ਵਿਪੁਲ ਜਵਾਲਾ ਪ੍ਰਸਾਦ
ਸੂਰਜ ਚੜ੍ਹ ਆਇਆ ਸੀ। ਅਚਾਨਕ ਉਹਨੂੰ ਆਇਆ ਵੇਖ ਕੇ ਉਹ ਅਥਾਹ ਖੁਸ਼ੀ ਵਿਚ ਡੁੱਬ ਗਏ ਸਨ। ਉਹਨੂੰ ਵਾਰ- ਵਾਰ ਗਲੇ ਲਾ ਰਹੇ ਸਨ, ਪਿਆਰ ਕਰ ਰਹੇ ਸਨ। ਉਨ੍ਹਾਂ ਦਾ ਮਨ ਉਨ੍ਹਾਂ ਸਾਰਿਆਂ ਨੂੰ ਵੇਖ-ਵੇਖ ਕੇ ਗਦਗਦ ਹੋ ਰਿਹਾ ਸੀ। ਬੜੇ ਰੁਕ-ਰੁਕ ਕੇ ਉਨ੍ਹਾਂ ਦੇ ਮੂੰਹੋਂ ਸ਼ਬਦ ਨਿਕਲ ਰਹੇ ਸਨ, ‘ਬੜੇ ਦਿਨਾਂ ਬਾਅਦ ਆਇਆ ਹੈਂ ਬੇਟੇ… ਤੁਹਾਨੂੰ ਸਭ ਨੂੰ ਵੇਖਣ- ਮਿਲਣ ਲਈ ਮੈਂ ਕਿੰਨਾ ਤਰਸ ਗਿਆ ਸਾਂ! ਉਹ ਤਾਂ ਇਨ੍ਹਾਂ ਕੁਝ ਕਿਰਾਏਦਾਰ ਮੁੰਡਿਆਂ ਦੇ ਸਹਾਰੇ ਦਿਨ ਬਿਤਾਉਂਦਾ ਰਿਹਾ। ਨਹੀਂ ਤਾਂ ਮੈਂ ਤੁਹਾਥੋਂ ਬਿਨਾਂ ਜਿਉਂਦਾ ਹੀ ਨਾ ਰਹਿ ਸਕਦਾ…!’
ਹੁਣ ਸਭ ਦੇ ਆਉਣ ਨਾਲ ਫਲੈਟ ਭਰਿਆ-ਭਰਿਆ, ਸੋਹਣਾ ਤੇ ਪਿਆਰਾ ਲੱਗ ਰਿਹਾ ਸੀ। ਉਨ੍ਹਾਂ ਨੇ ਟੈਕਸੀ ਤੋਂ ਉਹਦਾ ਸਾਮਾਨ ਉਤਰਵਾਇਆ ਅਤੇ ਠੀਕ ਤਰ੍ਹਾਂ ਇਕ ਕਮਰੇ ਵਿਚ ਲਗਵਾ ਦਿੱਤਾ। ਡਰਾਇੰਗ ਰੂਮ ਵਿਚ ਜਦੋਂ ਸਭ ਨੇ ਕੁਝ ਚਿਰ ਆਰਾਮ ਕਰ ਲਿਆ ਤਾਂ ਉਨ੍ਹਾਂ ਨੇ ਅਨੀਤਾ ਨੂੰ ਆਵਾਜ਼ ਮਾਰੀ, ‘ਬੇਟਾ, ਕਿਚਨ ’ਚ ਜਾ ਕੇ ਸਾਰਿਆਂ ਲਈ ਚਾਹ-ਨਾਸ਼ਤਾ ਤਿਆਰ ਕਰ ਲੈ। ਓਥੇ ਸਾਹਮਣੇ ਛੋਟੀ ਅਲਮਾਰੀ ਵਿਚ ਬਿਸਕੁਟ, ਬਰੈੱਡ ਵੀ ਪਈ ਹੈ। ਉਹ ਵੀ ਲੈ ਆਈਂ।’
ਉਨ੍ਹਾਂ ਦੀ ਆਵਾਜ਼ ਸੁਣ ਕੇ ਅਨੀਤਾ ਕਿਚਨ ਵਿਚ ਚਲੀ ਗਈ। ਉਨ੍ਹਾਂ ਦੇ ਮਨ ਵਿਚ ਬੀਤੇ ਸਮੇਂ ਦੀਆਂ ਗੱਲਾਂ ਮੰਡਰਾਉਣ ਲੱਗੀਆਂ… ਸੌਰਭ ਨੂੰ ਆਈਆਈਟੀ ਦੀ ਕੋਚਿੰਗ ਅਤੇ ਉਸਦੀ ਡਿਗਰੀ ਕਰਵਾਉਣ ਵਿਚ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਮਨੋਰਮਾ ਨੂੰ ਕਿੰਨੀ ਮਿਹਨਤ ਕਰਨੀ ਪਈ ਸੀ। ਸੌਰਭ ਸੀਨੀਅਰ ਸੈਕੰਡਰੀ ਪਾਸ ਕਰਕੇ ਹੀ ਕੋਟਾ ਆ ਗਿਆ ਸੀ। ਉਨ੍ਹਾਂ ਨੇ ਉਹਨੂੰ ਉੱਥੇ ਕੋਚਿੰਗ ਲਈ ਇਕ ਇੰਸਟੀਚਿਊਟ ਵਿਚ ਦਾਖਲ ਕਰਵਾ ਦਿੱਤਾ। ਆਪਣੀ ਵੀ ਉਨ੍ਹਾਂ ਨੇ ਛਪਰਾ ਤੋਂ ਕੋਟਾ ਬਦਲੀ ਕਰਵਾ ਲਈ ਸੀ। ਸੌਰਭ ਦੀ ਕੋਚਿੰਗ ਦਾ ਖ਼ਰਚਾ ਉਨ੍ਹਾਂ ਦੀ ਤਨਖਾਹ ਨਾਲ ਤਾਂ ਚੱਲ ਨਹੀਂ ਸਕਦਾ ਸੀ, ਇਸ ਲਈ ਖ਼ਰਚੇ ਦੇ ਜੁਗਾੜ ਵਾਸਤੇ ਉਹ ਸਕੂਲ ਦਾ ਸਮਾਂ ਖ਼ਤਮ ਹੋਣ ਪਿੱਛੋਂ ਇੱਧਰ-ਉੱਧਰ ਟਿਊਸ਼ਨਾਂ ਕਰਦੇ ਸਨ। ਉਨ੍ਹਾਂ ਦੋਹਾਂ ਦਾ ਬਸ ਇਕੋ ਹੀ ਸੁਪਨਾ ਸੀ… ਕਿਸੇ ਵੀ ਤਰ੍ਹਾਂ ਸੌਰਭ ਨੂੰ ਆਈਆਈਟੀ ਕਰਵਾਉਣਾ! ਸੌਰਭ ਪਹਿਲੀ ਹੀ ਕੋਸ਼ਿਸ਼ ਵਿਚ ਆਈਆਈਟੀ ਦਾਖ਼ਲਾ ਪ੍ਰੀਖਿਆ ਵਿਚ ਸਫਲ ਹੋ ਗਿਆ ਸੀ। ਪੜ੍ਹਾਈ ਲਈ ਉਹਨੂੰ ਕਾਨਪੁਰ ਆਈਆਈਟੀ ਜਾਣਾ ਪਿਆ।
ਉਨ੍ਹਾਂ ਨੇ ਸੌਰਭ ਦੀ ਕੋਚਿੰਗ ਦਾ ਖ਼ਰਚਾ ਜਿਵੇਂ-ਕਿਵੇਂ ਸਹਾਰ ਕੇ ਉਹਨੂੰ ਆਈਆਈਟੀ ਕਾਨਪੁਰ ਵਿਚ ਤਾਂ ਦਾਖਲਾ ਦਿਵਾ ਦਿੱਤਾ, ਪਰ ਹੁਣ ਉਹਦੀ ਪੜ੍ਹਾਈ ਦਾ ਖ਼ਰਚਾ ਸਹਾਰਨ ਦੀ ਉਨ੍ਹਾਂ ਵਿਚ ਹਿੰਮਤ ਨਹੀਂ ਸੀ। ਨਾ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਨੇ ਛਪਰਾ ਵਿਚਲੀ ਆਪਣੀ ਜੱਦੀ ਜ਼ਮੀਨ ਵੇਚ ਦਿੱਤੀ। ਪਤਨੀ ਮਨੋਰਮਾ ਦੇ ਸੋਨੇ-ਚਾਂਦੀ ਦੇ ਜਿੰਨੇ ਵੀ ਗਹਿਣੇ-ਗੱਟੇ ਸਨ, ਉਹ ਸਾਰੇ ਵੇਚ ਦਿੱਤੇ। ਫਿਰ ਵੀ ਖ਼ਰਚਾ ਪੂਰਾ ਨਹੀਂ ਸੀ ਪੈ ਰਿਹਾ, ਤਾਂ ਉਨ੍ਹਾਂ ਨੇ ਪਤਨੀ ਮਨੋਰਮਾ ਨੂੰ ਆਂਗਨਵਾੜੀ ਵਿਚ ਨੌਕਰੀ ’ਤੇ ਲਵਾ ਦਿੱਤਾ।
ਅਨੀਤਾ ਚਾਹ-ਨਾਸ਼ਤਾ ਲੈ ਆਈ ਸੀ। ਸਾਰੇ ਜਣੇ ਚਾਹ ਨਾਸ਼ਤਾ ਕਰਨ ਲੱਗੇ, ਪਰ ਡਾਈਨਿੰਗ ਟੇਬਲ ਦੀ ਕੁਰਸੀ ’ਤੇ ਬੈਠੇ ਹੋਣ ’ਤੇ ਵੀ ਉਨ੍ਹਾਂ ਦੇ ਵਿਚਾਰਾਂ ਦੀ ਲੜੀ ਟੁੱਟ ਨਹੀਂ ਰਹੀ ਸੀ। ‘ਪਾਪਾ, ਚਾਹ ਠੰਢੀ ਹੋ ਰਹੀ ਹੈ… ਕੀ ਸੋਚਣ ਲੱਗ ਪਏ ਹੋ…।’ ਸੌਰਭ ਨੇ ਉਨ੍ਹਾਂ ਨੂੰ ਟੋਕਿਆ। ‘ਉਹ ਹਾਂ, ਬੇਟਾ.. ਤੇਰੇ ਆਉਣ ਦੀ ਖੁਸ਼ੀ ਵਿਚ ਮੈਂ ਤਾਂ ਸਭ ਕੁਝ ਭੁੱਲ ਹੀ ਗਿਆ।’ ਉਨ੍ਹਾਂ ਨੇ ਚਾਹ ਦਾ ਕੱਪ ਚੁੱਕਿਆ ਅਤੇ ਬਿਸਕੁਟ ਲੈ ਕੇ ਖਾਣ ਲੱਗੇ।
