ਤਲਵਿੰਦਰ ਮੰਡ
ਭਾਰਤ ਅੰਦਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ, ਖੇਤੀ ਨਾਲ ਸਬੰਧਤ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਨੇ ਸਮਾਜਿਕ-ਸਰੋਕਾਰਾਂ ਨੂੰ ਕਈ ਕੋਣਾਂ ਤੋਂ ਪਰਿਭਾਸ਼ਤ ਕੀਤਾ ਹੈ। ਇਸ ਵਿਚ ਇਤਿਹਾਸ ਨੇ ਕਈ ਪੜਾਵਾਂ ਉੱਪਰ ਆਪਣੇ ਆਪ ਨੂੰ ਫਿਰ ਤੋਂ ਦੁਹਰਾਇਆ ਹੈ। ਇਸ ਘੋਲ ਨੇ ਰਾਸ਼ਟਰਵਾਦ ਦੇ ਨਾਮ ਉੱਪਰ ਖੜ੍ਹੀ ਕੀਤੀ ਜਾ ਰਹੀ ‘ਖ਼ਾਸ ਕੰਧ’ ਨੂੰ ਤੋੜਿਆ ਹੈ। ਲੋਕ-ਮਾਨਸਿਕਤਾ ਵਿਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ‘ਅਤਿਵਾਦੀ ਜਿੰਨ’ ਦੇ ਡਰ ਨੂੰ ਲੋਕਾਂ ਨੇ ਮਨ ਅੰਦਰੋਂ ਖ਼ਤਮ ਕੀਤਾ ਹੈ। ਰਾਸ਼ਟਰੀ ਮੀਡੀਆ ਦੀਆਂ ਚਾਲਾਂ ਉੱਪਰੋਂ ਪਰਦਾ ਚੁੱਕਿਆ ਹੈ। ਲੋਕ ਖੁੱਲ੍ਹ ਕੇ ਬੋਲਣ ਦੀ ਹਿੰਮਤ ਪੈਦਾ ਕਰ ਰਹੇ ਹਨ ਅਤੇ ਇਕ ਰਾਸ਼ਟਰੀ ਭਾਈਚਾਰੇ ਦੀ ਸਥਾਪਨਾ ਹੋ ਰਹੀ ਹੈ।
ਸਾਡੇ ਸਮੇਂ ਦਾ ਸੱਚ ਹੈ ਕਿ ਸਾਡੀ ਪੀੜ੍ਹੀ ਵੱਲੋਂ ਇਸ ਤਰ੍ਹਾਂ ਦੇ ਵੱਡੇ ਘੋਲ ਨੂੰ ਕਦੇ ਵੀ ਨਹੀਂ ਵੇਖਿਆ ਗਿਆ। ਵਡੇਰੀ ਉਮਰ ਦੇ ਲੋਕ ਚੈਨਲਾਂ ਉੱਪਰ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ ਕਿ ਇਹ ਮੰਜਰ ਤਾਂ ਉਨ੍ਹਾਂ ਨੇ ਸੰਨ ਸੰਤਾਲੀ ਦੇ ਰੌਲ਼ਿਆਂ ਵੇਲੇ ਵੀ ਨਹੀਂ ਸੀ ਵੇਖਿਆ। ਸਦੀ ਦੇ ਇਸ ਵੱਡੇ ਘੋਲ ਨੂੰ ਪਾਰਖੂ ਅੱਖ ਵਾਲੇ ਲੋਕ ਆਪਣੀ-ਆਪਣੀ ਦਿੱਬ ਦ੍ਰਿਸ਼ਟੀ ਨਾਲ ਵੇਖ ਰਹੇ ਹਨ। ਲੋਕਾਂ ਅੰਦਰ ਇਸ ਦੇ ਮੰਜ਼ਿਲ ਤਕ ਅਪੜਨ ਲਈ ਕਈ ਤਰ੍ਹਾਂ ਦੇ ਤੌਖ਼ਲੇ ਪ੍ਰਗਟਾਏ ਜਾ ਰਹੇ ਹਨ। ਸਰਕਾਰ ਨਾਲ ਹੋ ਰਹੀਆਂ ਮੁਲਾਕਾਤਾਂ ਵਿਚ ਗੱਲਬਾਤ ਦੇ ਟੁੱਟ ਜਾਣ ਦੀ ਕਈ ਲੋਕ ਚਿੰਤਾ ਕਰ ਰਹੇ ਹਨ ਅਤੇ ਕਈ ਬੁਲੰਦ ਹੌਸਲਿਆਂ ਨਾਲ ਇਸ ਨੂੰ ਜਿੱਤ ਕੇ ਘਰਾਂ ਨੂੰ ਜਾਣ ਦੀ ਗੱਲ ਕਹਿ ਰਹੇ ਹਨ। ਨਿਸ਼ਚਿਤ ਰੂਪ ਵਿਚ ਨਿਰਣਾ ਦੇਣਾ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਹੋਵੇਗੀ। ਇਸ ਸਭ ਦੇ ਚਲਦਿਆਂ ਕੁਝ ਸਮਾਜਿਕ ਪਹਿਲੂ ਜ਼ਰੂਰ ਸਾਹਮਣੇ ਆਏ ਹਨ। ਭਾਵੇਂ ਅਜੇ ਇਹ ਲੜਾਈ ਫ਼ੈਸਲਾਕੁਨ ਦੌਰ ਵਿਚ ਨਹੀਂ ਪਹੁੰਚੀ, ਪਰ ਇਸ ਦੇ ਕਈ ਪੱਖਾਂ ਨੂੰ ਵੱਖਰੀ ਸੋਚ ਨਾਲ ਵੇਖਿਆਂ ਘੋਲ ਦੀਆਂ ਪ੍ਰਾਪਤੀਆਂ ਮਿੱਥਿਆ ਜਾ ਸਕਦਾ ਹੈ।
ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਇਕ ਧਾਰਮਿਕ ਭਾਈਚਾਰੇ ਵੱਲੋਂ ਰਾਸ਼ਟਰਵਾਦ ਨੂੰ ਆਪਣੇ ਢੰਗ ਨਾਲ ਪਰਿਭਾਸ਼ਤ ਕੀਤਾ ਜਾਣ ਲੱਗਾ ਹੈ। ਉਨ੍ਹਾਂ ਦਾ ਤਰਕ ਆਪਣੀ ਹੀ ਕਿਸਮ ਦਾ ਹੈ। ਜੇਕਰ ਕੋਈ ਭਾਈਚਾਰਾ ਇਸ ਤਰਕ ਦੇ ਚੌਖਟੇ ਵਿਚ ਫਿੱਟ ਨਹੀਂ ਆਉਂਦਾ ਤਾਂ ਉਸ ਉੱਪਰ ਰਾਸ਼ਟਰ ਵਿਰੋਧੀ ਟੈਗ ਲਗਾ ਦਿੱਤਾ ਜਾਂਦਾ ਹੈ। ਕਈ ਸਮਾਜਿਕ ਕਾਰਕੁਨ, ਵਿਦਿਆਰਥੀ ਅਤੇ ਬੁੱਧੀਜੀਵੀ ਇਸ ਰਾਸ਼ਟਰਵਾਦ ਦੀ ਆੜ ਵਿਚ ਬਣਾਏ ਕਾਨੂੰਨਾਂ ਤਹਿਤ ਜੇਲਾਂ ਵਿਚ ਡੱਕੇ ਹੋਏ ਹਨ, ਪਰ ਇਸ ਘੋਲ ਦੇ ਚਲਦਿਆਂ ਭਾਰਤ ਵਾਸੀਆਂ ਵਿਚ ਸਦੀਆਂ ਪੁਰਾਣੀ ਸਾਂਝ ਫਿਰ ਤੋਂ ਉਤਪੰਨ ਹੋ ਰਹੀ ਹੈ ਜੋ ਰਾਸ਼ਟਰਵਾਦ ਲਈ ਘੜੀ ਜਾ ਰਹੀ ਪਰਿਭਾਸ਼ਾ ਨੂੰ ਰੱਦ ਕਰਦੀ ਹੈ। ਪੰਜਾਬੀ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਸਰਕਾਰ ਤੇ ਸਹਿਯੋਗੀਆਂ ਵੱਲੋਂ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਸਪਾਂਸਰ ਕਹਿਣਾ ਕਿਸਾਨੀ ਦੀ ਹੇਠੀ ਸੀ, ਜਿਸ ਦਾ ਪੂਰੇ ਭਾਰਤ ਵੱਲੋਂ ਡਟ ਕੇ ਵਿਰੋਧ ਕਰਨਾ ਅਤੇ ਝੂਠ ਨੂੰ ਸਿਰੇ ਤੋਂ ਨਕਾਰ ਦੇਣਾ ਨਵੀਂ ਸੋਚ ਵੱਲ ਵਧਣਾ ਹੈ ਜਿਸ ਨਾਲ ਜਮਹੂਰੀਅਤ ਨੂੰ ਬਲ ਮਿਲਿਆ ਹੈ। ਲੋਕਾਂ ਨੂੰ ਸਰਕਾਰ ਜਾਂ ਉਸ ਦੇ ਤੰਤਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨੀ ਕਹਿਣਾ ਗਾਲ੍ਹ ਵਾਂਗ ਲੱਗ ਰਿਹਾ ਹੈ, ਅਸਲ ਵਿਚ ਏਹੀ ਭਾਰਤੀਆਂ ਦੀ ਬਦਲੀ ਸੋਚ ਦਾ ਪ੍ਰਗਟਾਵਾ ਹੈ। ਭਾਰਤੀ ਲੋਕ ਇਸ ਘੋਲ ਵਿਚ ਕੁੱਦੇ ਲੋਕਾਂ ਬਾਰੇ ਕੁਝ ਵੀ ਸੁਣਨ ਲਈ ਤਿਆਰ ਨਹੀਂ, ਇਹ ਚੇਤੰਨ ਮਾਨਸਿਕਤਾ ਵਿਚ ਪੈਦਾ ਹੋ ਰਹੀ ਨਵੀਂ ਪਰਿਭਾਸ਼ਾ ਹੈ। ਸਰਕਾਰ ਦੇ ਪਿੱਠੂਆਂ ਵੱਲੋਂ ਪੈਦਾ ਕੀਤੇ ਸ਼ਬਦ, ਅਰਬਨ ਨਕਸਲ, ਦੇਸ਼ ਤੋੜੂ ਤਾਕਤਾਂ, ਖਾਲਿਸਤਾਨੀ, ਕਾਮਰੇਡਾਂ ਦਾ ਕਬਜ਼ਾ ਆਦਿ ਉੱਪਰ ਲੋਕਾਂ ਦੇ ਤਿੱਖੇ ਪ੍ਰਤੀਕਰਮ ਕੇਵਲ ਧਰਨੇ ਵਿਚ ਸ਼ਾਮਲ ਲੋਕਾਂ ਵੱਲੋਂ ਹੀ ਨਹੀਂ ਆ ਰਹੇ, ਸਗੋਂ ਦੇਸ਼ ਭਰ ਦੇ ਬੁੱਧੀਜੀਵੀਆਂ, ਮਜ਼ਦੂਰਾਂ, ਵਪਾਰੀਆਂ, ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਅਤੇ ਉੱਚ-ਅਹੁਦਿਆਂ ਉੱਪਰ ਬੈਠੇ ਲੋਕਾਂ ਵੱਲੋਂ ਵੀ ਆ ਰਹੇ ਹਨ। ਮੰਨਿਆ ਜਾ ਸਕਦਾ ਹੈ ਕਿ ਮੋਰਚੇ ਦੀ ਇਹ ਵਿਲੱਖਣ ਪ੍ਰਾਪਤੀ ਹੈ।
