਾਂ ਨੂੰ ਅਪਣਾਊਂਦਾ ਹੈ ਤਾਂ ਉਸ ਦੇ ਨਾਲ ਉਸ ਦੇ ਨਕਾਰਾਤਮਕ ਪਹਿਲੂ ਸਹਿਜੇ ਹੀ ਸ਼ਾਮਲ ਹੋ ਜਾਂਦੇ ਹਨ। ਉਦਾਹਰਣ ਦੇ ਤੌਰ ’ਤੇ ਬਾਹਰੋਂ ਪ੍ਰਾਪਤ ਕੀਤੀ ਹੋਈ ਸੰਤਾਨ ਪਤੀ-ਪਤਨੀ ਦੀ ਵਿਆਹੁਤਾ ਜ਼ਿੰਦਗੀ ਦੀ ਪਾਕ ਪਵਿੱਤਰਤਾ ਦੇ ਨਜ਼ਰੀਏ ਤੋਂ ਦਾਗ਼ੀ ਹੋ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਬੱਚੇ ਦੇ ਜਨਮ ਨਾਲ ਔਰਤ ਦਾ ਪੁਨਰ ਜਨਮ ਹੁੰਦਾ ਹੈ। ਪੁਰਾਤਨ ਸਮਿਆਂ ਵਿਚ ਤਾਂ ਇਹ ਕਥਨ ਕਾਫ਼ੀ ਦਰੁੱਸਤ ਸੀ ਕਿਉਂਕਿ ਅਕਸਰ ਹੀ ਜਣੇਪੇ ਦੀ ਪ੍ਰਕਿਰਿਆ ਦੌਰਾਨ ਕਈ ਵਾਰ ਔਰਤਾਂ ਦਾ ਜੀਵਨ ਖ਼ਤਮ ਹੀ ਹੋ ਜਾਂਦਾ ਸੀ, ਪਰ ਅਜੋਕੇ ਯੁੱਗ ਵਿਚ ਵਿਗਿਆਨ ਦੀ ਆਮਦ ਨਾਲ ਜਣੇਪੇ ਦਾ ਕਾਰਜ ਸੁਖਾਲਾ ਤੇ ਸੰਭਵ ਹੋ ਗਿਆ ਹੈ। ਪਰ ਬਾਂਝਪਣ ਔਰਤ ਫਿਰ ਵੀ ਨਹੀਂ ਚਾਹੁੰਦੀ ਕਿ ਉਹ ਪੁਨਰ ਜਨਮ ਨੂੰ ਹੰਢਾਏ ਬਿਨਾਂ ਹੀ ਦੁਨੀਆਂ ਤੋਂ ਵਿਦਾ ਹੋ ਜਾਵੇ। ਪੰਜਾਬੀ ਮਾਨਸਿਕਤਾ ਵਿਚ ਇਸ ਗੱਲ ਨਾਲ ਵੀ ਵਧੇਰੇ ਸੰਤੁਸ਼ਟੀ ਨਹੀਂ ਹੁੰਦੀ ਜਦੋਂ ਤਕ ਕੋਈ ਸੰਤਾਨਹੀਨ ਜੋੜਾ ਪਰਾਏ ਬੱਚੇ ਨੂੰ ਗੋਦ ਲੈ ਲੈਂਦਾ ਹੈ। ਪੰਜਾਬੀ ਸੱਭਿਆਚਾਰ ਵਿਚ ਅਜਿਹੇ ਸੰਤਾਨਹੀਣ ਜੋੜਿਆਂ ਦੇ ਮਨਾਂ ਵਿਚ ਇਕ ਅਜਿਹਾ ਵਿਸ਼ਵਾਸ ਬੈਠਾ ਹੋਇਆ ਹੈ ਜਿਸ ਰਾਹੀਂ ਪਰਾਏ ਬੱਚੇ ਨੂੰ ਗੋਦ ਲੈਣ ਨਾਲ ਉਨ੍ਹਾਂ ਨੂੰ ਹੁਲਾਸ ਪ੍ਰਾਪਤ ਨਹੀਂ ਹੁੰਦਾ ਕਿਊਂਕਿ ਉਹ ਪਰਾਇਆ ਖ਼ੂਨ ਹੁੰਦਾ ਹੈ। ਹਰ ਸੰਤਾਨਹੀਨ ਜੋੜਾ ਆਪਣੇ ਹੀ ਖ਼ੂਨ ਰਾਹੀਂ ਪੈਦਾ ਕੀਤੇ ਹੋਏ ਬੱਚੇ ਦੀ ਲੋਚਾ ਕਰਦਾ ਹੈ ਤਾਂ ਹੀ ਉਸ ਨੂੰ ਸਮਾਜ-ਸੱਭਿਆਚਾਰ ਵਿਚ ਮਾਨਤਾ ਹਾਸਲ ਹੁੰਦੀ ਹੈ। ਗੋਦ ਲਿਆ ਹੋਇਆ ਬੱਚਾ ਵੀ ਆਖਰ ਇਕ ਦਿਨ ਸਮਝਣ ਲੱਗ ਪੈਂਦਾ ਹੈ ਕਿ ਇਹ ਮਾਤਾ-ਪਿਤਾ ਮੇਰੇ ਅਸਲੀ ਮਾਤਾ-ਪਿਤਾ ਨਹੀਂ ਹਨ। ਬੱਚਿਆਂ ਅਤੇ ਮਾਪਿਆਂ ਦੇ ਮਨਾਂ ਵਿਚ ਕਿਤੇ ਨਾ ਕਿਤੇ ਪਿਆਰ-ਸਤਿਕਾਰ ਦੀ ਜਗ੍ਹਾ ਵਿਤਕਰੇ-ਵਖਰੇਵੇਂ ਦੇ ਭਾਵ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਨਾਲ ਅਜਿਹੇ ਪਰਿਵਾਰਾਂ ਦਾ ਜੀਵਨ ਵਿਸ਼ਾਦਮਈ ਬਣ ਜਾਂਦਾ ਹੈ।
ਸੋ ਅੰਤ ਵਿਚ ਆਖਿਆ ਜਾ ਸਕਦਾ ਹੈ ਕਿ ਡਾ. ਗੁਰੂਮੇਲ ਇਕ ਬਹੁਤ ਹੀ ਸੂਝਵਾਨ ਤੇ ਸੂਖਮ ਬੁੱਧੀ ਦਾ ਮਾਲਕ ਹੈ ਜਿਸ ਨੇ ਵਿਗਿਆਨ ਦੀਆਂ ਨਵੀਨ ਤਕਨੀਕਾਂ ਰਾਹੀਂ ਸੰਤਾਨ ਪੈਦਾ ਕਰਨ ਦੀ ਵਿਧੀ ਨੂੰ ਦਰੁੱਸਤ ਠਹਿਰਾਇਆ ਹੈ। ਇਸ ਖੋਜ ਤੋਂ ਪਹਿਲਾਂ ਭਾਵੇਂ ਸੈਂਕੜੇ ਹੀਲੇ-ਵਸੀਲੇ ਕੀਤੇ ਜਾਂਦੇ ਸਨ, ਪਰ ਇਹ ਸਾਰੇ ਸਮਾਜ-ਸੱਭਿਆਚਾਰ ਵਿਚ ਆਪਣੀ ਹਸਤੀ ਕਾਇਮ ਨਹੀਂ ਕਰ ਸਕੇ। ਵਿਗਿਆਨ ਦੀ ਇਸ ਕਾਢ ਨਾਲ ਸੰਤਾਨਹੀਣੇ ਮਾਪਿਆਂ ਨੂੰ ਸਮਾਜ-ਸੱਭਿਆਚਾਰ ਦੀਆਂ ਦੁਸ਼ਵਾਰੀਆਂ ਤੋਂ ਰਾਹਤ ਮਿਲ ਗਈ ਹੈ ਅਤੇ ਸੰਤਾਨਹੀਣੇ ਜੋੜਿਆਂ ਦਾ ਪੈਦਾ ਹੋਇਆ ਬੱਚਾ ਇਨ੍ਹਾਂ ਜੋੜਿਆਂ ਨੂੰ ਅਥਾਹ ਮਾਨਸਿਕ ਸੰਤੁਸ਼ਟੀ ਪ੍ਰਦਾਨ ਕਰਦਾ ਹੈ:
ਏਦਾਂ ਕੁੱਖੋਂ ਜਣਿਆ ਬੱਚਾ
ਟੈਸਟ ਟਿਊਬ ਬੇਬੀ ਕਹਿਲਾਵੇ
ਅੰਗ ਭੋਗ ਸੰਗ ਜਣਿਆ ਵਾਕੁਰ
ਗੂਠਾ ਚੁੰਘੇ ਹੱਸੇ ਗਾਵੇ।
ਭਾਵੇਂ ਪੰਜਾਬੀ ਸਾਹਿਤ ਵਿਚ ਕਾਵਿ-ਨਾਟਕ ਦੀ ਪਰੰਪਰਾ ਬਹੁਤੀ ਬਲਵਾਨ ਨਜ਼ਰ ਨਹੀਂ ਆਉਂਦੀ, ਪਰ ਇਸ ਦੇ ਬਾਵਜੂਦ ਕਵੀ ਨੇ ਲਘੂ ਆਕਾਰ ਰਾਹੀਂ ਵਿਗਿਆਨਕ ਸਚਾਈ ਨੂੰ ਪੇਸ਼ ਕਰਕੇ ਇਸ ਰੂਪਾਕਾਰ ਦੀ ਯੋਗਤਾ ਵਿਚ ਨਿੱਗਰ ਵਾਧਾ ਕੀਤਾ ਹੈ।
ਸੰਪਰਕ: 98552-04102