ਸਰਬਜੀਤ ਸੋਹੀ
ਪੰਜਾਬੀ ਸਾਹਿਤ ਦੀ ਹਰ ਵਿਧਾ ਵਿਚ ਕੁਝ ਅਜਿਹੇ ਨਾਮ ਹਨ, ਜੋ ਸਬੰਧਿਤ ਵਿਧਾ ਦੇ ਮਾਣਯੋਗ ਸਿਖ਼ਰ ਵਜੋਂ ਸਥਾਪਿਤ ਹੋ ਚੁੱਕੇ ਹਨ। ਆਧੁਨਿਕ ਪੰਜਾਬੀ ਕਵਿਤਾ ਦੇ 100 ਸਾਲਾ ਇਤਿਹਾਸ ਵਿਚ ਨਜ਼ਮਕਾਰੀ ਦੇ ਪੱਖ ਤੋਂ ਪਾਸ਼ ਤੋਂ ਬਾਅਦ ਜਿਨ੍ਹਾਂ ਦੋ ਨਾਵਾਂ ਦੇ ਕਵੀ ਵੀ ਕਾਇਲ ਹਨ- ਉਹ ਨਾਮ ਅਮਿਤੋਜ ਅਤੇ ਪ੍ਰਮਿੰਦਰਜੀਤ ਦਾ ਹੈ। ਪਾਸ਼ ਅਭਿਵਿਅਕਤੀ ਦੀ ਤੀਖਣਤਾ ਨਾਲ, ਅਮਿਤੋਜ ਅਭਿਵਿਅਕਤੀ ਦੀ ਸੂਖ਼ਮਤਾ ਨਾਲ ਤੇ ਪ੍ਰਮਿੰਦਰਜੀਤ ਅਭਿਵਿਅਕਤੀ ਦੀ ਸੁਹਜਤਾ ਨਾਲ ਪ੍ਰਵਾਨ ਚੜਿ੍ਹਆ ਹੈ। ਪ੍ਰਮਿੰਦਰਜੀਤ ਨਕਸਲਬਾੜੀ ਲਹਿਰ ਰਾਹੀਂ ਪ੍ਰਯੋਗਸ਼ੀਲਤਾ ਦੇ ਸਮਾਜਵਾਦੀ ਬਦਲ ਵਜੋਂ ਉੱਭਰੇ ਕਵੀਆਂ ਦੀ ਕਤਾਰ ਵਿਚੋਂ ਸੀ। ਚੜ੍ਹਦੀ ਉਮਰ ਦੀ ਤੱਤੀ ਤਾਸੀਰ ਨੇ ਜੁਝਾਰਵਾਦੀ ਸੁਰ ਨੂੰ ਸ਼ਬਦਾਂ ਵਿਚ ਢਾਲਿਆ ਤਾਂ ਪੰਜਾਬੀ ਕਾਵਿ ਸਥਲ ’ਤੇ ਪ੍ਰਮਿੰਦਰਜੀਤ ਦਾ ਨਾਮ ਰੂਪਮਾਨ ਹੋਇਆ। ਉਸ ਦੌਰ ਵਿਚ ਵੀ ਪ੍ਰਮਿੰਦਰਜੀਤ ਦੀ ਕਵਿਤਾ ਹੋਰਨਾਂ ਕਵੀਆਂ ਵਾਂਗ ਨਾਅਰਾਪ੍ਰਸਤੀ ਦੀ ਬਿਰਤੀ ਤੋਂ ਮੁਕਤ ਹੀ ਰਹੀ। ਉਹ ਹਥਿਆਰਬੰਦ ਪਲਟਾਵੇ ਦਾ ਹਮਾਇਤੀ ਹੁੰਦਿਆਂ ਵੀ ਕਲਮ ਨੂੰ ਹੀ ਅੰਤਿਮ ਹਥਿਆਰ ਮੰਨਦਾ ਸੀ। ਉਸ ਦਾ ਵਿਸ਼ਵਾਸ ਸੀ ਕਿ ਸੰਗੀਨ ਨਾਲ ਕੇਵਲ ਲਹੂ ਦੀ ਇਬਾਰਤ ਲਿਖੀ ਜਾ ਸਕਦੀ ਹੈ, ਪਰ ਕਲਮ ਨਾਲ ਹਰ ਰੰਗ ਦੀ ਇਬਾਰਤ ਲਿਖੀ ਜਾ ਸਕਦੀ ਹੈ।
ਪ੍ਰਮਿੰਦਰਜੀਤ ਤਲਖ਼ ਹਾਲਾਤ ਅਤੇ ਜੀਵਨ ਸੰਘਰਸ਼ ਦੇ ਪੁੜਾਂ ਵਿਚਦੀ ਪਿਸਦਾ ਹੋਇਆ ਉਹ ਅਦਬੀ ਬੀਜ ਸੀ, ਜਿਸ ਵਿਚ ਅੰਕੁਰਿਤ ਹੋਣ ਦੀ ਸੰਭਾਵਨਾ ਕਦੀ ਵੀ ਮਰੀ ਨਹੀਂ। ਰਸਮੀ ਵਿੱਦਿਆ ਦਾ ਸੋਕਾ ਵੀ ਉਸ ਦੀਆਂ ਸਾਹਿਤਕ ਸੰਭਾਵਨਾਵਾਂ ਨੂੰ ਖ਼ਤਮ ਨਾ ਕਰ ਸਕਿਆ। ਉਹ ਅਮਲ ਅਤੇ ਅਧਿਐਨ ਦਾ ਕਵੀ ਸੀ, ਕਵਿਤਾ ਉਹਦੇ ਹਰ ਸਾਹ ਨਾਲ ਰੁਮਕਦੀ ਸੀ, ਉਸ ਵਿਚ ਅਹਿਸਾਸ ਦੀ ਸ਼ਿੱਦਤ ਬਹੁਤ ਹੀ ਮਹੀਨ ਅਤੇ ਮਿਕਨਾਤੀਸੀ ਨਜ਼ਰੀਏ ਵਾਲੀ ਸੀ। ਉਹ ਸੂਖ਼ਮ ਤੋਂ ਸੂਖ਼ਮ ਖ਼ਿਆਲ ਨੂੰ ਵੀ ਬੜੀ ਹੀ ਸਹਿਜਤਾ ਨਾਲ ਪਕੜ ਲੈਂਦਾ, ਗੁਲਾਬ ਤੋਂ ਪੋਹਲੀ ਹੋ ਜਾਣ ਦਾ ਖ਼ਦਸ਼ਾ ਉਸ ਦੀ ਕਾਵਿਕ ਮਹਿਕ ਨੂੰ ਸਦਾ ਹੀ ਮੁਖਾਤਬਿ ਰਿਹਾ। ਉਸ ਸੁਪਨੀਂਦੇ ਸਫ਼ਰ ਦੇ ਰਾਹੀ ਨੇ ਕਵਿਤਾ ਨੂੰ ਤਾਅ ਉਮਰ ਜੀਵਿਆ, ਮਾਣਿਆ ਤੇ ਮਹਿਸੂਸ ਕੀਤਾ। ਕਵਿਤਾ ਉਸ ਲਈ ਲਿਖੇ ਹੋਏ ਸ਼ਬਦਾਂ ਦੀ ਅਵਸਥਾ ਨਹੀਂ ਸੀ, ਉਹ ਇਸ ਨੂੰ ਜੀਵੰਤ ਵਰਤਾਰੇ ਦੀ ਇਕ ਸ਼ਬਦੀ ਝਲਕ ਸਮਝਦਾ ਸੀ। ਉਸ ਦੀ ਸੰਵੇਦਨਸ਼ੀਲਤਾ ਨੂੰ ਤਸਦੀਕ ਕਰਦੀ ਇਕ ਨਜ਼ਮ ਅੱਜ ਵੀ ਇਹ ਸਵਾਲ ਪੈਦਾ ਕਰਦੀ ਹੈ ਕਿ ਸਾਡੇ ਖਿੱਤੇ ਦੀ ਮੰਦਹਾਲੀ ਆਰਥਿਕ ਨਾ ਹੋ ਕੇ ਮਾਨਸਿਕ ਕੰਗਾਲੀ ਨਾਲ ਜੁੜੀ ਹੈ। ਅੱਜ ਦੇ ਖਪਤੀ ਸੱਭਿਆਚਾਰ ਵਿਚ ਖੁਰਦੇ ਜਾ ਰਹੇ ਮਾਨਵ ਦੇ ਹੁਣ, ਹੋਣ ਅਤੇ ਹੋਣੀ ਦੇ ਨਕਸ਼ਾਂ ਨੂੰ ਪ੍ਰਮਿੰਦਰਜੀਤ ਦੇ ਸ਼ਬਦਾਂ ਵਿਚੋਂ ਤਲਾਸ਼ਿਆ ਜਾ ਸਕਦਾ ਹੈ।
ਨਾ ਤਾਂ ਅਸੀਂ ਚੁਰਾਈਆਂ ਮਹਿਕਾਂ
ਨਾ ਚਾਨਣ ਗੰਧਲਾਏ,
ਪਤਾ ਨਹੀਂ ਉਮਰੋਂ ਲੰਮੇ
ਕਿਉਂ ਬਨਵਾਸ ਹੰਢਾਏ।
ਜੇ ਤਾਂ ਬੋਲ ਅਸਾਡੇ ਜੂਠੇ
ਤਾਂ ਜੂਠੇ ਤਨ ਕਹੀਏ,
ਪਰ ਜੇ ਮਨ ਦੀ ਸੁੱਚਤਾ ਤੱਕੀਏ
ਸਦਾ ਸੁਲਗਦੇ ਰਹੀਏ।
ਸਾਡੀ ਤਾਂ ਪਰਵਾਜ਼ ਲਿਖੀ ਏ
ਇਕ ਅੰਬਰ ਦੇ ਲੇਖੇ,
ਅਸਾਂ ਆਪਣੀ ਤੇਹ ਦੇ ਪੰਛੀ
ਲੂੰ ਲੂੰ ਧੁਖਦੇ ਵੇਖੇ।
ਤਨ ਦਹਿਲੀਜ਼ਾਂ, ਮਨ ਪਰਛਾਵੇਂ
ਜਗਣ ਮਾਸ ਦੇ ਦੀਵੇ,
ਪਰ ਸਾਡਾ ਮਨ ਕੰਧਾਂ ਲੋੜੇ
ਆਪਣੇ ਹਨੇਰੇ ਪੀਵੇ।
ਤੇਰੇ ਅੰਬਰੀਂ ਸ਼ਾਇਦ ਸਾਡਾ
ਤਾਰਾ ਚੋਗ ਚੁਗੀਂਦਾ,
ਸਾਡੀ ਮਿੱਟੀ ਨੂੰ ਪਰ ਤੇਰਾ
ਬੋਲ ਨਾ ਕਦੀ ਸੁਣੀਂਦਾ।
ਬੇਸ਼ੱਕ ‘ਅੱਖ਼ਰ’ ਦੇ ਬਾਨੀ ਸੰਪਾਦਕ ਵਜੋਂ ਉਹ 1976 ਤੋਂ ਕਾਰਜਸ਼ੀਲ ਸੀ, ਪਰ ਉਸ ਨੂੰ ਕਿਤਾਬ-ਦਰ-ਕਿਤਾਬ ਸਫ਼ਰ ਤੈਅ ਦੀ ਕੋਈ ਕਾਹਲੀ ਨਹੀਂ ਸੀ। ਪਹਿਲੀ ਕਿਤਾਬ ‘ਮੇਰੀ ਮਾਰਫ਼ਤ’ ਤੋਂ ਲੈ ਕੇ ਆਪਣੇ ਆਖ਼ਰੀ ਸਾਹ ਲੈਣ ਤਕ ਉਸ ਨੇ ਉਂਗਲਾਂ ’ਤੇ ਗਿਣਨ ਜੋਗੀਆਂ ਕਿਤਾਬਾਂ ਹੀ ਪ੍ਰਕਾਸ਼ਿਤ ਕਰਵਾਈਆਂ ਸਨ। ਪ੍ਰਮਿੰਦਰਜੀਤ ਹੁਰਾਂ ਨੂੰ ਜ਼ਿੰਦਗੀ ਵਿਚ ਸਿਰਫ਼ ਦੋ ਵਾਰ ਮਿਲਣ ਦਾ ਮੌਕਾ ਮਿਲਿਆ ਸੀ। ਮੇਰੀ ਪਹਿਲੇ ਦੌਰ ਦੀ ਇਕ ਨਜ਼ਮ ਉਨ੍ਹਾਂ ਨੇ 1998 ਵਿਚ ਆਪਣੇ ਮੈਗਜ਼ੀਨ ‘ਅੱਖ਼ਰ’ ਵਿਚ ਛਾਪੀ ਸੀ। ਦੋ ਸੰਖੇਪ ਜਿਹੀਆਂ ਮੁਲਾਕਾਤਾਂ ਉਸ ਦੀ ਪਾਰਖੂ ਅੱਖ ਦੀ ਤਸਦੀਕ ਕਰਦੀਆਂ ਸਨ, ਜੋ ਸੰਭਾਵਨਾਵਾਂ ਨੂੰ ਪਲ ਵਿਚ ਪਕੜ ਲੈਂਦੀ ਸੀ। ਪ੍ਰਮਿੰਦਰਜੀਤ ਕਵਿਤਾ ਦਾ ਭਰ ਵਗਦਾ ਦਰਿਆ ਸੀ, ਜਿਸ ਨੇ ਉਸ ਦੇ ਪਾਣੀਆਂ ਦੀ ਇਕ ਬੁੱਕ ਵੀ ਪੀਤੀ ਉਸ ਦਾ ਮੁਰੀਦ ਹੋ ਕੇ ਰਹਿ ਗਿਆ। ‘ਅੱਖ਼ਰ’ ਉਸ ਦੀ ਹੀ ਨਹੀਂ, ਪੰਜਾਬੀ ਸਾਹਿਤ ਦੀ ਪਹਿਚਾਣ ਸੀ। ‘ਅੱਖ਼ਰ’ ਦਾ ਨਾਮ ਜਦੋਂ ਵੀ ਜ਼ੁਬਾਨ ’ਤੇ ਆਉਂਦਾ ਹੈ ਤਾਂ ਪ੍ਰਮਿੰਦਰਜੀਤ ਦੇ ਵੇਗ ਦਾ ਅਹਿਸਾਸ ਹੁੰਦਾ ਹੈ। ਕਿੰਨਾ ਤੀਬਰ ਤੇ ਤਲਿਸਮੀ ਕਾਟ ਸੀ, ਉਸ ਸ਼ੂਕਦੇ ਦਰਿਆ ਦਾ। ਉਸ ਦੇ ਪ੍ਰਵਾਹ ਵਿਚ ਦੁਵਿਧਾਵਾਂ ਦੀ ਕਾਹੀ, ਸ਼ੰਕਿਆਂ ਦੇ ਬਰੇਤੇ ਪੈਦਾ ਹੋ ਸਕਦੇ, ਇਹ ਸੰਭਵ ਹੀ ਨਹੀਂ ਸੀ। ਉਸ ਦੇ ਚਿੰਤਨ ਦੀ ਗਹਿਰਾਈ ਅਨਾਪਕ ਸੀ। ਸਾਹਿਤ ਪ੍ਰਮਿੰਦਰਜੀਤ ਲਈ ਦੋਇਮ ਕਾਰਜ ਨਹੀਂ ਸੀ। ਉਹ ਉਸ ਕਤਾਰ ਦਾ ਆਖ਼ਰੀ ਕਵੀ ਸੀ, ਜਿਨ੍ਹਾਂ ਦੀ ਉਪਜੀਵਿਕਾ ਕੇਵਲ ਤੇ ਕੇਵਲ ਕਲਮਕਾਰੀ ਹੀ ਸੀ।
ਪੰਜਾਬੀ ਸਾਹਿਤ ਦਾ ਉਹ ਵੱਡੀ ਪੱਗ ਵਾਲਾ ਸ਼ਾਇਰ ਬਹੁਤ ਸੂਖਮ ਜ਼ਿਹਨ ਵਾਲਾ ਸੀ। ਜਿੱਥੇ ਉਹ ਕਵਿਤਾ ਦਾ ਸਮਰੱਥ ਸਿਰਜਕ ਸੀ, ਉੱਥੇ ਉਹਦੇ ਵਰਗਾ ਕਵਿਤਾ ਦਾ ਗ਼ੈਰ ਅਕਾਦਮਿਕ ਆਲੋਚਕ ਅਜੇ ਤਕ ਵੀ ਲੱਭਣਾ ਮੁਸ਼ਕਿਲ ਹੈ। ਉਹ ਮਹਿਫ਼ਲਾਂ ਦਾ ਬੇਤਾਜ ਬਾਦਸ਼ਾਹ ਸੀ। ਮਹਿਫ਼ਲ ਵਿਚ ਉਹਦੀ ਹਾਜ਼ਰੀ ਅਤੇ ਗ਼ੈਰ ਹਾਜ਼ਰੀ ਦੋਵੇਂ ਹੀ ਬਹੁਤ ਗਹਿਰੇ ਅਰਥ ਰੱਖਦੀਆਂ ਸਨ। ਉਹ ਮੀਸਨਾ ਹੁੰਦਾ ਤਾਂ ਕਈ ਰੁਤਬੇ-ਕੁਤਬੇ ਉਸ ਦੇ ਨਾਮ ਹੁੰਦੇ। ਉਹ ਜੁਗਾੜੀ ਹੁੰਦਾ ਤਾਂ ਕਈ ਮਾਣ-ਸਨਮਾਨ ਉਹਦੇ ਕਦਮਾਂ ਵਿਚ ਪਏ ਹੁੰਦੇ, ਪਰ ਉਹ ਪ੍ਰਮਿੰਦਰਜੀਤ ਸੀ ! ਉਹ ਬੇੜੀਆਂ ਦਾ ਪਤਵਾਰ ਨਹੀਂ, ਸਗੋਂ ਬੇੜੀਆਂ ਦਾ ਪੁਲ ਸੀ। ਜਿਸ ਦੀ ਸ਼ਬਦ ਸੰਗਤ ਵਿਚ ਕਦਮਤਾਲ ਕਰਦੇ ਹੋਏ ਕਈ ਲੋਕ ਉਫ਼ਾਨ ’ਤੇ ਆਏ ਦਰਿਆ ਪਾਰ ਕਰ ਗਏ। ਪ੍ਰਮਿੰਦਰਜੀਤ ਉਨ੍ਹਾਂ ਲਈ ਪੁਰਸਲਾਤ ਬਣਿਆ ਰਿਹਾ। ਉਸ ਦੀ ਬੇਬਾਕੀ ਨੇ ਉਸ ਨੂੰ ਕਦੀ ਵੀ ਹਮਦਰਦੀਆਂ ਦਾ ਪਨਾਹਗੀਰ ਨਾ ਬਣਨ ਦਿੱਤਾ। ਉਸ ਦੀ ਖ਼ੁਦਦਾਰੀ ਔਕੜਾਂ ਵਿਚ ਉਸ ਦੇ ਸਫ਼ਰ ਦਾ ਭੱਤਾ ਬਣਦੀ ਰਹੀ।
ਉਹ ਬੱਚਿਆਂ ਦੇ ਨਾਲ ਨਾਲ ਯਾਰੀਆਂ ਪਾਲਦਾ ਪਾਲਦਾ ਅੰਬਰਸਰ ਦਾ ਸਾਹਿਤਕ ਅੰਬਰ ਬਣਿਆ ਰਿਹਾ, ਜਿਸ ਵਿਚ ਕਈ ਤਿਤਲੀਆਂ ਟਹਿਕਦੀਆਂ ਹਨ, ਕਈ ਜੁਗਨੂੰ ਟਿਮਟਿਮਾਉਂਦੇ ਸਨ ਤੇ ਕਈ ਉੱਲੂ ਵੀ ਉਸ ਦੀ ਅਜ਼ਮਤ ਤੋਂ ਅਣਜਾਣ ਉਡਾਰੀਆਂ ਮਾਰਦੇ ਸਨ। ਉਹ ਦੁਸ਼ਮਣੀਆਂ ਤੇ ਦੋਸਤੀਆਂ ਦੋਵੇਂ ਹੀ ਸਲੀਕੇ ਅਤੇ ਸ਼ਿੱਦਤ ਨਾਲ ਪਾਲਣ ਵਾਲਾ ਵਿਅਕਤੀ ਸੀ। ਸਮਝੌਤਾ ਅਤੇ ਤੁਸ਼ਟੀਕਰਨ ਦੋ ਸ਼ਬਦ ਉਸ ਦੇ ਸ਼ਬਦ ਕੋਸ਼ ਵਿਚ ਸ਼ਾਮਲ ਹੀ ਨਹੀਂ ਸਨ, ਉਹ ਪੂਰੇ ਮਨ ਨਾਲ ਮੋਹ ਅਤੇ ਰੋਹ ਦੀ ਸਿਖ਼ਰ ਨੂੰ ਪੇਸ਼ ਕਰਨ ਦਾ ਮੁਦਈ ਸੀ। ਖ਼ੁਦਦਾਰੀ ਉਸ ਦੀ ਜਾਤ ਅਤੇ ਸਵੈ ਮਾਣ ਉਸ ਦਾ ਧਰਮ ਸੀ, ਉਹ ਦਰਵੇਸ਼ ਦਰ ’ਤੇ ਨਿਆਮਤ ਦੇਣ ਆਏ ਰੱਬ ਨੂੰ ਵੀ ਝਿੜਕ ਸਕਦਾ ਸੀ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੇ ਉਸ ਦੀ ਕਾਇਆ ਨੂੰ ਬਹੁਤ ਝੰਜੋੜਿਆ, ਪਰ ਕੋਈ ਸੁਨਾਮੀ ਉਸ ਦੇ ਹੌਸਲੇ ਦੇ ਪੈਰ ਨਾ ਉਖੇੜ ਸਕੀ। ਜ਼ਿੰਦਗੀ ਦਾ ਉਹ ਅਲਬੇਲੜਾ ਆਸ਼ਕ ਬਹੁਤ ਹੀ ਜਲਦੀ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ।
ਪ੍ਰਮਿੰਦਰਜੀਤ ਦਾ ਨਾਮ ਅੰਮ੍ਰਿਤਸਰ ਸ਼ਹਿਰ ਦੀਆਂ ਸਾਹਿਤਕ ਸਰਗਰਮੀਆਂ ਦਾ ਜ਼ਿਕਰ ਛਿੜਦਿਆਂ ਹੀ ਮਹਿਕ ਉੱਠਦਾ ਸੀ। ਅਦਬੀ ਅੰਬਰ ਵਿਚ ਤਲਿਸਮੀ ਲੋਅ ਵਾਲਾ ਉਹ ਤਾਰਾ 23 ਮਾਰਚ 2015 ਦੀ ਮਨਹੂਸ ਰਾਤ ਨੂੰ ਤਿੜਕ ਗਿਆ। ਆਸਟਰੇਲੀਆ ਰਹਿੰਦਿਆਂ ਜਦੋਂ ਸ਼ੋਸਲ ਮੀਡੀਆ ਰਾਹੀਂ ਇਹ ਹਿਰਦੇਵੇਧਕ ਖ਼ਬਰ ਮਿਲੀ ਤਾਂ ਮਨ ਬਹੁਤ ਉਦਾਸ ਹੋਇਆ। ਭੈਣ ਜੀ ਸੁਰਿੰਦਰ ਨੂੰ ਫੋਨ ਕੀਤਾ, ਪਰ ਉਦਾਸੀ ਦੀ ਪਰਤ ਚਾਕ ਨਾ ਹੋ ਸਕੀ। ਪ੍ਰਮਿੰਦਰਜੀਤ ਦੀ ਯਾਦ ਵਿਚ ਉਸ ਦੇ ਮਿੱਤਰ ਪਿਆਰਿਆਂ ਨੇ ‘ਅੱਖ਼ਰ’ ਮੈਗਜ਼ੀਨ ਨੂੰ ਮੁੜ ਤੋਂ ਸ਼ੁਰੂ ਕੀਤਾ। ਇਸ ਲਈ ਡਾ. ਕਰਨੈਲ ਸ਼ੇਰਗਿੱਲ, ਪਰਮਿੰਦਰ ਸੋਢੀ, ਇੰਦਰੇਸ਼ਮੀਤ, ਡਾ. ਵਿਕਰਮਜੀਤ ਆਦਿ ਦੀ ਤਾਰੀਫ਼ ਕਰਨੀ ਬਣਦੀ ਹੈ। ਵਿਸ਼ਾਲ ਕੋਲ ਸੂਖ਼ਮ ਕਾਵਿ ਸਿਰਜਣਾ ਅਤੇ ਪ੍ਰਮਿੰਦਰਜੀਤ ਹੁਰਾਂ ਦੀ ਸੰਗਤ ਵਿਚ ਰਹਿਣ ਦਾ ਮਾਣ ਹਾਸਲ ਹੈ, ਇਸ ਨਾਲ ‘ਅੱਖ਼ਰ’ ਦੀ ਸੰਪਾਦਕੀ ਨੇ ਇਸ ਉਪਰਾਲੇ ਨੂੰ ਚਾਰ ਚੰਨ ਲਾ ਦਿੱਤੇ। ਅਸੀਂ ਜਦੋਂ 2016 ਵਿਚ ਬ੍ਰਿਸਬੇਨ ਸ਼ਹਿਰ ਵਿਚ ਇੰਡੋਜ਼ ਕਾਵਿ ਕਬੀਲੇ ਦੀ ਬੁਨਿਆਦ ਰੱਖੀ ਸੀ ਤਾਂ ਮਨ ਸੀ ਕਿ ਜਿੱਥੇ ਪਰਵਾਸੀ ਧਰਤੀ ’ਤੇ ਸਾਹਿਤਕ ਸਰਗਰਮੀਆਂ ਦੀ ਭਰਵੀਂ ਸ਼ੁਰੂਆਤ ਕਰਨੀ ਹੈ, ਉੱਥੇ ਪੰਜਾਬ ਵਿਚ ਤੁਰ ਗਏ ਮਿੱਤਰਾਂ ਦੀ ਯਾਦ ਨੂੰ ਸਾਹਿਤਕ ਸਰਗਰਮੀਆਂ ਰਾਹੀਂ ਜਿਉਂਦੇ ਰੱਖਣਾ ਹੈ। ਇਸ ਵਿਚਾਰ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਸਾਲ 2017 ਵਿਚ ਅੰਮ੍ਰਿਤਸਰ ਸ਼ਹਿਰ ਦਾ ਕਵੀ ਮਿੱਤਰ ਇੰਦਰੇਸ਼ਮੀਤ ਬ੍ਰਿਸਬੇਨ ਦੀ ਫੇਰੀ ’ਤੇ ਆਇਆ ਸੀ। ਇੰਦਰੇਸ਼ਮੀਤ ਪ੍ਰਮਿੰਦਰਜੀਤ ਦੇ ਪੁਰਾਣੇ ਅਤੇ ਕਰੀਬੀ ਮਿੱਤਰਾਂ ਵਿਚੋਂ ਇਕ ਹੋਣ ਕਰਕੇ ‘ਅੱਖ਼ਰ’ ਦੇ ਪ੍ਰਕਾਸ਼ਨ ਕਾਰਜ ਲਈ ਪਹਿਲਾਂ ਹੀ ਮਾਇਕ ਮਦਦ ਕਰਦਾ ਆ ਰਿਹਾ ਸੀ। ਬ੍ਰਿਸਬੇਨ ਵਿਚ ਉਸ ਦੀ ਹਾਜ਼ਰੀ ਸਾਹਿਤਕ ਸਮਾਗਮ ਹੋਇਆ, ਪ੍ਰਮਿੰਦਰਜੀਤ ਨੂੰ ਯਾਦ ਕੀਤਾ ਗਿਆ। ਇਹ ਮਿਲਣੀ ਹੀ ਪ੍ਰਮਿੰਦਰਜੀਤ ਦੀ ਯਾਦ ਵਿਚ ਅੱਖ਼ਰ ਸਾਹਿਤ ਅਕਾਦਮੀ ਅੰਮ੍ਰਿਤਸਰ ਅਤੇ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਦੀ ਸਥਾਪਨਾ ਲਈ ਅਹਿਦਨਾਮਾ ਬਣ ਗਈ। ਪਹਿਲੇ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਲਈ ਡਾ. ਮੋਹਨਜੀਤ ਦੇ ਨਾਮ ’ਤੇ ਸਾਰੇ ਮੈਂਬਰ ਸਹਿਮਤ ਹੋ ਗਏ। ਪਰ ਪਹਿਲਾ ਸਮਾਗਮ ਕੁਝ ਜ਼ਰੂਰੀ ਕਾਰਨਾਂ ਕਰਕੇ ਲੇਟ ਹੋ ਗਿਆ। ਸਾਲ 2018 ਤੋਂ ਲੈ ਕੇ 2020 ਤਕ ਡਾ. ਮੋਹਨਜੀਤ, ਡਾ. ਜਗਵਿੰਦਰ ਜੋਧਾ, ਸ੍ਰੀ ਹਰਭਜਨ ਹੁੰਦਲ਼, ਡਾ. ਪਾਲ ਕੌਰ ਅਤੇ ਡਾ. ਰਵਿੰਦਰ ਸਮੇਤ ਪੰਜ ਦੇ ਪੰਜ ਨਾਮ ਹੀ ਇਸ ਪੁਰਸਕਾਰ ਲਈ ਨਾਮਜ਼ਦ ਕਰਦਿਆਂ ਅਸੀਂ ਪ੍ਰਮਿੰਦਰਜੀਤ ਦੇ ਕਾਵਿਕ ਮੋਹ ਅਤੇ ਕਾਵਿਕ ਕੋਟੀ ਨੂੰ ਸਦਾ ਹੀ ਧਿਆਨ ਵਿਚ ਰੱਖਿਆ ਹੈ। ਪੁਰਸਕਾਰ ਦੀ ਰਾਸ਼ੀ 11 ਹਜ਼ਾਰ ਰੁਪਏ ਤੋਂ ਵਧਾ ਕੇ 21000 ਰੁਪਾਏ ਕਰ ਦਿੱਤੀ ਗਈ ਹੈ।
ਇਸ ਪੁਰਸਕਾਰ ਲਈ ਐਵਾਰਡ ਦੀ ਰਾਸ਼ੀ ਸਮੇਤ ਬਣਦੀ ਸਰਦੀ ਸਹਾਇਤਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਕਰਦੀ ਹੈ, ਜਦੋਂ ਕਿ ਸਮਾਗਮ ਦਾ ਉਪਰਾਲਾ ਇੰਦਰੇਸ਼ਮੀਤ ਹੁਰਾਂ ਦੀ ਅਗਵਾਈ ਵਿਚ ਅੱਖ਼ਰ ਸਾਹਿਤ ਅਕਾਡਮੀ ਦਾ ਹੈ। ਇਸ ਪ੍ਰਕਾਰ ਪ੍ਰਮਿੰਦਰਜੀਤ ਪ੍ਰਤੀ ਮੁਹੱਬਤ ਅਤੇ ਸਨਮਾਨ ਨੂੰ ਅਪਣਾਏ ਹੋਏ ਇਸ ਪੁਰਸਕਾਰ ਦੀ ਲਗਾਤਾਰਤਾ ਜਾਰੀ ਹੈ। ਅੱਜ ਇਸ ਲੜੀ ਦੇ ਪੰਜ ਪੁਰਸਕਾਰ ਪੂਰੇ ਹੋਣ ’ਤੇ ਅਸੀਂ ਪ੍ਰਮਿੰਦਰਜੀਤ ਨੂੰ ਨਮਨ ਕਰਦੇ ਹੋਏ ਭਵਿੱਖ ਵਿਚ ਕੋਸ਼ਿਸ਼ ਕਰਾਂਗੇ ਕਿ ਪ੍ਰਮਿੰਦਰਜੀਤ ਦੀਆਂ ਅਣਪ੍ਰਕਾਸ਼ਿਤ ਰਚਨਾਵਾਂ, ਮੁਲਾਕਾਤਾਂ, ਚਿੱਠੀਆਂ ਅਤੇ ਉਸ ਦੀ ਸਿਮਰਤੀ ਵਿਚ ਲਿਖੀਆਂ ਸ਼ਰਧਾਂਜਲੀਆਂ ਨੂੰ ਇਕੱਤਰ ਕਰਕੇ ਅਭਿਨੰਦਨ ਗ੍ਰੰਥ ਵਜੋਂ ਪ੍ਰਕਾਸ਼ਿਤ ਕਰਵਾਈਏ।
ਸੰਪਰਕ: +61410584302