ਇੰਜ. ਈਸ਼ਰ ਸਿੰਘ
‘ਤਿਆਰੀ’ ਸਰਲ ਅਤੇ ਆਮ ਸ਼ਬਦ ਹੈ ਅਤੇ ‘ਤਿਆਰੀ ਕਰਨਾ’ ਜੀਵਨ ਦੀ ਇੱਕ ਵਿਆਪਕ ਅਤੇ ਨਿਰੰਤਰ ਪ੍ਰਕਿਰਿਆ। ਤਿਆਰੀ ਕਿਸੇ ਨਿਸ਼ਚਤ ਮੰਤਵ ਦੀ ਪ੍ਰਾਪਤੀ ਲਈ ਜ਼ਰੂਰੀ ਇੰਤਜ਼ਾਮ ਕਰਨ ਅਤੇ ਸਾਧਨ ਜੁਟਾਉਣ ਦੀਆਂ ਸਮੇਂ ਸਿਰ ਕੀਤੀਆਂ ਕਾਰਵਾਈਆਂ ਦਾ ਜੋੜ ਹੈ। ਇਹ ਨਿਸ਼ਚਤ ਮੰਤਵ ਕਿਸੇ ਅਗਲੇ ਹੋਰ ਵੱਡੇ ਕੰਮ ਦੀ ਤਿਆਰੀ ਦੀਆਂ ਕਾਰਵਾਈਆਂ ਵਿੱਚੋਂ ਇੱਕ ਹੁੰਦਾ ਹੈ। ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਇਸ ਤਰ੍ਹਾਂ ਜੀਵਨ ਇੱਕ ਅਜਿਹੀ ਲੜੀ ਹੈ ਜਿਸ ਵਿੱਚ ਪਾਲਣ-ਪੋਸ਼ਣ, ਪੜ੍ਹਨ-ਲਿਖਣ, ਵਿਆਹ-ਸ਼ਾਦੀ, ਕਾਰੋਬਾਰੀ ਅਤੇ ਪਰਿਵਾਰਕ ਮੁੱਦਿਆਂ ਸਣੇ ਜੀਵਨ ਦੀਆਂ ਸਭ ਤਿਆਰੀਆਂ ਪਰੋਈਆਂ ਹੋਈਆਂ ਹਨ। ਦਰਅਸਲ, ਤਿਆਰੀ ਦੀ ਪ੍ਰਕਿਰਿਆ ਸਾਡੇ ਜਨਮ ਤੋਂ ਪਹਿਲਾਂ ਹੀ ਸਾਡੇ ਨਾਲ ਜੁੜ ਜਾਂਦੀ ਹੈ ਤੇ ਸਾਰੀ ਉਮਰ ਜੁੜੀ ਰਹਿੰਦੀ ਹੈ।
ਤਿਆਰੀ ਕਿਸੇ ਕੰਮ ਨੂੰ ਕੁਸ਼ਲ ਢੰਗ ਨਾਲ ਨੇਪਰੇ ਚਾੜ੍ਹ ਸਕਣ ਦਾ ਭਰੋਸਾ ਪੈਦਾ ਕਰਦੀ ਹੈ। ਇਹ ਸਾਰਥਿਕ ਪਹੁੰਚ ਅਤੇ ਵਧੀਆ ਆਦਤ ਹੈ ਜਿਹੜੀ ਸਾਡੇ ਵਿੱਚ ਅੱਗੇ ਹੋਰ ਚੰਗੀਆਂ ਆਦਤਾਂ ਦਾ ਰਾਹ ਖੋਲ੍ਹ ਦਿੰਦੀ ਹੈ। ਸਹੀ ਤਿਆਰੀ ਕਰਕੇ ਅਸੀਂ ਘੱਟ ਸਮੇਂ ਵਿੱਚ ਵੀ ਵੱਧ ਗੁਣਵੱਤਾ ਵਾਲਾ ਕੰਮ ਕਰ ਸਕਦੇ ਹਾਂ ਜੋ ਸਾਨੂੰ ਸਕੂਨ ਅਤੇ ਦਲੇਰੀ ਦਿੰਦਾ ਹੈ। ਇਸ ਤਰ੍ਹਾਂ ਹਾਸਲ ਦਲੇਰੀ ਅਤੇ ਕੁਸ਼ਲਤਾ ਅਤੇ ਬਚੇ ਵਕਤ ਨਾਲ ਅਸੀਂ ਜੀਵਨ ਦੇ ਹੋਰ ਉਚੇਰੇ ਗੁਣਾਂ ਦੇ ਵਿਕਾਸ ਲਈ ਤਿਆਰੀ ਕਰ ਸਕਦੇ ਹਾਂ। ਨਿਸ਼ਚਤ ਕੰਮ ਨੂੰ ਪੂਰਾ ਕਰਨ ਦੀ ਚਿੰਤਾ ਸਭ ਨੂੰ ਹੁੰਦੀ ਹੈ ਜੋ ਇੱਕ ਕਮਜ਼ੋਰੀ ਹੈ, ਪਰ ਤਿਆਰੀ ਸਾਨੂੰ ਇਸ ਚਿੰਤਾ ਤੋਂ ਛੁਟਕਾਰਾ ਦਿਵਾਉਂਦੀ ਹੈ। ਸੰਸਾਰ ਦੀਆਂ ਸਭ ਤੋਂ ਔਖੀਆਂ ਮਹਾਂ-ਦੌੜਾਂ ਵਿੱਚੋਂ ਇੱਕ ‘ਸਪਾਰਟੈਥਲਨ’ ਦੇ ਬਾਨੀ ਜੌਹਨ ਫੌਡਿਨ ਨੇ ਤਿਆਰੀ ਦੀ ਮਹੱਤਤਾ ਆਪਣੇ ਵਿਲੱਖਣ ਅੰਦਾਜ਼ ਵਿੱਚ ਸਮਝਾਈ ਹੈ। ਉਹ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਕਿਹਾ ਕਰਦੇ ਸਨ: ‘ਮੈਂ ਤੁਹਾਨੂੰ ਸ਼ੁਭ-ਇੱਛਾਵਾਂ ਨਹੀਂ ਦੇਵਾਂਗਾ ਕਿਉਂਕਿ ਜੇ ਤੁਸੀਂ ਪੂਰੀ ਤਿਆਰੀ ਕੀਤੀ ਹੈ ਤਾਂ ਤੁਹਾਨੂੰ ਇਸ ਦੀ ਜ਼ਰੂਰਤ ਨਹੀਂ, ਅਤੇ ਜੇ ਪੂਰੀ ਤਿਆਰੀ ਨਹੀਂ ਕੀਤੀ ਤਾਂ ਤੁਹਾਨੂੰ ਇਸ ਦਾ ਕੋਈ ਫਾਇਦਾ ਨਹੀਂ।’
ਸੁਚੇਤ ਅਤੇ ਯੋਜਨਾਬੱਧ ਤਿਆਰੀ ਕਰ ਸਕਣ ਦਾ ਵਿਵੇਕ ਸਿਰਫ਼ ਮਨੁੱਖ ਵਿੱਚ ਹੀ ਹੈ। ਇਸ ਢੰਗ ਨਾਲ ਤਿਆਰੀ ਕਰਨ ਦੀ ਚੰਗੀ ਆਦਤ ਪਾ ਕੇ ਅਸੀਂ ਔਖੇ ਕੰਮਾਂ ਨੂੰ ਵੀ ਸਿਰੇ ਚੜ੍ਹਾ ਸਕਣ ਦੀ ਸਮਰੱਥਾ ਪੈਦਾ ਕਰ ਸਕਦੇ ਹਾਂ। ਇੰਨਾ ਹੀ ਨਹੀਂ, ਓਪਰੀ ਨਜ਼ਰ ਨਾਲ ਆਪਣੇ ਵਿੱਤੋਂ-ਬਾਹਰੇ ਲੱਗਦੇ ਕੰਮ ਕਰ ਕੇ ਬਹੁਪੱਖੀ ਅਤੇ ਸੰਤੁਲਿਤ ਸ਼ਖ਼ਸੀਅਤ ਦੇ ਮਾਲਕ ਬਣ ਸਕਦੇ ਹਾਂ। ਇਸ ਤਰ੍ਹਾਂ ਹਰ ਸਮੱਸਿਆ ਨੂੰ ਹੱਲ ਕਰਨ ਦੇ ਸਰਬ-ਪ੍ਰਵਾਨਿਤ ਫ਼ੈਸਲੇ ਕਰਨ ਦੀ ਮੁਹਾਰਤ ਹਾਸਲ ਕਰ ਕੇ ਹਰ ਸਥਿਤੀ ਵਿੱਚ ਸਫਲ ਹੋਣਾ ਸਿੱਖ ਸਕਦੇ ਹਾਂ। ਇਸ ਤਰ੍ਹਾਂ ਆਪਣੇ ਮੰਤਵ ਅਤੇ ਇਸ ਦੀ ਪ੍ਰਾਪਤੀ ਲਈ ਵਰਤੇ ਜਾਣ ਵਾਲੇ ਤਰੀਕਿਆਂ ਨੂੰ ਸਦਾਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਢਾਲ਼ ਸਕਦੇ ਹਾਂ। ਤਿਆਰੀ ਦੀ ਪ੍ਰਕਿਰਿਆ ਰਾਹੀਂ ਜਿੱਥੇ ਅਸੀਂ ਆਪਣੀਆਂ ਮੌਜੂਦਾ ਯੋਗਤਾਵਾਂ ਦਾ ਸਹੀ ਮੁਲਾਂਕਣ ਕਰ ਸਕਦੇ ਹਾਂ, ਉੱਥੇ ਨਾਲ ਹੀ ਆਪਣੀਆਂ ਖਾਮੀਆਂ ਬਾਰੇ ਖ਼ਬਰਦਾਰ ਹੋ ਕੇ ਯਥਾਰਥਵਾਦੀ ਵੀ ਬਣ ਸਕਦੇ ਹਾਂ। ਇਹ ਸਾਡੇ ਮੰਤਵ ਅਤੇ ਇਸ ਦੀ ਪ੍ਰਾਪਤੀ ਲਈ ਅਪਣਾਏ ਤਰੀਕਿਆਂ ਦੇ ਠੀਕ-ਗ਼ਲਤ ਹੋਣ ਦੀ ਅਗਾਉਂ ਸੂਚਨਾ ਦਿੰਦੀ ਹੈ ਜਿਸ ਨਾਲ ਅਸੀਂ ਇਨ੍ਹਾਂ ’ਤੇ ਮੁੜ ਵਿਚਾਰ ਕਰ ਕੇ ਲੋੜੀਂਦੀਆਂ ਸੋਧਾਂ ਕਰ ਸਕਦੇ ਹਾਂ।
ਤਿਆਰੀ ਸਾਨੂੰ ਇਹ ਮੌਕਾ ਵੀ ਦਿੰਦੀ ਹੈ ਕਿ ਅਸੀਂ ਇਨ੍ਹਾਂ ਨੂੰ ਆਪਣੀ ਸਮਰੱਥਾ ਅਤੇ ਆਪਣੇ ਸਾਧਨਾਂ ਅਨੁਸਾਰ ਪਰਖ ਸਕੀਏ ਅਤੇ ਹਿਸਾਬ ਲਾ ਸਕੀਏ ਕਿ ਕਿਹੜਾ ਕੰਮ ਸਾਡੇ ਵੱਸ ਵਿੱਚ ਹੈ, ਕਿਹੜਾ ਨਹੀਂ। ਇਸ ਪਰਖ ਦੀ ਘਾਟ ਕਰ ਕੇ ਅਸੀਂ ਆਪਣੇ ਵੱਸ ਦੇ ਕੰਮਾਂ ਨੂੰ ਆਪਣੀ ਹੈਸੀਅਤ ਤੋਂ ਛੋਟਾ ਸਮਝ ਕੇ ਜਾਂ ਇਨ੍ਹਾਂ ਨੂੰ ਆਪਣੇ ਡਿਊਟੀ ਖੇਤਰ ਤੋਂ ਬਾਹਰ ਹੋਣ ਦਾ ਬਹਾਨਾ ਬਣਾ ਕੇ ਨਹੀਂ ਕਰਦੇ। ਪਰ ਆਪਣੀਆਂ ਗ਼ਲਤ ਫਹਿਮੀਆਂ ਕਰ ਕੇ ਵੱਸ ਤੋਂ ਬਾਹਰੇ ਕੰਮਾਂ ’ਤੇ ਵਿਅਰਥ ਸਮਾਂ ਅਤੇ ਸਾਧਨ ਖ਼ਰਚ ਕਰਦੇ ਰਹਿੰਦੇ ਹਾਂ। ਨਤੀਜੇ ਵਜੋਂ ਹੋਈਆਂ ਅਸਫਲਤਾਵਾਂ ਲਈ ਤਕਦੀਰ ਜਾਂ ਹੋਰਾਂ ਨੂੰ ਜ਼ਿੰਮੇਵਾਰ ਗਰਦਾਨ ਕੇ ਨਵੇਂ ਬਖੇੜੇ ਖੜ੍ਹੇ ਕਰਦੇ ਰਹਿੰਦੇ ਹਾਂ। ਤਿਆਰੀ ਦੀ ਘਾਟ ਕਰਕੇ ਹੋਈ ਅਸਫਲਤਾ ਨੂੰ ਆਪਣੀ ਯੋਗਤਾ, ਸਮਰੱਥਾ ਜਾਂ ਸਾਧਨਾਂ ਦੀ ਘਾਟ ਸਮਝ ਬੈਠਦਾ ਹੈ ਜਦੋਂ ਕਿ ਇਹ ਲਾਪ੍ਰਵਾਹੀ, ਸੁਸਤੀ ਅਤੇ ਢਿੱਲੜ ਸੁਭਾਅ ਦਾ ਨਤੀਜਾ ਹੈ। ਸੁਹਿਰਦ ਤਿਆਰੀ ਸਾਨੂੰ ਸਾਡੀਆਂ ਸਮਰੱਥਾਵਾਂ ਅਤੇ ਕਮਜ਼ੋਰੀਆਂ ਬਾਰੇ ਸਹੀ ਗਿਆਨ ਕਰਵਾ ਦਿੰਦੀ ਹੈ।
