ਹਰਜੀਤ ਅਟਵਾਲ
ਸਕੌਟਲੈਂਡ ਦਾ ਨੈਸੀ ਮੇਰੇ ਲਈ ਹੀ ਨਹੀਂ ਸਗੋਂ ਹਜ਼ਾਰਾਂ-ਲੱਖਾਂ ਲੋਕਾਂ ਲਈ ਵਿਸ਼ੇਸ਼ ਹੈ। ਮੇਰੇ ਵਾਂਗ ਹੀ ਅਨੇਕਾਂ ਲੋਕ ਉਸ ਦਾ ਪਿੱਛਾ ਕਰਦੇ ਆ ਰਹੇ ਹਨ। ਮੈਂ ਪਿਛਲੇ ਚਾਲੀ ਸਾਲ ਤੋਂ ਉਸ ਦੀ ਇਕ ਝਲਕ ਦੇਖਣ ਲਈ ਵਾਰ ਵਾਰ ਸਕੌਟਲੈਂਡ ਜਾਂਦਾ ਹਾਂ। ਇੱਥੇ ਮੈਂ ਦੱਸਦਾ ਜਾਵਾਂ ਕਿ ਨੈਸੀ ਕੋਈ ਵਿਅਕਤੀ ਨਹੀਂ, ਸਗੋਂ ਇਕ ਜਾਨਵਰ ਹੈ। ਜਾਨਵਰ ਵੀ ਹੈਰਾਨੀਜਨਕ ਜੋ ਲੌਕ ਨੈੱਸ ਝੀਲ ਵਿਚ ਰਹਿੰਦਾ ਹੈ। ਇਸ ਵੱਡ ਅਕਾਰੀ ਜਾਨਵਰ ਦੀ ਗਰਦਨ ਆਮ ਤੋਂ ਬਹੁਤ ਲੰਮੀ, ਮੂੰਹ ਸਰੀਰ ਦੇ ਹਿਸਾਬ ਨਾਲ ਛੋਟਾ, ਪੇਟ ਵਾਲਾ ਹਿੱਸਾ ਮੋਟਾ ਤੇ ਪਿੱਛੇ ਲੰਮੀ ਪੂਛ। ਤੈਰਨ ਲਈ ਦੋ ਵੱਡੇ ਪਰ ਲੱਗੇ ਹੋਏ ਹਨ। ਨੈਸੀ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਲੌਕ ਨੈੱਸ ਝੀਲ ਬਾਰੇ ਕਰ ਲਈਏ ਤਾਂ ਜੋ ਸਾਰੀ ਕਹਾਣੀ ਸਮਝਣੀ ਸੌਖੀ ਰਹੇ।
ਸਕੌਟਲੈਂਡ ਵਿਚ ਲੌਕ ਦਾ ਭਾਵ ਝੀਲ ਹੁੰਦਾ ਹੈ। ਇਹ ਝੀਲ ਸਕੌਟਲੈਂਡ ਦੇ ਸ਼ਹਿਰ ਆਈਵਰਨੈੱਸ ਤੋਂ ਚਾਲੀ ਕੁ ਕਿਲੋਮੀਟਰ ’ਤੇ ਹੈ। ਇਹ ਝੀਲ ਆਮ ਝੀਲਾਂ ਤੋਂ ਬਹੁਤ ਵੱਖਰੀ ਹੈ। ਤਾਜ਼ੇ ਪਾਣੀ ਦੀ ਇਹ ਝੀਲ ਗੋਲ ਜਿਹੀ ਨਾ ਹੋ ਕੇ ਦਰਿਆ ਵਾਂਗ ਲੰਮੀ ਹੈ। ਇਸ ਦੀ ਚੌੜਾਈ ਪੌਣੇ ਤਿੰਨ ਕਿਲੋਮੀਟਰ ਤਕ ਜਾਂਦੀ ਹੈ ਤੇ ਕੁਲ ਲੰਬਾਈ ਛੱਤੀ ਕਿਲੋਮੀਟਰ ਦੇ ਕਰੀਬ ਹੈ। ਇਸ ਦੇ ਦੱਖਣ ਵਿਚ ਦਰਿਆ ਓਇਚ ਪੈਂਦਾ ਹੈ ਤੇ ਉੱਤਰ ਵਿਚ ਦਰਿਆ ਨੈੱਸ ਹੈ। ਇਸ ਦੇ ਦੋਵੇਂ ਪਾਸੀਂ ਕੈਲੋਡੋਨੀਅਨ ਨਾਂ ਦੀ ਨਹਿਰ ਕੱਢੀ ਹੋਈ ਹੈ। ਨਹਿਰ ਰਾਹੀਂ ਇਸ ਤੋਂ ਆਲੇ ਦੁਆਲੇ ਪਾਣੀ ਵੀ ਸਪਲਾਈ ਹੁੰਦਾ ਹੈ। ਆਕਾਰ ਵਿਚ ਤਾਂ ਇਹ ਦੂਜੇ ਨੰਬਰ ਦੀ ਝੀਲ ਹੈ, ਪਰ ਡੂੰਘੀ ਬਹੁਤ ਹੈ। ਇਸ ਦੀ ਡੂੰਘਾਈ 230 ਮੀਟਰ, ਜਾਣੀ ਕਿ 755 ਫੁੱਟ ਹੈ। ਕੁਝ ਸਾਲ ਪਹਿਲਾਂ ਇਸ ਦੀ ਡੂੰਘਾਈ ਮਿਣੀ ਗਈ ਤਾਂ ਕਈ ਥਾਵਾਂ ਤੋਂ ਇਹ 271 ਮੀਟਰ, 889 ਫੁੱਟ ਤਕ ਡੂੰਘੀ ਚਲੇ ਜਾਂਦੀ ਹੈ। ਡੂੰਘੀ ਹੋਣ ਕਰਕੇ ਇਸ ਵਿਚ ਪਾਣੀ ਬਹੁਤ ਹੈ। ਏਨਾ ਪਾਣੀ ਹੈ ਕਿ ਬਰਤਾਨੀਆ ਦੀਆਂ ਸਾਰੀਆਂ ਝੀਲਾਂ ਦਾ ਪਾਣੀ ਰਲ਼ਾ ਕੇ ਵੀ ਇਸ ਤੋਂ ਘੱਟ ਰਹਿ ਜਾਂਦਾ ਹੈ। ਇਹ ਝੀਲ ਬਹੁਤ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਬਹੁਤ ਸਾਰੇ ਯਾਤਰੀ ਹਰ ਸਾਲ ਆਉਂਦੇ ਹਨ। ਬਲਕਿ ਕੁਝ ਯਾਤਰੀ ਤਾਂ ਇੱਥੇ ਸਾਰਾ ਸਾਲ ਹੀ ਆਉਂਦੇ ਰਹਿੰਦੇ ਹਨ। ਮੈਂ ਵੀ ਇੱਥੇ ਅਕਸਰ ਜਾਇਆ ਕਰਦਾ ਹਾਂ। ਮੇਰੀ ਵੀ ਨੈਸੀ ਦੀ ਕਹਾਣੀ ਵਿਚ ਪੂਰੀ ਦਿਲਚਸਪੀ ਹੈ। ਹਾਂ, ਇਹ ਜੋ ਸੈਲਾਨੀ ਇੱਥੇ ਆਉਂਦੇ ਹਨ ਉਹ ਝੀਲ ਕਰਕੇ ਘੱਟ ਤੇ ਨੈਸੀ ਕਰਕੇ ਜ਼ਿਆਦਾ ਆਉਂਦੇ ਹਨ। ਹਰ ਕੋਈ ਨੈਸੀ ਦੀ ਇਕ ਝਲਕ ਦੇਖਣੀ ਚਾਹੁੰਦਾ ਹੈ। ਸਕੌਟਲੈਂਡ ਵਿਚ ਹਰ ਕੋਈ ਨੈਸੀ ਬਾਰੇ ਕੋਈ ਨਾ ਕੋਈ ਗੱਲ ਕਰਦਾ ਮਿਲੇਗਾ। ਨੈਸੀ ਬਾਰੇ ਜਾਨਣ ਲਈ ਸਾਨੂੰ ਪਿੱਛੇ ਨੂੰ ਜਾਣਾ ਪਵੇਗਾ। ਕਈ ਸਦੀਆਂ ਪਿੱਛੇ। ਨੈਸੀ ਦਾ ਜ਼ਿਕਰ ਛੇਵੀਂ ਸਦੀ ਵਿਚ ਹੋਇਆ ਸੀ। ਫਿਰ ਇਹ ਜ਼ਿਕਰ ਕਿਸੇ ਨਾ ਕਿਸੇ ਤਰ੍ਹਾਂ ਚੱਲਦਾ ਰਿਹਾ, ਪਰ ਨੈਸੀ ਨੂੰ ਕਿਸੇ ਨੇ ਦੇਖਿਆ ਨਹੀਂ ਸੀ। 1870 ਵਿਚ ਡੀ. ਮਕੈਨਜ਼ੀ ਨੇ ਦਾਅਵਾ ਕੀਤਾ ਕਿ ਉਸ ਨੇ ਨੈਸੀ ਨੂੰ ਦੇਖਿਆ ਹੈ। ਉਸ ਨੇ ਹੀ ਦੱਸਿਆ ਕਿ ਨੈਸੀ ਦੇਖਣ ਨੂੰ ਕਿਹੋ ਜਿਹਾ ਲੱਗਦਾ ਹੈ। ਮਈ 1933 ਅਲੈਕਸ ਕੈਂਪਬੈੱਲ ਨੇ ਸਥਾਨਕ ਅਖ਼ਬਾਰ ਵਿਚ ਇਕ ਲੇਖ ਲਿਖਿਆ ਕਿ ਉਸ ਨੇ ਨੈਸੀ ਨੂੰ ਦੇਖਿਆ ਹੈ, ਇਹ ਵੇਲ ਮੱਛੀ ਤੋਂ ਵੀ ਕਿਤੇ ਵੱਡਾ ਹੈ। ਇਹ ਬੰਦਾ ਪਾਣੀਆਂ ਦਾ ਸਾਂਭ ਸੰਭਾਲ ਅਫ਼ਸਰ ਹੋਣ ਕਰਕੇ ਇਸ ’ਤੇ ਵਧੇਰੇ ਯਕੀਨ ਕੀਤਾ ਜਾਣਾ ਬਣਦਾ ਸੀ। ਇਸ ਤੋਂ ਬਾਅਦ ਨੈਸੀ ਦੇ ਚਰਚੇ ਘਰ ਘਰ ਹੋ ਗਏ। ਹਰ ਕੋਈ ਲੌਕ ਨੈੱਸ ਵੱਲ ਭੱਜਣ ਲੱਗਾ ਕਿ ਇਕ ਝਲਕ ਨੈਸੀ ਦੀ ਦੇਖਣ ਨੂੰ ਮਿਲ ਜਾਵੇ। ਉਸ ਤੋਂ ਕੁਝ ਮਹੀਨੇ ਬਾਅਦ ਇਕ ਹੋਰ ਜ਼ਿੰਮੇਵਾਰ ਅਧਿਕਾਰੀ ਜੌਰਜ ਸਪਾਈਸ ਨੇ ਵੀ ਇਸ ਬਾਰੇ ਲੇਖ ਲਿਖਿਆ ਕਿ ਇਹ ਆਦਿ-ਯੁੱਗ ਦਾ ਜਾਨਵਰ ਹੈ। 1934 ਵਿਚ ਰੌਬਰਟ ਕੈਨਥ ਵਿਲਸਨ ਨੇ ਡੇਲੀ ਮੇਲ ਵਿਚ ਲਿਖਿਆ ਕਿ ਉਸ ਨੇ ਤਾਂ ਨੈਸੀ ਦੀਆਂ ਤਸਵੀਰਾਂ ਵੀ ਖਿੱਚ ਲਈਆਂ ਹਨ। ਇੱਥੇ ਹੀ ਪਹਿਲੀ ਵਾਰ ਨੈਸੀ ਦੀ ਲੰਮੀ ਧੌਣ ਜਿਹੜੀ ਉਸ ਨੇ ਪਾਣੀ ਵਿਚੋਂ ਕੱਢੀ ਹੋਈ ਸੀ, ਦੀ ਫੋਟੋ ਛਪੀ। ਉਸ ਤੋਂ ਬਾਅਦ ਤਾਂ ਨੈਸੀ ਬਹੁਤ ਸਾਰੇ ਲੋਕਾਂ ਨੂੰ ਦਿਸਣ ਲੱਗਾ। ਪਰ ਜਿਵੇਂ ਹੁੰਦਾ ਹੈ ਕਿ ਹਰ ਕਹਾਣੀ ਦੇ ਬਰਾਬਰ ਇਕ ਹੋਰ ਕਹਾਣੀ ਚੱਲਣ ਲੱਗ ਪੈਂਦੀ ਹੈ ਜੋ ਰਵਾਇਤੀ ਕਹਾਣੀ ਦੇ ਉਲਟ ਹੁੰਦੀ ਹੈ। ਨੈਸੀ ਦੇ ਹੋਣ ਬਾਰੇ ਕਹਾਣੀ ਦੇ ਬਰਾਬਰ ਹੀ ਇਹ ਗੱਲ ਵੀ ਤੁਰ ਪਈ ਕਿ ਇਹ ਸਿਰਫ਼ ਅਫ਼ਵਾਹ ਹੈ। ਉਹ ਅਫ਼ਵਾਹ ਹੋਣ ਦੇ ਆਪਣੇ ਕਾਰਨ ਦਿੰਦੇ ਤੇ ਕੋਈ ਪੱਕਾ ਸਬੂਤ ਮੰਗਦੇ। ਮਈ 1938 ਵਿਚ ਇਕ ਸੈਲਾਨੀ ਜੀ.ਈ. ਟੇਲਰ ਨੇ ਤਿੰਨ ਮਿੰਟ ਦੀ ਰੰਗਦਾਰ ਫ਼ਿਲਮ ਬਣਾਈ ਜਿਸ ਵਿਚ ਨੈਸੀ ਦੇ ਤੈਰਦੇ ਹੋਏ ਦੀ ਪਿੱਠ ਦਿਖਾਈ ਦਿੰਦੀ ਹੈ। ਪਰ 1961 ਵਿਚ ਛਪੀ ਇਕ ਕਿਤਾਬ ਵਿਚ ਇਸ ਕਹਾਣੀ ਨੂੰ ਵੀ ਨਕਾਰ ਦਿੱਤਾ ਗਿਆ। ਨੈਸੀ ਬਾਰੇ ਏਨੀਆਂ ਕਹਾਣੀਆਂ ਪ੍ਰਚੱਲਿਤ ਹੋ ਗਈਆਂ ਕਿ ਇਸ ਦੇ ਹੋਣ ਜਾਂ ਨਾ ਹੋਣ ਬਾਰੇ ਜ਼ਬਰਦਸਤ ਬਹਿਸ ਛਿੜ ਪਈ। 1938 ਵਿਚ ਹੀ ਇਲਾਕੇ ਦੇ ਵੱਡੇ ਪੁਲੀਸ ਅਧਿਕਾਰੀ ਨੇ ਇਕ ਚਿੱਠੀ ਲਿਖੀ ਜਿਸ ਵਿਚ ਉਸ ਨੇ ਕਿਸੇ ਸ਼ਿਕਾਰੀ ਬਾਰੇ ਡਰ ਜ਼ਾਹਿਰ ਕੀਤਾ ਕਿ ਉਹ ਨੈਸੀ ਨੂੰ ਗੋਲੀਆਂ ਮਾਰ ਕੇ ਮਾਰ ਦੇਵੇਗਾ ਕਿਉਂਕਿ ਉਸ ਸਿੱਧ ਕਰਨਾ ਚਾਹੁੰਦਾ ਕਿ ਨੈਸੀ ਝੀਲ ਵਿਚ ਹੈ, ਉਸ ਨੂੰ ਜ਼ਿੰਦਾ ਜਾਂ ਮੁਰਦਾ ਦਿਖਾ ਕੇ ਇਸ ਸੱਚ ਦੀ ਗਵਾਹੀ ਦੇਣੀ ਚਾਹੁੰਦਾ ਹੈ।
ਦਸੰਬਰ 1954 ਵਿਚ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਦੇ ਅਮਲੇ ਨੇ ਦੇਖਿਆ ਕਿ ਲੌਕ ਨੈੱਸ ਵਿਚ 146 ਮੀਟਰ ਹੇਠਾਂ ਬੋਟ ਦੇ ਬਰਾਬਰ ਕਿਸੇ ਵੱਡੇ ਜਾਨਵਰ ਦੇ ਚੱਲਣ ਦਾ ਸਿਗਨਲ ਆ ਰਿਹਾ ਹੈ। ਇਹ ਸਿਗਨਲ ਅੱਠ ਸੌ ਮੀਟਰ ਤਕ ਆਉਂਦਾ ਰਿਹਾ। ਉਸ ਤੋਂ ਇਕ ਸਾਲ ਬਾਅਦ ਪੀਟਰ ਮੈਕਨੈਬ ਨੇ ਦੋ ਪਿੱਠਾਂ ਵਾਲੇ ਪਾਣੀ ਵਿਚ ਤੈਰਦੇ ਜਾਨਵਰ ਦੀ ਫੋਟੋ ਖਿੱਚੀ। ਦੂਜੀ ਕਹਾਣੀ ਵਾਲਿਆਂ ਕਿਹਾ ਕਿ ਇਹ ਉੱਚੀਆਂ ਲਹਿਰਾਂ ਦਾ ਧੋਖਾ ਹੈ। 1960 ਵਿਚ ਟਿੱਮ ਡਿੰਸਡੇਲ ਨੇ ਚਾਲੀ ਫੁੱਟ ਲੰਮੀ ਫ਼ਿਲਮ ਬਣਾ ਕੇ ਨੈਸੀ ਦੀ ਹੋਂਦ ਸਿੱਧ ਕੀਤੀ, ਪਰ ਦੂਜੀ ਧਿਰ ਨੇ ਕਿਹਾ ਕਿ ਇਹ ਉਲਟੀ ਹੋਈ ਕਿਸ਼ਤੀ ਦੀ ਫੋਟੋ ਹੈ। 21 ਮਈ 1977 ਨੂੰ ਐਂਥਨੀ ਡੌਕ ਸ਼ੀਲਡ ਨੇ ਦਾਅਵਾ ਕੀਤਾ ਕਿ ਉਸ ਨੇ ਨੈਸੀ ਨੂੰ ਬਾਹਰ ਸੱਦਿਆ ਤੇ ਉਸ ਦੀ ਫੋਟੋ ਖਿੱਚੀ। ਉਸ ਨੇ ਫੋਟੋ ਦਿਖਾਈ ਵੀ, ਪਰ ਦੂਜੀ ਧਿਰ ਨੇ ਕਿਹਾ ਕਿ ਇਹ ਹਾਥੀ ਦੇ ਸੁੰਡ ਦੀ ਫੋਟੋ ਹੈ। 26 ਮਈ 2007 ਵਾਲੇ ਦਿਨ ਗੋਰਡਨ ਹੈਮਜ਼ ਨੇ ਇਕ ਵੀਡਿਓ ਬਣਾਈ ਤੇ ਦਾਅਵਾ ਕੀਤਾ ਕਿ ਇਹ ਸੱਚੀ ਵੀਡੀਓ ਹੈ, ਜਿਸ ਵਿਚ ਚਾਲੀ ਫੁੱਟ ਲੰਮੇ ਜਾਨਵਰ ਦੀ ਕਾਹਲੀ ਵਿਚ ਭੱਜਦੀ ਪਿੱਠ ਦੀ ਤਸਵੀਰ ਦਿਖਾਈ ਦੇ ਰਹੀ ਸੀ। ਇਸ ਨੂੰ ਸਕੌਟਲੈਂਡ ਦੇ ਬੀ.ਬੀ.ਸੀ. ਟੀ.ਵੀ. ਨੇ ਵੀ ਦਿਖਾਇਆ। 24 ਅਗਸਤ ਨੂੰ ਕਿਸੇ ਕਿਸ਼ਤੀ ਵਾਲੇ ਨੇ ਇਕ ਫੋਟੋ ਖਿੱਚੀ ਕਿ ਪੰਜ ਫੁੱਟ ਦੀ ਕੋਈ ਚੀਜ਼ ਉਸ ਦਾ ਪਿੱਛਾ ਕਰ ਰਹੀ ਸੀ, ਪਰ ਨੈਸ਼ਨਲ ਓਸ਼ਨੋਗ੍ਰਾਫੀ ਸੈਂਟਰ ਨੇ ਇਸ ਤਸਵੀਰ ਨੂੰ ਖਾਰਜ ਕਰ ਦਿੱਤਾ। ਅਗਸਤ 2012 ਨੂੰ ਜੌਰਜ ਐਡਵਰਡ ਨੇ ਦਾਅਵਾ ਕੀਤਾ ਕਿ ਉਸ ਨੇ ਨੈਸੀ ਦੀਆਂ ਅਸਲੀ ਫੋਟੋਆਂ ਖਿੱਚੀਆਂ ਹਨ। ਉਸ ਨੇ ਕਿਹਾ ਕਿ ਉਹ ਛੱਬੀ ਸਾਲ ਤੋਂ ਇਸ ਜਾਨਵਰ ਦੇ ਪਿੱਛੇ ਲੱਗਾ ਹੋਇਆ ਸੀ ਤੇ ਹਰ ਹਫ਼ਤੇ ਸੱਠ ਸੱਠ ਘੰਟੇ ਬਹਿ ਕੇ ਇਸ ਦੀਆਂ ਫੋਟੋਆਂ ਖਿੱਚਦਾ ਸੀ, ਪਰ ਉਸ ਦੀਆਂ ਤਸਵੀਰਾਂ ਉੱਪਰ ਵੀ ਕਿੰਤੂ ਪ੍ਰੰਤੂ ਹੋਏ। ਅਗਸਤ 2013 ਨੂੰ ਡੇਵਿਡ ਐਲਡਰ ਨੇ ਪੰਜ ਮਿੰਟ ਦੀ ਵੀਡੀਓ ਪੇਸ਼ ਕੀਤੀ ਜਿਸ ਵਿਚ ਪੰਦਰਾਂ ਫੁੱਟ ਲੰਮੀ ਕੋਈ ਸਖ਼ਤ ਕਾਲੇ ਰੰਗ ਦੀ ਚੀਜ਼ ਪਾਣੀ ਦੇ ਹੇਠ ਹੇਠ ਜਾ ਰਹੀ ਸੀ। ਅਪਰੈਲ 2014 ਵਾਲੇ ਇਕ ਦਿਨ ਐਪਲ-ਮੈਪਸ ਦੇ ਸੈਟੇਲਾਈਟ ਤੋਂ ਲੌਕ ਨੈੱਸ ਦੀ ਤਹਿ ਵਿਚ ਸੌ ਫੁੱਟ ਲੰਮਾ ਜਾਨਵਰ ਜਾਂਦਾ ਦਿਸਿਆ। ਪਰ ਮਾਹਰਾਂ ਨੇ ਇਸ ਨੂੰ ਵੀ ਗ਼ਲਤ ਕਰਾਰ ਦੇ ਦਿੱਤਾ। ਹੁਣ ਤਾਂ ਗੂਗਲ ਵਾਲਿਆਂ ਨੇ ਜਿਵੇਂ ਗਲੀਆਂ ਦੇ ਤਸਵੀਰਾਂ ਜਾਂ ਵੀਡੀਓ ਬਣਾਏ ਤੇ ਇਵੇਂ ਹੀ ਸਮੁੰਦਰ ਵੀ ਗਿਣ-ਮਿਣ ਧਰਿਆ ਹੈ, ਉਨ੍ਹਾਂ ਨੇ ਲੌਕ ਨੈੱਸ ਨੂੰ ਵੀ ਗੂਗਲ ਵਿਚ ਪਾਇਆ ਹੋਇਆ ਹੈ। ਉਸ ਰਾਹੀਂ ਇਕ ਵਾਰ ਇਕ ਜਾਨਵਰ ਜ਼ਰੂਰ ਦਿਸਿਆ, ਪਰ ਇਹ ਨੈਸੀ ਨਹੀਂ ਕੋਈ ਵੇਲ ਮੱਛੀ ਹੋ ਸਕਦੀ ਸੀ।
