ਹਰਜੀਤ ਅਟਵਾਲ
ਸਟੋਨਹੈਂਜ ਦੁਨੀਆਂ ਦੇ ਰਹੱਸਮਈ ਸਮਾਰਕਾਂ ਵਿਚੋਂ ਇਕ ਹੈ। ਅਜਿਹਾ ਸਮਾਰਕ ਜਿਸ ਦਾ ਕੋਈ ਜਵਾਬ ਹੀ ਨਹੀਂ ਹੈ ਕਿ ਇਹ ਇੱਥੇ ਕਿਉਂ ਹੈ ਤੇ ਕਿਵੇਂ ਹੈ ਤੇ ਹੈ ਕੀ? ਪਹਿਲੀਆਂ ਵਿਚ ਜਦੋਂ ਮੈਂ ਇੰਗਲੈਂਡ ਘੁੰਮਣ ਨਿਕਲਿਆ ਸਾਂ ਤਾਂ ਵਿਲਟਸ਼ਾਇਰ ਕਾਉਂਟੀ ਦੇ ਐਮਜ਼ਬਰੀ ਟਾਊਨ ਕੋਲ ਸੜਕ ਤੋਂ ਕੁਝ ਸੌ ਗਜ਼ ਦੂਰ ਪਏ ਪੱਥਰਾਂ ਨੇ ਮੇਰਾ ਧਿਆਨ ਖਿੱਚਿਆ ਸੀ। ਮੈਂ ਸੋਚਿਆ, ਇਹ ਬੇਤਰਤੀਬੇ ਪੱਥਰ ਇੱਥੇ ਕਿੱਥੋਂ ਆ ਗਏ? ਨਾ ਸਮੁੰਦਰ ਦਾ ਨੇੜ, ਨਾ ਹੀ ਕੋਈ ਪਹਾੜ, ਨਾ ਹੀ ਦਰਿਆ। ਮੈਂ ਪੱਥਰਾਂ ਨੇੜੇ ਗਿਆ ਤਾਂ ਤਖ਼ਤੀ ਲੱਗੀ ਹੋਈ ਸੀ- ਸਟੋਨਹੈਂਜ। ਕੁਝ ਵੱਡੇ ਵੱਡੇ ਪੱਥਰ ਇਕ ਗੋਲ ਦਾਇਰੇ ਵਿਚ ਪਏ ਸਨ। ਪਏ ਨਹੀਂ ਸਗੋਂ ਖੜ੍ਹੇ ਸਨ। ਕੁਝ ਪੱਥਰ ਉਨ੍ਹਾਂ ਉੱਪਰ ਛੱਤ ਪਾਉਣ ਵਾਂਗ ਵੀ ਰੱਖੇ ਹੋਏ ਸਨ। ਆਲੇ ਦੁਆਲੇ ਉਜਾੜ ਪੱਸਰੀ ਹੋਈ ਸੀ। ਇਹ ਪੱਥਰ ਇਵੇਂ ਪਏ ਜਾਂ ਖੜ੍ਹੇ ਸਨ ਕਿ ਇਨ੍ਹਾਂ ਨੂੰ ਇਸ ਸਥਿਤੀ ਵਿਚ ਜ਼ਰੂਰ ਕਿਸੇ ਨੇ ਰੱਖਿਆ ਹੋਵੇਗਾ, ਪਰ ਕਿਉਂ? ਕੀ ਇਹ ਕਿਸੇ ਗੱਲ ਵੱਲ ਇਹ ਇਸ਼ਾਰਾ ਕਰ ਰਹੇ ਹਨ? ਮੈਂ ਸੋਚ ਰਿਹਾ ਸਾਂ ਕਿ ਕਿਸੇ ਤੋਂ ਪੁੱਛਿਆ ਜਾਵੇ, ਪਰ ਉੱਥੇ ਕੋਈ ਹੋਵੇ ਤਾਂ ਹੀ ਪੁੱਛਾਂ। ਮੈਂ ਵਾਪਸ ਆ ਕੇ ਇਸ ਬਾਰੇ ਖੋਜ ਕਰਨੀ ਸ਼ੁਰੂ ਕਰ ਦਿੱਤੀ। ਪਤਾ ਚੱਲਿਆ ਕਿ ਇਹ ਤਾਂ ਇੱਥੇ ਸਦੀਆਂ ਤੋਂ ਇੰਜ ਹੀ ਖੜ੍ਹੇ ਸਨ। ਇਨ੍ਹਾਂ ਦੇ ਇਤਿਹਾਸ ਦਾ ਸਹੀ ਕਿਸੇ ਨੂੰ ਵੀ ਨਹੀਂ ਸੀ ਪਤਾ। ਸਭ ਅੰਦਾਜ਼ੇ ਹੀ ਲਾਏ ਜਾ ਰਹੇ ਸਨ। ਮੋਟੇ ਤੌਰ ’ਤੇ ਇਨ੍ਹਾਂ ਨੂੰ ਪੱਥਰ-ਯੁੱਗ ਦੀ ਨਿਸ਼ਾਨੀ ਕਹਿ ਦਿੱਤਾ ਜਾਂਦਾ ਹੈ। ਜਦੋਂ ਤੋਂ ਮਨੁੱਖੀ ਇਤਿਹਾਸ ਲਿਖਿਆ ਜਾਣ ਲੱਗਾ ਜਾਂ ਜਦੋਂ ਤਕ ਦੇ ਇੰਗਲੈਂਡ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਇਹ ਪੱਥਰ ਇੱਥੇ ਮੌਜੂਦ ਸਨ। ਜਿਵੇਂ ਮੈਂ ਕਿਹਾ ਕਿ ਇਹ ਆਮ ਪੱਥਰ ਨਹੀਂ ਹਨ। ਇਨ੍ਹਾਂ ਦੇ ਤਰਾਸ਼ੇ ਹੋਣ ਦੇ ਨਿਸ਼ਾਨ ਸਾਫ਼ ਦਿਸਦੇ ਹਨ ਕਿਉਂਕਿ ਇਨ੍ਹਾਂ ਵਿਚੋਂ ਕੁਝ ਚਪਟੇ ਹਨ। ਇਹ ਤਕਰੀਬਨ ਤਿੰਨ ਮੀਟਰ ਉੱਚੇ ਤੇ ਦੋ ਮੀਟਰ ਦੇ ਕਰੀਬ ਚੌੜੇ ਹਨ। ਭਾਰ ਵਿਚ ਇਹ ਪੱਚੀ ਟਨ ਦੇ ਨੇੜੇ ਹਨ। ਆਮ ਆਦਮੀ ਤਾਂ ਇਸ ਨੂੰ ਹਿਲਾ ਵੀ ਨਹੀਂ ਸਕੇਗਾ।
ਮਨੁੱਖ ਨੂੰ ਇਨ੍ਹਾਂ ਬਾਰੇ ਜਾਣਨ ਦੀ ਸਦਾ ਹੀ ਚੇਟਕ ਰਹੀ ਹੈ। ਸਦੀਆਂ ਤੋਂ ਪੁਰਾਤੱਤਵ ਵਿਗਿਆਨੀ ਇਨ੍ਹਾਂ ਬਾਰੇ ਖੋਜ ਕਰਦੇ ਆਏ ਹਨ। 1666 ਵਿਚ ਜੌਹਨ ਔਬਰੇ ਨਾਂ ਦੇ ਵਿਅਕਤੀ ਨੇ ਇਸ ਬਾਰੇ ਖੋਜ ਕਰਦਿਆਂ ਕੁਝ ਮੋਰੀਆਂ ਲੱਭੀਆਂ ਸਨ ਜੋ ਇਨ੍ਹਾਂ ਪੱਥਰਾਂ ਦੀ ਹੇਠਲੀ ਦੁਨੀਆਂ ਵੱਲ ਜਾਂਦੀਆਂ ਸਨ। ਪਰ ਉਦੋਂ ਉਸ ਦੀ ਗੱਲ ਵੱਲ ਕਿਸੇ ਨੇ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ। 1920 ਵਿਚ ਆ ਕੇ ਵਿਲੀਅਮ ਹੌਲੇ ਨੇ ਜੌਹਨ ਔਬਰੇ ਦੀਆਂ ਦੱਸੀਆਂ ਮੋਰੀਆਂ ਦੀ ਦੁਬਾਰਾ ਨਿਸ਼ਾਨਦੇਹੀ ਕੀਤੀ ਤੇ ਉਨ੍ਹਾਂ ਨੂੰ ਔਬਰੇ ਹੋਲਜ਼ ਦਾ ਨਾਂ ਦੇ ਦਿੱਤਾ ਗਿਆ। 1882 ਵਿਚ ਸਟੋਨਹੈਂਜ ਨੂੰ ਸਰਕਾਰ ਵੱਲੋਂ ਬਰਤਾਨੀਆ ਦੇ ਪੁਰਾਣੇ ਸਮਾਰਕਾਂ ਦੀ ਸੂਚੀ ਵਿਚ ਪਾ ਦਿੱਤਾ ਗਿਆ ਸੀ। ਭਾਵ ਕਿ ਇਨ੍ਹਾਂ ਨਾਲ ਕੋਈ ਵੀ ਛੇੜਛਾੜ ਜਾਂ ਇਨ੍ਹਾਂ ਵਿਚ ਕੋਈ ਤਬਦੀਲੀ ਨਹੀਂ ਕਰ ਸਕਦਾ। ਇਸ ਦੀ ਦੇਖਭਾਲ ਬਰਤਾਨਵੀ ਤਾਜ ਭਾਵ ਸਰਕਾਰ ਕਰਦੀ ਹੈ। ਇਸ ਦੇ ਆਲੇ ਦੁਆਲੇ ਦੀ ਜਗ੍ਹਾ ਦੀ ਸੰਭਾਲ ਇੰਗਲਿਸ਼ ਹੈਰੀਟੇਜ ਵਾਲੇ ਕਰਦੇ ਹਨ। ਪਹਿਲੀਆਂ ਵਿਚ ਮੈਂ ਕਈ ਵਾਰ ਗਿਆ ਹਾਂ। ਉਨ੍ਹਾਂ ਦਿਨਾਂ ਵਿਚ ਇਨ੍ਹਾਂ ਦੀ ਕੋਈ ਖਾਸ ਸਾਂਭ-ਸੰਭਾਲ ਨਹੀਂ ਸੀ ਹੁੰਦੀ। ਇਹ ਪੱਥਰ ਇਕੱਲੇ, ਦੁਨੀਆਂ ਤੋਂ ਦੂਰ ਖੜ੍ਹੇ ਸਨ ਤੇ ਰਾਤ-ਬਰਾਤੇ ਬਹੁਤ ਡਰਾਉਣੇ ਲੱਗਦੇ ਸਨ।
ਪੁਰਾਤੱਤਵ ਵਿਗਿਆਨੀ ਸਦਾ ਹੀ ਖੋਜ ਕਰਦੇ ਹੋਏ ਇਨ੍ਹਾਂ ਦੇ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਜਿਵੇਂ ਜਿਵੇਂ ਧਰਤੀ ਹੇਠਾਂ ਛੁਪੀਆਂ ਚੀਜ਼ਾਂ ਬਾਰੇ ਜਾਣਨ ਲਈ ਨਵੇਂ ਵਿਗਿਆਨਕ ਅੱਗੇ ਨਿਕਲ ਰਹੇ ਹਨ ਤਾਂ ਸਟੋਨਹੈਂਜ ਬਾਰੇ ਹੋਰ ਪਤਾ ਲੱਗਦਾ ਜਾ ਰਿਹਾ ਹੈ ਜਾਂ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪੱਥਰਾਂ ਉੱਪਰ ਜੰਮੀ ਰੇਡੀਓ ਕਾਰਬਨ ਦਾ ਨਿਰੀਖਣ ਕਰਕੇ ਇਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਹ ਪੱਥਰ ਇੱਥੇ ਪੰਜ ਤੋਂ ਅੱਠ ਹਜ਼ਾਰ ਸਾਲ ਤੋਂ ਹੋ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਇਹ ਪੱਥਰ ਇਕੱਠੇ ਹੀ ਇੱਥੇ ਨਾ ਰੱਖੇ ਗਏ ਹੋਣ, ਇਨ੍ਹਾਂ ਨੂੰ ਇੱਥੇ ਰੱਖਣ ਵਿਚ ਕਈ ਸਦੀਆਂ ਲੱਗ ਗਈਆਂ ਹੋਣ। ਇਨ੍ਹਾਂ ਦੀ ਉਮਰ ਦਾ ਅਲੱਗ ਅਲੱਗ ਹੋਣਾ ਇਸ ਗੱਲ ਵੱਲ ਸੰਕੇਤ ਹੈ। ਪਰ ਇਹ ਬਹੁਤ ਵੱਡਾ ਸਵਾਲ ਹੈ ਕਿ ਇਹ ਪੱਥਰ ਇੱਥੇ ਆਏ ਕਿੱਥੋਂ। ਪੰਜ ਹਜ਼ਾਰ ਸਾਲ ਪਹਿਲਾਂ ਪੱਚੀ ਟਨ ਪੱਥਰ ਨੂੰ ਇਕ ਥਾਂ ਤੋਂ ਦੂਜੀ ਥਾਂ ਟਰਾਂਸਪੋਰਟ ਕਰਨਾ ਬਹੁਤ ਮੁਸ਼ਕਲ ਹੁੰਦਾ ਹੋਵੇਗਾ। ਫਿਰ ਇਸ ਕਿਸਮ ਦੇ ਪੱਥਰ ਪੂਰੇ ਬਰਤਾਨੀਆ ਵਿਚ ਨਹੀਂ ਹਨ। ਇਹ ਕੁਝ ਕੁਝ ਹਰੇ ਰੰਗ ਦੇ ਹਨ ਤੇ ਬਰਤਾਨੀਆ ਤਾਂ ਕੀ ਪੂਰੇ ਯੂਰੋਪ ਵਿਚ ਹੀ ਇਸ ਰੰਗ ਦੇ ਪੱਥਰ ਜਾਂ ਚਟਾਨਾਂ ਨਹੀਂ ਹਨ। ਦੱਖਣੀ ਅਮਰੀਕਾ ਵਿਚ ਅਜਿਹੀਆਂ ਚਟਾਨਾਂ ਜ਼ਰੂਰ ਮਿਲਦੀਆਂ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਦੂਰੋਂ ਕਿਤਿਓਂ ਇਹ ਪੱਥਰ ਲਿਆਂਦੇ ਵੀ ਗਏ ਹਨ ਤਾਂ ਇਨ੍ਹਾਂ ਦਾ ਕੀ ਕਾਰਨ ਹੈ। ਫਿਰ ਇੱਥੇ ਹੀ ਕਿਉਂ ਰੱਖੇ ਗਏ, ਇਹ ਇਲਾਕਾ ਤਾਂ ਸਮੁੰਦਰ ਤੋਂ ਕਾਫ਼ੀ ਦੂਰ ਪੈਂਦਾ ਹੈ। ਇਹ ਤਾਂ ਜ਼ਾਹਰ ਹੈ ਕਿ ਇਹ ਪੱਥਰ ਸਿਰਫ਼ ਸਮੁੰਦਰ ਰਾਹੀਂ ਹੀ ਲਿਆਂਦੇ ਗਏ ਹੋਣਗੇ। ਇਕ ਥਿਊਰੀ ਜਾਂ ਧਾਰਨਾ ਇਹ ਵੀ ਹੈ ਕਿ ਪਹਿਲਾਂ ਇਹ ਪੱਥਰ ਪਏ ਸਨ ਤੇ ਕੋਈ ਪੰਜ ਹਜ਼ਾਰ ਸਾਲ ਪਹਿਲਾਂ ਇਹ ਖੜ੍ਹੇ ਕਰ ਦਿੱਤੇ ਗਏ। ਇਕ ਧਾਰਨਾ ਇਹ ਵੀ ਹੈ ਕਿ ਇੱਥੇ ਧਰਤੀ ਦਾ ਗੱਭਾ ਹੈ ਜਿਸ ਕਰਕੇ ਇਹ ਪੱਥਰ ਰੱਖੇ ਗਏ ਹਨ। ਇਕ ਧਾਰਨਾ ਇਹ ਹੈ ਕਿ ਇਹ ਕਦੇ ਵਕਤ ਮਾਪਣ ਲਈ ਰੱਖੇ ਗਏ ਹੋਣਗੇ। ਇਨ੍ਹਾਂ ਦਾ ਸੂਰਜ ਦੇ ਚੜ੍ਹਨ-ਡੁੱਬਣ ਨਾਲ ਵੀ ਕੋਈ ਵਾਹ ਹੋ ਸਕਦਾ ਹੈ। ਪਿਛਲੀ ਸਦੀ ਵਿਚ ਇਨ੍ਹਾਂ ਪੱਥਰਾਂ ਦਾ ਰਹੱਸ ਹੋਰ ਵੀ ਡੂੰਘਾ ਹੋ ਗਿਆ ਜਦੋਂ ਪੁਰਾਤਨ ਵਿਗਿਆਨੀਆਂ ਨੇ ਔਬਰੇ ਹੋਲਜ਼ ਰਾਹੀਂ ਕੈਮਰੇ ਅੰਦਰ ਭੇਜੇ ਤੇ ਕੁਝ ਖੁਦਾਈ ਕਰਨ ਸਮੇਂ ਪਤਾ ਲੱਗਿਆ ਕੇ ਇਨ੍ਹਾਂ ਪੱਥਰਾਂ ਦੇ ਹੇਠਾਂ ਮਨੁੱਖੀ ਹੱਡੀਆਂ ਦੱਬੀਆਂ ਹੋਈਆਂ ਹਨ। ਇਹ ਹੱਡੀਆਂ ਵੀ ਪੰਜ ਹਜ਼ਾਰ ਸਾਲ ਪੁਰਾਣੀਆਂ ਹਨ। ਇਨ੍ਹਾਂ ਵਿਚ ਹਰ ਉਮਰ ਦੇ ਮਨੁੱਖ ਦੀਆਂ ਹੱਡੀਆਂ ਸ਼ਾਮਲ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਮਾਜ ਦੇ ਖਾਸ ਖਾਸ ਲੋਕਾਂ ਨੂੰ ਇੱਥੇ ਦਫਨਾਇਆ ਜਾਂਦਾ ਰਿਹਾ ਹੋਵੇਗਾ। ਇਵੇਂ ਜਦੋਂ ਵੀ ਕੋਈ ਨਵੀਂ ਖੋਜ ਹੁੰਦੀ ਹੈ ਤਾਂ ਕੋਈ ਨਾ ਕੋਈ ਨਵੀਂ ਥਿਊਰੀ ਸਾਹਮਣੇ ਆ ਜਾਂਦੀ ਹੈ, ਪਰ ਸੱਚ ਦਾ ਪੂਰਾ ਪਤਾ ਹਾਲੇ ਕਿਸੇ ਨੂੰ ਨਹੀਂ ਹੈ ਤੇ ਸ਼ਾਇਦ ਲੱਗੇ ਵੀ ਨਾ।
ਇਹ ਜ਼ਰੂਰ ਹੈ ਕਿ ਸਮੇਂ ਨਾਲ ਇਸ ਜਗ੍ਹਾ ਦਾ ਮਹੱਤਵ ਬਹੁਤ ਵਧ ਗਿਆ ਹੈ। ਪਹਿਲੀਆਂ ਵਿਚ ਇਸ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ, ਪਰ ਅੱਜ ਇਸ ਨੂੰ ਬਰਤਾਨੀਆ ਦੇ ਸੱਭਿਆਚਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਤਿਹਾਸ ਮੁਤਾਬਕ ਪੰਜ ਹਜ਼ਾਰ ਪਹਿਲਾਂ ਬਰਤਾਨੀਆ ਦਾ ਸਮਾਜ ਬਿਲਕੁਲ ਉੱਨਤ ਨਹੀਂ ਸੀ, ਪਰ ਸਟੋਨਹੈਂਜ ਦੇ ਪੱਥਰ ਦੂਜੀ ਹੀ ਕਹਾਣੀ ਕਹਿ ਰਹੇ ਹਨ। ਇਨ੍ਹਾਂ ਪੱਥਰਾਂ ਦਾ ਇੱਥੇ ਹੋਣਾ ਜਾਂ ਆਉਣਾ ਦੱਸਦਾ ਹੈ ਕਿ ਬਰਤਾਨੀਆ ਦਾ ਸਮਾਜ ਉਸ ਵੇਲੇ ਵੀ ਕਾਫ਼ੀ ਪ੍ਰਫੁੱਲਿਤ ਹੋ ਸਕਦਾ ਹੈ। ਪਰ ਇਸ ਸਵਾਲ ਦਾ ਜਵਾਬ ਉਂਜ ਦਾ ਉਂਜ ਹੈ ਕਿ ਇਹ ਅਸਾਧਾਰਨ ਪੱਥਰ ਇੱਥੇ ਕਿਉਂ ਤੇ ਕਿਵੇਂ ਹਨ ਤੇ ਇਹ ਕੀ ਹਨ। ਦੁਨੀਆਂ ਭਰ ਦੇ ਪੁਰਾਤੱਤਵ ਵਿਗਿਆਨੀ ਇਨ੍ਹਾਂ ਬਾਰੇ ਹੋਰ ਜਾਣਨ ਦੀ ਲਾਲਸਾ ਨਾਲ ਇੱਥੇ ਆਉਂਦੇ ਰਹਿੰਦੇ ਹਨ। ਹਰ ਵੇਲੇ ਕੋਈ ਨਾ ਕੋਈ ਖੋਜ ਚੱਲਦੀ ਰਹਿੰਦੀ ਹੈ। ਸਟੋਨਹੈਂਜ ਨੇ ਯੂਨੈਸਕੋ ਦਾ ਧਿਆਨ ਵੀ ਖਿੱਚਿਆ ਤੇ 1986 ਵਿਚ ਇਸ ਨੂੰ ਦੁਨੀਆਂ ਦੀਆਂ ਵਿਰਾਸਤੀ ਥਾਵਾਂ ਵਿਚ ਸ਼ਾਮਲ ਕਰ ਲਿਆ ਗਿਆ।
ਇਸ ਥਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਕ ਵਾਰ ਇੱਥੇ ਜਿਪਸੀ ਅਸਿੱਧੇ ਤਰੀਕੇ ਨਾਲ ਕਬਜ਼ਾ ਕਰ ਚੱਲੇ ਸਨ। ਜਿਪਸੀ ਜੋ ਦੁਨੀਆਂ ਭਰ ਵਿਚ ਘੁੰਮਦੇ ਰਹਿੰਦੇ ਹਨ, ਕਈ ਵਾਰ ਖਾਲੀ ਥਾਂ ਦੇਖ ਕੇ ਆਪਣਾ ਕੈਂਪ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਪਸੀਆਂ ਦਾ ਇਕ ਗਰੁੱਪ ਹਰ ਸਾਲ ਪਹਿਲੀ ਜੂਨ ਨੂੰ ਇੰਗਲੈਂਡ ਵਿਚ ਕਿਤੇ ਨਾ ਕਿਤੇ ਮੇਲਾ ਲਾਇਆ ਕਰਦਾ ਸੀ। ਇਸ ਮੇਲੇ ਵਿਚ ਕਈ ਕਿਸਮ ਦੇ ਗ਼ੈਰ ਕਾਨੂੰਨੀ ਧੰਦੇ ਹੁੰਦੇ ਹਨ। ਪੁਲੀਸ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਸੀ। ਕਈ ਥਾਂ ਹੁੰਦੇ ਹੋਏ ਇਕ ਸਾਲ ਆਪਣਾ ਮੇਲਾ ਸਟੋਨਹੈਂਜ ਲੈ ਗਏ। ਇਸ ਮੇਲੇ ਕਾਰਨ ਸਟੋਨਹੈਂਜ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ। ਪੁਲੀਸ ਨੂੰ ਜਿਪਸੀਆਂ ਦਾ ਮੇਲਾ ਰੋਕਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਪਹਿਲੀ ਜੂਨ 1985 ਵਿਚ ਜਿਪਸੀਆਂ ਤੇ ਪੁਲੀਸ ਵਿਚ ਬਹੁਤ ਵੱਡੀ ਖੂਨੀ ਝੜਪ ਹੋਈ। ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ। ਛੇ ਸੌ ਬੰਦਾ ਹਿਰਾਸਤ ਵਿਚ ਲਿਆ ਗਿਆ। ਬਰਤਾਨੀਆ ਦੇ ਇਤਿਹਾਸ ਵਿਚ ਏਨੀ ਵੱਡੀ ਗਿਣਤੀ ਵਿਚ ਕਦੇ ਵੀ ਬੰਦੇ ਪੁਲੀਸ ਹਿਰਾਸਤ ਵਿਚ ਨਹੀਂ ਲਏ ਗਏ।