ਸੌਰਭ ਦੀ ਆਈਆਈਟੀ ਦੀ ਡਿਗਰੀ ਪੂਰੀ ਹੋਈ। ਡਿਗਰੀ ਪੂਰੀ ਹੁੰਦਿਆਂ ਹੀ ਸੌਰਭ ਕੋਲ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਪਲੇਸਮੈਂਟ ਲਈ ਪੇਸ਼ਕਸ਼ ਆਉਣ ਲੱਗੀ, ਪਰ ਉਨ੍ਹਾਂ ਦੀ ਕਿਸਮਤ ਵੇਖੋ! ਉਧਰ ਸੌਰਭ ਕੋਲ ਨੌਕਰੀ ਲਈ ਪੇਸ਼ਕਸ਼ ਆ ਰਹੀ ਸੀ, ਇਧਰ ਮਨੋਰਮਾ ਨੂੰ ਦਿਮਾਗ਼ੀ ਬੁਖਾਰ ਨੇ ਘੇਰ ਲਿਆ। ਜਦੋਂ ਤਕ ਉਹ ਹੋਸ਼ ਵਿਚ ਰਹੀ, ਇਹੋ ਕਹਿੰਦੀ ਰਹੀ, ‘ਮੇਰੇ ਲਾਲ ਦਾ ਧਿਆਨ ਰੱਖਣਾ…ਵੇਖਣਾ, ਮੇਰੇ ਪੁੱਤ ਨੂੰ ਕੋਈ ਤਕਲੀਫ਼ ਨਾ ਹੋਵੇ…!’ ਪਰ ਜਦੋਂ ਉਹ ਕੋਮਾ ਵਿਚ ਚਲੀ ਗਈ, ਫਿਰ ਉਹਦੇ ਤਰ੍ਹਾਂ-ਤਰ੍ਹਾਂ ਦੇ ਮਮਤਾਮਈ ਵਾਕ ਬੰਦ ਹੋ ਗਏ। ਆਖਿਰਕਾਰ ਉਹਦੇ ਪ੍ਰਾਣ-ਪੰਖੇਰੂ ਵੀ ਉੱਡ ਗਏ। ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਕਿਸੇ ਨੂੰ ਇਹਦਾ ਪਤਾ ਨਾ ਲੱਗੇ, ਇਸ ਲਈ ਉਹ ਬਾਥਰੂਮ ਵਿਚ ਜਾ ਕੇ ਹੰਝੂ ਪੂੰਝਣ ਲੱਗੇ।
ਸੌਰਭ ਕੋਲ ਨੌਕਰੀ ਦੀ ਪੇਸ਼ਕਸ਼ ਆਉਣ ਦੇ ਨਾਲ-ਨਾਲ ਇਕ ਆਈਏਐੱਸ ਅਧਿਕਾਰੀ ਦੀ ਨਜ਼ਰ ਉਸ ’ਤੇ ਚੜ੍ਹ ਗਈ। ਉਸ ਨੇ ਸੌਰਭ ’ਤੇ ਅਜਿਹਾ ਜਾਦੂ ਪਾਇਆ ਕਿ ਉਹ ਉਹਦੀਆਂ ਉਂਗਲਾਂ ’ਤੇ ਨੱਚਣ ਲੱਗਿਆ। ਉਹਨੇ ਸੌਰਭ ਨੂੰ ਪੱਟੀ ਪੜ੍ਹਾ ਕੇ ਆਪਣੀ ਲੜਕੀ ਨਾਲ ਉਹਦਾ ਵਿਆਹ ਕਰ ਦਿੱਤਾ। ਉਨ੍ਹਾਂ ਦੀ ਤਾਂ ਸਿਰਫ਼ ਸਹਿਮਤੀ ਹੀ ਲਈ ਸੀ। ਵਿਆਹ ਹੋਣ ਤੋਂ ਬਾਅਦ ਹੀ ਇਕ ਆਸਟਰੇਲੀਅਨ ਕੰਪਨੀ ਨੇ ਵੱਡੀ ਤਨਖਾਹ ’ਤੇ ਸੌਰਭ ਨੂੰ ਆਪਣੇ ਵੱਲ ਖਿੱਚ ਲਿਆ। ਉਹਦਾ ਸਹੁਰਾ ਤਾਂ ਰਾਜ਼ੀ ਹੀ ਸੀ, ਉਨ੍ਹਾਂ ਨੇ ਵੀ ਮਜਬੂਰੀ ਵਿਚ ਪ੍ਰਵਾਨਗੀ ਦੇ ਦਿੱਤੀ। ਜੇ ਉਹ ਇਨਕਾਰ ਵੀ ਕਰਦੇ, ਤਾਂ ਵੀ ਸਹੁਰੇ ਦੇ ਦਬਾਅ ਹੇਠ ਉਹਨੇ ਤਾਂ ਜਾਣਾ ਹੀ ਸੀ। ਸੌਰਭ ਆਸਟਰੇਲੀਆ ਚਲਾ ਗਿਆ। ਰਹਿ ਗਏ ਉਹ ਇਕੱਲੇ ਖਪਣ-ਖਿੱਝਣ ਲਈ। ਪਰ ਉਨ੍ਹਾਂ ਨੇ ਮਨ ਨੂੰ ਸਮਝਾ ਲਿਆ ਕਿ ਸੌਰਭ ਵਿਦੇਸ਼ ਗਿਆ ਹੈ ਤਾਂ ਇਸ ਨਾਲ ਉਨ੍ਹਾਂ ਦੀ ਵੀ ਇੱਜ਼ਤ ਵਧੀ ਹੈ।
ਅਨੀਤਾ ਰਾਤ ਦਾ ਖਾਣਾ ਬਣਾ ਕੇ ਡਾਈਨਿੰਗ ਟੇਬਲ ’ਤੇ ਲੈ ਆਈ ਸੀ। ਖਾਣਾ ਖਾਂਦੇ ਸਮੇਂ ਸੌਰਭ ਨੇ ਗੱਲ ਸ਼ੁਰੂ ਕੀਤੀ,‘ਪਾਪਾ, ਹੁਣ ਤੁਸੀਂ ਇੱਥੇ ਇਕੱਲੇ ਨਹੀਂ ਰਹੋਗੇ। ਮੈਂ ਆਸਟਰੇਲੀਆ ਛੱਡ ਕੇ ਹਮੇਸ਼ਾਂ ਲਈ ਭਾਰਤ ਆ ਗਿਆ ਹਾਂ…।’
‘ਅੱਛਾ ਬੇਟਾ, ਇਹ ਤਾਂ ਤੂੰ ਬੜੀ ਖ਼ੁਸ਼ਖ਼ਬਰੀ ਸੁਣਾਈ ਹੈ! ਇੱਥੇ ਕਿੱਥੇ ਪੋਸਟਿੰਗ ਹੋਈ ਹੈ ਤੇਰੀ!’
‘ਬੰਗਲੂਰੂ। ਇਕ ਕਾਫ਼ੀ ਵੱਡੀ ਕੰਪਨੀ ਹੈ। ਮੈਨੂੰ ਉੱਥੇ ਬਹੁਤ ਵਧੀਆ ਤਨਖ਼ਾਹ ’ਤੇ ਨੌਕਰੀ ਮਿਲ ਗਈ ਹੈ। ਕੰਪਨੀ ਨੇ ਹੀ ਬੰਗਲਾ, ਗੱਡੀ ਅਤੇ ਨੌਕਰਾਂ-ਚਾਕਰਾਂ ਦੀ ਸਹੂਲਤ ਦਿੱਤੀ ਹੈ।’
‘ਇਹ ਤਾਂ ਬਹੁਤ ਵਧੀਆ ਗੱਲ ਹੈ, ਬੇਟਾ! ਹੁਣ ਕਦੇ-ਕਦਾਈਂ ਮੈਂ ਤੇਰੇ ਕੋਲ ਆ ਜਾਇਆ ਕਰਾਂਗਾ।’
‘ਨਹੀਂ-ਨਹੀਂ ਪਾਪਾ, ਕਦੇ-ਕਦਾਈ ਕਿਉਂ? ਹੁਣ ਤੁਸੀਂ ਮੇਰੇ ਨਾਲ ਹੀ ਰਹੋਗੇ!’ ਇਹ ਸੁਣ ਕੇ ਉਹ ਅੰਦਰੋ-ਅੰਦਰੀ ਬਹੁਤ ਪ੍ਰਸੰਨ ਹੋਏ। ਵੇਖੋ, ਉਨ੍ਹਾਂ ਦੀ ਕਿਸਮਤ ਕਿਵੇਂ ਬਦਲੀ ਹੈ… ਕਿੱਥੇ ਤਾਂ ਉਹ ਸੋਚਦੇ ਸਨ, ਉਨ੍ਹਾਂ ਦੇ ਜੀਵਨ ਵਿਚ ਇਕੱਲਾਪਣ ਉਨ੍ਹਾਂ ਦੀ ਜਾਨ ਦੇ ਨਾਲ ਹੀ ਜਾਵੇਗਾ।’
ਸ਼ਾਮ ਨੂੰ ਛੜੀ ਲੈ ਕੇ ਘੁੰਮਣ ਨਿਕਲੇ ਤਾਂ ਉਨ੍ਹਾਂ ਦਾ ਚਿਹਰਾ ਖੁਸ਼ੀ ਨਾਲ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਸੈਰ ਵਾਲੇ ਸਾਥੀਆਂ ਨੇ ਆਖਿਰ ਪੁੱਛ ਹੀ ਲਿਆ, ‘ਕੀ ਗੱਲ ਹੈ, ਸ਼ਾਮ ਲਾਲ ਜੀ! ਅੱਜ ਤਾਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ!’ ਉਹ ਹੱਦੋਂ ਵੱਧ ਆਨੰਦ-ਵਿਭੋਰ ਹੋ ਕੇ ਦੱਸਣ ਲੱਗੇ, ‘ਬੇਟਾ ਵਿਦੇਸ਼ ਗਿਆ ਸੀ, ਵਾਪਸ ਆ ਗਿਆ ਹੈ, ਹਮੇਸ਼ਾਂ ਲਈ। ਹੁਣ ਮੈਂ ਉਹਦੇ ਨਾਲ ਹੀ ਰਹਾਂਗਾ, ਬੰਗਲੂਰੂ। ਉਸ ਨੀਲੀ ਛਤਰੀ ਵਾਲੇ ਨੇ ਇਸ ਬੁਢਾਪੇ ਵਿਚ ਮੇਰੇ ’ਤੇ ਬੜੀ ਕਿਰਪਾ ਕੀਤੀ ਹੈ।’ ਦੁਆ ਵਜੋਂ ਉਨ੍ਹਾਂ ਦੇ ਦੋਵੇਂ ਹੱਥ ਉੱਪਰ ਉੱਠ ਗਏ।
‘ਫਿਰ ਤਾਂ ਸਾਡਾ-ਤੁਹਾਡਾ ਮਿਲਣਾ ਬੰਦ ਹੋ ਜਾਵੇਗਾ…!’
‘ਨਹੀਂ-ਨਹੀਂ ਯਾਰੋ, ਇੱਥੇ ਮੇਰੀ ਇੰਨੀ ਪ੍ਰਾਪਰਟੀ ਹੈ! ਇਹਦੀ ਦੇਖਭਾਲ, ਸਾਂਭ-ਸੰਭਾਲ ਲਈ ਗੇੜਾ ਮਾਰਦਾ ਹੀ ਰਹਾਂਗਾ…।’
ਇਕ-ਦੋ ਦਿਨਾਂ ਪਿੱਛੋਂ ਤਿੰਨੇ ਇਕੱਠੇ ਖਾਣਾ ਖਾ ਰਹੇ ਸਨ। ਬੱਚੇ ਲਾਅਨ ਵਿਚ ਖੇਡ ਰਹੇ ਸਨ। ਅਚਾਨਕ ਸੌਰਭ ਨੇ ਉਨ੍ਹਾਂ ਤੋਂ ਪੁੱਛਿਆ, ‘ਤੁਸੀਂ ਇੰਨਾ ਵਧੀਆ, ਲੰਮਾ-ਚੌੜਾ ਫਲੈਟ ਕਿਵੇਂ ਮੈਨੇਜ ਕੀਤਾ, ਪਾਪਾ?’
‘ਬੇਟਾ, ਕੁਝ ਨਾ ਪੁੱਛ! ਇਹਦੀ ਬੜੀ ਅਜੀਬ ਗਾਥਾ ਹੈ। ਜਦੋਂ ਤੂੰ ਵਿਦੇਸ਼ ਚਲਾ ਗਿਆ, ਮੈਂ ਇੱਥੇ ਇਕੱਲਾ ਰਹਿ ਗਿਆ। ਉਦੋਂ ਇੱਥੇ ਬੜੀ ਥੋੜ੍ਹੀ ਆਬਾਦੀ ਸੀ। ਇਕ ਲੰਮਾ-ਚੌੜਾ ਮਕਾਨ ਮੈਨੂੰ ਬੜੇ ਸਸਤੇ ਭਾਅ ਮਿਲ ਗਿਆ। ਤੁੜਾ-ਤੁੜੂ ਕੇ ਤਨਖਾਹ ਤੇ ਟਿਊਸ਼ਨ ਨਾਲ ਇਹ ਕੁਝ ਕਮਰੇ ਖੜ੍ਹੇ ਕੀਤੇ। ਫਿਰ ਇਸ ਖੇਤਰ ਵਿਚ ਬਹੁਤ ਸਾਰੀਆਂ ਕੋਚਿੰਗ ਸੰਸਥਾਵਾਂ ਖੁੱਲ੍ਹ ਗਈਆਂ। ਇੱਥੇ ਪੜ੍ਹਨ ਆਏ ਵਿਦਿਆਰਥੀਆਂ ਨੂੰ ਕਿਰਾਏ ’ਤੇ ਕਮਰੇ ਦੇਣ ਲੱਗ ਪਿਆ। ਇਸ ਸਾਰੇ ਕਾਸੇ ਦੀ ਪੂੰਜੀ ਨਾਲ ਫਲੈਟ ਨੇ ਇਹ ਰੂਪ ਅਪਣਾਇਆ ਹੈ।’
‘ਇਹਦਾ ਮਤਲਬ, ਹੁਣ ਇਸ ਫਲੈਟ ਦੀ ਕੀਮਤ ਕਾਫ਼ੀ ਹੋਵੇਗੀ?’
‘ਹਾਂ-ਹਾਂ ਬੇਟੇ! ਬਹੁਤ ਕੀਮਤ ਹੈ, ਲਗਪਗ ਇਕ ਕਰੋੜ। ਇਹ ਇਲਾਕਾ ਕੋਟਾ ਦਾ ਸੈਂਟਰਲ ਏਰੀਆ ਹੈ। ਇੱਥੇ ਕੋਚਿਗ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਆਉਂਦੇ ਹਨ।’
‘ਇਹ ਤੁਸੀਂ ਬੜਾ ਵਧੀਆ ਕੀਤਾ, ਪਾਪਾ!’
‘ਸਭ ਕੁਝ ਬੇਟਾ ਸਮੇਂ ਨਾਲ ਹੁੰਦਾ ਹੈ। ਜੀਹਨੇ ਸਮੇਂ ’ਤੇ ਸਹੀ ਕੰਮ ਕਰ ਲਿਆ, ਉਹ…।’
ਰਾਤੀਂ ਆਪਣੇ ਕਮਰੇ ਵਿਚ ਸੌਂਦੇ ਵਕਤ ਉਨ੍ਹਾਂ ਦੇ ਮਿੱਤਰਾਂ ਦੀਆਂ ਕਹੀਆਂ ਗੱਲਾਂ ਉਨ੍ਹਾਂ ਦੇ ਦਿਮਾਗ਼ ਵਿਚ ਘੁੰਮਦੀਆਂ ਰਹੀਆਂ। ਉਹ ਸਭ ਚਿੰਤਾਵਾਂ-ਪਰੇਸ਼ਾਨੀਆਂ ਤੋਂ ਮੁਕਤ… ਹੁਣ ਉਨ੍ਹਾਂ ਦਾ ਜੀਵਨ ਸੁੱਖ-ਸ਼ਾਂਤੀ ਨਾਲ ਬੀਤੇਗਾ। ਅੱਧੀ ਰਾਤ ਤਕ ਉਹ ਇਨ੍ਹਾਂ ਹੀ ਵਿਚਾਰਾਂ ਵਿਚ ਵਿਚਰਦੇ ਰਹੇ। ਅਗਲੇ ਦਿਨ ਨਾਲ ਦੇ ਕਮਰੇ ’ਚੋਂ ਆ ਰਹੀਆਂ ਉੱਚੀ-ਉੱਚੀ ਗੱਲਾਂ ਕਰਨ ਦੀਆਂ ਆਵਾਜ਼ਾਂ ਨਾਲ ਉਨ੍ਹਾਂ ਦੀ ਜਾਗ ਖੁੱਲ੍ਹੀ। ਉਸ ਵੇਲੇ ਪਹੁ ਫੁਟਾਲਾ ਹੋ ਗਿਆ ਸੀ। ਸੌਰਭ ਅਨੀਤਾ ਨੂੰ ਕਹਿ ਰਿਹਾ ਸੀ, ‘ਹੁਣ ਪਾਪਾ ਸਾਡੇ ਨਾਲ ਹੀ ਰਹਿਣਗੇ ਬੰਗਲੂਰੂ ਵਿਚ…।’
‘ਮੈਂ ਕਿਸੇ ਨੂੰ ਨਹੀਂ ਰੱਖਣਾ ਆਪਣੇ ਨਾਲ…।’ ਇਹ ਆਵਾਜ਼ ਅਨੀਤਾ ਦੀ ਸੀ।
‘ਓ ਯਾਰ! ਬੋਲਣ ਤੋਂ ਪਹਿਲਾਂ ਕੁਝ ਸੋਚ ਵੀ ਲਿਆ ਕਰ…।’
‘ਕੀ?’
‘ਯੂ ਨੋਅ, ਕਿ ਪਾਪਾ ਦਾ ਇਹ ਫਲੈਟ ਲਗਪਗ ਇਕ ਕਰੋੜ ਦਾ ਹੈ! ਕੁਝ ਨਕਦ ਵੀ ਉਨ੍ਹਾਂ ਕੋਲ ਹੋਣਗੇ। ਸੋ ਉਨ੍ਹਾਂ ਨੂੰ ਬੰਗਲੂਰੂ ਦੋ-ਚਾਰ ਮਹੀਨੇ ਚੰਗੀ ਤਰ੍ਹਾਂ ਰੱਖਾਂਗੇ, ਵਧੀਆ ਸੇਵਾ ਕਰਾਂਗੇ… ਫਿਰ ਟੋਹ-ਟਾਹ ਕੇ ਉਨ੍ਹਾਂ ਦੇ ਫਲੈਟ ਸਮੇਤ ਸਾਰੀ ਜ਼ਮੀਨ, ਜਾਇਦਾਦ ਆਪਣੇ ਨਾਂ ਰਜਿਸਟਰਡ ਕਰਵਾ ਲਵਾਂਗਾ, ਵਸੀਅਤ ਦੇ ਰੂਪ ਵਿਚ। ਇਹ ਸਭ ਹੋਣ ਪਿੱਛੋਂ ਉਨ੍ਹਾਂ ਨੂੰ… ਜੋ ਹੋਣਾ ਚਾਹੀਦਾ ਹੈ…।’
‘ਉਹ ਕੀ?’
‘ਯਾਰ! ਇਹ ਵੀ ਦੱਸਣਾ ਪਵੇਗਾ…।’ ਉਹ ਠਹਾਕਾ ਮਾਰ ਕੇ ਹੱਸਿਆ, ‘ਫਿਰ ਇਨ੍ਹਾਂ ਨੂੰ ਬੇਦਖ਼ਲ ਕਰ ਦਿਆਂਗਾ ਬੰਗਲੇ ਤੋਂ ਅਤੇ ਓਲਡ ਏਜ ਹੋਮ ਦਾ ਰਾਹ ਵਿਖਾ ਦਿਆਂਗਾ!’ ਇਹ ਸੁਣ ਕੇ ਅਨੀਤਾ ਨੇ ਵੀ ਜ਼ੋਰਦਾਰ ਠਹਾਕਾ ਮਾਰਿਆ, ‘ਵਾਹ ਬਈ ਵਾਹ! ਵੈਰੀ ਗੁੱਡ! ਵੈਰੀ ਸਮਾਰਟ! ਤੂੰ ਕਿੰਨੀ ਜ਼ਬਰਦਸਤ ਯੋਜਨਾ ਬਣਾਈ ਹੈ।’
ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣ ਲਈਆਂ ਸਨ। ਸ਼ਾਇਦ ਸੌਰਭ-ਅਨੀਤਾ ਨੇ ਸੋਚਿਆ ਹੋਵੇਗਾ ਕਿ ਉਹ ਰੋਜ਼ਾਨਾ ਵਾਂਗ ਸੈਰ ਕਰਨ ਚਲੇ ਗਏ ਹੋਣਗੇ।
ਉਹ ਸੌਰਭ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਏ। ਉਨ੍ਹਾਂ ਨੂੰ ਜਾਪਿਆ, ਜਿਵੇਂ ਉਨ੍ਹਾਂ ਨੂੰ ਕਿਸੇ ਨੇ ਪਹਾੜ ਦੀ ਚੋਟੀ ਤੋਂ ਧੋਖੇ ਨਾਲ ਜ਼ੋਰ ਦਾ ਧੱਕਾ ਮਾਰ ਕੇ ਉਨ੍ਹਾਂ ਦੀ ਜਾਨ ਲੈਣੀ ਚਾਹੀ ਹੈ। ਉਹ ਸੋਚਣ ਲੱਗੇ, ਸੌਰਭ ਤਾਂ ਬੜਾ ਧੋਖੇਬਾਜ਼, ਠੱਗ, ਬੇਰਹਿਮ ਤੇ ਕਸਾਈ… ਉਹ ਡੂੰਘੀ ਪੀੜਾ ਅਤੇ ਵੇਦਨਾ ਵਿਚ ਡੁੱਬ ਗਏ। ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂਆਂ ਦਾ ਪਰਨਾਲਾ ਵਹਿ ਤੁਰਿਆ। ਪਰ ਉਨ੍ਹਾਂ ਨੇ ਛੇਤੀ ਹੀ ਆਪਣੇ-ਆਪ ਨੂੰ ਸੰਭਾਲ ਲਿਆ। ਉਹ ਸੋਚਣ ਲੱਗੇ ਕਿ ਇਹ ਜੀਵਨ ਕੁਦਰਤ ਦਾ ਅਨਮੋਲ ਤੋਹਫ਼ਾ ਹੈ, ਇਹਨੂੰ ਇਉਂ ਪੀੜਾ, ਦੁੱਖ, ਵੇਦਨਾ, ਨਿਰਾਸ਼ਾ ਵਿਚ ਡੁਬੋ ਕੇ ਨਸ਼ਟ ਕਰਨਾ ਨਹੀਂ ਚਾਹੀਦਾ। ਵਿਰੋਧੀ ਹਾਲਾਤ ਵਿਚ ਵੀ ਮਨੁੱਖ ਵਿਚ ਜੀਵਨ ਦੇ ਇਕ-ਇਕ ਪਲ ਨੂੰ ਆਨੰਦ ਵਿਚ ਬਿਤਾਉਣ ਦੀ ਪੂਰੀ ਯੋਗਤਾ ਹੋਣੀ ਚਾਹੀਦੀ ਹੈ।
ਉਹ ਬੜੇ ਧੀਰਜ ਅਤੇ ਹੌਸਲੇ ਨਾਲ ਛੜੀ ਚੁੱਕ ਕੇ ਆਪਣੇ ਕਮਰੇ ’ਚੋਂ ਹੌਲੀ ਜਿਹੇ ਨਿਕਲੇ ਅਤੇ ਕੁਝ ਦੂਰੀ ਤਕ ਟਹਿਲ ਕੇ ਮੁੜ ਆਏ। ਘਰ ਆਏ ਤਾਂ ਡਾਇਨਿੰਗ ਰੂਮ ਵਿਚ ਅਨੀਤਾ ਸਵੇਰ ਦਾ ਨਾਸ਼ਤਾ ਰੱਖ ਰਹੀ ਸੀ। ਸੌਰਭ ਨੇ ਉਨ੍ਹਾਂ ਨੂੰ ਆਵਾਜ਼ ਮਾਰੀ, ‘ਪਾਪਾ, ਆ ਜਾਓ, ਚਾਹ ਪੀ ਲਓ…।’
‘ਹਾਂ… ਆਇਆ।’
ਉਹ ਚਾਹ ਪੀਣ ਲੱਗੇ। ਚਾਹ ਪੀਂਦੇ-ਪੀਂਦੇ ਸੌਰਭ ਉਨ੍ਹਾਂ ਨੂੰ ਕਹਿਣ ਲੱਗਿਆ, ‘ਤਾਂ ਪਾਪਾ, ਅੱਜ ਤਤਕਾਲ ਵਿਚ ਤੁਹਾਡੀ ਟਰੇਨ ਰਿਜ਼ਰਵੇਸ਼ਨ ਕਰਾ ਆਉਂਦਾ ਹਾਂ, ਬੰਗਲੂਰੂ ਚੱਲਣ ਲਈ। ਮੇਰੇ ਕੋਲ ਵੀ ਜ਼ਿਆਦਾ ਸਮਾਂ ਨਹੀਂ ਹੈ। ਮੈਂ ਕੱਲ੍ਹ ਜ਼ਰੂਰ ਪਹੁੰਚਣਾ ਚਾਹੁੰਦਾ ਹਾਂ।’
‘ਨਹੀਂ-ਨਹੀਂ, ਮੇਰੀ ਰਿਜ਼ਰਵੇਸ਼ਨ ਨਾ ਕਰਾਈਂ ਬਈ!’
‘ਕਿਉਂ ਪਾਪਾ?’ ਸੌਰਭ-ਅਨੀਤਾ ਉਨ੍ਹਾਂ ਨੂੰ ਹੈਰਾਨੀ ਨਾਲ ਵੇਖਣ ਲੱਗੇ।
‘ਤੁਹਾਡੀਆਂ ਦੋਹਾਂ ਦੀਆਂ ਸਵੇਰ ਦੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਹਨ। ਹੁਣ ਮੈਂ ਆਪਣਾ ਫ਼ੈਸਲਾ ਬਦਲ ਲਿਆ ਹੈ। ਇਸ ਫਲੈਟ ਨੂੰ ਮੈਂ ਸ਼ਹਿਰ ਦੇ ‘ਗੂੰਗੇ-ਬੋਲੇ-ਅੰਨ੍ਹਿਆਂ ਦੇ ਸਕੂਲ’ ਨੂੰ ਦਾਨ ਕਰਾਂਗਾ ਅਤੇ ਖੁਦ ਕਿਸੇ ਪਰਉਪਕਾਰੀ ਸੰਸਥਾ ਨਾਲ ਜੁੜਾਂਗਾ। ਮੇਰੀ ਮੌਤ ਪਿੱਛੋਂ ਲਾਂਬੂ ਵੀ ਉਸੇ ਸੰਸਥਾ ਦੇ ਕਿਸੇ ਮੈਂਬਰ ਵੱਲੋਂ ਲਾਇਆ ਜਾਵੇਗਾ। ਤੇਰੀ ਲੋੜ ਨਹੀਂ ਰਹੇਗੀ। ਇਹ ਸਭ ਕੁਝ ਮੈਂ ਆਪਣੀ ਵਸੀਅਤ ਵਿਚ ਲਿਖ ਜਾਵਾਂਗਾ…।’
ਇੰਨਾ ਕਹਿ ਕੇ ਉਨ੍ਹਾਂ ਨੇ ਚਾਹ ਪੀਤੀ ਅਤੇ ਗੁਸਲਖਾਨੇ ਵੱਲ ਚਲੇ ਗਏ। ਉੱਥੋਂ ਸਿੱਧੇ ਆਪਣੇ ਪੂਜਾ-ਕਮਰੇ ਵਿਚ ਗਏ। ਸੌਰਭ ਅਤੇ ਨੀਤਾ ਖਾਮੋਸ਼ ਨਜ਼ਰਾਂ ਨਾਲ ਉਨ੍ਹਾਂ ਨੂੰ ਵੇਂਹਦੇ ਹੀ ਰਹਿ ਗਏ।
ਅਨੁਵਾਦ : ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 82642-86062