ਹਰਦਮ ਮਾਨ
ਦਿੱਲੀ ਦੀਆਂ ਸਰਹੱਦਾਂ ’ਤੇ ਮਹੀਨੇ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਯੂਨੀਅਨਾਂ ਦੇ ਸਮਰਥਨ ਵਿਚ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਭਾਰਤ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਦੀ ਤੁਰੰਤ ਵਾਪਸੀ ਦੇ ਨਾਲ ਨਾਲ ਭਾਰਤੀ ਜੇਲ੍ਹਾਂ ਵਿਚ ਨਜ਼ਰਬੰਦ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਈਸਟ ਇੰਡੀਅਨ ਡੀਫੈਂਸ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੇ ਸਾਂਝੇ ਸੱਦੇ ’ਤੇ ਇਸ ਰੋਸ ਪ੍ਰਦਰਸ਼ਨ ਵਿਚ ਇਕ ਸੌ ਦੇ ਕਰੀਬ ਇਨਸਾਫ਼ ਪਸੰਦ ਲੋਕਾਂ ਨੇ ਸ਼ਿਰਕਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਕੌਮੀ ਸਕੱਤਰ ਕਾਮਰੇਡ ਹਰਭਜਨ ਚੀਮਾ ਨੇ ਕਿਹਾ ਕਿ ਭਾਰਤੀ ਕਿਸਾਨੀ ਸੰਘਰਸ਼ ਨੇ ਕੌਮੀ ਅਤੇ ਕੌਮਾਂਤਰੀ ਲੋਕ ਲਹਿਰ ਦਾ ਜਾਮਾ ਪਹਿਨਦਿਆਂ ਵਿਸ਼ਵ ਭਰ ਦੀਆਂ ਲੋਕ ਪੱਖੀ ਲਹਿਰਾਂ ਵਿਚ ਨਿਵੇਕਲੀ ਪਹਿਚਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਸਰਜ਼ਮੀਨ ’ਤੇ ਸਾਮਰਾਜਵਾਦ ਵਿਰੁੱਧ 1947 ਤੋਂ ਬਾਅਦ ਉੱਠੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਲਹਿਰ ਹੈ।
ਪੰਜਾਬੀ ਵਿਦਵਾਨ ਡਾ. ਸਾਧੂ ਸਿੰਘ ਨੇ ਕਿਹਾ ਕਿ ਕਿਸਾਨੀ ਲਹਿਰ ਨੇ ਭਾਰਤ ਦੇ ਮਿਹਨਤਕਸ਼ ਲੋਕਾਂ ਦੇ ਮਨਾਂ ਅੰਦਰ ਨਾ ਸਿਰਫ਼ ਨਵੀਆਂ ਉਮੀਦਾਂ ਜਗਾਈਆਂ ਹਨ, ਸਗੋਂ ਇਸ ਨਾਲ ਵਿਸ਼ਵ ਭਰ ਵਿਚ ਚੱਲ ਰਹੀਆਂ ਸਾਮਰਾਜਵਾਦ ਵਿਰੋਧੀ ਲਹਿਰਾਂ ਨੂੰ ਵੀ ਹੁਲਾਰਾ ਮਿਲਿਆ ਹੈ। ਉਨ੍ਹਾਂ ਮੋਦੀ ਅਤੇ ਉਸ ਦੇ ਸੰਘੀ ਲਾਣੇ ਨੂੰ ਚੁਣੌਤੀ ਦਿੱਤੀ ਕਿ ਭਾਰਤ ਇਕ ਬਹੁ-ਧਰਮੀ ਅਤੇ ਬਹੁ-ਕੌਮੀ ਦੇਸ਼ ਹੈ, ਜਿੱਥੇ ਉਨ੍ਹਾਂ ਦੇ ‘ਰਾਮ ਰਾਜ’ ਦੇ ਸੌੜੇ ਹੱਥਕੰਡੇ ਸਫਲ ਨਹੀਂ ਹੋ ਸਕਦੇ।
ਲਖਵੀਰ ਖੁਣਖੁਣ ਨੇ ਕਿਹਾ ਕਿ ਇਹ ਤਿੰਨੇ ਕਿਸਾਨ ਵਿਰੋਧੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਰਾਹ ਸੁਖਾਲਾ ਕਰਨਗੇ। ਇਨ੍ਹਾਂ ਨਾਲ ਕਿਸਾਨਾਂ ਨੂੰ ਜ਼ਮੀਨਾਂ ਵਿਚੋਂ ਬੇਦਖਲ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਲਈ ਦਰ ਦਰ ਭਟਕਣ ਲਈ ਮਜਬੂਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਤਰਕਸ਼ੀਲ ਆਗੂ ਅਵਤਾਰ ਗਿੱਲ ਵੱਲੋਂ ਭੇਜਿਆ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਉਨ੍ਹਾਂ ਕਿਸਾਨਾਂ ਉੱਪਰ ਭਾਰਤ ਸਰਕਾਰ ਵੱਲੋਂ ਕੀਤੇ ਜ਼ਬਰ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਸਾਨੀ ਸੰਘਰਸ਼ ਨੂੰ ਕੈਨੇਡਾ ਵਿਚੋਂ ਤਨ, ਮਨ ਅਤੇ ਧਨ ਦੀ ਮਦਦ ਦੇਣ ਦਾ ਭਰੋਸਾ ਦੁਆਇਆ। ਖੇਤੀ ਮਾਹਰ ਡਾ. ਸੁਖਦੇਵ ਸਿੰਘ ਨੇ ਸਰਕਾਰ ਵੱਲੋਂ ਲਿਆਂਦੇ ਇਨ੍ਹਾਂ ਕਾਨੂੰਨਾਂ ਦੇ ਕਿਸਾਨੀ ’ਤੇ ਪੈਣ ਵਾਲੇ ਖ਼ਤਰਨਾਕ ਪ੍ਰਭਾਵਾਂ ਦਾ ਖੁਲਾਸਾ ਕੀਤਾ।
ਇਸ ਮੌਕੇ ’ਤੇ ਜਗਰੂਪ ਧਾਲੀਵਾਲ, ਹਰਬੰਸ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਮਿੰਦਰ ਸਵੈਚ ਅਤੇ ਜਸਵਿੰਦਰ ਹੇਅਰ ਨੇ ਅਗਾਂਹਵਧੂ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲੁਆਈ।