ਡਾ. ਗੁਰਬਖ਼ਸ਼ ਸਿੰਘ ਭੰਡਾਲ
ਮਾਂ ਬਣਨਾ ਆਸਾਨ ਨਹੀਂ ਹੁੰਦਾ, ਪਰ ਮਾਂ ਬਣਨ ਦੀ ਪੀੜਾ ਹੀ ਔਰਤ ਨੂੰ ਪੂਰਨਤਾ ਬਖ਼ਸ਼ਦੀ ਹੈ, ਮਮਤਾ ਦਾ ਹੁਲਾਸ ਮਿਲਦਾ ਹੈ, ਗੋਦ ਵਿੱਚ ਬੱਚੇ ਨੂੰ ਲਾਡ ਲਡਾਉਣ ਦਾ ਮੌਕਾ ਮਿਲਦਾ ਹੈ। ਆਪਣੇ ਬੱਚਿਆਂ ਦੇ ਨੈਣਾਂ ਵਿੱਚ ਸੁਪਨੇ ਧਰਨ ਅਤੇ ਉਨ੍ਹਾਂ ਦੀ ਪੂਰਤੀ ਲਈ ਖ਼ੁਦ ਨੂੰ ਅਰਪਿਤ ਕਰਨ ਦਾ ਸਬੱਬ ਬਣਦਾ ਹੈ। ਫਿਰ ਹੀ ਪਤਾ ਲੱਗਦਾ ਕਿ ਮਾਂ ਕੀ ਹੁੰਦੀ ਹੈ ਅਤੇ ਮਾਂ ਨੂੰ ਰੱਬ ਤੋਂ ਉੱਚਾ ਦਰਜਾ ਕਿਉਂ ਦਿੱਤਾ ਜਾਂਦਾ ਕਿਉਂਕਿ ਮਾਂ ਬੱਚੇ ਲਈ ਰੱਬ ਤੋਂ ਬਹੁਤ ਜ਼ਿਆਦਾ ਨੇੜੇ ਹੁੰਦੀ ਹੈ। ਬਾਪ ਬਣਨਾ ਆਸਾਨ ਨਹੀਂ ਹੁੰਦਾ, ਪਰ ਬਾਪ ਬਣ ਕੇ ਹੀ ਬਾਪ ਦੀਆਂ ਜ਼ਿੰਮੇਵਾਰੀਆਂ, ਧੀ ਦੇ ਸਿਰ ’ਤੇ ਅਸੀਸ ਅਤੇ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਆਪਣੀ ਛਾਂ ਵਿੱਚ ਤੁਰਨ ਦਾ ਵਿਸਮਾਦ ਮਾਣਿਆ ਜਾ ਸਕਦਾ। ਬਾਪ ਬਣ ਕੇ ਬਾਪ-ਰੂਪੀ ਛਾਂ ਨੂੰ ਪਰਿਵਾਰ ਦੇ ਨਾਵੇਂ ਕਰਕੇ ਜੀਵਨ ਦੀਆਂ ਸਭ ਨਿਆਮਤਾਂ ਆਪਣੇ ਬੱਚਿਆਂ ਦੇ ਨਾਵੇਂ ਕਰਨ ਦਾ ਸੁਖਦ ਅਹਿਸਾਸ ਮਨ ਵਿੱਚ ਉਪਜਾਇਆ ਜਾ ਸਕਦਾ ਹੈ।
ਆਸਾਨ ਕੁਝ ਵੀ ਨਹੀਂ ਹੈ ਅਤੇ ਆਸਾਨ ਕਦੇ ਵੀ ਆਸਾਨ ਨਹੀਂ ਹੁੰਦਾ। ਸਿਰਫ਼ ਇਸ ਕਰਕੇ ਸਾਨੂੰ ਆਸਾਨ ਲੱਗਦਾ ਹੈ ਕਿਉਂਕਿ ਸਾਡੇ ਵਿੱਚ ਇਸ ਨੂੰ ਕਰਨ ਦੀ ਸਮਰੱਥਾ ਤੇ ਸੋਚ ਹੁੰਦੀ ਹੈ। ਹਰ ਵਿਅਕਤੀ ਸੋਚਦਾ ਹੈ ਕਿ ਦੂਸਰੇ ਦਾ ਕੰਮ ਆਸਾਨ ਹੈ, ਪਰ ਮੇਰਾ ਕੰਮ ਔਖਾ ਹੈ ਕਿਉਂਕਿ ਅਕਸਰ ਅਸੀਂ ਖ਼ੁਦ ਨੂੰ ਖ਼ੁਦ ਦੀ ਸਥਿਤੀ ਵਿੱਚ ਨਹੀਂ ਸਗੋਂ ਦੂਸਰੇ ਦੀ ਨਜ਼ਰ ਨਾਲ ਦੇਖਣ ਦੇ ਆਦੀ ਹੁੰਦੇ ਹਾਂ।
ਦਰਅਸਲ, ਆਸਾਨ ਜਾਂ ਔਖਾ ਸਾਡੀ ਮਾਨਸਿਕ ਸਥਿਤੀ ਹੁੰਦੀ ਹੈ। ਜਿਹੜਾ ਕਾਰਜ ਮਨ ਨੂੰ ਆਸਾਨ ਲੱਗਦਾ ਹੈ, ਉਹ ਆਪੇ ਹੀ ਆਸਾਨ ਹੋ ਜਾਂਦਾ ਹੈ ਅਤੇ ਜਿਹੜਾ ਔਖਾ ਜਾਪਦਾ ਹੈ, ਉਹ ਹੀ ਔਖਾ ਹੁੰਦਾ। ਲੋੜ ਹੈ ਮਨ ਦੀ ਸਥਿਤੀ ਨੂੰ ਆਪਣੇ ਹੱਕ ਵਿੱਚ ਕਰਨਾ ਅਤੇ ਹਰੇਕ ਕਾਰਜ ਨੂੰ ਆਸਾਨ ਬਣਾਉਣਾ। ਉਂਜ ਆਸਾਨ ਤਾਂ ਕੁਝ ਵੀ ਨਹੀਂ ਹੁੰਦਾ ਕਿਉਂਕਿ ਹਰ ਕਾਰਜ ਵਿੱਚ ਤੁਹਾਡੀ ਸਮੁੱਚਤਾ, ਲਗਨ, ਦ੍ਰਿੜਤਾ ਅਤੇ ਪੂਰਨ ਸਮਰੱਥਾ ਨਾਲ ਸ਼ਾਮਲ ਹੋਣਾ ਅਤੇ ਇਸ ਦੀ ਪੂਰਨਤਾ ਦਾ ਪ੍ਰਣ ਨਿਭਾਉਣ ਦੀ ਆਦਤ ਹੋਣੀ ਚਾਹੀਦੀ ਹੈ। ਵਿਚਾਰਾਂ ਨੂੰ ਹਰਫ਼ਾਂ ਵਿੱਚ ਢਾਲਣਾ ਅਤੇ ਹਰਫ਼ਾਂ ਵਿੱਚ ਅਰਥਾਂ ਦੀਆਂ ਮੋਮਬੱਤੀਆਂ ਜਗਾਉਣਾ ਆਸਾਨ ਨਹੀਂ ਹੁੰਦਾ, ਪਰ ਜਦੋਂ ਇਹ ਮੋਮਬੱਤੀਆਂ ਵਰਕਿਆਂ ’ਤੇ ਜਗਦੀਆਂ ਹਨ ਤਾਂ ਮਸਤਕ ਧਰਾਤਲ ਨੂੰ ਚਾਨਣ ਨਾਲ ਭਰਦੀਆਂ ਵਰਕਿਆਂ ਨੂੰ ਜਗਮਗਾਉਣ ਦੇ ਨਾਲ ਨਾਲ ਆਲੇ-ਦੁਆਲੇ ਵਿੱਚ ਰੌਸ਼ਨੀ ਦਾ ਆਭਾ-ਮੰਡਲ ਸਿਰਜ ਜਾਂਦੀਆਂ ਹਨ। ਇਹ ਕਿਤਾਬਾਂ ਮੋਮਬੱਤੀਆਂ ਦੀਆਂ ਉਹ ਡਾਰਾਂ ਹੁੰਦੀਆਂ ਹਨ ਜਿਹੜੀਆਂ ਹਵਾਵਾਂ ਵਿੱਚ ਵੀ ਜਗਦੀਆਂ ਰਹਿ ਕੇ ਚਾਨਣ ਵੰਡਣ ਦਾ ਸੁੱਚਾ ਕਾਰਜ ਹਰ ਰੁੱਤ, ਹਰ ਮੌਸਮ ਅਤੇ ਹਰ ਪਹਿਰ ਵਿੱਚ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ।
ਆਸਾਨ ਨਹੀਂ ਹੁੰਦਾ ਪਾਣੀ ਦਾ ਵਾਸ਼ਪ ਹੋਣ ਲਈ ਤਰਲਤਾ ਤੋਂ ਵਾਸ਼ਪੀਕਰਣ ਦਾ ਬਿਖੜਾ ਪੈਂਡਾ ਤੈਅ ਕਰਨਾ। ਪਰ ਇਹ ਵਾਸ਼ਪ ਹੀ ਹੁੰਦੇ ਹਨ ਜੋ ਬੱਦਲ ਬਣਦੇ, ਹਵਾਵਾਂ ਦੇ ਪਿੰਡੇ ਦੀ ਸਵਾਰੀ ਕਰਦੇ, ਅੱਧ-ਅਸਮਾਨੀਂ ਉੱਡਦੇ, ਮਾਰੂਥਲਾਂ ਦੀ ਟੋਹ ਲਾਉਂਦੇ, ਮੇਘ ਬਣ ਬਰਸਦੇ ਅਤੇ ਮਾਰੂਥਲਾਂ ਦੀ ਪਿਆਸ ਬੁਝਾ ਕੇ ਰੱਕੜਾਂ ਨੂੰ ਜ਼ਰਖ਼ੇਜ਼ ਬਣਾਉਂਦੇ ਹਨ। ਸੁੱਕੀ ਧਰਤ ਨੂੰ ਤਰੰਗਤ ਕਰਦੇ ਹਨ। ਕੁਦਰਤ ਮੌਲਦੀ ਅਤੇ ਹਰ ਵਿਅਕਤੀ ਦੇ ਨਾਂ ਮੌਲਦੇ ਚਾਵਾਂ ਅਤੇ ਰੂਹਾਨੀਅਤ ਭਰੇ ਪਲਾਂ ਦੀ ਨਿਆਮਤ ਕਰ ਜਾਂਦੀ ਹੈ। ਬੱਦਲਾਂ ਦਾ ਬਰਸਣਾ ਹੀ ਸਮੁੱਚੇ ਜੀਵ ਜੰਤੂਆਂ ਦੀ ਖੁਸ਼ੀ ਦਾ ਆਧਾਰ ਅਤੇ ਕਾਇਨਾਤ ਦਾ ਵਿਸਥਾਰ ਹੁੰਦਾ ਹੈ।
ਆਸਾਨ ਨਹੀਂ ਹੁੰਦਾ ਪੈਰਾਂ ਵਿੱਚ ਸਫ਼ਰ ਉਗਾਉਣਾ। ਪਰ ਇਹ ਸਫ਼ਰ ਹੀ ਹੁੰਦਾ ਹੈ ਜੋ ਪਗਡੰਡੀਆਂ ’ਤੇ ਪਹੇ ਬਣ ਕੇ ਨਵੇਂ ਮਾਰਗਾਂ ਦੀ ਨਿਸ਼ਾਨਦੇਹੀ ਕਰਦਾ ਹੈ। ਤੁਹਾਡੇ ਕਦਮਾਂ ਵਿੱਚ ਸਾਬਤ ਕਦਮੀਂ ਤੁਰਨ ਦਾ ਜਜ਼ਬਾ ਅਤੇ ਜਨੂੰਨ ਅਰਪਿਤ ਕਰਦਾ ਹੈ। ਤੁਹਾਡੇ ਮਨ ਵਿੱਚ ਮੰਜ਼ਲਾਂ ਨੂੰ ਆਪਣੇ ਨਾਂ ਕਰਨ ਦੀ ਜ਼ਿੱਦ ਹੁੰਦੀ ਹੈ ਅਤੇ ਦੂਰ ਦਿੱਸਦੇ ਦਿਸਹੱਦਿਆਂ ਤੇ ਸਫਲਤਾਵਾਂ ਦੇ ਸ਼ਿਲਾਲੇਖ ਲਿਖਣ ਦੀ ਤਮੰਨਾ ਹੁੰਦੀ ਹੈ। ਸਫ਼ਰ ਹੈ ਤਾਂ ਜ਼ਿੰਦਗੀ ਹੈ। ਇਸ ਦੀਆਂ ਬਰਕਤਾਂ ਨੂੰ ਮਾਣਨ ਦਾ ਚਾਅ ਅਤੇ ਇਨ੍ਹਾਂ ਵਿੱਚੋਂ ਹੀ ਜ਼ਿੰਦਗੀ ਨੂੰ ਨਿਵਕਲੇ ਰੂਪ ਵਿੱਚ ਸਮਝਣ ਦਾ ਚਾਅ ਪੈਦਾ ਹੁੰਦਾ ਹੈ।
ਆਸਾਨ ਨਹੀਂ ਹੁੰਦਾ ਸੁਪਨਹੀਣ ਦੀਦਿਆਂ ਵਿੱਚ ਸੁਪਨੇ ਧਰਨੇ। ਪਰ ਇਹ ਸੁਪਨੇ ਹੀ ਹੁੰਦੇ ਹਨ ਜੋ ਸਾਡੇ ਜਿਊਣ ਦਾ ਸਬੱਬ ਬਣਦੇ ਹਨ, ਕੁਝ ਚੰਗੇਰਾ ਕਰਨ ਦਾ ਚਾਅ ਪੈਦਾ ਹੁੰਦਾ ਹੈ। ਨਵਾਂ ਨਰੋਆ ਸਿਰਜਣ ਦੀ ਚਾਹਨਾ ਹੁੰਦੀ ਹੈ। ਕੁਝ ਵਿਲੱਖਣ ਅਤੇ ਵਿਕਲੋਤਰਾ ਕਰਨ ਦੀ ਚੇਸ਼ਟਾ ਹੁੰਦੀ ਹੈ। ਇਸ ਸੁਪਨੇ ਨੂੰ ਸੱਚ ਕਰਨ ਲਈ ਤਰਜੀਹਾਂ ਸਿਰਜਦੇ, ਤਦਬੀਰਾਂ ਘੜਦੇ ਅਤੇ ਇਨ੍ਹਾਂ ਵਿੱਚੋਂ ਹੀ ਅਸੀਂ ਉਨ੍ਹਾਂ ਤਕਦੀਰਾਂ ਨੂੰ ਆਪਣੇ ਨਾਮ ਕਰਦੇ ਹਨ ਜਿਹੜੀਆਂ ਸਾਥੋਂ ਰੁੱਸੀਆਂ, ਸਾਡਾ ਹੀ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਹਨ। ਇਹ ਸੁਪਨੇ ਸਾਡੇ ਵੀ ਹੁੰਦੇ ਹਨ, ਸਾਡੇ ਮਾਪਿਆਂ ਦੇ ਵੀ, ਸਾਡੇ ਬਜ਼ੁਰਗਾਂ ਅਤੇ ਸਾਡੇ ਸਮਾਜ ਦੇ ਵੀ ਜਿਨ੍ਹਾਂ ਨੂੰ ਆਪਣੇ ਦੀਦਿਆਂ ਵਿੱਚ ਧਰਨ ਅਤੇ ਇਨ੍ਹਾਂ ਨੂੰ ਪੂਰਾ ਕਰਨਾ ਤੁਹਾਡਾ ਕਰਮ-ਧਰਮ ਬਣ ਜਾਂਦਾ ਹੈ।
ਕਾਲਖ਼ ਭਰੇ ਸਮਿਆਂ ਵਿੱਚ ਜੁਗਨੂੰ ਦਾ ਹਨੇਰੇ ਨਾਲ ਆਢਾ ਲਾਉਣਾ ਅਤੇ ਇਸ ਨੂੰ ਆਪਣੀ ਔਕਾਤ ਦੇ ਰੂਬਰੂ ਕਰਨਾ ਹੁੰਦਾ। ਪਰ ਇਹ ਜੁਗਨੂੰ ਦੀ ਅੜੀ ਹੀ ਹੁੰਦੀ ਹੈ ਜੋ ਹਨੇਰੇ ਦੀ ਵੱਖੀ ਵਿੱਚ ਚਾਨਣ ਦਾ ਚੀਰ ਪਾਉਂਦੀ ਹੈ। ਭੁੱਲੇ ਭਟਕੇ ਰਾਹੀਆਂ ਨੂੰ ਰਾਹਾਂ ਦੀ ਦੱਸ ਪਾਉਂਦੀ ਹੈ, ਮੰਜ਼ਲਾਂ ਦਾ ਧੁੰਦਲਕਾ ਹਟਾਉਂਦੀ ਹੈ, ਹਨੇਰਾ ਢੋਂਦਿਆਂ ਨੂੰ ਚਾਨਣ ਦੀ ਉਂਗਲ ਫੜਾਉਂਦੀ, ਹਨੇਰੀਆਂ ਰਾਤਾਂ ਨੂੰ ਪੁੰਨਿਆਂ ਬਣਾਉਂਦੀ ਅਤੇ ਰਾਤ ਦੀ ਕੁੱਖ ਵਿੱਚ ਸਰਘੀ ਦਾ ਜਾਗ ਲਾਉਂਦੀ ਹੈ। ਇਹ ਜੁਗਨੂੰ ਹੀ ਹੁੰਦੇ ਹਨ ਜਿਹੜੇ ਦੀਵਿਆਂ, ਮੋਮਬੱਤੀਆਂ ਅਤੇ ਬਲਦੇ ਚਿਰਾਗਾਂ ਕੋਲੋਂ ਚਾਨਣ ਉਧਾਰਾ ਮੰਗ ਜੰਗਲ ਬੀਆਬਾਨਾਂ ਨੂੰ ਰੌਸ਼ਨ ਕਰਦੇ ਹਨ। ਚਾਨਣ ਦਾ ਵਣਜ ਕਰਨ ਲਈ ਪਹਿਲਾਂ ਚਾਨਣ ਖੁ਼ਦ ਕਮਾਉਣਾ ਪੈਂਦਾ ਕਿਉਂਕਿ ਚਾਨਣ ਦੇ ਵਣਜਾਰੇ ਹੀ ਚਾਨਣ ਦੇ ਦਾਨੀ ਹੋ ਸਕਦੇ ਹਨ।
ਸ਼ੂੂਕਦੇ ਦਰਿਆਵਾਂ ਵਿੱਚ ਠਿੱਲਣਾ, ਮੂੰਹ ਜ਼ੋਰ ਅਤੇ ਆਦਮ ਖੋਰ ਲਹਿਰਾਂ ਦੀ ਸਵਾਰੀ ਕਰਦਿਆਂ ਦਰਿਆਵਾਂ ਨੂੰ ਪਾਰ ਕਰਨਾ ਅਤੇ ਵਗਦੇ ਪਾਣੀਆਂ ਦੀ ਹਿੱਕ ’ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਉਕਰਨੇ ਆਸਾਨ ਨਹੀਂ ਹੁੰਦੇ, ਪਰ ਜਦੋਂ ਸਿੱਖ ਵਹੀਰ ਸਿਰਸਾ ਨਦੀ ਵਿੱਚ ਠਿੱਲਦੀ ਹੈ ਤਾਂ ਇੱਕ ਇਤਿਹਾਸ ਸਿਰਜਿਆ ਜਾਂਦਾ ਹੈ ਅਤੇ ਜੋ ਸਿਰਸਾ ਨਦੀ ਦੇ ਕੰਢਿਆਂ, ਪਾਣੀਆਂ ਅਤੇ ਇਸ ਦੀਆਂ ਲਹਿਰਾਂ ਵਿੱਚ ਹੁਣ ਤੀਕ ਵੀ ਰਮਿਆ ਹੋਇਆ ਹੈ। ਇਹ ਇਤਿਹਾਸ ਹੀ ਸਿੱਖੀ ਸਿੱਦਕ ਦਾ ਸਬੂਤ ਬਣਿਆ ਕਿ ਮਰਦ ਅਗੰਮੜੇ ਨੂੰ ਕਿੰਜ ਇਹ ਪਾਣੀ ਰੋਕ ਸਕਦੇ ਨੇ?
ਆਸਾਨ ਨਹੀਂ ਹੁੰਦਾ 9 ਸਾਲ ਅਤੇ ਸੱਤ ਸਾਲ ਦੇ ਸਾਹਿਬਜ਼ਾਦਿਆਂ ਦਾ ਹਾਕਮ ਸਾਹਵੇਂ ਬੇਖੌਫ਼ ਹੋ ਕੇ ਸੱਚ ਕਹਿਣ ਦੀ ਜੁਰੱਅਤ ਕਰਨਾ। ਪਰ ਜਦੋਂ ਰਾਜ ਦਰਬਾਰ ਵਿਚ ਸੱਚ ਦਾ ਹੋਕਰਾ ਲੱਗਿਆਂ ਤਾਂ ਹਾਕਮਾਂ ਨੂੰ ਛਿੜੀ ਹੋਈ ਕੰਬਣੀ ਹੀ ਦੱਸਦੀ ਸੀ ਕਿ ਇਨ੍ਹਾਂ ਦੇ ਖੂਨ ਵਿੱਚ ਉਨ੍ਹਾਂ ਦੇ ਪਿਤਾ ਦੀ ਜੁਅੱਰਤ ਅਤੇ ਪੁਰਖ਼ਿਆਂ ਦੀ ਸ਼ਹਾਦਤ ਬੋਲਦੀ ਹੈ। ਉਹ ਕਿਸੇ ਜ਼ੋਰ-ਜ਼ਬਰ ਸਾਹਵੇਂ ਝੁਕਣ ਦੀ ਬਜਾਏ ਮੌਤ ਨੂੰ ਗਲਵੱਕੜੀ ਪਾਉਣ ਨੂੰ ਤਰਜੀਹ ਦੇਣਗੇ।
ਆਸਾਨ ਨਹੀਂ ਹੁੰਦਾ ਕਿਸੇ ਬਾਪ ਲਈ ਆਪਣੇ ਲਾਡਲਿਆਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਦਿਆਂ, ਮੌਤ ਲੈਣ ਲਈ ਹੱਥੀਂ ਤੋਰਨਾ। ਪਰ ਇਨ੍ਹਾਂ ਨੇ ਹੀ ਇਤਿਹਾਸ ਦੇ ਉਸ ਵਰਕੇ ਦਾ ਪਹਿਲਾਂ ਫਖ਼ਰਯੋਗ ਅਧਿਆਏ ਬਣਨਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਲਈ ਆਪਣੇ ਪੁੱਤਰ ਤੇ ਸਿੱਖ ਇੱਕ ਸਮਾਨ ਸਨ। ਉਹ ਆਪਣੇ ਪੁੱਤਰਾਂ ਦੀ ਸ਼ਹਾਦਤ ਨੂੰ ਉਸ ਰੂਪ ਵਿੱਚ ਦੇਖ ਸਕਦੇ ਸਨ ਜਿਵੇਂ ਉਨ੍ਹਾਂ ਦੇ ਹੱਥੀਂ ਤੋਰੇ ਸਿੰਘ ਸ਼ਹਾਦਤਾਂ ਦਾ ਦਸਤਾਵੇਜ਼ ਬਣ ਰਹੇ ਹਨ। ਆਸਾਨ ਨਹੀਂ ਹੁੰਦਾ ਸਿੰਘਾਂ ਤੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਨੂੰ ਜੰਗੇ ਮੈਦਾਨ ਵਿੱਚ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਖੂਹ ਦੀ ਮੌਣ ’ਤੇ ਸੌਣਾ ਅਤੇ ਫਿਰ ਉੱਚ ਦਾ ਪੀਰ ਬਣ ਕੇ ਅਗਲੇ ਸਫ਼ਰ ’ਤੇ ਨਿਕਲ ਜਾਣਾ। ਪਰ ਇਹ ਅਗਲੇਰਾ ਸਫ਼ਰ ਹੀ ਜਿਸ ਨੇ ਖਾਲਸੇ ਨੂੰ ਉਸ ਰੂਪ ਅਤੇ ਰੰਗ ਵਿੱਚ ਪਰਿਭਾਸ਼ਤ ਕੀਤਾ ਜਿਸ ’ਤੇ ਸਮੁੱਚੀ ਮਾਨਵਤਾ ਨੂੰ ਨਾਜ਼ ਹੈ। ਇਸ ਵਿੱਚੋਂ ਬੰਦੇ ਬਹਾਦਰ ਦਾ ਸਰਹਿੰਦ ਨੂੰ ਫ਼ਤਹਿ ਕਰਨਾ ਅਤੇ ਸਿੱਖ ਰਾਜ ਦੀ ਸਥਾਪਨਾ ਕਰਨਾ ਸੀ।
ਆਸਾਨ ਨਹੀਂ ਹੁੰਦਾ ਵਗਦੇ ਦਰਿਆਵਾਂ ਨੂੰ ਬੰਨ੍ਹ ਲੈਣਾ। ਪਰ ਇਹ ਬੰਨ੍ਹਿਆ ਪਾਣੀ ਹੀ ਡੈਮ ਬਣ ਕੇ ਬਿਜਲੀ ਪੈਦਾ ਕਰਦਾ ਅਤੇ ਘਰਾਂ ਨੂੰ ਰੌਸ਼ਨ ਕਰਦਾ ਹੈ। ਇਸ ਵਿੱਚੋਂ ਨਿਕਲੀਆਂ ਨਹਿਰਾਂ, ਮਾਰੂ ਜ਼ਮੀਨਾਂ ਤੇ ਰੱਕੜਾਂ ਨੂੰ ਸਿੰਜਦਾ, ਹਰਿਆਵਲ ਦੀ ਜੋਗ ਕਮਾਉਂਦਾ ਤੇ ਭਰੇ ਭੜੌਲਿਆਂ ਦਾ ਵਰਦਾਨ ਬਣਦਾ। ਇਹ ਪਿਆਸਿਆਂ ਦੀ ਤਰੇਹ ਬੁਝਾਉਂਦਾ। ਪਾਣੀ ਖੁਣੋਂ ਮੁਰਝਾਈਆਂ ਫ਼ਸਲਾਂ ਤੇ ਬੂਟਿਆਂ ਦੇ ਮੁੱਖੜੇ ’ਤੇ ਖੇੜਾ ਲਿਆਉਂਦਾ ਅਤੇ ਸਾਹ ਲੈਣ ਤੋਂ ਆਤੁਰ ਹੋ ਚੁੱਕੀ ਜ਼ਿੰਦਗੀ ਨੂੰ ਮੁੜ ਤੋਂ ਜਿਉਣਾ ਸਿਖਾਉਂਦਾ।
ਆਸਾਨ ਨਹੀਂ ਹੁੰਦਾ ਸ਼ਬਦਾਂ ਨੂੰ ਨਜ਼ਮ, ਨਾਵਲ, ਕਹਾਣੀ, ਵਾਰਤਕ, ਨਾਟਕ ਜਾਂ ਸਵੈ-ਜੀਵਨੀ ਵਿੱਚ ਵਟਾਉਣਾ। ਪਰ ਇਹ ਕਲਮ-ਕਿਰਤਾਂ ਹੀ ਹੁੰਦੀਆਂ ਹਨ ਜੋ ਸਾਡੇ ਜੀਵਨ ਵਿੱਚ ਰੌਸ਼ਨੀ ਕਰਦੀਆਂ, ਸਾਡੀ ਇਕੱਲਤਾ ਨੂੰ ਭਰਦੀਆਂ, ਸੁਮੱਤ ਸੋਚ ਅਤੇ ਸਰੋਕਾਰਾਂ ਦੀ ਸਮਝ ਸਾਡੀ ਸੰਵੇਦਨਾ ਦੇ ਨਾਮ ਕਰਦੀਆਂ ਹਨ। ਸਾਨੂੰ ਆਪੇ ਨਾਲ ਜੋੜਦੀਆਂ, ਅਸਾਡਾ ਅੰਤਰੀਵ ਫਰੋਲਦੀਆਂ ਹਨ। ਇਹ ਕਿਤਾਬਾਂ ਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਦੁੱਖ-ਸੁਖ ਸੁਣਾਇਆ ਜਾ ਸਕਦਾ। ਕਿਸੇ ਵੀ ਕਿਰਤ ਨਾਲ ਖ਼ੁਦ ਨੂੰ ਜੋੜ ਕੇ ਖ਼ੁਦ ਨੂੰ ਰੁਆਇਆ ਵੀ ਜਾ ਸਕਦਾ, ਹਸਾਇਆ ਵੀ, ਸਿਖਾਇਆ ਵੀ ਅਤੇ ਸਮਝਾਇਆ ਵੀ। ਦਰਅਸਲ, ਇਹ ਕਲਾ-ਕਿਰਤਾਂ ਹੀ ਜੀਵਨ ਦਾ ਮੂਲ ਮੰਤਰ ਹਨ ਕਿਉਂਕਿ ਇਹ ਹੀ ਜੀਵਨ-ਜਾਚ, ਸੁਪਨਿਆਂ ਦਾ ਆਧਾਰ, ਤਕਦੀਰ ਦਾ ਪਸਾਰ ਅਤੇ ਕਰਮ ਰੇਖਾਵਾਂ ਦਾ ਵਿਸਥਾਰ ਹੁੰਦੀਆਂ ਹਨ। ਇਹ ਰਾਹ ਦਸੇਰਾ ਵੀ ਹੁੰਦੀਆਂ ਹਨ ਜੋ ਉਂਗਲ ਫੜ ਕੇ ਰਾਹੇ ਪਾਉਣ ਦਾ ਸ਼ੁੱਭ-ਕਰਮਨ ਵੀ ਕਰਦੀਆਂ ਹਨ।
ਆਸਾਨ ਨਹੀਂ ਹੁੰਦਾ ਕਿਸੇ ਫੁੱਲ ਦਾ ਗੁਰਬਤ ਦੇ ਵਿਹੜੇ ਵਿੱਚ ਉੱਗਣਾ, ਵਿਗਸਣਾ, ਫ਼ਲ ਤੇ ਫੁੱਲਾਂ ਦੀ ਰੁੱਤ ਮਾਣਨਾ। ਵਿਹੜੇ ਨੂੰ ਰੰਗ ਤੇ ਮਹਿਕਾਂ ਨਾਲ ਲਬਰੇਜ਼ ਕਰਨਾ ਅਤੇ ਘਰ ਦੇ ਮੁੱਖ ਤੋਂ ਗੁਰਬਤ ਦਾ ਦਾਗ ਧੋਣਾ। ਪਰ ਇਹ ਗੋਦੜੀਆਂ ਦੇ ਲਾਲ ਹੀ ਹੁੰਦੇ ਹਨ ਜਿਨ੍ਹਾਂ ਦੀ ਮਿਹਨਤ ਮੁਸ਼ੱਕਤ ਦੀ ਖ਼ੁਸ਼ਬੂ ਜ਼ਿੰਦਗੀ ਨੂੰ ਮਹਿਕ ਨਾਲ ਭਰਦੀ ਹੈ। ਉਹ ਚੌਗਿਰਦੇ ਦਾ ਮਾਣ ਬਣਦੇ ਅਤੇ ਉਹ ਅੰਬਰ ਜੇਡ ਹੁੰਦਿਆਂ ਵੀ ਆਪਣੀ ਧਰਤੀ ਨਾਲ ਜੁੜੇ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਹ ਕਿਹੜੀ ਮਿੱਟੀ ਵਿੱਚੋਂ ਉੱਗੇ ਅਤੇ ਕਿਸ ਮਿੱਟੀ ਦਾ ਆਖ਼ਰ ਨੂੰ ਇੱਕ ਕਿਣਕਾ ਬਣਨਾ ਏ। ਉਹ ਆਪਣੀ ਔਕਾਤ ਜਾਣਦੇ ਹਨ, ਇਸ ਨੂੰ ਮਾਣਦੇ, ਖ਼ੁਦ ਨੂੰ ਪਛਾਣਦੇ ਹਨ ਕਿਉਂਕਿ ਉਹ ਅੰਦਰੋਂ ਬਾਹਰੋਂ ਇਕਸੁਰ ਤੇ ਇਕਸਾਰ ਹੁੰਦੇ ਹਨ।
ਆਸਾਨ ਨਹੀਂ ਹੁੰਦਾ ਝੱਖੜਾਂ ਸਾਹਵੇਂ ਹਿੱਕ ਡਾਹੁਣਾ, ਜ਼ੋਰਾਵਰ ਝੱਖੜ ਦੀਆਂ ਅੱਖਾਂ ਵਿੱਚ ਅੱਖਾਂ ਪਾਉਣਾ, ਉਸ ਨਾਲ ਦਸਤਪੰਜਾ ਲੈਣਾ ਅਤੇ ਫਿਰ ਉਸ ਦੇ ਕੁਕਰਮਾਂ, ਕਮੀਨਗੀਆਂ ਅਤੇ ਕੁਤਾਹੀਆਂ ਨੂੰ ਜੱਗ ਜ਼ਾਹਿਰ ਕਰਨਾ ਤੇ ਉਸ ਨੂੰ ਉਸ ਦੀ ਅਸਲੀਅਤ ਦੇ ਰੂਬਰੂ ਕਰਨਾ। ਦਰਅਸਲ, ਹਿੱਕ ਡਾਹੁਣ ’ਤੇ ਹੀ ਝੱਖੜ ਨੂੰ ਪਤਾ ਲੱਗਦਾ ਕਿ ਕੋਈ ਹਰਿਆ ਬੂਟਾ ਰਹਿਓ ਰੀ ਜਿਹੜਾ ਉਸ ਦੀ ਹਾਉਮੈਂ ਨੂੰ ਵੰਗਾਰ ਸਕਦਾ। ਉਸ ਦੀ ਆਕੜ ਨੂੰ ਲਲਕਾਰ ਸਕਦਾ, ਉਸ ਦੇ ਮੁਲੰਮੇ ਨੂੰ ਉਤਾਰ ਸਕਦਾ ਅਤੇ ਮਖੌਟਿਆਂ ਹੇਠ ਛੁਪੇ ਕਿਰਦਾਰ ਨੂੰ ਸਰੇਬਾਜ਼ਾਰ ਨੰਗਾ ਕਰ ਸਕਦਾ। ਜਦੋਂ ਮਾਰੂ ਝੱਖੜਾਂ ਸਾਹਵੇਂ ਹਿੱਕ ਡਾਹੁਣ ਵਾਲੇ ਸਾਹਮਣੇ ਆਉਂਦੇ ਹਨ ਤਾਂ ਲੋਕ ਲਹਿਰਾਂ ਜਨਮ ਲੈਂਦੀਆਂ ਹਨ, ਅਜ਼ਾਦੀ ਸੰਗਰਾਮ ਛਿੜਦੇ ਅਤੇ ਲੋਕ ਮੁਹਿੰਮਾਂ ਵਿੱਚੋਂ ਲੋਕ-ਜਿੱਤਾਂ ਦੇ ਜਸ਼ਨ ਆਮ ਲੋਕਾਂ ਦੇ ਹਿੱਸੇ ਆਉਂਦੇ ਹਨ। ਹਰ ਇੱਕ ਨੂੰ ਆਪਣੇ ਹਿੱਸੇ ਦਾ ਅੰਬਰ ਮਿਲਦਾ ਹੈ। ਆਪਣੀ ਹਿੱਸੇ ਦੀ ਛੱਤ ਅਤੇ ਆਪਣੇ ਹਿੱਸੇ ਦਾ ਟੁੱਕਰ ਜਦੋਂ ਹਰੇਕ ਦੇ ਨਸੀਬਾਂ ਦਾ ਹਿੱਸਾ ਬਣ ਜਾਵੇ ਤਾਂ ਝੱਖੜ, ਝੱਖੜ ਨਹੀਂ ਰਹਿੰਦਾ, ਫਿਰ ਉਹ ਪੁਰਵਾਈ ਬਣ ਜਾਂਦਾ ਹੈ ਜਿਸ ਵਿੱਚ ਸੰਗੀਤਕ ਫ਼ਿਜ਼ਾਵਾਂ ਅਤੇ ਲੋਕ ਮਸਤੀਆਂ ਦਾ ਆਗਮਨ ਹੁੰਦਾ ਹੈ।
ਆਸਾਨ ਨਹੀਂ ਹੁੰਦਾ ਕਿਸੇ ਨੂੰ ਪਲਕਾਂ ’ਤੇ ਬਿਠਾਉਣਾ, ਉਸ ਦੀ ਤਾਮੀਰਦਾਰੀ ਕਰਨਾ, ਅਪਣੱਤ ਤੇ ਮੋਹ ਦੀਆਂ ਬਾਤਾਂ ਪਾਉਣੀਆਂ, ਬਲਾਵਾਂ ਉਤਾਰਨੀਆਂ, ਸਦਕੇ ਜਾਣਾ, ਤਲੀਆਂ ’ਤੇ ਚੋਗ ਚੁਗਾਉਣਾ ਅਤੇ ਮਨ ਦੀਆਂ ਬਰੂਹਾਂ ’ਤੇ ਉਸ ਦੀ ਆਮਦ ਲਈ ਤੇਲ ਚੋਣਾ। ਪਰ ਪਲਕਾਂ ’ਤੇ ਬਿਠਾ ਕੇ ਹੀ ਕਿਸੇ ਨੂੰ ਆਪਣਾ ਬਣਾਇਆ ਜਾ ਸਕਦਾ ਜਾਂ ਕਿਸੇ ਦਾ ਬਣਿਆ ਜਾਂਦਾ। ਬੇਗਾਨਗੀ ਵਿੱਚ ਕੌਣ ਕਿਸੇ ਦਾ ਬਣਦਾ? ਬੇਗਾਨੇ ਕਦੋਂ ਆਪਣੇ ਬਣਦੇ ਨੇ? ਹੁਣ ਤਾਂ ਕਈ ਵਾਰ ਆਪਣਿਆਂ ਨੂੰ ਵੀ ਆਪਣੇ ਕਹਿਣ ਤੋਂ ਖੌਫ਼ ਆਉਂਦਾ ਕਿਉਂਕਿ ਕਈ ਵਾਰ ਆਪਣੇ ਹੀ ਤੁਹਾਡੇ ਲਈ ਕਬਰਾਂ ਦਾ ਬੰਦੋਬਸਤ ਕਰਨ ਵਿੱਚ ਰੁੱਝੇ ਹੁੰਦੇ ਹਨ। ਕਿਸੇ ਨੂੰ ਜ਼ਰੂਰ ਪਲਕਾਂ ’ਤੇ ਬਿਠਾਉਣਾ ਤਾਂ ਕਿ ਕੋਈ ਮੋਢਾ ਤਾਂ ਅਜਿਹਾ ਹੋਵੇ ਜਿਸ ’ਤੇ ਸਿਰ ਰੱਖ ਕੇ ਰੋਇਆ ਜਾ ਸਕੇ, ਦਿਲ ਦਾ ਦਰਦ ਫਰੋਲਿਆ ਜਾ ਸਕੇ। ਰਾਜ਼ ਦੀਆਂ ਗੱਲਾਂ ਕਹੀਆਂ ਤੇ ਸੁਣੀਆਂ ਜਾ ਸਕਣ ਅਤੇ ਮਨ ਦੇ ਬੋਝ ਨੂੰ ਹਲਕਾ ਕੀਤਾ ਜਾ ਸਕੇ।
ਆਸਾਨ ਨਹੀਂ ਹੁੰਦਾ ਹਵਾ ਦੇ ਵਗਦਿਆਂ ਆਲੇ ਵਿੱਚ ਦੀਵਾ ਡੰਗਣਾ। ਪਰ ਇਹ ਜਗਦਾ ਦੀਵਾ ਹੁੰਦਾ ਹੈ ਜੋ ਘਰ ਨੂੰ ਚਾਨਣ ਨਾਲ ਭਰਦਾ ਹੈ। ਘਰ ਦੇ ਜੀਆਂ ਨੂੰ ਨਿਹਾਰਦਾ ਅਤੇ ਕਮਰਿਆਂ ਤੇ ਕੰਧਾਂ ਨੂੰ ਘਰ ਬਣਨ ਦਾ ਵਰਦਾਨ ਦਿੰਦਾ। ਆਪਣੇ ਆਪਣਿਆਂ ਨੂੰ ਦੇਖਦੇ, ਇੱਕ ਦੂਜੇ ਦੀਆਂ ਮਨੋਭਾਵਨਾਵਾਂ ਪੜ੍ਹਦੇ ਅਤੇ ਮਨੋਭਾਵਾਂ ਵਿਚ ਕੁੱਤਕੁਤਾਰੀਆਂ ਅਤੇ ਗੁੱਦਗੁਦੀ ਦਾ ਸਬੱਬ ਬਣਦੇ ਹਨ। ਹੱਸਦੇ ਵੱਸਦੇ ਘਰ ਨੂੰ ਚਾਨਣ ਵਿੱਚ ਨਹਾਉਣ ਅਤੇ ਖ਼ੁਦ ਨੂੰ ਨਵੀਆਂ ਰਹਿਤਲਾਂ ਦਾ ਜਾਮਾ ਪਾਉਣ ਦਾ ਨਾਜ਼ ਤੇ ਨਖ਼ਰਾ ਹੁੰਦਾ ਹੈ।
ਆਸਾਨ ਨਹੀਂ ਹੁੰਦਾ ਕਿਸੇ ਵੀ ਵਿਅਕਤੀ ਲਈ ਖ਼ੁਦ ਦੇ ਰੂਬਰੂ ਹੋਣਾ ਅਤੇ ਆਪਣੇ ਆਪ ਨੂੰ ਸ਼ੀਸ਼ੇ ਸਾਹਵੇਂ ਖੜ੍ਹ ਕੇ ਦੇਖਣਾ। ਪਰ ਜਦੋਂ ਅਸੀਂ ਖ਼ੁਦ ਦੇ ਰੂਬਰੂ ਹੋਣ ਦੀ ਆਦਤ ਪਾ ਲੈਂਦੇ ਹਾਂ ਤਾਂ ਕੁਤਾਹੀਆਂ ਕੀਰਤੀਆਂ ਬਣਦੀਆਂ, ਕਮੀਨਗੀਆਂ ਕਾਰਨਾਮਿਆਂ ਦਾ ਨਾਮਕਰਨ ਹੁੰਦੀਆਂ, ਕਸਕ ਵਿੱਚੋਂ ਕਿਰਤ ਜਨਮ ਲੈਂਦੀ ਅਤੇ ਕੁੜੱਤਣ ਵਿੱਚੋਂ ਕਿਰਤਾਰਥਾ ਦਾ ਪੈਦਾ ਹੋਣਾ ਲਾਜ਼ਮੀ ਹੁੰਦਾ ਹੈ।
ਆਸਾਨ ਨਹੀਂ ਹੁੰਦਾ ਬੱਚਿਆਂ ਵੱਲੋਂ ਵਾਰ ਵਾਰ ਕਿਰ ਰਹੇ ਰੇਤ ਦੇ ਘਰ ਬਣਾਉਣੇ। ਪਰ ਇਹ ਰੇਤ ਦੇ ਘਰਾਂ ਦਾ ਤਸੱਵਰ ਹੀ ਹੁੰਦਾ ਜੋ ਉਨ੍ਹਾਂ ਦੇ ਮਨਾਂ ਵਿੱਚ ਘਰ ਦਾ ਸੁਪਨਾ ਧਰਦਾ। ਘਰ ਜੋ ਉਨ੍ਹਾਂ ਦਾ ਆਪਣਾ ਜਿੱਥੇ ਉਨ੍ਹਾਂ ਨੂੰ ਪੂਰਨ ਆਜ਼ਾਦੀ ਹੋਵੇ ਖਲਾਰਾ ਪਾਉਣ ਜਾਂ ਸਜਾਉਣ, ਕੰਧਾਂ ’ਤੇ ਲੀਕਾਂ ਵਾਹੁਣ, ਕਮਰੇ ਦੇ ਰੰਗਾਂ ਦੀ ਮਨਮਰਜ਼ੀ। ਹਰ ਵਸਤ ਨੂੰ ਆਪਣੇ ਰੂਹੇ-ਅੰਦਾਜ਼ ਵਿੱਚ ਟਿਕਾਉਣ ਅਤੇ ਸਜਾਉਣ ਦੀ ਤਾਂਘ। ਇਹ ਤਾਂਘ ਹੀ ਮਹਿਲਾਂ ਵਰਗੇ ਘਰਾਂ ਲਈ ਸੋਚ ਨੀਂਹ ਬਣ ਕੇ ਭਵਿੱਖੀ ਵਿਸਥਾਰ ਦਾ ਸੁੰਦਰ ਸ਼ੁਭ ਆਰੰਭ ਹੁੰਦੀ ਹੈ।
ਆਸਾਨ ਨਹੀਂ ਹੁੰਦਾ ਨਹੀਂਂ ਕਿਸੇ ਪਿੰਡੇ ਦੇ ਤੱਪੜ ਵਾਲੇ ਸਕੂਲ ਵਿੱਚ ਪੜ੍ਹਦਿਆਂ ਤੇ ਪਸ਼ੂ ਚਾਰਦਿਆਂ, ਖ਼ਿਆਲਾਂ ਵਿੱਚ ਉੱਚੇ ਦਿਸਹੱਦਿਆਂ ਦੀ ਪੈੜ ਨੱਪਣ ਦੀ ਚਾਹਨਾ ਮਨ ਵਿੱਚ ਪੈਦਾ ਕਰਨੀ। ਪਰ ਇਹ ਚਾਹਨਾ ਹੀ ਹੁੰਦੀ ਹੈ ਜੋ ਇੱਕ ਸੁਪਨੇ ਦਾ ਰੂਪ ਧਾਰਦੀ ਅਤੇ ਫਿਰ ਇਸ ਦਾ ਪਿੱਛਾ ਕਰਦਿਆਂ ਬੰਦਾ ਉਹ ਕੁਝ ਵੀ ਪ੍ਰਾਪਤ ਕਰ ਲੈਂਦਾ। ਕਦੇ ਡਾ. ਏਪੀਜੇ ਕਲਾਮ ਦੀ ਜੀਵਨੀ ਪੜ੍ਹਨਾ ਤਾਂ ਪਤਾ ਲੱਗੇਗਾ ਕਿ ਸੁਪਨਿਆਂ ਦਾ ਸੱਚ ਕਿਵੇਂ ਤੁਹਾਡੀ ਮਿਹਨਤ ਨੂੰ ਸਲਾਮ ਕਰਦਾ।
ਆਸਾਨ ਨਹੀਂ ਹੁੰਦਾ ਆਪਣੇ ਪਿਆਰਿਆਂ ਤੋਂ ਟੁੱਟਣਾ ਤੇ ਨਜ਼ਦੀਕੀਆਂ ਤੋਂ ਦੂਰੀ ਬਣਾਉਣਾ। ਪਰ ਇਹ ਦੂਰੀ ਹੀ ਹੁੰਦੀ ਹੈ ਜਿਹੜੀ ਆਤਮਿਕ ਸ਼ਾਂਤੀ, ਸਕੂਨ ਅਤੇ ਬਖੇੜਿਆਂ ਤੋਂ ਖ਼ੁਦ ਨੂੰ ਦੂਰ ਕਰਨ ਲਈ ਜ਼ਰੂਰੀ ਹੁੰਦੀ ਹੈ। ਕਈ ਵਾਰ ਤਾਂ ਸਾਨੂੰ ਇਸ ਲਈ ਵੀ ਦੂਰ ਜਾਣਾ ਪੈਂਦਾ ਕਿਉਂਕਿ ਤੁਹਾਡੇ ਆਪਣੇ ਹੀ ਤੁਹਾਡਾ ਸਿਵਾ ਸੇਕਣ ਲਈ ਕਾਹਲੇ ਹੁੰਦੇ ਹਨ।
ਮਾਂ ਬਣਨਾ ਆਸਾਨ ਨਹੀਂ ਹੁੰਦਾ, ਪਰ ਮਾਂ ਬਣਨ ਦੀ ਪੀੜਾ ਹੀ ਔਰਤ ਨੂੰ ਪੂਰਨਤਾ ਬਖ਼ਸ਼ਦੀ ਹੈ, ਮਮਤਾ ਦਾ ਹੁਲਾਸ ਮਿਲਦਾ ਹੈ, ਗੋਦ ਵਿੱਚ ਬੱਚੇ ਨੂੰ ਲਾਡ ਲਡਾਉਣ ਦਾ ਮੌਕਾ ਮਿਲਦਾ ਹੈ। ਆਪਣੇ ਬੱਚਿਆਂ ਦੇ ਨੈਣਾਂ ਵਿੱਚ ਸੁਪਨੇ ਧਰਨ ਅਤੇ ਉਨ੍ਹਾਂ ਦੀ ਪੂਰਤੀ ਲਈ ਖ਼ੁਦ ਨੂੰ ਅਰਪਿਤ ਕਰਨ ਦਾ ਸਬੱਬ ਬਣਦਾ ਹੈਾ। ਫਿਰ ਹੀ ਪਤਾ ਲੱਗਦਾ ਕਿ ਮਾਂ ਕੀ ਹੁੰਦੀ ਹੈ ਅਤੇ ਮਾਂ ਨੂੰ ਰੱਬ ਤੋਂ ਉੱਚਾ ਦਰਜਾ ਕਿਉਂ ਦਿੱਤਾ ਜਾਂਦਾ ਕਿਉਂਕਿ ਮਾਂ ਬੱਚੇ ਲਈ ਰੱਬ ਤੋਂ ਬਹੁਤ ਜ਼ਿਆਦਾ ਨੇੜੇ ਹੁੰਦੀ ਹੈ।
ਬਾਪ ਬਣਨਾ ਆਸਾਨ ਨਹੀਂ ਹੁੰਦਾ, ਪਰ ਬਾਪ ਬਣ ਕੇ ਹੀ ਬਾਪ ਦੀਆਂ ਜ਼ਿੰਮੇਵਾਰੀਆਂ, ਧੀ ਦੇ ਸਿਰ ’ਤੇ ਅਸੀਸ ਅਤੇ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਆਪਣੀ ਛਾਂ ਵਿੱਚ ਤੁਰਨ ਦਾ ਵਿਸਮਾਦ ਮਾਣਿਆ ਜਾ ਸਕਦਾ ਹੈ। ਬਾਪ ਬਣ ਕੇ ਬਾਪ-ਰੂਪੀ ਛਾਂ ਨੂੰ ਪਰਿਵਾਰ ਦੇ ਨਾਵੇਂ ਕਰਕੇ ਜੀਵਨ ਦੀਆਂ ਸਭ ਨਿਆਮਤਾਂ ਆਪਣੇ ਬੱਚਿਆਂ ਦੇ ਨਾਵੇਂ ਕਰਨ ਦਾ ਸੁਖਦ ਅਹਿਸਾਸ ਮਨ ਵਿੱਚ ਉਪਜਾਇਆ ਜਾ ਸਕਦਾ ਹੈ।
ਬੱਚੇ ਤਾਂ ਸਾਰੇ ਹੀ ਹੁੰਦੇ ਹਨ, ਪਰ ਅਸਲ ਵਿੱਚ ਬੱਚੇ ਬਣਨਾ ਆਸਾਨ ਨਹੀਂ ਹੁੰਦਾ ਕਿਉਂਕਿ ਸਹੀ ਮਾਅਨਿਆਂ ਵਿੱਚ ਬੱਚੇ ਬਣ ਕੇ ਮਾਂ ਦੀਆਂ ਰੀਝਾਂ ਦੀ ਪੂਰਤੀ ਕਰਨੀ ਹੁੰਦੀ ਹੈ। ਬਾਪ ਦਾ ਸ਼ਮਲਾ ਉੱਚਾ ਕਰਨਾ ਹੁੰਦਾ। ਭੱਚੇ ਚੁਬਾਰੇ ਦੀ ਭੁਰਦੀ ਇੱਟ ਨਹੀਂ ਬਣਦੇ ਸਗੋਂ ਮਜ਼ਬੂਤ ਨੀਹਾਂ ਬਣ ਕੇ ਘਰ ਦੀ ਸਲਾਮਤੀ ਦਾ ਸੁੱਚਾ ਸ਼ਰਫ਼ ਬਣਨਾ ਹੁੰਦਾ ਹੈ।
ਕਦੇ ਵੀ ਆਸਾਨ ਨਹੀਂ ਹੁੰਦਾ ਆਪਣੇ ਅੰਤਰੀਵ ਵਿੱਚ ਉਤਰਨਾ, ਅੰਦਰ ਨੂੰ ਪੜ੍ਹਨਾ, ਅੰਦਰ ਨੂੰ ਬਾਹਰ ਨਾਲ ਇਕਸੁਰ ਕਰਨਾ ਕਿਉਂਕਿ ਤੁਹਾਡਾ ਅੰਦਰ ਤੁਹਾਡਾ ਸਭ ਤੋਂ ਅਹਿਮ ਸੱਚ ਹੁੰਦਾ ਹੈ। ਇਸ ਸੱਚ ਵਿੱਚ ਜਿਉਣਾ ਹੀ ਅਸਲ ਵਿੱਚ ਜਿਉਣਾ ਅਤੇ ਜ਼ਿੰਦਗੀ ਨੂੰ ਅਰਥਮਈ ਬਣਾਉਣਾ ਹੁੰਦਾ ਹੈ। ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਦੇ ਕਦਾਈਂ ਆਪਣੇ ਅੰਤਰੀਵ ਵਿੱਚ ਉਤਰਦੇ ਰਿਹਾ ਕਰੋ ਅਤੇ ਆਪਣੇ ਅੰਦਰ ਨੂੰ ਬਾਹਰੀ ਰੂਪ ਵਿੱਚ ਪ੍ਰਗਟ ਕਰੋ। ਇਹ ਹੀ ਸਭ ਤੋਂ ਉੱਤਮ ਕੀਰਤੀ, ਕਰਮਯੋਗਤਾ ਤੇ ਕਰਮ-ਧਰਮ ਹੈ ਅਤੇ ਇਸ ਨੂੰ ਨਿਭਾਉਣ ਵਿੱਚ ਕਦੇ ਵੀ ਕੁਤਾਹੀ ਜਾਂ ਦੇਰੀ ਨਾ ਕਰੋ।