ਸਟੋਨਹੈਂਜ ਦੇ ਪੱਥਰ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਮਾਨਸਿਕਤਾ ਵਿਚ ਬੈਠੇ ਹਨ। ਮੇਰਾ ਜਦੋਂ ਵੀ ਕੋਈ ਮਿੱਤਰ ਪਿਆਰਾ ਇੰਗਲੈਂਡ ਆਉਂਦਾ ਹੈ ਤਾਂ ਉਸ ਨੂੰ ਲੈ ਕੇ ਮੈਂ ਇੱਥੇ ਗੇੜਾ ਜ਼ਰੂਰ ਮਾਰਦਾ ਹਾਂ। ਹੁਣ ਇਹ ਥਾਂ ਪਹਿਲਾਂ ਜਿਹੀ ਸੁੰਨਸਾਨ ਨਹੀਂ ਹੈ। ਇਨ੍ਹਾਂ ਦੇ ਨੇੜੇ ਇਕ ਆਲੀਸ਼ਾਨ ਇਮਾਰਤ ਬਣ ਗਈ ਹੈ ਜਿੱਥੇ ਇਨ੍ਹਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇੱਥੇ ਇਨ੍ਹਾਂ ਪੱਥਰਾਂ ਦੇ ਮਾਡਲ ਵੀ ਪਏ ਹਨ ਜਿਨ੍ਹਾਂ ਤੋਂ ਇਨ੍ਹਾਂ ਦੀ ਵਿਸ਼ਾਲਤਾ ਦਾ ਪਤਾ ਚੱਲਦਾ ਹੈ। ਇੱਥੇ ਕੁਝ ਪੁਰਾਣੇ ਜ਼ਮਾਨੇ ਦੀਆਂ ਝੁੱਗੀਆਂ ਜਾਂ ਹੱਟਾਂ ਬਣਾਈਆਂ ਹੋਈਆਂ ਹਨ ਜਿਨ੍ਹਾਂ ਰਾਹੀਂ ਉਸ ਵੇਲੇ ਦਾ ਜੀਵਨ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਸੋਵੀਨੀਅਰ ਬਗੈਰਾ ਦੀਆਂ ਦੁਕਾਨਾਂ ਵੀ ਹਨ। ਵਧੀਆ ਕਿਸਮ ਦਾ ਰੈਸਟੋਰੈਂਟ ਵੀ ਹੈ। ਕਾਰਾਂ, ਬੱਸਾਂ ਖੜ੍ਹੀਆਂ ਕਰਨ ਲਈ ਵੱਡਾ ਸਾਰਾ ਕਾਰ ਪਾਰਕ ਹੈ। ਹੁਣ ਇਹ ਯਾਤਰੀਆਂ ਦੇ ਦੇਖਣ ਲਈ ਸਹੀ ਤਰੀਕੇ ਦੀ ਖ਼ਾਸ ਜਗ੍ਹਾ ਹੈ। ਸਟੋਨਹੈਂਜ ਦੇ ਰਹੱਸ ਨੂੰ ਇਕ ਗੱਲ ਹੋਰ ਵੀ ਗਹਿਰਾਉਂਦੀ ਹੈ ਕਿ ਬਿਲਕੁਲ ਅਜਿਹਾ ਸਮਾਰਕ ਭਾਵ ਸਟੋਨਹੈਂਜ ਸਵੀਡਨ ਵਿਚ ਵੀ ਹੈ।
ਈਮੇਲ: harjeetatwal@hotmail.co.uk