ਤਿਆਰੀ ਦੇ ਪੱਖ ਤੋਂ ਸਾਡੇ ਜੀਵਨ ਦੇ ਹਰ ਕੰਮ ਜਾਂ ਮੰਤਵ ਦੀਆਂ ਦੋ ਸਟੇਜਾਂ ਹਨ: ਫੌਰੀ ਅਤੇ ਦੂਰਗਾਮੀ। ਹਰ ਮੰਤਵ ਦੀ ਪ੍ਰਾਪਤੀ ਵਾਸਤੇ ਲਾਜ਼ਮੀ ਤਿਆਰੀ ਦੀ ਲੋੜ ਹੈ। ਇਹ ਭਾਵੇਂ ਬੱਚੇ ਨੂੰ ਹਰ-ਰੋਜ਼ ਸਕੂਲ ਭੇਜਣ ਦਾ ਫੌਰੀ ਜਾਂ ਛੋਟਾ ਕੰਮ ਹੋਵੇ ਭਾਵੇਂ ਉਸ ਨੂੰ ਪੜ੍ਹਾ-ਲਿਖਾ ਕੇ ਜੀਵਨ ਵਿੱਚ ਸੈੱਟ ਕਰਨ ਦਾ ਦੂਰਗਾਮੀ ਜਾਂ ਵੱਡਾ ਕੰਮ ਹੋਵੇ। ਤਿਆਰੀ ਕਰਨ ਸਮੇਂ ਅਸੀਂ ਇਨ੍ਹਾਂ ਦੋਹਾਂ ਸਟੇਜਾਂ ਦੀ ਪਛਾਣ ਕਰ ਕੇ ਇਨ੍ਹਾਂ ਵਿੱਚ ਇਕਸੁਰਤਾ ਬਣਾ ਸਕਦੇ ਹਾਂ। ਇਹ ਇਕਸੁਰਤਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਸਭ ਕੁਝ ਸਮਾਜਿਕ ਸਦਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਕਰ ਸਕੀਏ ਅਤੇ ਬੱਚਿਆਂ ਨੂੰ ਵੀ ਇਹ ਸਭ ਸਿਖਾ ਸਕੀਏ। ਨਹੀਂ ਤਾਂ ਇਨ੍ਹਾਂ ਸਟੇਜਾਂ ਵਿੱਚ ਵਿਰੋਧਾਭਾਸ ਪੈਦਾ ਹੋ ਸਕਦਾ ਹੈ ਜਿਵੇਂ ਕਿ ਤੁਰਤ ਸ਼ੋਹਰਤ ਅਤੇ ਧਨ-ਦੌਲਤ ਕਮਾਉਣ ਦੀਆਂ ਤਿਆਰੀਆਂ ਵਿੱਚ ਲੱਗਿਆ ਕੋਈ ਇਨਸਾਨ ਕਰ ਲੈਂਦਾ ਹੈ।
ਤਿਆਰੀ ਦਾ ਘੇਰਾ ਨਿਤ-ਪ੍ਰਤੀ ਕੀਤੇ ਜਾਣ ਵਾਲੀਆਂ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਜਾਂ ਕਾਰੋਬਾਰੀ ਕੰਮਾਂ ਤੱਕ ਸੀਮਤ ਨਹੀਂ। ਇਸ ਵਿੱਚ ਬਦਲ ਰਹੀ ਤਕਨਾਲੋਜੀ ਕਰਕੇ ਹੋ ਰਹੀ ਉਥਲ-ਪੁਥਲ ਦੀਆਂ ਉਨ੍ਹਾਂ ਸਮੱਸਿਆਵਾਂ ਨੂੰ ਨਜਿੱਠਣਾ ਵੀ ਹੈ ਜੋ ਸਾਡੇ ਪੂਰਵਜਾਂ ਨੂੰ ਦਰਪੇਸ਼ ਨਹੀਂ ਸਨ। ਪ੍ਰਤੱਖ ਹੈ ਕਿ ਇਤਿਹਾਸ ਅਤੇ ਰਸਮੀ ਧਰਮ ਸਾਨੂੰ ਇਨ੍ਹਾਂ ਸਮੱਸਿਆਵਾਂ ਲਈ ਤਿਆਰ ਨਹੀਂ ਕਰ ਸਕਦੇ। ਇਨ੍ਹਾਂ ਦੋਵੇਂ ਖੇਤਰਾਂ ਵਿੱਚ ਨਵੀਂ ਅਤੇ ਭਵਿੱਖਮੁਖੀ ਵਿਚਾਰਧਾਰਾ ਦੀ ਲੋੜ ਹੈ ਅਤੇ ਧਰਮ-ਗ੍ਰੰਥਾਂ ਦੇ ਉਨ੍ਹਾਂ ਫ਼ਲਸਫ਼ਿਆਂ ਨੂੰ ਆਧੁਨਿਕ ਪਰਿਪੇਖ ਅਨੁਸਾਰ ਸਮਝਣ ਦੀ ਲੋੜ ਹੈ ਜੋ ਸਾਡੇ ਧਰਮਾਂ ਦੇ ਮੋਢੀ ਮਹਾਂਪੁਰਖਾਂ ਨੇ ਸਾਡੇ ਲਈ ਸਾਂਭੇ ਹਨ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਸਹੀ ਤਿਆਰੀ ਕਰਨੀ ਸਿੱਖ ਕੇ, ਪਹਿਲੀ ਕਿਸਮ ਦੇ ਕੰਮਾਂ ਦੀ ਖ਼ਲਜਗਣ ’ਚੋਂ ਵਕਤ ਕੱਢ ਸਕਾਂਗੇ।
ਤਿਆਰੀ ਦੇ ਬਾਵਜੂਦ ਸਫਲਤਾ ਮਿਲੇ ਨਾ ਮਿਲੇ, ਕੋਈ ਪੱਕੀ ਗੱਲ ਨਹੀਂ, ਪਰ ਤਿਆਰੀ ਤੋਂ ਬਗੈਰ ਅਸਫਲਤਾ ਪੱਕੀ ਹੈ। ਇਤਿਹਾਸ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ ਜਦੋਂ ‘ਤਿਆਰੀ’ ਦੀ ਘਾਟ ਕਰ ਕੇ ਵੱਡੇ-ਵੱਡੇ ਨੁਕਸਾਨ ਹੋਏ ਹਨ। ਤਿਆਰੀ ਦੀ ਅਹਿਮੀਅਤ ਦਰਸਾਉਂਦਾ ਅਬਰਾਹਿਮ ਲਿੰਕਨ ਦਾ ਇੱਕ ਪ੍ਰਸਿੱਧ ਕਥਨ ਹੈ ਕਿ ਜੇ ਮੈਨੂੰ ਕਿਸੇ ਵੱਡੇ ਦਰੱਖਤ ਨੂੰ ਕੱਟਣ ਲਈ ਛੇ ਘੰਟੇ ਦਿੱਤੇ ਜਾਣ ਤਾਂ ਮੈਂ ਪਹਿਲੇ ਚਾਰ ਘੰਟੇ ਕੁਹਾੜਾ ਤਿੱਖਾ ਕਰਨ ’ਤੇ ਲਾਵਾਂਗਾ।
ਸਾਡੀਆਂ ਤਿਆਰੀਆਂ ਦੋ ਪ੍ਰਕਾਰ ਦੀਆਂ ਹਨ: ਪਹਿਲੀਆਂ ਨਿੱਜੀ ਕੰਮਾਂ ਨਾਲ ਸਬੰਧਿਤ ਅਤੇ ਦੂਸਰੀਆਂ ਸੰਸਥਾਵੀ ਕੰਮਾਂ ਨਾਲ। ਸੰਸਥਾਵਾਂ ਵਿੱਚ ਅਸੀਂ ਕਾਇਦੇ-ਕਾਨੂੰਨਾਂ ਅਨੁਸਾਰ ਅਨੁਸ਼ਾਸਨ ਵਿੱਚ ਰਹਿ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਤਿਆਰੀਆਂ ਕਰਨ ਲਈ ਪਾਬੰਦ ਹਾਂ। ਇਨ੍ਹਾਂ ਲਈ ਲਿਖਤੀ ਮੈਨੂਅਲ ਬਣੇ ਹੁੰਦੇ ਹਨ, ਜ਼ਿੰਮੇਵਾਰੀਆਂ ਨਿਯਤ ਕੀਤੀਆਂ ਹੁੰਦੀਆਂ ਹਨ ਅਤੇ ਕੁਤਾਹੀਆਂ ਲਈ ਸਜ਼ਾਵਾਂ ਦਾ ਇੰਤਜ਼ਾਮ ਹੁੰਦਾ ਹੈ। ਇਸ ਕਰਕੇ ਅਸੀਂ ਇਨ੍ਹਾਂ ਨੂੰ ਭੈਅ, ਧਿਆਨ ਅਤੇ ਗੰਭੀਰਤਾ ਨਾਲ ਕਰਦੇ ਹਾਂ। ਪਰ ਨਿੱਜੀ ਅਤੇ ਪਰਿਵਾਰਕ ਜੀਵਨ ਵਿੱਚ ਅਣਗਹਿਲੀ ਕਰਦੇ ਹਾਂ ਕਿਉਂਕਿ ਪਰਿਵਾਰ ਰਸਮੀ ਸੰਸਥਾਵਾਂ ਨਹੀਂ ਹੁੰਦੀਆਂ ਅਤੇ ਇਨ੍ਹਾਂ ਵਿੱਚ ਰਸਮੀ ਅਸੂਲ-ਕਾਨੂੰਨ ਨਹੀਂ ਹੁੰਦੇ। ਭਾਵੇਂ ਪਰਿਵਾਰ ਵੀ ਇੱਕ ‘ਸੰਸਥਾ’ ਹੈ, ਪਰ ਇਹ ਗ਼ੈਰ ਰਸਮੀ ਸੰਸਥਾ ਹੁੰਦੀ ਹੈ ਜਿਸ ਵਿੱਚ ਲਿਖਤੀ ਕਾਨੂੰਨ, ਕੰਮ-ਵੰਡ ਜਾਂ ਸਜ਼ਾਵਾਂ ਆਦਿ ਦਾ ਸਿਸਟਮ ਨਹੀਂ ਬਣਾਇਆ ਜਾ ਸਕਦਾ। ਇਸੇ ਕਰਕੇ ਨਿੱਜੀ ਅਤੇ ਪਰਿਵਾਰਕ ਕੰਮਾਂ ਦੀਆਂ ਤਿਆਰੀਆਂ ਸਰਸਰੀ, ਬੇਧਿਆਨੇ ਅਤੇ ਮਨਚਾਹੇ ਢੰਗ ਨਾਲ ਕੀਤੀਆਂ ਜਾਂਦੀਆਂ ਹਨ।
ਭਾਵੇਂ ਅਸੀਂ ਹਰ ਰੋਜ਼ ਨਿੱਜੀ ਅਤੇ ਪਰਿਵਾਰਕ ਕੰਮਾਂ ਦੀਆਂ ਤਿਆਰੀਆਂ ਕਰਦੇ ਹਾਂ, ਪਰ ਇਨ੍ਹਾਂ ਵਿੱਚ ਭੁੱਲਣ ਜਾਂ ਕੁਤਾਹੀਆਂ ਕਾਰਨ ਖ਼ਰਾਬ ਹੁੰਦੇ ਕੰਮ ਆਮ ਦੇਖਦੇ ਹਾਂ। ਮਾਹਿਰ ਇਸ ਦਾ ਕਾਰਨ ਦੱਸਦੇ ਹਨ ਕਿ ਮਨੁੱਖੀ ਸੁਭਾਅ ਕਰ ਕੇ ਅਸੀਂ ਇੱਕੋ ਕੰਮ ਵਾਰ-ਵਾਰ ਕਰਨ ਨਾਲ ਉਸ ਤੋਂ ਉਕਤਾ ਜਾਂਦੇ ਹਾਂ ਅਤੇ ਸੁਚੇਤ ਢੰਗ ਨਾਲ ਉਸ ’ਤੇ ਸੋਚ-ਵਿਚਾਰ ਕਰਨੀ ਛੱਡ ਦਿੰਦੇ ਹਾਂ। ਇਸ ਨੂੰ ਅਚੇਤ ਅਤੇ ਸਰਸਰੀ ਢੰਗ ਨਾਲ ਕਰਨ ਲੱਗ ਜਾਂਦੇ ਹਾਂ ਅਤੇ ਗਲ਼ ਪਿਆ ਢੋਲ ਸਮਝਣ ਲੱਗ ਜਾਂਦੇ ਹਾਂ। ਇਹ ਮਨੁੱਖੀ ਸੁਭਾਅ ਦਾ ਇੱਕ ਵਿਸ਼ੇਸ਼ ਲੱਛਣ ਹੈ ਕਿ ਅਸੀਂ ਰੋਜ਼ਮਰਾ ਦੀਆਂ ਪ੍ਰਤੱਖ ਗੱਲਾਂ ਨੂੰ ਬਹੁਤ ਸਰਸਰੀ ਸਮਝਦੇ ਹਾਂ ਅਤੇ ਸਾਨੂੰ ਇਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨਾ ਬਹੁਤ ਔਖਾ ਲੱਗਦਾ ਹੈ। ਇਹ ਸਚਾਈ ਆਧੁਨਿਕ ਸਮੇਂ ਦੇ ਉਦਾਰਵਾਦੀ ਅਮਰੀਕਨ ਬੁੱਧੀਜੀਵੀ ਡੈਵਿਡ ਵੈਲਿਸ ਨੇ ਇੱਕ ਵਿਲੱਖਣ ਦ੍ਰਿਸ਼ਟਾਂਤ ਰਾਹੀਂ ਬਿਆਨ ਕੀਤੀ ਹੈ। ਸਮੁੰਦਰ ਵਿੱਚ ਦੋ ਛੋਟੀਆਂ ਮੱਛੀਆਂ ਕਲੋਲਾਂ ਕਰ ਰਹੀਆਂ ਸਨ ਤਾਂ ਕੋਲੋਂ ਲੰਘ ਰਹੀ ਇੱਕ ਵੱਡੀ ਮੱਛੀ ਨੇ ਲਾਡ ਨਾਲ ਕਿਹਾ, ‘ਹੈਲੋ ਬੱਚਿਓ! ਪਾਣੀ ਵਿੱਚ ਖੇਡ ਰਹੇ ਹੋ?’ ਛੋਟੀਆਂ ਮੱਛੀਆਂ ਨੇ ਇੱਕ-ਦੂਜੇ ਵੱਲ ਦੇਖਿਆ ਅਤੇ ਥੋੜ੍ਹੀ ਦੂਰ ਜਾ ਕੇ ਇੱਕ ਨੇ ਹੈਰਾਨੀ ਨਾਲ ਦੂਸਰੀ ਨੂੰ ਪੁੱਛਿਆ, ‘ਇਹ ਪਾਣੀ ਕੀ ਬਲਾ ਹੁੰਦੀ ਹੈ?’ ਆਪਣੀ ਇਸ ਸੁਭਾਵਿਕ ਪ੍ਰਵਿਰਤੀ ਕਰ ਕੇ ਅਸੀਂ ‘ਤਿਆਰੀ’ ਸਣੇ ਜੀਵਨ ਦੇ ਹੋਰ ਮਹੱਤਵਪੂਰਨ ਵਿਸ਼ਿਆਂ ’ਤੇ ਕਦੇ ਵਿਗਿਆਨਕ ਢੰਗ ਅਤੇ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਨਹੀਂ ਸਮਝੀ, ਜਿਵੇਂ ਕਿ ਸਹੀ ਢੰਗ ਨਾਲ ਸਾਹ ਲੈਣਾ, ਖਾਣਾ ਚਿੱਥ ਕੇ ਖਾਣਾ ਜਾਂ ਕਿਸੇ ਦੀ ਗੱਲ ਧਿਆਨ ਨਾਲ ਸੁਣਨਾ ਆਦਿ।
ਆਪਾਂ ਨਿੱਜੀ ਅਤੇ ਪਰਿਵਾਰਕ ਕੰਮਾਂ ਦੀ ਤਿਆਰੀ ਓਨੇ ਸੁਚੇਤ ਹੋ ਕੇ ਅਤੇ ਯੋਜਨਾਬੱਧ ਢੰਗ ਨਾਲ ਨਹੀਂ ਕਰਦੇ ਜਿੰਨੀ ਕਿ ਕਾਰੋਬਾਰੀ ਸੰਸਥਾਵਾਂ ਵਿੱਚ ਕਰਦੇ ਹਾਂ। ਅਸੀਂ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਕਾਗਜ਼-ਪੈਨਸਿਲ ਲੈ ਕੇ ਤਿਆਰੀ ਕਰਨ ਤੋਂ ਕਤਰਾਉਂਦੇ ਹਾਂ; ਨਕਸ਼ੇ ਦੇਖਣ, ਹਦਾਇਤਾਂ ਪੜ੍ਹਨ ਜਾਂ ਕਿਸੇ ਜਾਣਕਾਰ ਦੀ ਸਲਾਹ ਲੈਣ ਤੋਂ ਝਿਜਕਦੇ ਹਾਂ। ਜੇ ਕੋਈ ਹਮਦਰਦ ਸਲਾਹ ਦਿੰਦਾ ਵੀ ਹੈ ਤਾਂ ਧਿਆਨ ਨਾਲ ਸੁਣਦੇ ਨਹੀਂ। ਵਿਸ਼ੇ ਦੇ ਮਾਹਿਰਾਂ ਦੀ ਨਸੀਹਤ ਹੈ ਕਿ ਅਸਰਦਾਰ ਤਿਆਰੀ ਲਈ ਰੋਜ਼ਾਨਾ ਦੇ ਕੰਮਾਂ ਦੀ ਪੂਰੀ ਲਿਸਟ ਆਪਣੇ ਹੱਥ ਨਾਲ ਲਿਖ ਕੇ ਬਣਾਈਏ। ਮੂੰਹ-ਜ਼ੁਬਾਨੀ ਕੰਮ ਯਾਦ ਕਰਨ ਦੀ ਆਦਤ ਸਿਆਣਪ ਦੀ ਗੱਲ ਨਹੀਂ, ਭਾਵੇਂ ਕੋਈ ਕਿੰਨਾ ਵੀ ਤੀਖਣ ਬੁੱਧੀ ਦਾ ਮਾਲਕ ਕਿਉਂ ਨਾ ਹੋਵੇ। ਕਾਗਜ਼ ’ਤੇ ਬਣਾਈ ਲਿਸਟ ਨਾਲ ਦਿਮਾਗ਼ ਵਿੱਚ ਕੰਮਾਂ ਦਾ ਨਕਸ਼ਾ ਬਣ ਜਾਂਦਾ ਹੈ ਅਤੇ ਇਨ੍ਹਾਂ ਨੂੰ ਸਮੇਂ ਅਤੇ ਸਥਾਨ ਅਨੁਸਾਰ ਤਰਤੀਬ ਦੇਣੀ ਸੌਖੀ ਹੋ ਜਾਂਦੀ ਹੈ, ਜਿਸ ਨਾਲ ਦਿਮਾਗ਼ ’ਤੋਂ ਭਾਰ ਘਟਦਾ ਹੈ। ਦਿਮਾਗ਼ ਨੂੰ ਵੱਡੇ ਕੰਮਾਂ ਵਾਸਤੇ ਤਰੋ-ਤਾਜ਼ਾ ਰੱਖਣ ਲਈ ਬੇਲੋੜੀ ਚਿੰਤਾ ਤੋਂ ਮੁਕਤ ਰੱਖਣਾ ਜ਼ਰੂਰੀ ਹੈ ਅਤੇ ਇਹ ਚਿੰਤਾ ਹਰ ਕੰਮ ਦੀ ਸਹੀ ਤਿਆਰੀ ਕਰ ਕੇ ਘੱਟ ਕੀਤੀ ਜਾ ਸਕਦੀ ਹੈ। ਅੰਗਰੇਜ਼ੀ ਦੀ ਕਹਾਵਤ ਕਿ ‘ਸਹੀ ਤਿਆਰੀ ਕਰ ਕੇ ਸ਼ੁਰੂ ਕੀਤਾ ਕੰਮ ਅੱਧਾ ਹੋਇਆ ਸਮਝੋ’ ਵਿਹਾਰਕ ਪੱਖ ਤੋਂ ਬਹੁਤ ਉਪਯੋਗੀ ਹੈ। ਸਾਰ-ਤੱਤ ਇਹ ਕਿ ਅਸੀਂ ਹਰ ਛੋਟੇ-ਵੱਡੇ ਕੰਮ ਲਈ ਬਣਦੀ ਤਿਆਰੀ ਕਰਨ ਦੀ ਆਦਤ ਪਾਈਏ, ਫੌਰੀ ਅਤੇ ਦੂਰਗਾਮੀ ਕੰਮਾਂ ਵਿੱਚ ਇਕਸੁਰਤਾ ਬਣਾਈਏ ਅਤੇ ਜੀਵਨ ਦੀਆਂ ਛੋਟੀਆਂ ਸਮਝੀਆਂ ਜਾਂਦੀਆਂ ਗੱਲਾਂ ਵੱਲ ਗੰਭੀਰਤਾ ਨਾਲ ਧਿਆਨ ਦੇਈਏ।
ਸੰਪਰਕ: 647 640 2014