ਸੁਰਮੀਤ ਦੇ ਇੱਥੋਂ ਤੱਕ ਪਹੁੰਚਣ ਲਈ ਬਣੇ ਸਬੱਬਾਂ ਵਾਲੀ ਰੀਲ੍ਹ ਮੇਰੀਆਂ ਅੱਖਾਂ ਮੂਹਰੇ ਘੁੰਮਣ ਲੱਗੀ। ਚਾਰ ਸਾਲ ਪਹਿਲਾਂ ਮੈਨੂੰ ਟਾਈਮ ਦਾ ਭੁਲੇਖਾ ਲੱਗਣਾ, ਫਰੇਜ਼ਰ ਵਾਲੀ ਸ਼ਿੱਪ ਯਾਰਡ ਦਾ ਚੇਤਾ ਆਉਣਾ, ਜ਼ਿੰਦਗੀ ਤੋਂ ਨਿਰਾਸ਼ ਹੋਏ ਸੁਰਮੀਤ ’ਤੇ ਨਜ਼ਰ ਪੈ ਕੇ ਉਸ ਨੂੰ ਦਰਿਆ ਵਿੱਚ ਛਾਲ ਮਾਰਨ ਤੋਂ ਪਹਿਲਾਂ ਸਾਂਭ ਲੈਣਾ। ਇਹ ਸਾਰੇ ਸਬੱਬ ਹੀ ਤਾਂ ਸਨ। ਫਿਰ ਤੋਂ ਜ਼ਿੰਦਗੀ ਦੀ ਲੀਹੇ ਚੜ੍ਹੇ ਸੁਰਮੀਤ ਨੂੰ ਚੰਗੀ ਮਕਾਨ ਮਾਲਕਣ ਮਿਲਣੀ, ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਅੰਮਾ ਦਾ ਮਾਲਕਣ ਨਾਲ ਮੇਲ ਤੇ ਸੁਰਮੀਤ ਨੂੰ ਉਸ ਵਿੱਚੋਂ ਮਾਂ ਦਿਸ ਪੈਣੀ। ਇਹ ਵੀ ਤਾਂ ਸੁਰਮੀਤ ਦੀ ਨੇਕ ਨੀਅਤ ਨੂੰ ਕੁਦਰਤੀ ਮੁਰਾਦਾਂ ਦੇ ਸਬੱਬ ਸਨ।
ਗੁਰਮਲਕੀਅਤ ਸਿੰਘ ਕਾਹਲੋਂ
ਉਸ ਦਿਨ ਮੈਨੂੰ ਸਮੇਂ ਦੀ ਗ਼ਲਤੀ ਲੱਗਣ ਕਰਕੇ ਡਿਊਟੀ ਜਾਣ ਦੇ ਸਮੇਂ ਤੋਂ ਇੱਕ ਘੰਟਾ ਪਹਿਲਾਂ ਘਰੋਂ ਚੱਲਣਾ ਪਿਆ ਸੀ। ਡਿਊਟੀ ਵਾਲੀ ਥਾਂ ਤੋਂ ਕੁਝ ਕਿਲੋਮੀਟਰ ਪਹਿਲਾਂ ਗੈਸ ਸਟੇਸ਼ਨ ਆਉਂਦਾ ਸੀ। ਮੀਟਰ ’ਤੇ ਨਜ਼ਰ ਮਾਰੀ। ਸੂਈ ਕਾਫ਼ੀ ਹੇਠਾਂ ਡਿੱਗੀ ਹੋਈ ਸੀ। ਗੈਸ ਵਾਲੀ ਸੂਈ ਵੱਲ ਵੇਖਦਿਆਂ ਡੈਸ਼ਬੋਰਡ ਵਿਚਲੀ ਘੜੀ ਉੱਤੇ ਨਜ਼ਰ ਪੈ ਗਈ ਤਾਂ ਸਮੇਂ ਦੀ ਗ਼ਲਤੀ ਦਾ ਅਹਿਸਾਸ ਹੋ ਗਿਆ। ਟੈਂਕੀ ਫੁੱਲ ਕਰਾਉਂਦਿਆਂ ਉਸ ਇੱਕ ਘੰਟੇ ਦੀ ਵਰਤੋਂ ਬਾਰੇ ਸੋਚਣ ਲੱਗਾ। ਕੰਮ ਵਾਲੀ ਥਾਂ ਪਹਿਲਾਂ ਪਹੁੰਚਣ ਦੀ ਕੋਈ ਤੁਕ ਨਹੀਂ ਸੀ। ਐਨੀ ਦੂਰ ਘਰ ਵਾਪਸ ਜਾਣਾ ਸਿਆਣਪ ਨਹੀਂ ਸੀ। ਕਈ ਸਾਲਾਂ ਤੋਂ ਸੋਚਦਾ ਹੁੰਦਾ ਸੀ ਕਿ ਐਲੇਕਸ ਬ੍ਰਿਜ ਨੇੜਲੇ ਫਰੇਜ਼ਰ ਸ਼ਿਪਯਾਰਡ ਨੂੰ ਕੋਲ ਜਾ ਕੇ ਵੇਖਾਂ ਕਿ ਜਹਾਜ਼ਾਂ ਵਿੱਚ ਕੰਟੇਨਰ ਕਿਵੇਂ ਲੱਦੇ ਤੇ ਲਾਹੇ ਜਾਂਦੇ ਨੇ, ਪਰ ਮੌਕਾ ਨਹੀਂ ਸੀ ਬਣ ਸਕਿਆ। ਸ਼ਿਪਯਾਰਡ ਉੱਥੋਂ ਬਹੁਤੀ ਦੂਰ ਨਹੀਂ ਸੀ। ਪੰਜ ਮਿੰਟ ਨਾ ਲੱਗੇ ਉੱਥੇ ਪਹੁੰਚਦਿਆਂ। ਵਿਹਲੀ ਜਿਹੀ ਕਾਰ ਪਾਰਕਿੰਗ ਤੋਂ ਪਤਾ ਲੱਗ ਗਿਆ ਕਿ ਅੱਜ ਬਹੁਤੀ ਭੀੜ ਨਹੀਂ ਉੱਥੇ। ਹਾਂ, ਪਰੇ ਯਾਰਡ ਵਿੱਚ ਬਹੁਤ ਸਾਰੇ ਟਰੱਕ ਪਾਰਕ ਕੀਤੇ ਹੋਏ ਦਿਸ ਰਹੇ ਸਨ। ਕੈਨੇਡਾ ਦੇ ਇਸ ਸੁੰਦਰ ਤੇ ਕੁਦਰਤ ਨਾਲ ਇੱਕ-ਮਿੱਕ ਸੂਬੇ ਦੀ ਵਿਸ਼ੇਸ਼ਤਾ ਹੈ ਕਿ ਇੱਥੇ ਪੱਤਝੜ ਤੋਂ ਬਸੰਤ ਤੱਕ ਕਿਣ ਮਿਣ ਹੁੰਦੀ ਰਹਿੰਦੀ ਹੈ। ਉਸ ਦਿਨ ਵੀ ਸਵੇਰ ਤੋਂ ਭੂਰ ਜਿਹੀ ਪੈ ਰਹੀ ਸੀ। ਸੜਕਾਂ ਗਿੱਲੀਆਂ ਸਨ।
ਕਾਰ ਪਾਰਕ ਕਰਕੇ ਤੇ ਛਤਰੀ ਤਾਣ ਦਰਿਆ ਵਾਲੇ ਪਾਸੇ ਤੁਰਨ ਲੱਗਾ ਸੀ ਕਿ 100 ਕੁ ਗਜ਼ ਪਰੇ ਬੁਰਜੀ ’ਤੇ ਬੈਠਾ ਕੋਈ ਦਿਸਿਆ। ਦੂਰੋਂ ਉਹ ਮੈਨੂੰ ਗੋਰਾ ਨਾ ਜਾਪਿਆ। ਗਹੁ ਨਾਲ ਵੇਖਿਆ ਤਾਂ ਪਗੜੀ ਦਿਸ ਪਈ। ਆਪਣਿਆਂ ਪ੍ਰਤੀ ਅਪਣੱਤ ਪੰਜਾਬੀਆਂ ਦੇ ਖੂਨ ਵਿੱਚ ਹੁੰਦੀ ਹੈ। ਇੱਥੇ ਕੀ ਕਰਦਾ ਹੋਊ ? ਮਨ ਵਿੱਚ ਸਵਾਲ ਪੈਦਾ ਹੋਣਾ ਕੁਦਰਤੀ ਸੀ। ਪੈਰ ਆਪਣੇ ਆਪ ਈ ਉੱਧਰ ਨੂੰ ਪੁੱਟੇ ਜਾਣ ਲੱਗੇ। ਥੋੜ੍ਹਾ ਤੇਜ਼ ਤੁਰਦਿਆਂ ਉਸ ਕੋਲ ਪਹੁੰਚਿਆ। ਮੁੰਡੇ ਦੀ ਹਾਲਤ ਠੀਕ ਨਹੀਂ ਸੀ। ਭਿੱਜਣ ਤੋਂ ਬਚਾਅ ਲਈ ਉਹ ਇਮਾਰਤ ਦੇ ਵਾਧਰੇ ਦਾ ਆਸਰਾ ਲੈ ਕੇ ਬੈਠਾ ਸੀ। ਮੇਰੇ ਕਿਸੇ ਸਵਾਲ ਦੇ ਜਵਾਬ ਤੋਂ ਪਹਿਲਾਂ ਈ ਉਸ ਦੇ ਸਬਰ ਦਾ ਪਿਆਲਾ ਉਛਲ ਪਿਆ। ਬਿਨਾਂ ਕੁਝ ਬੋਲੇ ਉਸ ਦੀਆਂ ਅੱਖਾਂ ਵਹਿਣ ਲੱਗੀਆਂ। ਮੈਂ ਹੌਸਲਾ ਦੇ ਕੇ ਉਸ ਨੂੰ ਉਠਾਇਆ ਤੇ ਕਾਰ ਵੱਲ ਲੈ ਗਿਆ। ਕਲਾਵੇ ਵਿੱਚ ਲਿਆ ਤਾਂ ਵੇਖਿਆ ਕਿ ਮੁੰਡਾ ਠਰਿਆ ਪਿਆ ਸੀ। ਪਤਾ ਨਹੀਂ ਕਦੋਂ ਦਾ ਬੈਠਾ ਹੋਊ ਉੱਥੇ ? ਕੱਪੜੇ ਤਾਂ ਗਰਮ ਪਾਏ ਹੋਏ ਸੀ, ਪਰ ਕਈ ਘੰਟਿਆਂ ਤੋਂ ਠੰਢ ਵਿੱਚ ਭੁੱਖਣ ਭਾਣੇ ਬੈਠਣਾ ਤਾਂ ਚੰਗੇ ਭਲੇ ਬੰਦੇ ਨੂੰ ਜ਼ਰਖ਼ ਕਰ ਦਿੰਦਾ। ਮੈਂ ਉਸ ਨੂੰ ਕਾਰ ਵਿੱਚ ਬਹਾਇਆ। ਕਾਰ ਹੈ ਤਾਂ ਪਹਿਲਾਂ ਵੀ ਨਿੱਘੀ ਸੀ, ਫਿਰ ਵੀ ਮੈਂ ਸਟਾਰਟ ਕਰਕੇ ਹੀਟਰ ਥੋੜ੍ਹਾ ਤੇਜ਼ ਕਰ ਦਿੱਤਾ। ਵੇਲੇ ਕੁਵੇਲੇ ਲਈ ਪਿਛਲੀ ਸੀਟ ’ਤੇ ਰੱਖਿਆ ਕੰਬਲ ਖੋਲ੍ਹ ਕੇ ਮੁੰਡੇ ਉੱਤੇ ਦੇ ਦਿੱਤਾ। ਥੋੜ੍ਹਾ ਨਿੱਘਾ ਹੋ ਕੇ ਉਹ ਗੱਲਾਂ ਕਰਨ ਜੋਗਾ ਹੋ ਗਿਆ। ਮੈਨੂੰ ਡੈਕ ਲੋਡਿੰਗ ਵੇਖਣਾ ਭੁੱਲ ਗਿਆ ਸੀ। 2-3 ਕਿਲੋਮੀਟਰ ’ਤੇ ਖਾਣਪੀਣ ਵਾਲਾ ਸਟੋਰ ਸੀ। ਉੱਥੇ ਪਹੁੰਚਕੇ ਕੌਫ਼ੀ ਦਾ ਗਲਾਸ ਤੇ ਖਾਣ ਲਈ ਕੁਝ ਲਿਆ ਕੇ ਉਸ ਨੂੰ ਦਿੱਤਾ। ਉਸ ਦੇ ਠਿਕਾਣੇ ਛੱਡ ਕੇ ਆਉਣ ਦਾ ਮੇਰੇ ਕੋਲ ਸਮਾਂ ਨਹੀਂ ਸੀ ਬਚਿਆ। ਥੋੜ੍ਹੀ ਗੱਲ ਕਰਕੇ ਉਸ ਦਾ ਇਰਾਦਾ ਪੁੱਛਿਆ, ਕਹਿੰਦਾ ਤੁਹਾਡੇ ਨਾਲ ਈ ਚੱਲਦਾਂ, ਤੁਹਾਡੇ ਕੰਮ ਵਾਲੇ ਸਮੇਂ ਕਾਰ ’ਚ ਬੈਠਾ ਰਹਾਂਗਾ।
ਗਰਮ ਕੌਫ਼ੀ ਪੀਣ ਅਤੇ ਕੁਝ ਖਾ ਲੈਣ ਅਤੇ ਨਿੱਘਾ ਹੋ ਕੇ ਮੁੰਡਾ ਹੌਸਲੇ ਵਿੱਚ ਆ ਗਿਆ। ਝਿਜਕ ਵਾਲਾ ਪਰਦਾ ਲਾਹ ਕੇ ਉਹ ਮੇਰੇ ਨਾਲ ਖੁੱਲ੍ਹ ਗਿਆ। ਮੇਰੇ ਵੱਲੋਂ ਬਹੁਤਾ ਕੁਝ ਪੁੱਛਣ ਤੋਂ ਪਹਿਲਾਂ ਉਹ ਆਪੇ ਈ ਪਰਤਾਂ ਖੋਲ੍ਹਣ ਲੱਗ ਪਿਆ।
‘ਅੰਕਲ ਮੇਰਾ ਨਾਂ ਸੁਰਮੀਤ ਸਿੰਘ ਹੈ ਤੇ ਫ਼ਰੀਦਕੋਟ ਨੇੜਲੇ ਪਿੰਡ ਤੋਂ ਆਮ ਜਿਹੇ ਕਿਸਾਨ ਦਾ ਪਲੇਠਾ ਪੁੱਤ ਹਾਂ। ਇੱਕ ਭੈਣ ਤੇ ਭਰਾ ਮੇਰੇ ਤੋਂ ਛੋਟੇ ਨੇ। ਡੇਢ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਪੜ੍ਹਾਈ ਦਾ ਅਖੀਰਲਾ ਸਮੈਟਰ ਰਹਿੰਦਾ। 1600 ਡਾਲਰ ਕਿਰਾਏ ਵਾਲੀ ਦੋ ਕਮਰਿਆਂ ਦੀ ਬੇਸਮੈਂਟ ਵਿੱਚ ਤਿੰਨ ਹੋਰ ਮੁੰਡਿਆਂ ਨਾਲ ਰਹਿ ਰਿਹਾਂ। ਸਾਰੇ ਜਣੇ 400- 400 ਦਿੰਦੇ ਹਾਂ। ਇੱਥੇ ਪਹੁੰਚਣ ਤੋਂ ਦੋ ਕੁ ਮਹੀਨੇ ਬਾਅਦ ਗੋਰੇ ਦੇ ਗੈਸ ਸਟੇਸ਼ਨ ’ਤੇ ਲੱਗ ਗਿਆ ਸੀ। ਕੰਮ ਤਾਂ ਸਖ਼ਤ ਸੀ, ਪਰ ਤਨਖਾਹ ਦਾ ਚੈੱਕ ਵੇਲੇ ਸਿਰ ਮਿਲ ਜਾਂਦਾ ਸੀ। ਮੈਂ ਉਸ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿੱਤਾ। ਦੋ ਸਮੈਸਟਰਾਂ ਦੀ ਫੀਸ ਤਾਂ ਪੰਜਾਬੋਂ ਤੁਰਨ ਲੱਗਿਆ ਜਮਾਂ ਕਰਵਾਈ ਹੋਈ ਸੀ, ਤੀਜੇ ਦੀ ਮੈਂ ਆਪਣੀ ਕਮਾਈ ਵਿੱਚੋਂ ਤਾਰੀ ਸੀ ਤੇ ਮਾਪਿਆਂ ਸਿਰ ਚੜ੍ਹੇ ਕਰਜ਼ੇ ਦਾ ਕੁਝ ਭਾਰ ਹੌਲਾ ਕਰ ਦਿੱਤਾ ਸੀ। ਗੋਰੇ ਨੇ ਕੋਈ ਹੋਰ ਕਾਰੋਬਾਰ ਕਰਨ ਲਈ ਗੈਸ ਸਟੇਸ਼ਨ ਵੇਚ ਦਿੱਤਾ। ਨਵਾਂ ਮਾਲਕ ਆਪਣਿਆਂ ਵਿੱਚੋਂ ਸੀ। ਸੱਚ ਦੱਸਾਂ, ਕੁਝ ਦਿਨ ਮੈਨੂੰ ਚਾਅ ਜਿਹਾ ਰਿਹਾ ਕਿ ਚਲੋਂ ਆਪਣਾ ਬੰਦਾ ਹੈ। ਉਦੋਂ ਤੱਕ ਮੇਰਾ ਮੰਨਣਾ ਸੀ ਕਿ ਆਪਣੇ ਜ਼ਰੂਰ ਆਪਣਿਆਂ ਬਾਰੇ ਚੰਗਾ ਸੋਚਦੇ ਨੇ। ਪਰ ਉਸ ਨੇ ਹਫ਼ਤੇ ਬਾਅਦ ਈ ਤਨਖਾਹ ਵਧਾਉਣ ਦੀ ਥਾਂ ਘੰਟੇ ਦੇ ਦੋ ਡਾਲਰ ਘੱਟ ਲੈਣ ਜਾਂ ਹੋਰ ਥਾਂ ਕੰਮ ਲੱਭਣ ਲਈ ਕਹਿ ਕੇ ਮੇਰੀ ਆਪਣਿਆਂ ਵਾਲੀ ਅਪਣੱਤ ਉੱਤੇ ਪੋਚਾ ਫੇਰ ਦਿੱਤਾ। ਪਹਿਲਾਂ ਈ ਚੈੱਕ ਦੋ ਹਫ਼ਤੇ ਦੇਰੀ ਨਾਲ ਦੇਣ ਤੋਂ ਮੈਂ ਸਮਝ ਗਿਆ ਕਿ ਇੱਥੇ ਬਹੁਤੀ ਦੇਰ ਟਿਕਿਆ ਨਹੀਂ ਜਾਣਾ। ਇੱਕ ਦੋਸਤ ਨੇ ਕੰਸਟਰੱਕਸ਼ਨ ਕੰਪਨੀ ਦੇ ਮਾਲਕ ਨਾਲ ਗੱਲ ਕਰਵਾ ਦਿੱਤੀ। ਉਹ ਵੀ ਆਪਣਾ ਈ ਸੀ। ਉਸ ਨੇ ਟ੍ਰੇਨਿੰਗ ਕਹਿ ਕੇ ਦੋ ਹਫ਼ਤੇ ਫਰੀ ਲਵਾ ਲਏ। ਤਨਖਾਹ ਦੀ ਗੱਲ ਮੁਕਾਉਂਦਿਆਂ ਉਸ ਨੇ ਛੇ ਮਹੀਨੇ ਘੱਟੋ ਘੱਟ ਸਰਕਾਰੀ ਰੇਟ ’ਤੇ ਲਾਉਣ ਤੋਂ ਬਾਅਦ 20 ਫੀਸਦ ਤਰੱਕੀ ਦੇਣ ਬਾਰੇ ਕਹਿ ਕੇ ਕੰਮ ਸ਼ੁਰੂ ਕਰਵਾ ਲਿਆ। ਮੈਂ ਤਨ ਮਨ ਨਾਲ ਆਪਣਾ ਸਮਝ ਕੰਮ ਕਰਨ ਲੱਗਾ। ਤੁਹਾਨੂੰ ਪਤਾ ਈ ਆ ਕੰਸਟਰੱਕਸ਼ਨ ਦੇ ਸਾਰੇ ਕੰਮ ਸਖ਼ਤ ਹੁੰਦੇ ਆ, ਪਰ ਮੈਂ ਤਾਂ ਹੱਡ ਭੰਨਵੀਂ ਮਿਹਨਤ ਦਾ ਮਨ ਬਣਾ ਕੇ ਈ ਕੈਨੇਡਾ ਆਇਆ ਸੀ। ਉਸ ਨੇ ਪਹਿਲਾ ਚੈੱਕ ਤਾਂ ਠੀਕ ਸਮੇਂ ਦੇ ਦਿੱਤਾ, ਪਰ ਫਿਰ ਤਰਲੇ ਕਰਵਾ ਕਰਵਾ ਕੇ ਦੇਣ ਲੱਗ ਪਿਆ। ਤਿੰਨ ਮਹੀਨੇ ਕੰਮ ਕਰਵਾ ਕੇ ਉਸ ਨੇ ਕੰਮ ਹੈ ਨਹੀਂ, ਕਹਿਕੇ ਛੁੱਟੀ ਕਰ ਦਿੱਤੀ। ਡੇਢ ਕੁ ਮਹੀਨੇ ਦੀ ਰਹਿੰਦੀ ਤਨਖਾਹ ਦੇਣ ਬਾਰੇ ਕੁਝ ਦਿਨ ਟਾਲਦਾ ਰਿਹਾ ਤੇ ਫਿਰ ਮੁੱਕਰ ਈ ਗਿਆ। ਕੁਝ ਦਿਨ ਵਿਹਲਾ ਰਹਿ ਕੇ ਦੋ ਮਹੀਨੇ ਪਹਿਲਾਂ ਇਸ ਪੇਂਟਰ ਨਾਲ ਲੱਗ ਗਿਆ। ਪਿੱਛੋਂ ਸਾਡੇ ਜ਼ਿਲ੍ਹੇ ਦਾ ਹੋਣ ਕਰਕੇ ਮੈਂ ਸੋਚਿਆ ਕਿ ਹੋਰ ਆਪਣਿਆਂ ਤੋਂ ਕੁਝ ਤਾਂ ਵੱਖਰਾ ਹੋਊ। ਮੇਰੇ ਬਾਪੂ ਦੀ ਪਿੰਡਾਂ ਵਾਲੀ ਜਾਣ ਪਹਿਚਾਣ ਨੇ ਉਸ ’ਤੇ ਭਰੋਸਾ ਬਣਾ ਦਿੱਤਾ। ਪਰ ਇਹ ਤਾਂ ਪਹਿਲੇ ਦੋਵਾਂ ਤੋਂ ਵੀ ਗਰਕ ਗਿਆ। 8 ਹਫ਼ਤਿਆਂ ਦੇ ਕੰਮ ਬਦਲੇ ਇਸ ਨੇ ਦੋ ਹਫ਼ਤਿਆਂ ਦੇ ਪੈਸੇ ਦੇ ਕੇ ਕੰਮ ਤੋਂ ਜਵਾਬ ਦੇ ਦਿੱਤਾ। ਕਈ ਦਿਨਾਂ ਤੋਂ ਰਹਿੰਦੇ ਪੈਸੇ ਦੇਣ ਦੇ ਲਾਰੇ ਲਾ ਰਿਹਾ। ਮੈਥੋਂ ਦੋ ਮਹੀਨਿਆਂ ਤੋਂ ਘਰ ਦਾ ਕਿਰਾਇਆ ਨਹੀਂ ਦੇ ਹੋਇਆ। ਕਈ ਦਿਨਾਂ ਤੋਂ ਤਾਂ ਇਹ ਪੇਂਟਰ ਫੋਨ ਨਹੀਂ ਸੀ ਚੁੱਕਦਾ, ਪਰ ਕੱਲ੍ਹ ਕਿਸੇ ਹੋਰ ਦੇ ਫੋਨ ਤੋਂ ਕੀਤਾ ਤਾਂ ਲਿਹਾਜ ਜਿਹਾ ਜਿਤਾ ਕੇ 9 ਵਜੇ ਇੱਥੇ ਆ ਕੇ ਪੈਸੇ ਲੈ ਜਾਣ ਨੂੰ ਕਿਹਾ। ਮੈਂ ਸਵੇਰੇ ਸਾਢੇ ਅੱਠ ਵਜੇ ਈ ਬੱਸ ’ਤੇ ਪਹੁੰਚ ਗਿਆ ਸੀ। ਉਡੀਕ ਕਰਦੇ ਕਰਦੇ ਦਾ ਆਹ ਹਾਲ ਹੋ ਗਿਆ, ਪਰ ਉਹ ਨਹੀਂ ਆਇਆ। ਬੈਠੇ ਬੈਠੇ ਦੇ ਮਨ ਵਿੱਚ ਦਰਿਆ ਵਿੱਚ ਛਾਲ ਮਾਰਨ ਦਾ ਮਨ ਬਣਾ ਲਿਆ ਸੀ। ਇਹੋ ਜਿਹੇ ਹਾਲਾਤ ਵਿੱਚ ਜਿਉਂਦਾ ਵੀ ’ਤੇ ਨਹੀਂ ਨਾ ਰਿਹਾ ਜਾਂਦਾ। ਤੁਸੀਂ ਨਾ ਆਉਂਦੇ ਤਾਂ ਹੁਣ ਤੱਕ ਮੰਮੀ ਕੋਲ ਪਹੁੰਚ ਗਿਆ ਹੋਣਾ ਸੀ। ਮੈਂ ਨੌਵੀਂ ਵਿੱਚ ਪੜ੍ਹਦਾ ਸੀ ਜਦੋਂ ਕੈਂਸਰ ਮੰਮੀ ਨੂੰ ਦੁਨੀਆ ਤੋਂ ਅੱਗੇ ਲਾ ਕੇ ਲੈ ਗਿਆ ਸੀ…।’ ਤੇ ਅੱਗੋਂ ਉਸ ਦਾ ਗੱਚ ਭਰ ਆਇਆ ਤੇ ਅੱਖਾਂ ਵਹਿਣ ਲੱਗ ਪਈਆਂ।
ਕੰਮ ਵਾਲੀ ਥਾਂ ਪਹੁੰਚ ਕੇ ਮੈਂ ਕਾਰ ਪਾਰਕ ਕਰ ਰਿਹਾ ਸੀ ਕਿ ਕੋਲੋਂ ਲੰਘਦੇ ਦੋਸਤ ਨੇ ਹੱਥ ਹਿਲਾਇਆ। ਇਕਦਮ ਆਏ ਖਿਆਲ ਕਾਰਨ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਨੂੰ ਪਤਾ ਸੀ ਕਿ ਉਹ ਸੁਰਮੀਤ ਦੇ ਘਰ ਦੇ ਕੋਲ ਰਹਿੰਦਾ। ਮੈਂ ਜਲਦੀ ਨਾਲ ਜੇਬ ਵਿੱਚੋਂ ਬਟੂਆ ਕੱਢਿਆ ਤੇ ਜਿੰਨੇ ਡਾਲਰ ਸੀ, ਸਾਰੇ ਸੁਰਮੀਤ ਦੀ ਜੇਬ ਵਿੱਚ ਪਾਏ ਤੇ ਆਪਣਾ ਨੰਬਰ ਲਿਖਵਾ ਕੇ ਉਸ ਨੂੰ ਦੋਸਤ ਨਾਲ ਜਾਣ ਲਈ ਕਿਹਾ। ਘਰ ਪਹੁੰਚ ਕੇ ਮੁੰਡੇ ਨੇ ਪੇਂਟਰ ਦੀ ਕੰਪਨੀ ਦਾ ਪਤਾ ਤੇ ਨੰਬਰ ਲਿਖਵਾ ਦਿੱਤਾ। ਦੂਜੇ ਦਿਨ ਮੈਂ ਫੋਨ ਕਰਕੇ ਕਾਨੂੰਨੀ ਘੁੰਡੀ ਨਾਲ ਪੇਂਟਰ ਨੂੰ ਸੰਘੀਓਂ ਫੜਿਆ ਤਾਂ ਉਸ ਨੇ ਤਰਲੇ ਜਿਹੇ ਨਾਲ ਹਫ਼ਤੇ ਦਾ ਟਾਈਮ ਦੇਣ ਲਈ ਕਿਹਾ। ਚੌਥੇ ਦਿਨ ਮੁੰਡੇ ਨੇ ਦੱਸਿਆ ਕਿ ਪੇਂਟਰ ਘਰ ਆ ਕੇ ਬਣਦੀ ਰਕਮ ਦਾ ਚੈੱਕ ਦੇ ਗਿਆ ਹੈ। ਥੋੜ੍ਹੇ ਦਿਨਾਂ ਬਾਅਦ ਉਸ ਦਾ ਗਰਮਜੋਸ਼ੀ ਵਾਲਾ ਸੁਨੇਹਾ ਸੀ।
‘ਅੰਕਲ ਮੈਨੂੰ … ਵੇਅਰਹਾਊਸ ਵਿੱਚ ਮਿਲਿਆ ਕੰਮ ਦੋ ਦਿਨਾਂ ਵਿੱਚ ਸਿੱਖ ਲੈਣ ਕਰਕੇ ਮੈਨੇਜਰ ਨੇ ਖ਼ੁਸ਼ ਹੋ ਕੇ ਤਨਖਾਹ ਓਨੀ ਲਾ ਦਿੱਤੀ ਐ, ਜਿੰਨੀ ਸਾਡੇ ਵਿੱਚੋਂ ਬਹੁਤੇ ਦੋ ਤਿੰਨ ਸਾਲ ਬਾਅਦ ਹੋਣ ਦੀ ਉਮੀਦ ਕਰਦੇ ਨੇ।’ ਮੈਸੇਜ ਦੇ ਅੱਖਰਾਂ ਵਿੱਚੋਂ ਮੁੰਡੇ ਦੇ ਮਨ ਦੀ ਖ਼ੁਸ਼ੀ ਬੋਲ ਰਹੀ ਸੀ।
ਸੁਰਮੀਤ ਨੂੰ ਆਪਣੀ ਹੱਡਬੀਤੀ ਦੇ ਖਿਲਾਰੇ ਤੋਂ ਵਰਜਣ ਵਾਲੀ ਗੱਲ ਤਾਂ ਉਸ ਨੇ ਯਾਦ ਰੱਖੀ। ਮੈਂ ਉਸ ਦੇ ਮਨੋਂ ਇਹ ਗੱਲ ਕੱਢਣ ਲਈ ਕਈ ਉਦਾਹਰਣਾਂ ਦਿੱਤੀਆਂ ਕਿ ਸਾਰੇ ‘ਆਪਣੇ’ ਬੇਈਮਾਨ ਨਹੀਂ ਹੁੰਦੇ। ਮੈਂ ਉਸ ਨੂੰ ਆਪਣੀ ਕੰਪਨੀ ਦੀ ਮਿਸਾਲ ਦਿੱਤੀ ਕਿ ਇਸ ਦੇ ਮਾਲਕ ਵੀ ਤਾਂ ਆਪਣੇ ਹੀ ਨੇ, ਪਰ ਪਿਛਲੇ ਨੌਂ ਸਾਲਾਂ ਵਿੱਚ ਮੈਨੂੰ ਤਨਖਾਹ ਪੱਖੋਂ ਇੱਕ ਸ਼ਿਕਾਇਤ ਨਹੀਂ। ਸਾਲ ਵਿੱਚ ਤਨਖਾਹਾਂ ਦੇ ਮਿਲਦੇ 26 ਚੈੱਕਾਂ ਵਿੱਚ ਕਦੇ ਇੱਕ ਦਿਨ ਵੀ ਦੇਰੀ ਨਹੀਂ ਹੋਈ। ਉਸ ਨੇ ਮੇਰੇ ਕੋਲ ਇਹ ਅਹਿਦ ਦੁਹਰਾਇਆ ਕਿ ਜੇ ਕਦੇ ਉਸ ਨੂੰ ਕੰਪਨੀ ਬਣਾਉਣ ਦਾ ਮੌਕਾ ਰੱਬ ਨੇ ਦਿੱਤਾ ਤਾਂ ਉਹ ਆਪਣੇ ਪਰਾਏ ਵਾਲਾ ਭੇਦ ਨਹੀਂ ਕਰੇਗਾ ਤੇ ਨਾ ਕਿਸੇ ਦਾ ਪੈਸਾ ਮਾਰੇਗਾ। ਉਂਜ ਵੀ ਉਸ ਨੂੰ ਨਵੀਂ ਨੌਕਰੀ ਰਾਸ ਆ ਗਈ ਹੋਈ ਸੀ। ਇੱਕ ਦਿਨ ਉਸ ਨੇ ਤਾਂਘ ਜਿਹੀ ਜਿਤਾ ਕੇ ਮਿਲਣ ਦਾ ਸਮਾਂ ਮੰਗਿਆ। ਮੈਂ ਅਗਲੇ ਦਿਨ ਆਪਣੀ ਛੁੱਟੀ ਬਾਰੇ ਦੱਸਿਆ। ਕਹਿੰਦਾ ਇਹ ਤਾਂ ਮੇਰੀ ਮੁਰਾਦ ਪੂਰੀ ਹੋਗੀ। ਉਹ ਵੀ ਉਸ ਦਿਨ ਵਿਹਲਾ ਸੀ। ਮੇਰੀ ਸਹੂਲਤ ਅਨੁਸਾਰ ਸਾਡੇ ਘਰ ਨੇੜਲੇ ਪਾਰਕ ਵਿੱਚ ਮਿਲਣ ਦਾ ਸਮਾਂ ਤੈਅ ਕਰ ਲਿਆ ਤੇ ਨਾਲ ਦੀ ਨਾਲ ਕਿਸੇ ਹੋਰ ਨੂੰ ਦੱਸਣ ਲੱਗ ਪਿਆ। ਮੈਨੂੰ ਸੁਣ ਰਹੀ ਦੂਜੀ ਆਵਾਜ਼ ਕਿਸੇ ਔਰਤ ਦੀ ਸੀ। ਅਸਲ ਵਿੱਚ ਉਹ ਕਾਨਫਰੰਸ ਕਾਲ ’ਤੇ ਸੀ ਤੇ ਮੇਰੇ ਨਾਲ ਗੱਲ ਮੁਕਾ ਕੇ ਖ਼ੁਸ਼ੀ ਵਿੱਚ ਮੇਰੀ ਕਾਲ ਕੱਟਣੀ ਭੁੱਲ ਗਿਆ ਸੀ।
ਬੇਸ਼ੱਕ ਕੈਨੇਡਾ ਦੇ ਇਸ ਪੱਛਮੀ ਸੂਬੇ ਵਿੱਚ ਪਸੀਨੇ ਵਾਲੀ ਗਰਮੀ ਤਾਂ ਨਹੀਂ ਪੈਂਦੀ, ਪਰ ਜੂਨ ਜੁਲਾਈ ਨੂੰ ਗਰਮੀ ਦੇ ਮਹੀਨੇ ਮੰਨੇ ਜਾਂਦੇ ਹਨ। ਪਾਰਕ ਦੇ ਹਰੇ ਕਚੂਰ ਤੇ ਕੱਟੇ ਹੋਏ ਘਾਹ ’ਤੇ ਨੰਗੇ ਪੈਰੀਂ ਤੁਰਨਾ ਮੈਨੂੰ ਚੰਗਾ ਲੱਗਦਾ। ਸੁਰਮੀਤ ਨੂੰ ਦਿੱਤੇ ਸਮੇਂ ਤੋਂ ਘੰਟਾ ਪਹਿਲਾਂ ਮੈਂ ਉੱਥੇ ਪਹੁੰਚ ਗਿਆ। ਸੋਚਿਆ ਸੀ ਥੋੜ੍ਹੀ ਸੈਰ ਹੋਜੂ। ਪਰ ਮੇਰੀ ਹੈਰਾਨੀ ਕਿ ਸੁਰਮੀਤ ਮੇਰੇ ਤੋਂ ਪਹਿਲਾਂ ਹੀ ਉੱਥੇ ਸੀ। ਮੈਨੂੰ ਵੇਖਦਿਆਂ ਉਹ ਬੈਂਚ ਤੋਂ ਉੱਠਿਆ ਤੇ ਹੱਥ ਜੋੜਦੇ ਹੋਏ ਸਤਿਕਾਰ ਦਿੱਤਾ। ਉਸੇ ਬੈਂਚ ’ਤੇ ਬੈਠੀ ਬਜ਼ੁਰਗ ਔਰਤ ਵੀ ਉੱਠੀ ਤੇ ਹੱਥ ਜੋੜੇ। ਪਹਿਰਾਵੇ ਤੋਂ ਉਹ ਇਸਲਾਮ ਨਾਲ ਸਬੰਧਤ ਜਾਪਦੀ ਸੀ। ਸੁਰਮੀਤ ਉਸ ਨੂੰ ਅੰਮਾ ਕਹਿਕੇ ਸੰਬੋਧਨ ਕਰ ਰਿਹਾ ਸੀ। ਸੁਰਮੀਤ ਨੂੰ ਪਤਾ ਸੀ ਕਿ ਮੈਨੂੰ ਹਰੇ ਘਾਹ ’ਤੇ ਬੈਠਣਾ ਚੰਗਾ ਲੱਗਦਾ। ਘਾਹ ’ਤੇ ਵਿਛਾਕੇ ਬੈਠਣ ਲਈ ਮੈਂ ਡਬਲ ਸ਼ੀਟ ਲੈ ਕੇ ਜਾਂਦਾ ਹੁੰਦਾ, ਪਰ ਉਸ ਨੇ ਪਹਿਲਾਂ ਈ ਬੈਂਚ ਦੇ ਕੋਲ ਚਾਦਰ ਵਿਛਾਈ ਹੋਈ ਸੀ। ਗੋਡਿਆਂ ਦੀ ਕਿਸੇ ਤਕਲੀਫ਼ ਕਾਰਨ ਔਰਤ ਬੈਂਚ ਉੱਤੇ ਬੈਠ ਗਈ।
ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਸੁਰਮੀਤ ਨੇ ਦੱਸਿਆ ਕਿ ਅੰਮਾ ਦਾ ਨਾਂ ਆਸਿਫਾ ਖ਼ਾਨ ਹੈ ਤੇ ਉਸ ਦਾ ਪਿਛੋਕੜ ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ ਨਾਲ ਹੈ। ਸੁਰਮੀਤ ਨੇ ਆਂਟੀ ਨੂੰ ਆਪਣੀ ਸਮੱਸਿਆ ਦੱਸਣ ਲਈ ਕਿਹਾ। ਬੋਲਚਾਲ ਤੋਂ ਉਹ ਪੜ੍ਹੀ ਲਿਖੀ ਤੇ ਚੰਗੇ ਘਰਾਣੇ ਨਾਲ ਸਬੰਧਤ ਜਾਪੀ। ਕੁਝ ਦੱਸਣ ਦੀ ਤਿਆਰੀ ਦੌਰਾਨ ਉਸ ਦੇ ਚਿਹਰੇ ’ਤੇ ਆਉਂਦੇ ਬਦਲਾਅ ਸੰਕੇਤ ਦਿੰਦੇ ਲੱਗ ਰਹੇ ਸਨ ਕਿ ਉਹ ਕਿਸੇ ਕੁਦਰਤੀ ਕਰੋਪੀ ਨਾਲ ਸਿੱਝ ਰਹੀ ਹੋਵੇਗੀ। ਉਸ ਨੇ ਲੰਮਾ ਜਿਹਾ ਸਾਹ ਲਿਆ ਤੇ ਸੰਵਰਕੇ ਬੈਠਣ ਲਈ ਬੈਂਚ ਦੇ ਕੋਨੇ ਵੱਲ ਨੂੰ ਖਿਸਕੀ ਤਾਂ ਕਿ ਪਿੱਛੇ ਨੂੰ ਢੋਅ ਲਾ ਕੇ ਆਰਾਮ ਨਾਲ ਬੈਠ ਸਕੇ। ਮੈਂ ਉਸ ਨੂੰ ਕਹਿਣਾ ਤਾਂ ਚਾਹਿਆ ਕਿ ਗੱਲ ਛੇਤੀ ਮੁਕਾ ਦੇਵੇ, ਪਰ ਕਹਿ ਨਾ ਸਕਿਆ। ਬਾਅਦ ਵਿੱਚ ਧਿਆਨ ਆਇਆ ਕਿ ਮੇਰੇ ਤੋਂ ਵਿਸਥਾਰ ਨਾਲ ਦੱਸੋ ਕਹਿ ਹੋ ਗਿਆ ਸੀ।
‘ਬਾਈ ਜਾਨ, ਮੇਰੇ ਖਾਵੰਦ ਦੋ ਭਰਾ ਸੀ। ਦੋਵੇਂ ਚੰਗੇ ਪੜ੍ਹੇ ਲਿਖੇ ਤੇ ਲਿਆਕਤ ਵਾਲੇ। ਅੱਲ੍ਹਾ ਦੇ ਫਜ਼ਲ ਨਾਲ ਸਾਰੇ ਸੁੱਖ ਸੀ ਸਾਡੇ ਘਰ। ਉਸ ਦੀ ਰਜ਼ਾ ਸਾਡੇ ਲਈ ਪੱਥਰ ’ਤੇ ਲੀਕ ਹੁੰਦੀ ਸੀ। ਸ਼ੁਕਰਗੁਜ਼ਾਰੀ ਵਿੱਚ ਸਿਰ ਝੁਕਦੇ ਸੀ ਸਾਡੇ। ਕਦੇ ਕੁਝ ਮਾੜਾ ਵਾਪਰ ਜਾਂਦਾ ਤਾਂ ਵੀ ਸਾਡੇ ਤੋਂ ਅੱਲ੍ਹਾ ਨੂੰ ਉਲਾਂਭਾ ਨਹੀਂ ਸੀ ਦੇ ਹੁੰਦਾ। ਫੈਸਲਾਬਾਦ ਦੀ ਦਾਣਾ ਮੰਡੀ ਵਿੱਚ ਸਾਡਾ ਥੋਕ ਦਾ ਕਰਿਆਨਾ ਕਾਰੋਬਾਰ ਸੀ। ਸਾਰਾ ਕੁਝ ਠੀਕ ਠਾਕ ਚੱਲਦਾ ਸੀ। ਮੇਰੇ ਅੱਬਾ ਯਨੀ ਸਹੁਰਾ ਸਾਹਬ ਦਾ ਸ਼ਹਿਰ ਵਿੱਚ ਚੰਗਾ ਨਾਂ ਸੀ। ਮੇਰੇ ਖਾਵੰਦ ਅਤੇ ਅੱਬਾ ਦੁਕਾਨ ’ਤੇ ਬੈਠਦੇ ਸਨ। ਦਿਓਰ ਕੋਲ ਲੈਣ ਦੇਣ, ਸਾਮਾਨ ਦੀ ਖ਼ਰੀਦ ਤੇ ਹੋਰ ਬਾਹਰ ਦੇ ਕੰਮ ਸਨ। ਮੇਰੀ ਦਰਾਣੀ ਨੇ ਅਕਾਊਂਟੈਂਸੀ (ਵਹੀ ਖਾਤੇ) ਦਾ ਕੋਰਸ ਕੀਤਾ ਹੋਇਆ ਸੀ। ਅਸਲ ਵਿੱਚ ਅੱਬਾ ਨੇ ਉਸ ਦਾ ਰਿਸ਼ਤਾ ਕੀਤਾ ਹੀ ਇਸ ਕੋਰਸ ਕਰਕੇ ਸੀ। ਉਨ੍ਹਾਂ ਦੀ ਸੋਚ ਸੀ ਕਿ ਵਹੀ ਖਾਤੇ ਪਰਦੇ ਹੇਠ ਤੇ ਘਰਦਿਆਂ ਕੋਲ ਰਹਿਣ ਤਾਂ ਬਿਗਾਨਿਆਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਪਰੇਸ਼ਾਨੀਆਂ ਤੋਂ ਬਚੇ ਰਹੀਦਾ। ਰਜ਼ੀਆ ਹੈ ਵੀ ਤਾਂ ਮੇਰੀ ਅੰਮੀ ਯਾਨੀ ਸੱਸ ਦੀ ਭਾਣਜੀ ਸੀ। ਤੁਹਾਨੂੰ ਪਤਾ ਰਿਸ਼ਤੇਦਾਰੀ ਵਿੱਚ ਆਪਣਿਆਂ ਵਰਗੀ ਖਿੱਚ ਤੇ ਲਗਾਅ ਕੁਦਰਤੀ ਹੋ ਜਾਂਦਾ। ਅਸੀਂ ਆਪ ਮੰਗ ਕੇ ਲਿਆ ਸੀ ਰਜ਼ੀਆ ਦਾ ਰਿਸ਼ਤਾ। ਪੁਲੀਸ ਵਿੱਚ ਹੋਣ ਕਰਕੇ ਬੜੇ ਨਖਰੇ ਜਿਹੇ ਕਰਕੇ ਹਾਂ ਕੀਤੀ ਸੀ ਉਸ ਦੇ ਅੱਬਾ ਨੇ।’ ਇੰਨਾ ਕੁ ਦੱਸ ਕੇ ਉਹ ਰੁਕੀ, ਜਿਵੇਂ ਅਤੀਤ ਦੀ ਪੀੜ ਨੂੰ ਸਹਿਣ ਦਾ ਯਤਨ ਕਰ ਰਹੀ ਹੋਵੇ। ਦੋ ਕੁ ਮਿੰਟ ਬਾਅਦ ਉਸ ਨੇ ਗੱਲ ਦੀ ਲੜੀ ਜੋੜੀ।
‘ਸਾਡੇ ਘਰ ਆਉਣ ਤੋਂ ਥੋੜ੍ਹੇ ਦਿਨਾਂ ਬਾਅਦ ਰਜ਼ੀਆ ਆਪਣੀ ਔਕਾਤ ਵਿਖਾਉਣ ਲੱਗ ਪਈ ਸੀ। ਕੰਮ ਤੋਂ ਕਦੇ ਵੀ ਲੇਟ ਨਾ ਹੋਣ ਵਾਲਾ ਮੇਰਾ ਦਿਓਰ ਸਵੇਰ ਨੂੰ ਘੰਟਾ-ਘੰਟਾ ਲੇਟ ਤੇ ਰਾਤ ਨੂੰ ਡੇਢ ਦੋ ਘੰਟੇ ਪਹਿਲਾਂ ਘਰ ਆਉਣ ਲੱਗ ਪਿਆ। ਪਹਿਲਾਂ ਤਾਂ ਉਹ ਝਿੜਕਾਂ ਖਾ ਲੈਂਦਾ, ਪਰ ਸੱਚ ਬੋਲਣੋ ਨਹੀਂ ਸੀ ਟਲਦਾ ਹੁੰਦਾ, ਪਰ ਵਿਆਹ ਤੋਂ ਬਾਅਦ ਉਹ ਝੂਠ ਬੋਲ ਕੇ ਸੱਚਾ ਬਣਨ ਲੱਗ ਪਿਆ। ਪਹਿਲਾਂ ਹਰ ਮਹੀਨੇ ਦੁਕਾਨ ਵਿੱਚ ਹੁੰਦਾ ਵਾਧਾ ਉਸ ਦੇ ਵਿਆਹ ਬਾਅਦ ਘਾਟੇ ਵਿੱਚ ਜਾਣ ਲੱਗ ਪਿਆ। ਮਸੀਂ ਸਾਲ ਕੁ ਲੰਘਿਆ ਹੋਊ ਉਸ ਦੇ ਵਿਆਹ ਨੂੰ, ਦੁਕਾਨ ਦਾ ਕਾਰੋਬਾਰ ਕਰਜ਼ਾਈ ਹੋਣ ਲੱਗ ਪਿਆ। ਅੱਬਾ ਨੇ ਤਾਂ ਪਹਿਲੇ ਦੋ ਤਿੰਨ ਮਹੀਨਿਆਂ ਵਿੱਚ ਤਾੜ ਲਿਆ ਸੀ ਕਿ ਵੱਟਕ ਵਧਣ ਦੇ ਬਾਵਜੂਦ ਮੁਨਾਫਾ ਖੁੱਡਾਂ ਵਿੱਚ ਪੈਣ ਲੱਗ ਪਿਆ ਹੈ। ਪਰ ਉਸ ਨੇ ਮੇਰੇ ਖਾਵੰਦ ਕੋਲ ਆਪਣਾ ਮਨ ਨਾ ਫਰੋਲਿਆ। ਸੋਚਦਾ ਹੋਊ, ਕਿਉਂ ਭਰਾਵਾਂ ਵਿੱਚ ਤਰੇੜ ਪਾਉਣੀ ਐ, ਸ਼ਾਇਦ ਅਕਲ ਪਰਤ ਆਵੇ ? ਪਰ ਬਾਈ ਜਾਨ ਅਕਲ ਵੀ ਤੇ ਤਾਂ ਈ ਆਉਂਦੀ ਆ ਜੇ ਗ਼ਲਤੀਆਂ ਸਹਬਿਨ ਹੋਈਆਂ ਹੋਣ। ਉਹ ਤਾਂ ਕਾਰੋਬਾਰ ਹੜੱਪਣ ਲਈ ਵੱਡੀਆਂ ਸਕੀਮਾਂ ਬਣਾਈ ਬੈਠੇ ਸੀ। ਉਸੇ ਗ਼ਮ ਵਿੱਚ ਸਾਡੇ ਅੱਬਾ ਤੇ ਅੰਮੀ ਅੱਗੜ ਪਿੱਛੜ ਅੱਲ੍ਹਾ ਨੂੰ ਪਿਆਰੇ ਹੋ ਗਏ। ਮੇਰਾ ਦਿਓਰ ਵੱਡੇ ਭਰਾ ਯਾਨੀ ਮੇਰੇ ਖਾਵੰਦ ਨਾਲ ਕਲੇਸ਼ ਕਰਨ ਲੱਗ ਪਿਆ। ਸਬਰ ਸੰਤੋਖ ਵਾਲਾ ਬੰਦਾ ਕਦੋਂ ਤੱਕ ਬੇਇੱਜ਼ਤੀ ਬਰਦਾਸ਼ਤ ਕਰ ਸਕਦਾ ? ਵੰਡ ਵੰਡਾਈ ਵਿੱਚ ਦੁਕਾਨ ਤੇ ਘਰ ਦਾ ਮੁੱਲ ਪਾ ਕੇ ਦੁਕਾਨ ਉਸ ਨੇ ਰੱਖ ਲਈ ਤੇ ਘਰ ਸਾਡੇ ਪੱਲੇ ਪਾਤਾ। ਘਰ ਬਹਿ ਕੇ ਅਸੀਂ ਖਾਂਦੇ ਕਿੱਥੋਂ, ਮੁੰਡੇ ਨੇ ਪੜ੍ਹਾਈ ਪੂਰੀ ਕਰ ਲਈ ਸੀ। ਉਸ ਨੇ ਇੱਥੋਂ (ਕੈਨੇਡਾ) ਦੀ ਫਾਈਲ ਲਾਈ ਜੋ ਮਨਜ਼ੂਰ ਹੋਗੀ ਤੇ ਦੋ ਸਾਲ ਬਾਅਦ ਉਸ ਨੇ ਸਾਨੂੰ ਵੀ ਸੱਦ ਲਿਆ। ਮੁੰਡੇ ਦੀ ਨੌਕਰੀ ਚੰਗੀ ਸੀ। ਪੰਜ ਕੁ ਸਾਲ ਚੰਗੇ ਲੰਘੇ ਸੀ ਮਸੀਂ। ਪਿਉ ਪੁੱਤ ਕਾਰ ’ਤੇ ਕਿਧਰੇ ਜਾਂਦੇ ਸੀ। ਤੇਜ਼ ਹਨੇਰੀ ਚੱਲਦੀ ਪਈ ਸੀ। ਅਚਾਨਕ ਤੇਜ਼ ਜਾਂਦੀ ਕਾਰ ਦੇ ਮੂਹਰੇ ਵੱਡਾ ਸਾਰਾ ਰੁੱਖ ਆਣ ਡਿੱਗਾ ਤੇ ਬਸ ਦੋਵੇਂ…।’ ਅੱਗੋਂ ਉਸ ਦਾ ਗਲਾ ਭਰ ਆਇਆ। ਉਹ ਬੋਲਣ ਦਾ ਹੀਆ ਨਹੀਂ ਕਰ ਸਕੀ।
ਕੁਝ ਮਿੰਟਾਂ ਬਾਅਦ ਆਪਾ ਸੰਭਾਲਦਿਆਂ ਅੱਗੋਂ ਦੱਸਣ ਲੱਗੀ- ‘ਮੇਰੇ ਲਈ ਤਾਂ ਸੰਸਾਰ ਈ ਉੱਜੜ ਗਿਆ ਸੀ। ਪਰ ਮੈਂ ਜਿਉਣ ਦੀ ਆਸ ਦਾ ਪੱਲਾ ਨਾ ਛੱਡਿਆ। ਅੱਲ੍ਹਾ ਨੇ ਸਬਰ ਦੀ ਦਾਤ ਤੇ ਮਾਪਿਆਂ ਨੇ ਬਿਨਾਂ ਸ਼ਿਕਾਇਤ ਸਹਿਣ ਦਾ ਸਬਕ ਦਿੱਤਾ ਹੋਇਐ। ਜਿਹੜੇ ਚਾਰ ਪੈਸੇ ਸਨ ਬੈਂਕ ਵਿੱਚ ਉਹ ਕੁਝ ਮਹੀਨੇ ਘਰ ਦੇ ਕਿਰਾਏ ਤੇ ਹੋਰ ਖ਼ਰਚਿਆਂ ਵਿੱਚ ਖੁਰਦੇ ਗਏ। ਦੋ ਕੁ ਮਹੀਨੇ ਕਿਰਾਇਆ ਨਾ ਦਿੱਤਾ ਗਿਆ ਤਾਂ ਮਾਲਕਾਂ ਨੇ ਖਾਲੀ ਕਰਨ ਨੂੰ ਕਹਿ ਦਿੱਤਾ। ਸਿਰ ’ਤੇ ਛੱਤ ਤਾਂ ਚਾਹੀਦੀ ਸੀ। ਛੋਟਾ ਘਰ ਲੈਣ ਲੱਗਿਆਂ ਅਗਲੇ ਪਹਿਲਾ ਸਵਾਲ ਨੌਕਰੀ ਦਾ ਕਰਿਆ ਕਰਨ। ਮੈਂ ਤਾਂ ਪਹਿਲਾਂ ਕੋਈ ਕੰਮ ਕੀਤਾ ਨਈਂ ਸੀ। ਤੁਸੀਂ ਜਾਣਦੇ ਈ ਓ, ਅਣਜਾਣ ਤੇ ਅਨਟਰੇਂਡ ਨੂੰ ਕੌਣ ਕੰਮ ਦਿੰਦਾ? ਇੱਕ ਦਿਨ ਗੁਰਦੁਆਰੇ ਲੰਗਰ ਛਕਦਿਆਂ ਗੁਰੂ ਨੇ ਸਬੱਬ ਬਣਾਇਆ। ਗੋਡਿਆਂ ਦੀ ਤਕਲੀਫ਼ ਕਾਰਨ ਮੇਰੇ ਤੋਂ ਲੰਗਰ ਵਿੱਚ ਹੇਠਾਂ ਨਹੀਂ ਬੈਠ ਹੋਇਆ। ਮੈਂ ਆਪਣੀ ਥਾਲੀ ਲੈ ਕੇ ਨੁੱਕਰੇ ਲੱਗੇ ਟੇਬਲ ’ਤੇ ਜਾ ਬੈਠੀ। ਟੇਬਲ ਦੇ ਦੂਜੇ ਪਾਸੇ ਵੀ ਔਰਤ ਬੈਠੀ ਸੀ। ਉਸ ਦਾ ਪਹਿਰਾਵਾ ਮੈਨੂੰ ਦਾਨੀ ਔਰਤ ਵਰਗਾ ਲੱਗਾ ਤੇ ਮਨ ਆਈ ਗੱਲ ਮੈਂ ਉਸ ਨੂੰ ਬੋਲ ਦਿੱਤੀ। ਇੰਜ ਸਾਡੀ ਗੱਲਬਾਤ ਸ਼ੁਰੂ ਹੋ ਗਈ। ਲੰਗਰ ਛਕਦਿਆਂ ਉਸ ਨੇ ਮੇਰੀ ਉਦਾਸੀ ਦਾ ਕਾਰਨ ਪੁੱਛ ਲਿਆ। ਮੈਂ ਟਾਲਣ ਦੇ ਬਥੇਰੇ ਯਤਨ ਕੀਤੇ। ਦੁੱਖਾਂ ਦਾ ਖਲਾਰਾ ਪਾਉਣ ਨੂੰ ਜੀਅ ਨਹੀਂ ਸੀ ਕਰਦਾ। ਦੁਨੀਆ ਵਿੱਚ ਚੰਗੇ ਮਾੜੇ ਹਰ ਤਰ੍ਹਾਂ ਦੇ ਲੋਕ ਨੇ। ਭਾਵੇਂ ਦੁਨੀਆ ਚੰਗਿਆਂ ਦੀ ਭਰੀ ਪਈ ਆ, ਪਰ ਵਿੱਚੋਂ ਕੁਝ ਨਾ ਕੁਝ ਮਾੜੇ ਵੀ ਹਰ ਥਾਂ ਹੁੰਦੇ ਨੇ। ਬਾਹਰ ਨਿਕਲੇ ਤਾਂ ਮੇਰੇ ਪਿੱਛੇ ਆ ਕੇ ਉਸ ਨੇ ਮੇਰੀ ਬਾਂਹ ਫੜ ਲਈ ਤੇ ਵਿਹਲੇ ਜਿਹੇ ਬੈਂਚ ਉੱਤੇ ਬਹਾ ਕੇ ਮੈਥੋਂ ਸਾਰਾ ਕੁਝ ਪੁੱਛ ਲਿਆ। ਥੋੜ੍ਹੀ ਦੇਰ ਬਾਅਦ ਉਸ ਔਰਤ ਨੇ ਕਿਸੇ ਨੂੰ ਫੋਨ ਕੀਤਾ। ਫਿਰ ਅੱਖਾਂ ਬੰਦ ਕਰਕੇ ਕੁਝ ਸੋਚਦੀ ਰਹੀ। ਅੱਖਾਂ ਖੋਲ੍ਹਦੇ ਈ ਉਸ ਨੇ ਮੈਥੋਂ ਉਸ ਨਾਲ ਚੱਲਣ ਬਾਰੇ ਪੁੱਛਿਆ। ਕਹਿੰਦੇ ਹੁੰਦੇ ਨੇ ਨਾ, ‘ਅੰਨ੍ਹਾ ਕੀ ਭਾਲੇ, ਅਖੇ ਦੋ ਅੱਖਾਂ।’ ਮੈਨੂੰ ਜਾਪਿਆ ਉਸ ਨੂੰ ਜ਼ਰੂਰ ਅੱਲ੍ਹਾ ਨੇ ਭੇਜਿਆ ਹੋਊ। ਉਹ ਮੈਨੂੰ ਆਪਣੇ ਘਰ ਲੈ ਗਏ। ਇਤਫਾਕ ਵੇਖੋ ਕਿ ਉਸ ਦਿਨ ਸੁਰਮੀਤ ਦਾ ਕੰਮ ਛੇਤੀ ਮੁੱਕ ਗਿਆ ਤੇ ਇਹ ਜਲਦੀ ਘਰ ਆ ਗਿਆ ਸੀ। ਉਸ ਬੀਬੀ ਨੇ ਪਾਸੇ ਲਿਜਾ ਕੇ ਸੁਰਮੀਤ ਨੂੰ ਕੁਝ ਸਮਝਾਇਆ ਤੇ ਇਸ ਨੇ ਝੋਲੀ ਅੱਡ ਕੇ ਮੈਥੋਂ ਮਮਤਾ ਮੰਗ ਲਈ। ਮੈਂ ਭਲਾ ਨਾਂਹ ਕਿਵੇਂ ਕਰ ਸਕਦੀ ਸੀ। ਸੱਚ ਦੱਸਾਂ, ਇਸ ਨੂੰ ਵੇਖ ਕੇ ਮੈਨੂੰ ਲੱਗਿਆ ਜਿਵੇਂ ਅੱਲ੍ਹਾ ਨੇ ਮੇਰਾ ਫਰਹਾਦ ਵਾਪਸ ਭੇਜ ਦਿੱਤਾ ਹੋਵੇ। ਥੋੜ੍ਹਾ ਬਹੁਤ ਜੋ ਸਾਮਾਨ ਸੀ, ਲੈ ਕੇ ਮੈਂ ਇਸ ਦੇ ਕੋਲ ਆ ਗਈ ਤੇ ਹੁਣ ਅਸੀਂ ਮਾਂ ਪੁੱਤ ਇਕੱਠੇ ਰਹਿ ਰਹੇ ਆਂ। ਅਗਾਂਹ ਕੁਝ ਪੁੱਛਣੈ ਤਾਂ ਉਹ ਸਾਰਾ ਕੁਝ ਇਹੋ ਈ ਦੱਸ ਦੇਊ।’ ਆਪਣੀ ਗੱਲ ਮੁਕਾਉਂਦਿਆਂ ਹੋਰ ਕੁਝ ਪੁੱਛਣ ਲਈ ਸੁਰਮੀਤ ਵੱਲ ਇਸ਼ਾਰਾ ਕਰ ਦਿੱਤਾ।
ਸੁਰਮੀਤ ਨੇ ਦੱਸਿਆ ਕਿ ਉਸ ਦੀ ਪਹਿਲਾਂ ਵਾਲੀ ਬੇਸਮੈਂਟ ਵਿੱਚ ਨਾਲ ਰਹਿਣ ਵਾਲਿਆਂ ਵਿੱਚੋਂ ਇੱਕ ਸ਼ਰਾਰਤੀ, ਬੇਈਮਾਨ ਤੇ ਬੜੀ ਮਾੜੀ ਨੀਅਤ ਵਾਲਾ ਮੁੰਡਾ ਸੀ। ਉਸ ਤੋਂ ਦੁਖੀ ਹੋਣ ਕਰਕੇ ਮੈਂ ਹੁਣ ਵਾਲੇ ਇੱਕ ਕਮਰੇ ਵਾਲੀ ਬੇਸਮੈਂਟ ਵਿੱਚ ਆ ਗਿਆ। ਮਾਲਕਣ ਬਹੁਤ ਚੰਗੀ ਹੈ। 900 ਡਾਲਰ ਨੂੰ ਕਿਰਾਏ ’ਤੇ ਲੈਣ ਮੌਕੇ ਸੋਚਿਆ ਸੀ ਕਿ ਨਾਲ ਕਿਸੇ ਨੂੰ ਰੱਖ ਲਊਂਗਾ, ਪਰ ਮਾਤਾ ਜੀ ਨੇ ਕੁਝ ਦਿਨਾਂ ਬਾਅਦ ਆਪ ਈ 600 ਡਾਲਰ ਦੇਣ ਲਈ ਕਹਿ ਦਿੱਤਾ। ਕਿਰਾਇਆ ਘਟਣ ਨਾਲ ਮੇਰੀ ਕਿਸੇ ਨੂੰ ਨਾਲ ਰੱਖਣ ਦੀ ਲੋੜ ਮੁੱਕ ਗਈ। ਅਜੇ ਥੋੜ੍ਹੇ ਦਿਨ ਈ ਹੋਏ ਸੀ ਇੱਥੇ ਰਹਿੰਦਿਆਂ ਕਿ ਰੱਬ ਨੇ ਮੇਰੀ ਖੋਈ ਹੋਈ ਮਾਂ ਇਸ ਰੂਪ ਵਿੱਚ ਵਾਪਸ ਭੇਜ ਦਿੱਤੀ ਆਪਣਾ ਪੁੱਤ ਸਾਂਭਣ ਲਈ। ਹੁਣ ਅਸੀਂ ਦੋਵੇਂ ਰਹਿੰਦੇ ਆਂ। ਅਸੀਂ ਬੜੇ ਖ਼ੁਸ਼ ਹਾਂ ਤੇ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਰਹਿੰਦੇ ਆਂ।
ਉਨ੍ਹਾਂ ਦੀ ਗੱਲ ਸੁਣ ਕੇ ਮੈਨੂੰ ਯਾਦ ਆਇਆ ਕਿ ਕੈਨੇਡਾ ਸਰਕਾਰ ਦੀਆਂ ਕੁਝ ਅਜਿਹੀਆਂ ਸਕੀਮਾਂ ਹਨ, ਜਿਨ੍ਹਾਂ ਦੇ ਨਿਯਮ ਨਿਆਸਰੀ ਅੰਮਾ ਉੱਤੇ ਲਾਗੂ ਹੋ ਸਕਦੇ ਹਨ। ਉਸ ਬਾਰੇ ਮੈਂ ਅੰਮਾ ਨੂੰ ਦੱਸਿਆ ਤੇ ਉੱਥੇ ਅਪਲਾਈ ਕਰਨ ਦੇ ਢੰਗ ਸੁਰਮੀਤ ਨੂੰ ਸਮਝਾ ਦਿੱਤੇ। ਉੱਥੋਂ ਤੁਰਨ ਲੱਗਿਆਂ ਅੰਮਾ ਦੇ ਚਿਹਰੇ ਉੱਤੇ ਹੋਰ ਵੀ ਚੰਗੇਰੇ ਦਿਨਾਂ ਦੀ ਆਮਦ ਦੀ ਤਸੱਲੀ ਵਾਲੀ ਚਮਕ ਸੀ।
ਥੋੜ੍ਹੇ ਦਿਨ ਬਾਅਦ ਸੁਰਮੀਤ ਦਾ ਫੋਨ ਆਇਆ। ਉਸ ਦੇ ਫਤਹਿ ਬੁਲਾਉਣ ਦੇ ਅੰਦਾਜ਼ ਤੋਂ ਹੀ ਲੱਗਿਆ ਕਿ ਉਹ ਬਹੁਤ ਖ਼ੁਸ਼ ਮੂਡ ਵਿੱਚ ਹੈ। ਕੁਝ ਕਹਿਣ ਤੋਂ ਪਹਿਲਾਂ ਕਹਿੰਦਾ, ‘ਅੰਕਲ ਪਹਿਲਾਂ ਅੰਮਾ ਦੀ ਗੱਲ ਸੁਣ ਲਓ।’ ਉੱਧਰੋਂ ਤਾਂ ਅਸੀਸਾਂ ਦੀ ਝੜੀ ਲੱਗ ਗਈ। ਸੁਰਮੀਤ ਵੱਲੋਂ ਅਪਲਾਈ ਕਰਨ ਦੇ ਥੋੜ੍ਹੇ ਦਿਨ ਬਾਅਦ ਹੀ ਅੰਮਾ ਨੂੰ ਸਰਕਾਰੀ ਮਦਦ ਮਿਲਣ ਲੱਗ ਪਈ ਸੀ। ਸਕੀਮ ਕੁਝ ਮਹੀਨੇ ਪਹਿਲਾਂ ਤੋਂ ਲਾਗੂ ਕੀਤੇ ਜਾਣ ਕਾਰਨ ਪਿਛਲੇ ਮਹੀਨਿਆਂ ਦਾ ਬਕਾਇਆ ਵੀ ਮਿਲ ਗਿਆ ਸੀ। ਉਸ ਤੋਂ ਕੁਝ ਮਹੀਨੇ ਬਾਅਦ ਸੁਰਮੀਤ ਨੇ ਦੱਸਿਆ ਕਿ ਉਹ ਕੈਨੇਡਾ ਦਾ ਪੀਆਰ ਹੋ ਗਿਆ ਹੈ ਤੇ ਉਸ ਨੇ ਪਿੰਡ ਪੈਸੇ ਭੇਜ ਕੇ ਬਾਪੂ ਨੂੰ ਕਰਜ਼ੇ ਤੋਂ ਸੁਰਖੁਰੂ ਕਰ ਦਿੱਤਾ ਹੈ। ਉਹ ਛੋਟੇ ਭਰਾ ਤੇ ਭੈਣ ਦੇ ਚੰਗੇ ਭਵਿੱਖ ਦੀਆਂ ਸਕੀਮਾਂ ਬਣਾਉਣ ਲੱਗ ਪਿਆ ਸੀ। ਉਸ ਨੇ ਮੈਨੂੰ ਕਿਸੇ ਦਿਨ ਘਰ ਆਉਣ ਦਾ ਸੱਦਾ ਦਿੱਤਾ, ਪਰ ਸਾਡਾ ਛੁੱਟੀ ਦਾ ਤਾਲਮੇਲ ਨਾ ਬੈਠ ਸਕਿਆ। ਹਾਂ, ਕਦੇ ਕਦਾਈਂ ਸਾਡੀ ਗੱਲ ਹੋ ਜਾਂਦੀ ਸੀ।
ਡੇਢ ਦੋ ਸਾਲ ਹੋਰ ਲੰਘੇ ਹੋਣਗੇ, ਮੈਂ ਆਪਣੇ ਕੰਮ ’ਤੇ ਸੀ। ਸੁਰਮੀਤ ਦਾ ਫੋਨ ਆਇਆ ਤੇ ਕਿਤੇ ਮਿਲਣ ਦਾ ਸਮਾਂ ਮੰਗਿਆ। ਇਤਫਾਕਨ ਉਸ ਦਿਨ ਮੇਰੀ ਡਿਊਟੀ ਉਨ੍ਹਾਂ ਦੇ ਘਰ ਵਾਲੇ ਪਾਸੇ ਹੀ ਸੀ ਤੇ ਉੱਥੇ ਮੇਰਾ ਰੁਝੇਵਾਂ ਨਾ ਦੇ ਬਰਾਬਰ ਵਰਗਾ ਸੀ। ਇਹ ਗੱਲ ਸੁਣ ਕੇ ਉਹ ਖ਼ੁਸ਼ ਹੋਇਆ ਤੇ ਘੰਟੇ ਕੁ ਬਾਅਦ ਮਾਂ-ਪੁੱਤਰ ਮੇਰੇ ਸਾਹਮਣੇ ਸਨ। ਅੰਮਾ ਦੇ ਹੱਥ ਵਿੱਚ ਮਿਠਾਈ ਵਾਲਾ ਡੱਬਾ ਸੀ। ਕੁਝ ਪੁੱਛਣ ਤੋਂ ਪਹਿਲਾਂ ਈ ਅੰਮਾ ਨੇ ਡੱਬਾ ਖੋਲ੍ਹਕੇ ਬਰਫ਼ੀ ਦਾ ਟੁਕੜਾ ਮੇਰੇ ਮੂੰਹ ਲਾ ਦਿੱਤਾ। ਸੁਰਮੀਤ ਨੇ ਕੁਝ ਦੱਸਣ ਤੋਂ ਪਹਿਲਾਂ ਲਿਫਾਫੇ ਤੋਂ ਕਾਗਜ਼ ਕੱਢਿਆ ਤੇ ਖੋਲ੍ਹਕੇ ਮੇਰੇ ਹੱਥ ਫੜਾਇਆ। ਮੈਂ ਪੜਿ੍ਹਆ, ਸੁਰਮੀਤ ਨੇ ਘਰ ਲੈ ਲਿਆ ਸੀ ਜਿਸ ਦੀ ਮਾਲਕੀ ਉਨ੍ਹਾਂ ਦੋਹਾਂ ਯਾਨੀ ਮਾਂ ਪੁੱਤਰ ਦੇ ਨਾਂ ਸੀ। ਸੁਰਮੀਤ ਨੇ ਦੱਸਿਆ ਕਿ ਘਰ ਉਸ ਨੇ ਅੰਮਾ ਨੂੰ ਇਸ ਕਰਕੇ ਸਮਰਪਿਤ ਕੀਤਾ ਹੈ ਤਾਂ ਕਿ ਉਸ ਦੇ ਮਨ ਵਿੱਚ ਕਦੇ ਵੀ ਬੇਗਾਨਗੀ ਵਾਲਾ ਅਹਿਸਾਸ ਨਾ ਜਾਗੇ।
ਖ਼ੁਸ਼ੀ ਵਾਲੀ ਖ਼ਬਰ ਸਾਂਝੀ ਕਰਕੇ ਸੁਰਮੀਤ ਹੋਰੀਂ ਤਾਂ ਚਲੇ ਗਏ, ਪਰ ਮੇਰੇ ਮਨ ਵਿੱਚ ਉਹ ਗੱਲ ਟਿੱਕ ਟਿੱਕ ਕਰਦੀ ਰਹੀ ਕਿ ਨੀਅਤ ਸਾਫ਼ ਹੋਵੇ ਤਾਂ ਕੁਦਰਤ ਸਾਡੀਆਂ ਮੁਰਾਦਾਂ ਪੂਰੀਆਂ ਕਰਨ ਲਈ ਸਬੱਬ ਜ਼ਰੂਰ ਬਣਾ ਦਿੰਦੀ ਹੈ। ਸੁਰਮੀਤ ਦੇ ਇੱਥੋਂ ਤੱਕ ਪਹੁੰਚਣ ਲਈ ਬਣੇ ਸਬੱਬਾਂ ਵਾਲੀ ਰੀਲ੍ਹ ਮੇਰੀਆਂ ਅੱਖਾਂ ਮੂਹਰੇ ਘੁੰਮਣ ਲੱਗੀ। ਚਾਰ ਸਾਲ ਪਹਿਲਾਂ ਮੈਨੂੰ ਟਾਈਮ ਦਾ ਭੁਲੇਖਾ ਲੱਗਣਾ, ਫਰੇਜ਼ਰ ਵਾਲੀ ਸ਼ਿੱਪ ਯਾਰਡ ਦਾ ਚੇਤਾ ਆਉਣਾ, ਜ਼ਿੰਦਗੀ ਤੋਂ ਨਿਰਾਸ਼ ਹੋਏ ਸੁਰਮੀਤ ’ਤੇ ਨਜ਼ਰ ਪੈ ਕੇ ਉਸ ਨੂੰ ਦਰਿਆ ਵਿੱਚ ਛਾਲ ਮਾਰਨ ਤੋਂ ਪਹਿਲਾਂ ਸਾਂਭ ਲੈਣਾ। ਇਹ ਸਾਰੇ ਸਬੱਬ ਹੀ ਤਾਂ ਸਨ। ਫਿਰ ਤੋਂ ਜ਼ਿੰਦਗੀ ਦੀ ਲੀਹੇ ਚੜ੍ਹੇ ਸੁਰਮੀਤ ਨੂੰ ਚੰਗੀ ਮਕਾਨ ਮਾਲਕਣ ਮਿਲਣੀ, ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਅੰਮਾ ਦਾ ਮਾਲਕਣ ਨਾਲ ਮੇਲ ਤੇ ਸੁਰਮੀਤ ਨੂੰ ਉਸ ਵਿੱਚੋਂ ਮਾਂ ਦਿਸ ਪੈਣੀ। ਇਹ ਵੀ ਤਾਂ ਸੁਰਮੀਤ ਦੀ ਨੇਕ ਨੀਅਤ ਨੂੰ ਕੁਦਰਤੀ ਮੁਰਾਦਾਂ ਦੇ ਸਬੱਬ ਸਨ। ਹਰ ਪਾਸਿਓਂ ਹਾਰ ਚੁੱਕੀ ਤੇ ਰੁਲਦੇ ਬੁਢਾਪੇ ਨੂੰ ਸੰਭਾਲਣ ਵਾਲਾ ਪੁੱਤਰ ਮਿਲ ਜਾਣਾ, ਇਹ ਵੀ ਅੰਮਾ ਦੀ ਸਾਫ਼ ਤੇ ਸਪੱਸ਼ਟ ਨੀਅਤ ਨੇ ਹੀ ਉਸ ਦੀ ਮੁਰਾਦ ਪੂਰੀ ਕਰਨ ਦੇ ਸਬੱਬ ਬਣਾਏ ਸਨ।
ਸੰਪਰਕ: +16044427676