ਸੰਨ ਚੁਰਾਸੀ ਤੋਂ ਲੈ ਕੇ ਹੁਣ ਤਕ ਪੰਜਾਬ ਅਤੇ ਹਰਿਆਣਾ ਦੇ ਸਬੰਧ ਦੋ ਸ਼ਰੀਕਾਂ ਵਾਲੇ ਰਹੇ ਹਨ ਜਿਸ ਨੂੰ ਪ੍ਰੋਤਸਾਹਨ ਦੇਣ ਲਈ ਰਾਜਨੀਤਕ ਦਲਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ। ਅੱਜ ਇਸ ਘੋਲ ਕਾਰਨ ਹਾਲਾਤ ਹੋਰ ਹਨ। ਹਰਿਆਣਾ ਦੇ ਲੋਕ ਪੰਜਾਬ ਨੂੰ ਆਪਣਾ ਵੱਡਾ ਭਰਾ ਕਹਿ ਰਹੇ ਹਨ ਕਿਉਂਕਿ ਇਹ ਘੋਲ ਨਿਰੋਲ ਕਿਰਸਾਨੀ ਦਾ ਹੈ, ਕਿਸੇ ਸਿਆਸੀ ਲੀਡਰ ਦਾ ਨਹੀਂ। ਇਸ ਕਰਕੇ ਹੀ ਜਦੋਂ ਕਿਸੇ ਪੰਜਾਬੀ ਕੋਲੋਂ ਪੁੱਛਿਆ ਜਾਂਦਾ ਹੈ; -ਹੁਣ ਪੰਜਾਬ-ਹਰਿਆਣਾ ਦੇ ਪਾਣੀ ਦਾ ਵਿਵਾਦ ਖ਼ਤਮ ਹੋ ਜਾਵੇਗਾ ਤਾਂ ਅਗਲਾ ਜਵਾਬ ਦਿੰਦਾ ਹੈ ਕਿ ‘ਅਸੀਂ ਆਪਣੇ ਛੋਟੇ ਭਰਾ ਨੂੰ ਪਾਣੀ ਬਿਨਾਂ ਮਰਨ ਨਹੀਂ ਦਿੰਦੇ’ ਤਾਂ ਲੱਗਦਾ ਹੈ ਕਿ ਸਮਾਜਿਕ ਸਰੋਕਾਰਾਂ ਵਿਚ ਨਵੀਂ ਪਰਿਭਾਸ਼ਾ ਦਮ ਭਰਨ ਲੱਗੀ ਹੈ। ਦਿੱਲੀ ਦੀਆਂ ਸਰਹੱਦਾਂ ਉੱਪਰ ਲੱਗੇ ਧਰਨਿਆਂ ਵਿਚ ਹਰਿਆਣਵੀ ਆਪਣੇ ਘਰ ਆਏ ਮਹਿਮਾਨਾਂ ਦੀ ਖਾਤਿਰਦਾਰੀ ਕਰਕੇ ਫਖ਼ਰ ਮਹਿਸੂਸ ਕਰ ਰਹੇ ਹਨ। ਪੰਜਾਬ ਦੀਆਂ ਔਰਤਾਂ ਲਈ ਹਰਿਆਣਾ ਵਾਲਿਆਂ ਨੇ ਆਪਣੇ ਪਖਾਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਤੋਂ ਨਵੇਂ ਦਿਸਹੱਦਿਆਂ ਦਾ ਚਾਨਣ ਸਾਫ਼ ਦਿਸ ਰਿਹਾ ਹੈ। ਇਸ ਸੰਘਰਸ਼ ਵਿਚ ਵਚਿੱਤਰ ਦ੍ਰਿਸ਼ ਵੀ ਵੇਖਣ ਨੂੰ ਮਿਲੇ ਹਨ ਜਿਨ੍ਹਾਂ ਰਾਹੀਂ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਹੈ। ਭਾਈ ਘਨੱਈਆ ਨੂੰ ਮੁੜ ਤੋਂ ਲੋਕਾਂ ਨੇ ਯਾਦ ਕੀਤਾ, ਜਦੋਂ ਅੱਥਰੂ ਗੈਸ ਨੇ ਗੋਲੇ ਸੁੱਟਣ ਵਾਲੇ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੇ ਪੁਲੀਸ ਕਰਮੀਆਂ ਨੂੰ ਬਜ਼ੁਰਗਾਂ ਨੇ ਇਹ ਕਹਿ ਕਿ ਲੰਗਰ ਛਕਾਇਆ ਕਿ ਇਹ ਵਿਚਾਰੇ ਤਾਂ ਹੁਕਮ ਦੇ ਬੱਧੇ ਨੇ, ਉਂਝ ਹੈ ਤਾਂ ਸਾਡੇ ਪੁੱਤ-ਭਰਾ ਨੇ’। ਸਿੱਖ ਇਤਿਹਾਸ ਵਿਚ ਹਵਾਲੇ ਮਿਲਦੇ ਹਨ ਕਿ ਜਦੋਂ ਕੋਈ ਸਿੱਖ ਕਿਸੇ ਬੱਸ ਜਾਂ ਗੱਡੀ ਦੇ ਡੱਬੇ ਵਿਚ ਚੜ੍ਹ ਜਾਂਦਾ ਸੀ ਤਾਂ ਉਸ ਵਿਚ ਬੈਠੀਆਂ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਸਨ। ਹੁਣ ਇਹ ਇਤਿਹਾਸ ਉਸ ਵੇਲੇ ਦੁਹਰਾਇਆ ਗਿਆ ਕਿ ਪਿਛਲੇ ਕਈ ਸਾਲਾਂ ਤੋਂ ਔਰਤਾਂ ਨਾਲ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਦਿੱਲੀ ਕਲੰਕਿਤ ਹੈ ਅਤੇ ਇਸ ਘੋਲ ਦੀਆਂ ਆ ਰਹੀਆਂ ਵੀਡੀਓਜ਼ ਵਿਚ ਬੋਲ ਰਹੀਆਂ ਔਰਤਾਂ ਅਤੇ ਕੁੜੀਆਂ ਇਹ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਹਨ ਕਿ ਅਸੀਂ ਪੰਜਾਬੀਆਂ ਦੇ ਦਿੱਲੀ ਵਿਚ ਆਉਣ ਨਾਲ ਬਹੁਤ ਸੁਰੱਖਿਅਤ ਮਹਿਸੂਸ ਕਰਦੀਆਂ ਹਾਂ। ਇਸ ਘੋਲ ਨੇ ਜਿੱਥੇ ਕਈ ਪ੍ਰਸ਼ਨ ਸਰਕਾਰ ਲਈ ਪੈਦਾ ਕੀਤੇ ਹਨ, ਉੱਥੇ ਕਿਰਸਾਨੀ ਨਾਲ ਜੁੜੇ ਛੋਟੇ ਕਾਰੋਬਾਰੀਆਂ ਅੰਦਰ ਇਨਕਲਾਬੀ ਸੋਚ ਪੈਦਾ ਕੀਤੀ ਹੈ ਜਿਨ੍ਹਾਂ ਨੂੰ ਆਪਣੇ ਕਾਰੋਬਾਰ ਡੁੱਬਣ ਦਾ ਖ਼ਤਰਾ ਹੈ, ਉਹ ਵੀ ਆਪਣੇ ਅੰਨਦਾਤਾ ਦੀ ਹਮਾਇਤ ਵਿਚ ਨਿੱਤਰ ਪਏ ਹਨ। ਲੋਕਾਂ ਦੀ ਸੋਚ ਵਿਚ ਸਰਕਾਰ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਦੀ ਸਮਰੱਥਾ ਪੈਦਾ ਹੋ ਰਹੀ ਹੈ। ਉਹ ਸਵਾਲ ਕਰਨ ਲੱਗੇ ਹਨ ਅਤੇ ਆਪਣੇ ਸਵਾਲਾਂ ਦੇ ਜਵਾਬ ਵੀ ਤਲਾਸ਼ਣ ਲੱਗੇ ਹਨ। ਸਰਕਾਰ ਵੱਲੋਂ ‘ਇਕ ਰਾਸ਼ਟਰ ਇਕ ਕੌਮ’ ਦਾ ਦਿੱਤਾ ਗਿਆ ਨਾਅਰਾ ਲੋਕਾਂ ਦੀ ਸਮਝ ਵਿਚ ਪੈ ਰਿਹਾ ਹੈ। ਉਹ ਹੁਣ ਸਰਕਾਰ ਦੀਆਂ ਨੀਤੀਆਂ ਦੀ ਖੁੱਲ੍ਹੇ ਰੂਪ ਵਿਚ ਆਲੋਚਨਾ ਕਰਨ ਲੱਗੇ ਹਨ। ਇਸ ਚੇਤਨਾ ਨੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ।
ਪਿਛਲੇ ਕਈ ਸਾਲਾਂ ਤੋਂ ਨੈਸ਼ਨਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਰਹੇ ਹਨ। ਇਸ ਮੀਡੀਆ ਨੂੰ ਵੱਖ ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ, ਪਰ ਉਸ ਨੇ ਆਪਣੇ ਇਕ ਪਾਸੜ ਵਤੀਰੇ ਨੂੰ ਨਹੀਂ ਛੱਡਿਆ, ਸਗੋਂ ਇਕ ਖ਼ਾਸ ਤਰ੍ਹਾਂ ਦੀ ਮੀਡੀਆ ਪ੍ਰਤੀ ਸੋਚ ਪੈਦਾ ਕੀਤੀ। ਇਸ ਇਕ ਪਾਸੜ ਪੱਤਰਕਾਰੀ ਨਾਲ ਪ੍ਰੈੱਸ ਅਤੇ ਇਲੈੱਕਟ੍ਰੌਨਿਕ ਮੀਡੀਆ ਦੇ ਵਕਾਰ ਨੂੰ ਢਾਹ ਲੱਗੀ ਹੈ। ਪੇਡ-ਖ਼ਬਰਾਂ ਦਾ ਇਕ ਦੌਰ ਸ਼ੁਰੂ ਹੋ ਗਿਆ ਹੈ। ਅਦਾਰੇ ਵਿਚ ਰਹਿ ਕੇ ਜੇਕਰ ਕੋਈ ਇਸ ਕਾਰਵਾਈ ਉੱਪਰ ਉਂਗਲ ਚੁੱਕਦਾ ਵੀ ਸੀ ਤਾਂ ਨੌਕਰੀ ਤੋਂ ਹੱਥ ਧੋਣੇ ਪੈਂਦੇ ਸਨ। ਕਈ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਨੂੰ ਸੱਚ ਬੋਲਣ ਬਦਲੇ ਜੇਲ੍ਹਾਂ ਦੀ ਹਵਾ ਵੀ ਖਾਣੀ ਪਈ। ਇਸ ਕਿਰਸਾਨੀ ਘੋਲ ਵਿਚ ਲੋਕਾਂ ਨੇ ਪੇਡ, ਇਕ ਪਾਸੜ ਅਤੇ ਗੋਦੀ ਕਹੇ ਜਾਣ ਵਾਲੇ ਮੀਡੀਆ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਉਸ ਦੀ ਕਵਰੇਜ ਉੱਪਰ ਪਾਬੰਦੀ ਲਗਾਉਣ ਦੀ ਜੁਅੱਰਤ ਪੈਦਾ ਕੀਤੀ ਹੈ। ਲੋਕ ਘੋਲ ਦੀ ਸੋਚ ਨੇ ਕਈ ਨਵੇਂ ਚੈਨਲਾਂ ਨੂੰ ਜਨਮ ਦਿੱਤਾ ਹੈ। ਸੋਸ਼ਲ ਮੀਡੀਆ ਦੀ ਸਾਖ਼ ਵੀ ਉੱਭਰੀ ਹੈ ਅਤੇ ਕਿਰਸਾਨੀ ਘੋਲ ਦੀਆਂ ਨਾਂਹ-ਪੱਖੀ ਖ਼ਬਰਾਂ ਲਗਾਉਣ ਵਾਲੇ ਇਨ੍ਹਾਂ ਚੈਨਲਾਂ ਨੂੰ ਵੀ ਕਿਰਸਾਨੀ ਦੀ ਹਾਂ-ਪੱਖੀ ਗੱਲ ਕਰਨ ਲਈ ਮਜਬੂਰ ਕੀਤਾ ਹੈ। ਪੰਜਾਬ ਦੇ ਨੌਜਵਾਨਾਂ ਉੱਪਰ ਨਸ਼ੇੜੀ ਹੋਣ ਦਾ ਧੋਣਾ ਵੀ ਇਸ ਸੰਘਰਸ਼ ਅੰਦਰ ਧੋਤਾ ਗਿਆ। ਜਿਸ ਤਰ੍ਹਾਂ ਨੌਜਵਾਨਾਂ ਨੇ ਇਸ ਸੰਘਰਸ਼ ਨੂੰ ਸਫਲ ਕਰਨ ਲਈ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ, ਉਹ ਸ਼ਲਾਘਾਯੋਗ ਕਹੀ ਜਾ ਸਕਦੀ ਹੈ। ਇਸ ਘੋਲ ਨੇ ਕਈ ਨੌਜਵਾਨਾਂ ਵਿਚ ਲੀਡਰਸ਼ਿਪ ਦੀ ਭਾਵਨਾ ਨੂੰ ਵੀ ਜਗਾਇਆ ਹੈ। ਜਿਹੜੇ ਗਾਇਕ ਸਿਰਫ਼ ਕਬਜ਼ਿਆਂ, ਉਧਾਲਿਆਂ, ਬੰਦੂਕਾਂ ਅਤੇ ਮਰਨ-ਮਰਾਉਣ ਵਾਲੇ ਗੀਤ ਲਿਖਦੇ ਅਤੇ ਗਾਉਂਦੇ ਰਹੇ ਹਨ, ਉਨ੍ਹਾਂ ਵਿਚ ਵੀ ਸਿਫਤੀ ਤਬਦੀਲੀ ਆਈ ਹੈ। ਇਹ ਹੁਣ ਇਨਕਲਾਬੀ ਅਤੇ ਸੰਘਰਸ਼ੀ ਬੋਲਾਂ ਵਾਲੇ ਗੀਤ ਗਾਉਣ ਅਤੇ ਲਿਖਣ ਵੱਲ ਰੁਚਿਤ ਹੋਏ ਹਨ। ਨਿਰਣਾਇਕ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਹਿੰਦੋਸਤਾਨ ਦੀ ਧਰਤੀ ਉੱਪਰ ਲੜੇ ਜਾ ਰਹੇ ਹੱਕੀ ਸੰਘਰਸ਼ ਨੇ ਸਮਾਜਿਕ ਸਰੋਕਾਰਾਂ ਵਿਚ ਇਕ ਹਲੂਣੇ ਦਾ ਕੰਮ ਕੀਤਾ ਹੈ। ਭਾਵੇਂ ਇਹ ਸੰਘਰਸ਼ ਜਾਰੀ ਹੈ, ਪਰ ਇਸ ਕਿਰਿਆ ਨਾਲ ਜੋ ਅਣਦਿੱਖ ਪ੍ਰਤੀਕਿਰਿਆਵਾਂ ਵਾਪਰ ਰਹੀਆਂ ਹਨ, ਉਹ ਵੀ ਇਸ ਦੀ ਪ੍ਰਾਪਤੀ ਮੰਨੀਆਂ ਜਾ ਸਕਦੀਆਂ ਹਨ।
ਸੰਪਰਕ: 416-904-3500 (ਟੋਰਾਂਟੋ)