ਸੋ ਭਾਵ ਇਹ ਕਿ ਪਿਛਲੀ ਇਕ ਸਦੀ ਤੋਂ ਹਜ਼ਾਰਾਂ ਲੋਕ ਇਹ ਸਿੱਧ ਕਰਨ ਵਿਚ ਲੱਗੇ ਹੋਏ ਹਨ ਕਿ ਨੈਸੀ ਨਾਂ ਦਾ ਜਾਨਵਰ ਹੈ ਤੇ ਲੌਕ ਨੈੱਸ ਵਿਚ ਰਹਿੰਦਾ ਹੈ। ਉਹ ਆਪਣਾ ਪੱਖ ਰੱਖਣ ਲਈ ਕਾਨਫਰੰਸਾਂ ਕਰਦੇ ਹਨ, ਅਖ਼ਬਾਰਾਂ ਮੈਗਜ਼ੀਨਾਂ ਵਿਚ ਲੇਖ ਲਿਖਦੇ ਹਨ, ਪਰ ਕੋਈ ਅਜਿਹਾ ਸਬੂਤ ਨਹੀਂ ਪੇਸ਼ ਕਰ ਸਕਦੇ ਜਿਨ੍ਹਾਂ ਨਾਲ ਉਹ ਲੋਕਾਂ ਨੂੰ ਸੌ ਫੀਸਦੀ ਯਕੀਨ ਦਿਵਾ ਸਕਣ। ਸੈਂਕੜੇ ਲੋਕ ਦੂਰਬੀਨਾਂ, ਕੈਮਰੇ ਲੈ ਕੇ ਇਸ ਝੀਲ ਦੇ ਕੰਢੇ ਬੈਠੇ ਰਹਿੰਦੇ ਹਨ, ਪਰ ਹਾਲੇ ਤਕ ਨੈਸੀ ਦਾ ਕੋਈ ਸਹੀ ਸਬੂਤ ਨਹੀਂ ਮਿਲ ਸਕਿਆ। ਉਂਜ ਇਸ ਉੱਪਰ ਦਰਜਨਾਂ ਕਿਤਾਬਾਂ ਲਿਖੀਆਂ ਗਈਆਂ ਹਨ, ਫ਼ਿਲਮਾਂ ਬਣੀਆਂ ਹਨ ਤੇ ਅਨੇਕਾਂ ਹੀ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ। ਹਜ਼ਾਰਾਂ ਲੋਕ ਗਵਾਹੀ ਦੇ ਰਹੇ ਹਨ ਕਿ ਉਨ੍ਹਾਂ ਨੇ ਨੈਸੀ ਦੇਖਿਆ। ਰੋਨਾਲਡ ਬਿਨਜ਼ ਨੇ ਇਸ ਬਾਰੇ ਦੋ ਕਿਤਾਬਾਂ ਲਿਖੀਆਂ ਹਨ। ਉਹ ਨੈਸੀ ਦੀ ਹੋਂਦ ਨੂੰ ਨਕਾਰਦਾ ਹੋਇਆ ਲਿਖਦਾ ਹੈ ਕਿ ਮਨੁੱਖੀ ਮਨ ਅਜਿਹਾ ਹੈ ਕਿ ਜੋ ਚਾਹੇ ਦੇਖ ਲੈਂਦਾ ਹੈ। ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੱਡਾ ਆਕਾਰ ਨੈਸੀ ਦਾ ਦੱਸਿਆ ਜਾ ਰਿਹਾ ਹੈ ਇੰਨੇ ਵੱਡੇ ਆਕਾਰ ਵਾਲੇ ਜਾਨਵਰ ਦਾ ਡੀ.ਐੱਨ.ਏ. ਹੀ ਰਿਕਾਰਡ ਵਿਚ ਉਪਲੱਬਧ ਨਹੀਂ ਹੈ, ਭਾਵ ਕਿ ਇਹ ਜਾਨਵਰ ਹੋ ਹੀ ਨਹੀਂ ਸਕਦਾ।
ਨੈਸੀ ਦੀ ਤਲਾਸ਼ ਵਿਚ ਨਿਕਲੇ ਸਟੀਵ ਫੈਲਥਮ ਦੀ ਕਹਾਣੀ ਸਭ ਤੋਂ ਅਨੋਖੀ ਹੈ। ਉਹ ਨੌਕਰੀ ਛੱਡ ਕੇ, ਘਰ ਵੇਚ ਕੇ, ਇਕ ਕੈਰਾਵੈਨ ਖ਼ਰੀਦ ਕੇ ਲੌਕ ਨੈੱਸ ਦੇ ਕੰਢੇ ਆ ਬੈਠਾ ਹੈ ਤੇ ਪਿਛਲੇ ਪੱਚੀ ਸਾਲ ਤੋਂ ਨੈਸੀ ਨੂੰ ਦੇਖਣ ਲਈ ਦੂਰਬੀਨ ਰਾਹੀਂ ਇਸ ਝੀਲ ਵੱਲ ਝਾਕੀ ਜਾ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਸ਼ੁਰੂ ਵਿਚ ਉਸ ਨੇ ਨੈਸੀ ਦੇ ਝਾਉਲੇ ਦੇਖੇ ਸਨ। ਉਸ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੈ। ਸਟੀਵ ਫੈਲਥਮ ਵਰਗੇ ਹੋਰ ਵੀ ਕਈ ਲੋਕ ਨੈਸੀ ਪਿੱਛੇ ਪਾਗਲ ਹਨ। ਹਰ ਸਾਲ ਸੈਂਕੜੇ ਜੀਵ ਵਿਗਿਆਨੀ ਜਾਂ ਹੋਰ ਮਾਹਰ ਲੋਕ ਲੌਕ ਨੈੱਸ ਪੁੱਜਦੇ ਹਨ ਤੇ ਨੈਸੀ ਦੇ ਸੱਚ ਨੂੰ ਜਾਣਨ ਵਿਚ ਰੁਝ ਜਾਂਦੇ ਹਨ। ਇਹ ਕਹਾਣੀ ਸੌ ਸਾਲ ਪਹਿਲਾਂ ਵਾਂਗ ਅੱਜ ਵੀ ਤਾਜ਼ਾ ਹੈ।
ਹਾਂ, ਮੈਂ ਵੀ ਨੈਸੀ ਦੇਖਣ ਵਾਰ ਵਾਰ ਜਾਂਦਾ ਹਾਂ। ਇਕ ਵਾਰ ਦੇਖਿਆ ਵੀ ਸੀ। ਮੈਂ ਆਪਣੇ ਕਈ ਦੋਸਤਾਂ ਨੂੰ ਨਾਲ ਲੈ ਕੇ ਗਿਆ। ਅਚਾਨਕ ਨੈਸੀ ਦੀ ਪਿੱਠ ਉੱਭਰੀ। ਅਸੀਂ ਸਾਰਿਆਂ ਨੇ ਖੁਸ਼ੀ ਵਿਚ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਨੈਸੀ ਨੂੰ ਹਾਕਾਂ ਮਾਰਨ ਲੱਗੇ। ਨੈਸੀ ਹੌਲੀ ਹੌਲੀ ਸਾਡੇ ਵੱਲ ਹੀ ਵੱਧ ਰਿਹਾ ਸੀ। ਅਚਾਨਕ ਕੀ ਹੋਇਆ ਕਿ ਇਕ ਵੱਡੀ ਲਹਿਰ ਨੇ ਨੈਸੀ ਉਲਟਾ ਕਰ ਦਿੱਤਾ, ਪਰ ਇਹ ਨੈਸੀ ਨਹੀਂ ਬਲਕਿ ਦਰੱਖਤ ਦਾ ਇਕ ਵੱਡਾ ਸਾਰਾ ਟਾਹਣਾ ਨਿਕਲਿਆ।
ਈਮੇਲ : harjeetatwal@hotmail.co.uk