ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਕੁਲਜੀਤ ਦਿਆਲਪੁਰੀ

ਇਨ੍ਹਾਂ ਸ਼ਬਦਾਂ “ਧੌਣ ’ਤੇ ਗੋਡਾ ਅਤੇ ਗੋਡੇ ਹੇਠ ਆਈ ਧੌਣ!” ਨੂੰ ਸਮਝਦਿਆਂ ਮੈਨੂੰ ਤਾਂ ਚਾਰੇ ਪਾਸੇ ਧੌਣ ’ਤੇ ਰੱਖੇ ਗੋਡੇ ਹੀ ਗੋਡੇ ਨਜ਼ਰ ਆ ਰਹੇ ਹਨ। ਫ਼ਰਕ ਸਿਰਫ਼ ਇਹ ਹੈ ਕਿ ਹਰ ਇਕ ਨੂੰ ਅਪ੍ਰਤੱਖ ਰੂਪ ਵਿਚ ਧੌਣ ’ਤੇ ਗੋਡਾ ਉਦੋਂ ਹੀ ਮਹਿਸੂਸ ਹੁੰਦਾ ਹੈ, ਜਦੋਂ ਗੋਡੇ ਦੀ ਦਾਬ ਹੇਠ ਆਏ ਬੰਦੇ ਦਾ ਸਾਹ ਘੁੱਟਦਾ ਹੈ, ਯਾਨੀ ਜਦੋਂ ਉਸ ਨਾਲ ਬੇਇਨਸਾਫੀ ਜਾਂ ਅਨਿਆਂ ਹੁੰਦਾ ਹੈ। ਦੁਨਿਆਵੀ ਜ਼ਿੰਦਗੀ ਬਸਰ ਕਰਦਿਆਂ ਇਕ ਦੂਜੇ ਦੀ ਧੌਣ ’ਤੇ ਗੋਡਾ ਰੱਖ ਕੇ ਹੀ ਤਾਂ ਅਸੀਂ ਸਭ ਮਹਾਨ ਜੇਤੂ ਬਣਨ ਦੇ ਰਾਹ ਤੁਰੇ ਹੋਏ ਹਾਂ; ਕਿਉਂਕਿ ਧੌਣ ’ਤੇ ਗੋਡਾ ਰੱਖਣ ਦੀ ਖੇਡ ਤਾਂ ਹਰ ਖੇਤਰ, ਹਰ ਥਾਂ, ਹਰ ਧਰਮ, ਹਰ ਦੇਸ਼ ਵਿਚ ਬਾਦਸਤੂਰ ਜਾਰੀ ਹੈ। ਭਾਵੇਂ ਕੋਈ ਜਮਹੂਰੀ ਮੁਲਕ ਹੋਵੇ ਜਾਂ ਗ਼ੈਰਜਮਹੂਰੀਅਤ ਵਾਲਾ, ਵਿਚਾਰਾਂ ਦੀ ਆਜ਼ਾਦੀ ਨੂੰ ਧੌਣ ’ਤੇ ਗੋਡਾ ਰੱਖ ਕੇ ਦਬਾ ਲਿਆ ਜਾਂਦਾ ਹੈ। ਧੌਣ ’ਤੇ ਗੋਡਾ ਰੱਖਣ ਦੀ ਇਹੋ ਤਾਂ ਅਸਲੀਅਤ ਹੈ।

ਮੈਨੂੰ ਨਹੀਂ ਲੱਗਦਾ ਕਿ ਇਹ ਧੌਣ ’ਤੇ ਗੋਡਾ ਰੱਖੇ ਜਾਣ ਦੀ ਕਵਾਇਦ ਕਦੇ ਰੁਕੇਗੀ ਵੀ! ਕਿਉਂਕਿ ਤਕੜਿਆਂ ਨੂੰ ਮਾੜਿਆਂ ਦੀ ਨਾਬਰੀ ਕਦੇ ਬਰਦਾਸ਼ਤ ਨਹੀਂ ਹੁੰਦੀ। ਧੌਣ ’ਤੇ ਗੋਡਾ ਰੱਖਣ ਵਾਲਾ ਆਪਣੇ ਆਪ ਨੂੰ ਜੇਤੂ ਸਮਝਦੈ ਅਤੇ ਜਿਸਦੀ ਧੌਣ ’ਤੇ ਗੋਡਾ ਆ ਜਾਵੇ ਉਹ ਜਾਂ ਤਾਂ ਮਜਬੂਰ ਹੋ ਜਾਂਦਾ ਜਾਂ ਲਾਚਾਰ। ਭਾਰਤ ਵਿਚ ਕੇਂਦਰੀ ਸਰਕਾਰਾਂ ਹਮੇਸ਼ਾਂ ਪੰਜਾਬ ਦੀ ਧੌਣ ’ਤੇ ਗੋਡਾ ਰੱਖਦੀਆਂ ਆਈਆਂ ਹਨ ਤੇ ਸੂਬਾ ਸਰਕਾਰਾਂ ਦਾ ਗੋਡਾ ਆਮ ਲੋਕਾਂ ’ਤੇ ਕਦੋਂ ਨਹੀਂ ਸੀ ਜਾਂ ਹੈ? ਮੰਤਰੀ-ਸੰਤਰੀ ਭਾਵੇਂ ਘੱਟ ਪੜ੍ਹੇ ਲਿਖੇ ਹੀ ਕਿਉਂ ਨਾ ਹੋਣ, ਵੱਡੇ ਵੱਡੇ ਅਫ਼ਸਰਾਂ ਦੀ ਧੌਣ ’ਤੇ ਸਿਆਸੀ ਗੋਡਾ ਰੱਖਦੇ ਆਏ ਹਨ। ਪੁਲੀਸ ਤਸ਼ੱਦਦ ਦਾ ਗੋਡਾ ਜ਼ਾਲਮਾਂ ਦੀ ਧੌਣ ’ਤੇ ਘੱਟ, ਪਰ ਬੇਵੱਸ ਮਜ਼ਲੂਮਾਂ ਦੀ ਧੌਣ ’ਤੇ ਵੱਧ ਹੁੰਦੈ। ਇੱਥੇ ਹੀ ਬਸ ਨਹੀਂ, ਅਫ਼ਸਰਾਂ ਦੀ ਅਫ਼ਸਰੀ ਦਾ ਹੈਂਕੜੀ-ਗੋਡਾ ਆਪਣੇ ਰੁਤਬੇ ਤੋਂ ਹੇਠਲੇ ਲੋਕਾਂ ਦੀ ਧੌਣ ’ਤੇ ਜਾ ਟਿਕਦਾ ਹੈ ਤੇ ਇਹ ਸਿਲਸਿਲਾ ਉਤਲੇ ਪੱਧਰ ਤੋਂ ਚੱਲ ਕੇ ਹੇਠਲੇ ਪੱਧਰ ’ਤੇ ਆ ਕੇ ਆਮ ਜਿਹੇ ਕਿਸੇ ਹਮਾਤੜ੍ਹ ਦੀ ਧੌਣ ’ਤੇ ਰੱਖ ਦਿੱਤਾ ਜਾਂਦਾ ਹੈ।

ਟੈਕਸਾਂ ਵਾਲਾ ਗੋਡਾ, ਮਹਿੰਗਾਈ ਵਾਲਾ ਗੋਡਾ, ਭ੍ਰਿਸ਼ਟਾਚਾਰੀ ਦਾ ਗੋਡਾ, ਧਰਮ ਦੀ ਕੱਟੜਤਾ ਦਾ ਗੋਡਾ, ਹਿੱਸੇ-ਪੱਤੀਆਂ ਦੇ ਰੂਪ ਵਾਲਾ ਗੋਡਾ, ਧਰਮ ਜਾਂ ਭਲਾਈ ਦੇ ਨਾਂ ’ਤੇ ਉਗਰਾਹੀ ਵਾਲਾ ਗੋਡਾ, ਗੁੰਡਾਗਰਦੀ ਵਾਲਾ ਗੋਡਾ-ਪਤਾ ਨਹੀਂ ਕਿੰਨੇ ਹੀ ਜ਼ੁਲਮੋ-ਸਿਤਮ ਵਾਲੇ ਗੋਡੇ ਗਰਦਨਾਂ ’ਤੇ ਆਣ ਟਿਕੇ ਹੋਏ ਹਨ! ਸਿਆਸੀ ਏਜੰਡਿਆਂ ਵਿਚ ਛੁਪੀ ਕਮੀਨਗੀ ਵਾਲਾ ਗੋਡਾ ਆਸਾਂ ਦੇ ਬੂਰ ਨੂੰ ਮਸਲਣ ਅਤੇ ਆਪਸ ਵਿਚ ਲੜਾ ਕੇ ਖੇਡੀ ਗਈ ਚਾਲ ਵਾਲਾ ਗੋਡਾ ਵੀ ਬੜੇ ਚਿਰ ਤੋਂ ਸਾਂਝੀਵਾਲਤਾ ਦੀ ਸਾਹ ਰਗ ’ਤੇ ਦਾਬ ਦੇ ਰਿਹਾ ਹੈ। ਨਿਮਾਣਿਆਂ ਨੂੰ ਮਾਣ ਮਿਲ ਜਾਣ ਦੇ ਡਰੋਂ ਗੋਡੇ ਥੱਲੇ ਦਈ ਰੱਖਣ ਵਾਲੀ ਸੌੜੀ ਸੋਚ ਅਤੇ ਮਿੱਠੀ ਜ਼ੁਬਾਨ ਦੇ ਡੰਗ ’ਚ ਛੁਪੀ ਜ਼ਹਿਰ ਦੇ ਰੂਪ ਵਾਲਾ ਗੋਡਾ ਵੀ ਘੱਟ ਖ਼ਤਰਨਾਕ ਨਹੀਂ, ਇਹ ਜਦੋਂ ਕਿਸੇ ਦੀ ਧੌਣ ’ਤੇ ਰੱਖ ਹੁੰਦਾ ਹੈ ਤਾਂ ਜਾਣੇ-ਅਣਜਾਣੇ ਸਾਹ ਘੁੱਟਣ ਦੀ ਨੌਬਤ ਆ ਜਾਂਦੀ ਹੈ ਤੇ ਆਪਾਂ ਸਭ ਨੂੰ ਪਤਾ ਹੀ ਹੈ ਕਿ ਜਦੋਂ ਸਾਹ ਘੁੱਟਦਾ ਹੈ ਤਾਂ ਕੀ ਵਾਪਰਦਾ ਹੈ!

ਸਿਆਸੀ ਗੋਡਿਆਂ ਦੀ ਦਾਬ ਤਾਂ ਇਸ ਕਦਰ ਵਧ ਚੁੱਕੀ ਹੈ ਕਿ ਆਮ ਹੀ ਸਾਹ ਘੁਟਣ ’ਤੇ ਆਏ ਹੋਏ ਹਨ। ‘ਵਿਸ਼ਵ ਸ਼ਕਤੀ’ ਦੀ ਧੌਂਸ ਵਾਲਾ ਗੋਡਾ, ਵਪਾਰ ਵਿਚ ਆਪਣੀ ਸਰਦਾਰੀ ਕਾਇਮ ਰੱਖਣ ਵਾਲਾ ਗੋਡਾ ਤੇ ਨਾਲ ਨਾਲ ਪਰਮਾਣੂ ਧਮਕੀਆਂ ਵਾਲੇ ਕਈ ਗੋਡੇ ਮਨੁੱਖਤਾ ਦੀ ਧੌਣ ਨੂੰ ਨੱਪੀ ਬੈਠੇ ਹਨ। ਸਾਰੇ ਹੀ ਸ਼ਕਤੀਸ਼ਾਲੀ ਮੁਲਕ ਮਾੜੇ ਮੁਲਕ ਨੂੰ ਗੋਡੇ ਥੱਲੇ ਦੇਣਾ ਲੋਚਦੇ ਹਨ। ਜਿਹੜਾ ਕੋਈ ਗੋਡਿਆਂ ਪਰਨੇ ਨਹੀਂ ਹੁੰਦਾ, ਭਾਵ ਝੁਕਦਾ ਨਹੀਂ ਜਾਂ ਈਨ ਨਹੀਂ ਮੰਨਦਾ, ਉਸ ਦੀ ਧੌਣ ’ਤੇ ਗੋਡਾ ਰੱਖਣ ਦੀ ਕਾਹਲੀ ਵੀ ਤਾਂ ਆਪਾਂ ਸਭ ਨੇ ਵੇਖੀ/ਸੁਣੀ ਤੇ ਹੰਢਾਈ ਹੁੰਦੀ ਹੈ। ਬੌਸ ਆਪਣੇ ਮੁਲਾਜ਼ਮ ਨੂੰ ਗੋਡੇ ਥੱਲੇ ਦਈ ਰੱਖਦਾ ਹੈ ਅਤੇ ਕਈ ਮੁਲਾਜ਼ਮ ਇਹ ਚੁਸਤ-ਚਲਾਕੀਆਂ ਮਾਰੀ ਜਾਂਦੇ ਹਨ ਕਿ ਮਾਲਕ ਨੂੰ ਕਿਵੇਂ ਗੋਡੇ ਥੱਲੇ ਦਈਏ? ਖੇਤਾਂ ’ਚ ਕੰਮ ਕਰਦਾ ਕਾਮਾ ਜ਼ਿਮੀਂਦਾਰਾਂ ਦੇ ਅਤੇ ਫੈਕਟਰੀਆਂ ’ਚ ਕੰਮ ਕਰਦਾ ਮਜ਼ਦੂਰ ਉਦਯੋਗਪਤੀਆਂ ਦੇ ਗੋਡੇ ਹੇਠ ਆਇਆ ਰਹਿੰਦਾ ਹੈ। ਬੇਵਸੀਆਂ ਤੇ ਮਜਬੂਰੀਆਂ ਦੇ ਗੋਡੇ ਹੇਠ ਆਏ ਬੰਦੇ ਦੀਆਂ ਉਂਜ ਹੀ ਗੋਡਣੀਆਂ ਲੱਗੀਆਂ ਰਹਿੰਦੀਆਂ ਹਨ, ਪਰ ਜੇ ਪੀੜ-ਪੀੜ ਹੋਈ ਲੋਕਾਂ ਦੀ ਭੀੜ ਦਾ ਗੋਡਾ ਹਕੂਮਤਾਂ ਦੀ ਗਰਦਨ ’ਤੇ ਆ ਜਾਵੇ ਤਾਂ ਤਖ਼ਤਾ ਪਲਟ ਜਾਣ ਨੂੰ ਸਮਾਂ ਨਹੀਂ ਲੱਗਦਾ। ਜੇ ਕਰੋਨਾ ਨੇ ਲੋਕਾਂ ਨੂੰ ਗੋਡੇ ਥੱਲੇ ਦੇ ਲਿਆ ਹੈ ਤਾਂ ਕੋਈ ਵੱਡੀ ਗੱਲ ਨਹੀਂ, ਪਰ ਇੱਥੇ ਤਾਂ ਬੰਦਾ, ਬੰਦਾ ਬਣਨ ਤੋਂ ਆਕੀ ਹੋਇਆ ਰੱਬ ਨੂੰ ਗੋਡੇ ਥੱਲੇ ਦੇਣ ਦੀਆਂ ਸਕੀਮਾਂ ਘੜੀ ਜਾਂਦੈ!

ਜੂਨ 1984 ਵਿਚ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦੀ ਸਿਆਸਤ, ਨਵੰਬਰ 1984 ਵਿਚ ਵੱਡੇ ਘਰਾਣਿਆਂ ਦੀ ਸ਼ੈਅ ’ਤੇ ਕੀਤੇ ਗਏ ਕਤਲ, ਦੋਸ਼ੀਆਂ ਨੂੰ ਸਰਕਾਰੀ ਸਰਪ੍ਰਸਤੀਆਂ, ਨੌਜਵਾਨਾਂ ਦਾ ਘਾਤ, ਸਿੱਖ ਕੈਦੀਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਪਿਛੋਂ ਜੇਲ੍ਹੀਂ ਡੱਕੀ ਰੱਖਣਾ, ਪਾਣੀਆਂ ਦੀ ਅੰਨ੍ਹੇਵਾਹ ਲੁੱਟ, ਬਣਦੇ ਹੱਕ ਦੇਣ ਦੀ ਥਾਂ ਵਿਰੋਧ ਦੀ ਵਾਜ਼ ਨੂੰ ਕੁਚਲਣਾ, ਹਿੰਦੂ-ਸਿੱਖ-ਮੁਸਲਿਮ-ਇਸਾਈ ਦਾ ਰੌਲਾ, ਪੰਜਾਬ ਵਿਚ ਮਚਾਇਆ ਗਿਆ ਨਸ਼ਿਆਂ ਦਾ ਹੜਦੁੰਗ ਤੇ ਹੋਰ ਪਤਾ ਨਹੀਂ ਕੀ ਕੀ? ਇਹ ਸਭ ਮੈਨੂੰ ਸਿੱਖਾਂ/ਪੰਜਾਬੀਆਂ/ਆਮ ਲੋਕਾਂ ਦੀ ਧੌਣ ’ਤੇ ਰੱਖਿਆ ਗੋਡਾ ਹੀ ਲੱਗਦਾ ਹੈ।

ਹਿੰਸਕ ਘਟਨਾਵਾਂ ਦੀ ਆੜ ਹੇਠ ਲੁੱਟ-ਮਾਰ, ਸਾੜ-ਫੂਕ ਕਰਨਾ ਕਾਨੂੰਨ ਨੂੰ ਗੋਡੇ ਥੱਲੇ ਦੇਣ ਜਿਹੀ ਗੱਲ ਹੈ। ਅਣਖ ਲਈ ਹੋਏ ਕਤਲਾਂ ਦੀਆਂ ਜੜਾਂ ਫਰੋਲਿਆਂ ਵੀ ਕਈ ਉੱਚੀ ਕੁੱਲ ਦੇ ਗੋਡੇ ਮਾਸੂਮਾਂ ਦੀਆਂ ਧੌਣਾਂ ’ਤੇ ਰੱਖੇ ਨਜ਼ਰ ਆਉਣਗੇ। ਅੰਬਰੀਂ ਉੱਡਦੇ ਪਰਿੰਦਿਆਂ ਨੂੰ ਪਿੰਜਰੇ ਪਾ ਲੈਣਾ ਧੌਣ ’ਤੇ ਗੋਡਾ ਰੱਖਣ ਵਾਂਗ ਹੀ ਹੈ। ਸਿਆਸੀ ਪੈਂਠ ਕਾਇਮ ਰੱਖਣ ਲਈ ਲੋਕਾਂ ਨਾਲ ਸਾਜ਼ਿਸ਼-ਹਮਦਰਦੀ ਗੋਡੇ ਥੱਲੇ ਦੇਣ ਦੀ ਨੀਅਤ ਦਾ ਹੀ ਹਿੱਸਾ ਹੁੰਦੀ ਹੈ। ਅਹਿਸਾਨਾਂ ਦਾ ਭਾਰ ਕਈ ਵਾਰ ਧੌਣ ’ਤੇ ਰੱਖੇ ਗੋਡੇ ਦੇ ਭਾਰ ਤੋਂ ਕਿਤੇ ਵੱਧ ਹੁੰਦਾ ਹੈ। ਅਹਿਸਾਨਾਂ ਦਾ ਭਾਰ ਉਦੋਂ ਦਮ ਘੁਟਣ ਲਾ ਦਿੰਦਾ ਹੈ, ਜਦੋਂ ਅਹਿਸਾਨਾਂ ਦਾ ਅਹਿਸਾਨ ਵਾਰ ਵਾਰ ਜਤਾਇਆ ਜਾਂਦਾ ਹੈ।

ਕੁਸ਼ਤੀ ਲੜਦੇ ਪਹਿਲਵਾਨ ਤੇ ਕਬੱਡੀ ਖੇਡਦੇ ਖਿਡਾਰੀ ਅਤੇ ਹੋਰ ਸਰੀਰਿਕ/ਸਮਾਜਿਕ/ਧਾਰਮਿਕ ਤੇ ਸੱਭਿਆਚਾਰਕ ਆਦਿ ਖੇਡਾਂ ਖੇਡਦੇ ਕਰੀਬ ਸਾਰੇ ਹੀ ਖਿਡਾਰੀ ਦੂਜੇ ਪਾਲੇ ਦੇ ਖਿਡਾਰੀ ਨੂੰ ਗੋਡੇ ਥੱਲੇ ਦੇ ਕੇ ਜਿੱਤ ਬੁਲੰਦ ਕਰਨ ਦੀ ਤਾਕ ’ਚ ਹੁੰਦੇ ਹਨ ਕਿਉਂਕਿ ਹਾਰ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੁੰਦੀ। ਪਤੀ ਆਪਣੀ ਪਤਨੀ ਦੀ ਜਾਂ ਪਤਨੀ ਆਪਣੇ ਪਤੀ ਦੀ ਧੌਣ ’ਤੇ ਕਈ ਵਾਰ ਜਜ਼ਬਾਤ ਦਾ ਗੋਡਾ ਧਰ ਦਿੰਦੇ ਹਨ। ਇਸ ਨਾਲ ਸੱਚਮੁੱਚ ਦਾ ਸਾਹ ਤਾਂ ਨਹੀਂ ਘੁੱਟਦਾ, ਪਰ ਦਾਬ ਹਰ ਇਕ ਨੂੰ ਹੀ ਮਹਿਸੂਸ ਹੁੰਦੀ ਹੈ ਕਿ ਕਦੋਂ ਧੌਣ ’ਤੇ ਗੋਡਾ ਰੱਖਿਆ ਗਿਆ ਹੈ।

ਭਾਰਤ ਵਿਚ ਲੌਕਡਾਊਨ ਦੌਰਾਨ ਆਮ ਬੰਦੇ ਦੀ ਧੌਣ ’ਤੇ ਸਰਕਾਰੀ ਜ਼ਬਰ ਦਾ ਗੋਡਾ ਤਾਂ ਚਲੋ ਆਮ ਜਿਹੀ ਗੱਲ ਹੈ, ਪਰ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਦੇਸ਼-ਘਰ ਲਈ ਸੈਂਕੜੇ ਮੀਲ ਪੈਦਲ ਪਰਤਣ ਲਈ ਮਜਬੂਰ ਕਰ ਦੇਣ ਲਈ ਧੌਣ ’ਤੇ ਰੱਖਿਆ ਗੋਡਾ ਤਾਂ ਦੇਸ਼-ਵਿਦੇਸ਼ ਵਸਦੇ ਲੋਕਾਂ ਦਾ ਸਾਹ ਘੁੱਟਣ ਲਾ ਦਿੰਦਾ ਰਿਹਾ, ਪਰ ਜੋ ਇਸ ਪੀੜ ਨਾਲ ਤਾਰ ਤਾਰ ਹੋਏ ਸਨ, ਸਾਹ ਘੁੱਟਣ ਦਾ ਅਹਿਸਾਸ ਉਨ੍ਹਾਂ ਤੋਂ ਬਿਨਾਂ ਕੌਣ ਬਿਆਨ ਕਰ ਸਕਦਾ ਹੈ?

ਕਿਸੇ ਦਾ ਹੱਕ ਮਾਰਨਾ ਨਿਮਾਣੇ ਬੰਦੇ ਦੀ ਧੌਣ ’ਤੇ ਗੋਡਾ ਰੱਖਣ ਜਿਹਾ ਹੀ ਅਹਿਸਾਸ ਦਿੰਦਾ ਹੈ। ਝੋਨੇ ਦੀ ਫ਼ਸਲ ਦੇ ਸਮਰਥਨ ਮੁੱਲ ’ਚ ਨਿਗੁਣਾ ਵਾਧਾ ਜਾਂ ਹੋਰ ਫ਼ਸਲਾਂ ਦੇ ਮੁੱਲ ਕਾਸ਼ਤ ਨਾਲੋਂ ਘੱਟ ਮਿੱਥਣਾ ਸਰਕਾਰਾਂ ਦਾ ਕਿਸਾਨਾਂ ਦੀ ਧੌਣ ’ਤੇ ਗੋਡਾ ਹੀ ਤਾਂ ਹੈ! ਸਿਤਮਜ਼ਰੀਫੀ ਇਹ ਹੈ ਕਿ ਸਰਕਾਰੀ ਨਾਅਹਿਲੀਅਤ ਦਾ ਗੋਡਾ ਤਾਂ ਕਿਸਾਨ ਕਦੋਂ ਦਾ ਬਰਦਾਸ਼ਤ ਕਰ ਰਹੇ ਹਨ, ਉਤੋਂ ਆੜ੍ਹਤੀਆਂ ਦੀ ਚਲਾਕੀ ਦਾ ਗੋਡਾ, ਮੰਡੀ ਦੀ ਲੁੱਟ-ਖਸੁੱਟ ਦਾ ਗੋਡਾ, ਤੰਗੀਆਂ-ਤੁਰਸ਼ੀਆਂ ਦਾ ਗੋਡਾ, ਜ਼ਿੰਮੇਵਾਰੀਆਂ ਦਾ ਗੋਡਾ। ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਰੱਬ ਦਾ ਗੋਡਾ ਮੀਂਹਾਂ, ਝੱਖੜਾਂ ਦੇ ਰੂਪ ਵਿਚ ਮਿਹਨਤਕਸ਼ਾਂ ਦੀ ਗਰਦਨ ’ਤੇ ਆ ਟਿਕਦਾ ਹੈ।

ਗੁਰਦੁਆਰਿਆਂ ’ਚ ਅਹੁਦੇਦਾਰੀਆਂ ਲਈ ਚੌਧਰ ਦਾ ਗੋਡਾ, ਗੁਰੂ ਕੀ ਗੋਲਕ ਨੂੰ ਆਪਣੇ ਕਬਜ਼ੇ ਹੇਠ ਕਰਨ ਦੀ ਲਾਲਸਾ ਦਾ ਗੋਡਾ, ਧਰਮ ਪ੍ਰਚਾਰਕਾਂ ਵੱਲੋਂ ਆਪਣੇ ਧਰਮ ਨੂੰ ਸਭ ਤੋਂ ਮਹਾਨ ਕਹਿੰਦਿਆਂ ਦੂਜੇ ਧਰਮ ਵਿਚ ਆ ਗਈਆਂ ਊਣਤਾਈਆਂ ਗਿਣਾ ਕੇ ਮਾਇਆ ਬਟੋਰ ਲੈਣ ਦੇ ਝੱਸ ਦਾ ਗੋਡਾ, ਦੂਜੇ ਵਿਚ ਸੌ ਨੁਕਸ ਕੱਢ ਕੇ ਖ਼ੁਦ ਨੂੰ ਸਹੀ ਤੇ ਦੁੱਧ ਧੋਤਾ ਸਾਬਤ ਕਰ ਲੈਣ ਦੀ ਤਰਕੀਬ ਵਾਲਾ ਗੋਡਾ, ਆਪ ਧੌਂਸ ਬਰਦਾਸ਼ਤ ਨਾ ਕਰਨੀ ਤੇ ਦੂਜੇ ’ਤੇ ਧੌਂਸ ਜਮਾ ਲੈਣ ਦੀ ਜ਼ਬਰਦਸਤੀ ਵਾਲਾ ਗੋਡਾ, ਆਪਣੇ ਝੂਠ ਨੂੰ ਸੱਚ ਤੇ ਦੂਜੇ ਦੇ ਸੱਚ ਨੂੰ ਝੂਠ ਸਾਬਤ ਕਰਨ ਵਾਲਾ ਬੇਗੈਰਤੀ ਤੇ ਬੇਇਖਲਾਕੀ ਵਾਲਾ ਗੋਡਾ, ਯੋਗ ਨੂੰ ਵਪਾਰ ਬਣਾ ਲੈਣ ਦੀ ਯੋਗਤਾ ਵਾਲਾ ਸਕੀਮੀ ਗੋਡਾ, ਦੁਨੀਆਂ ਨੂੰ ਮੁੱਠੀ ਵਿਚ ਕਰ ਲੈਣ ਵਾਲਾ ਜਾਦੂਈ ਗੋਡਾ, ਵਪਾਰਕ ਨਫਿਆਂ ਵਾਲਾ ਗੋਡਾ ਅਤੇ ਅਜਿਹਾ ਬਹੁਤ ਕੁਝ ਧੌਣ ’ਤੇ ਉਹ ਗੋਡੇ ਹਨ, ਜਿਨ੍ਹਾਂ ਦੀ ਦਾਬ ਮਾਨਸਿਕਤਾ ਦਾ ਸਾਹ ਘੁੱਟਣ ਲਾ ਦਿੰਦੀ ਹੈ। ਗੁਰਬਾਣੀ ਮੁਤਾਬਕ “ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ” ਤੋਂ ਬਚਣ ’ਚ ਭਲਾਈ ਹੈ, ਨਹੀਂ ਤਾਂ ਇਹ ਪੰਜੇ ਧੌਣ ’ਤੇ ਗੋਡਾ ਰੱਖਣ ਨੂੰ ਬਹੁਤਾ ਚਿਰ ਨਹੀਂ ਲਾਉਂਦੇ।

“ਜੰਨਤ, ਜੰਨਤ” ਕਰਦੇ ਕਸ਼ਮੀਰੀਆਂ ਦੀ ਧੌਣ ’ਤੇ ਬਹਿਸ਼ਤ ਦਾ ਗੋਡਾ, ਕਸ਼ਮੀਰ ਵਾਦੀ ਨੂੰ ਜੰਨਤ ਬਣਾਉਣ ਵਾਲੇ “ਦਹਿਸ਼ਤਪਸੰਦੀਆਂ’ ਦਾ ਗੋਡਾ, ਅਤਿਵਾਦ/ਖਾੜਕੂਵਾਦ ਦੀ ਆੜ ਹੇਠ ਦਹਿਸ਼ਤ ਦਾ ਗੋਡਾ, ਨਿਰਦੋਸ਼ ਲੋਕਾਂ ਨੂੰ ਕਤਲ ਕਰ/ਕਰਾ ਦੇਣ ਵਾਲਾ ਸ਼ੜਯੰਤਰੀ ਗੋਡਾ, ਧਰਮਵਾਦ ਦਾ ਗੋਡਾ, ਪਰਿਵਾਰਵਾਦ ਦਾ ਗੋਡਾ, ਸਰਕਾਰੀ/ਸਾਂਝੀਆਂ ਜਾਇਦਾਦਾਂ ਹੜੱਪ ਲੈਣ ਦਾ ਗੋਡਾ, ਬੇਰੁਜ਼ਗਾਰੀ ਦਾ ਗੋਡਾ, ਜਾਤ-ਪਾਤ, ਬਰਾਦਰੀ ਜਾਂ ਖਿੱਤੇ ਵਾਲਾ ਗੋਡਾ, ਗੋਰੇ-ਕਾਲੇ-ਭੂਰੇ ਜਾਂ ਨੀਲੇ-ਚਿੱਟੇ, ਕੇਸਰੀ-ਹਰੇ ਦੀ ਸਿਆਸਤ ਦਾ ਗੋਡਾ...ਬਸ ਕਰੋ ਹੁਣ! ਮਨੁੱਖਤਾ ਦੀ ਧੌਣ ’ਤੇ ਹੋਰ ਕਿੰਨੇ ਗੋਡੇ ਰੱਖੋਗੇ? ਕਿਉਂਕਿ ਧੌਣ ’ਤੇ ਗੋਡਾ ਰੱਖਿਆਂ ਸਾਹ ਘੁੱਟ ਜਾਂਦਾ ਹੈ ਤੇ ਜਦੋਂ ਸਾਹ ਘੁੱਟ ਜਾਂਦਾ ਹੈ ਤਾਂ...!
ਸੰਪਰਕ: +1 (224) -386-4548

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All