ਸ਼ਮੀਲ
ਇਹ ਬੜਾ ਅਜੀਬ ਸਵਾਲ ਹੈ। ਕਈਆਂ ਨੂੰ ਇਹ ਬੇਤੁਕਾ ਵੀ ਲੱਗ ਸਕਦਾ ਹੈ। ਪਰ ਇਸ ਪਾਸੇ ਜੇ ਧਿਆਨ ਦਿੱਤਾ ਜਾਵੇ ਤਾਂ ਅਜਿਹੀ ਸਚਾਈ ਦਿਸਣੀ ਸ਼ੁਰੂ ਹੁੰਦੀ ਹੈ, ਜਿਸ ਨੂੰ ਦੇਖ ਕੇ ਸ਼ਰਮ ਆਵੇਗੀ।
ਇਸ ਦਾ ਜਵਾਬ ਦੇਣ ਤੋਂ ਪਹਿਲਾਂ ਇਕ ਨੁਕਤਾ ਇਹ ਵੀ ਕਿ ਕੁਝ ਲੋਕ ਪੇਸ਼ ਕਰਦੇ ਹਨ ਕਿ ਪਰਵਾਸ ਨਾਲ ਨੈਤਿਕ ਨਿਘਾਰ ਵਿਚ ਕੋਈ ਵਾਧਾ ਨਹੀਂ ਹੋਇਆ। ਜੋ ਨੈਤਿਕ ਕਦਰਾਂ-ਕੀਮਤਾਂ ਸਾਡੇ ਕੋਲ ਪਹਿਲਾਂ ਹੀ ਸਨ, ਉਹੀ ਲੈ ਕੇ ਅਸੀਂ ਸਾਰੀ ਦੁਨੀਆਂ ਵਿਚ ਗਏ ਹਾਂ ਅਤੇ ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਉਹ ਸਚਾਈ ਸਿਰਫ਼ ਪੰਜਾਬ ਤਕ ਸੀਮਤ ਸੀ ਅਤੇ ਹੁਣ ਸਾਰੀ ਦੁਨੀਆਂ ਵਿਚ ਬਿਖਰ ਗਈ ਹੈ। ਕੁਝ ਨੂੰ ਇਹ ਸੁਣਨਾ ਚੰਗਾ ਵੀ ਨਹੀਂ ਲੱਗੇਗਾ, ਕਿਉਂਕਿ ਅਸੀਂ ਪੰਜਾਬੀ ਮਹਿਮਾ ਸੁਣਨ ਦੇ ਐਨਾ ਆਦੀ ਹੋ ਚੁੱਕੇ ਹਾਂ ਕਿ ਸਾਨੂੰ ਆਪਣੀ ਨੁਕਤਾਚੀਨੀ ਸੁਣ ਕੇ ਬੁਰਾ ਲੱਗ ਸਕਦਾ ਹੈ।
ਇਕ ਤਾਜ਼ਾ ਘਟਨਾ ਮੇਰੇ ਸਾਹਮਣੇ ਆਈ। ਇਕ ਨੌਜਵਾਨ ਨੇ ਮੈਨੂੰ ਫੋਨ ਕੀਤਾ, ਜਿਸ ਦਾ ਦੋਸਤ ਭਾਰਤ ਤੋਂ ਵਾਪਸ ਆਇਆ ਸੀ। ਉਹ ਦੋਵੇਂ ਇੱਥੇ ਵਰਕ ਪਰਮਿਟ ’ਤੇ ਸਨ। ਕੈਨੇਡਾ ਦੇ ਨਵੇਂ ਨਿਯਮਾਂ ਮੁਤਾਬਕ ਮੁਲਕ ਦੇ ਬਾਹਰੋਂ ਜੋ ਵੀ ਹਵਾਈ ਸਫ਼ਰ ਕਰਕੇ ਆਉਂਦਾ ਹੈ, ਉਸ ਨੂੰ ਤਿੰਨ ਦਿਨ ਆਪਣੇ ਖ਼ਰਚੇ ’ਤੇ ਸਰਕਾਰ ਦੁਆਰਾ ਮਨਜ਼ੂਰ ਹੋਟਲਾਂ ਵਿਚ ਰਹਿਣਾ ਪੈਂਦਾ ਹੈ। ਇਸ ਦੌਰਾਨ ਉਸ ਦੇ ਕੋਵਿਡ ਟੈਸਟ ਦੀ ਉਡੀਕ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਉਸ ਨੂੰ 10-11 ਦਿਨ ਲਈ ਸੈਲਫ ਆਈਸੋਲੇਟ ਕਰਨਾ ਪੈਂਦਾ ਹੈ, ਕਿਸੇ ਅਜਿਹੀ ਥਾਂ ’ਤੇ ਜਿੱਥੇ ਉਹ ਦੂਜਿਆਂ ਤੋਂ ਅਲੱਗ ਇਕ ਵੱਖਰੇ ਕਮਰੇ ਵਿਚ ਰਹੇ। ਜਿਹੜੇ ਨੌਜਵਾਨ ਪੜ੍ਹਨ ਲਈ ਆਏ ਹਨ ਜਾਂ ਜਿਹੜੇ ਵਰਕ ਪਰਮਿਟ ’ਤੇ ਹਨ, ਉਨ੍ਹਾਂ ਕੋਲ ਇਸ ਤਰ੍ਹਾਂ ਰਹਿਣ ਦੀ ਸੁਵਿਧਾ ਨਹੀਂ ਹੁੰਦੀ। ਇਹ ਅਕਸਰ ਕਈ-ਕਈ ਜਣੇ ਕੋਈ ਬੇਸਮੈਂਟ ਜਾਂ ਅਪਾਰਟਮੈਂਟ ਕਿਰਾਏ ’ਤੇ ਲੈ ਕੇ ਰਹਿੰਦੇ ਹਨ। ਇਸ ਕਰਕੇ ਇਸ ਤਰ੍ਹਾਂ ਦੇ ਲੋਕਾਂ ਵਾਸਤੇ ਕਈਆਂ ਨੇ ਸੈਲਫ-ਆਈਸੋਲੇਸ਼ਨ ਵਾਸਤੇ ਥਾਂ ਕਿਰਾਏ ’ਤੇ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਲੋਕ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਪਾਉਂਦੇ ਹਨ ਅਤੇ ਉੱਥੋਂ ਹੀ ਅਜਿਹੇ ਲੋੜਵੰਦ ਨੌਜਵਾਨ ਇਨ੍ਹਾਂ ਦੀਆਂ ਥਾਵਾਂ ਬੁੱਕ ਕਰ ਲੈਂਦੇ ਹਨ। ਜਿਸ ਨੇ ਮੈਨੂੰ ਕਾਲ ਕੀਤੀ, ਉਸ ਦੇ ਦੋਸਤ ਨੇ ਅਜਿਹੀ ਕੋਈ ਥਾਂ ਹੀ ਬੁੱਕ ਕੀਤੀ ਸੀ।
ਮੇਰੀ ਉਸ ਨੇ ਅੱਗੇ ਅਜਿਹੇ ਮੁੰਡਿਆਂ ਨਾਲ ਗੱਲਬਾਤ ਕਰਵਾਈ, ਜਿਹੜੇ ਅਜਿਹੀਆਂ ਕੁਝ ਥਾਵਾਂ ’ਤੇ ਰਹਿ ਰਹੇ ਸਨ। ਜਿਹੜੇ ਕਮਰੇ ਉਨ੍ਹਾਂ ਬੁੱਕ ਕੀਤੇ ਸਨ, ਉਨ੍ਹਾਂ ਬਾਰੇ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਅਲੱਗ ਕਮਰਾ ਮਿਲੇਗਾ, ਅਲੱਗ ਵਾਸ਼ਰੂਮ ਹੋਵੇਗਾ। ਖਾਣਾ ਨਾਲ ਮਿਲੇਗਾ। ਇਨ੍ਹਾਂ ਵਿਚੋਂ ਕੁਝ ਕੁ ਨੂੰ ਜਿਨ੍ਹਾਂ ਥਾਵਾਂ ’ਤੇ ਲਿਜਾਇਆ ਗਿਆ ਸੀ, ਉਨ੍ਹਾਂ ਦੀ ਹਾਲਤ ਕੈਨੇਡੀਅਨ ਮਿਆਰਾਂ ਮੁਤਾਬਕ ਬਹੁਤ ਬੁਰੀ ਸੀ। ਕਿਸੇ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਘਰ ਦੇ ਲਿਵਿੰਗ ਏਰੀਆ ਵਿਚ ਪਾਰਟੀਸ਼ਨ ਕਰਕੇ ਡੱਬੇ ਨੁਮਾ ਕਮਰੇ ਬਣਾਏ ਸਨ। ਇਨ੍ਹਾਂ ਕਮਰਿਆਂ ਵਿਚ ਇਨ੍ਹਾਂ ਨੌਜਵਾਨਾਂ ਨੂੰ ਠਹਿਰਾਇਆ ਗਿਆ। ਇਕੋ ਵਾਸ਼ਰੂਮ ਸਾਰੇ ਵਰਤਦੇ ਸਨ। ਵਾਸ਼ਰੂਮ ਵਿਚ ਕੋਈ ਟੌਇਲਟ ਪੇਪਰ, ਸਾਬਣ ਆਦਿ ਕੁਝ ਵੀ ਨਹੀਂ ਸੀ। ਰਸੋਈ ਵਿਚ ਚਾਹ ਬਣਾਉਣ ਵਾਸਤੇ ਵੀ ਕੋਈ ਸਾਮਾਨ ਨਹੀਂ ਸੀ। ਖਾਣੇ ਦੇ ਨਾਂ ’ਤੇ ਇਕ ਟਿਫਨ ਸਵੇਰੇ 11-12 ਵਜੇ ਆ ਜਾਂਦਾ, ਜਿਸ ਵਿਚ ਦੋ ਸਬਜ਼ੀਆਂ ਤੇ ਛੇ ਰੋਟੀਆਂ ਸਨ ਅਤੇ ਕਿਹਾ ਗਿਆ ਸੀ ਕਿ ਇਸ ਨਾਲ ਹੀ ਤੁਸੀਂ ਪੂਰਾ ਦਿਨ ਕੱਢਣਾ ਹੈ। ਕਮਰਿਆਂ ਵਿਚ ਕੋਈ ਸਫ਼ਾਈ ਨਹੀਂ ਸੀ। ਘਰ ਵਿਚ ਕੌਕਰੋਚ ਘੁੰਮਦੇ ਸਨ। ਇਹ ਨੌਜਵਾਨ ਕੈਨੇਡਾ ਵਿਚ ਪਹਿਲੀ ਵਾਰ ਆਏ ਸਨ। ਉਨ੍ਹਾਂ ਨੂੰ ਇੱਥੋਂ ਦੇ ਸਿਸਟਮ ਦਾ ਕੁਝ ਵੀ ਪਤਾ ਨਹੀਂ ਸੀ। ਆਈਸੋਲੇਸ਼ਨ ਕਾਰਨ ਉਂਜ ਵੀ ਕਿਤੇ ਜਾਣ ਦੀ ਮਨਾਹੀ ਸੀ ਅਤੇ ਉਤੋਂ ਨਵੇਂ ਹੋਣ ਕਰਕੇ ਵੈਸੇ ਵੀ ਕਿਤੇ ਜਾਣਾ ਉਨ੍ਹਾਂ ਲਈ ਮੁਸ਼ਕਲ ਸੀ। ਇਨ੍ਹਾਂ ਨੂੰ ਲੱਗਿਆ ਕਿ ਉਹ ਤਾਂ ਕਿਸੇ ਦੀ ਕੈਦ ਵਿਚ ਪਹੁੰਚ ਗਏ ਹਨ। ਇਨ੍ਹਾਂ ਨੂੰ ਇਹ ਕਿਹਾ ਗਿਆ ਕਿ ਜੇ ਤੁਹਾਨੂੰ ਕੋਈ ਕੁਆਰੰਟੀਨ ਅਫ਼ਸਰ ਪੁੱਛਣ ਆਵੇ ਤਾਂ ਕਹਿਣਾ ਕਿ ਸਾਡੇ ਕੋਲ ਅਲੱਗ ਕਮਰਾ ਅਤੇ ਅਲੱਗ ਵਾਸ਼ਰੂਮ ਹੈ। ਸਾਰਾ ਕੁਝ ਠੀਕ ਹੈ। ਇਸ ਤਰ੍ਹਾਂ ਦਾ ਧੰਦਾ ਚਲਾਉਣ ਵਾਲਾ ਇਹ ਪੰਜ-ਛੇ ਲੋਕਾਂ ਦਾ ਇਕ ਗਰੁੱਪ ਹੈ, ਜਿਨ੍ਹਾਂ ਨੇ ਅਲੱਗ ਅਲੱਗ ਘਰਾਂ ਵਿਚ ਅਜਿਹੇ ਇੰਤਜ਼ਾਮ ਕਰ ਰੱਖੇ ਹਨ। ਅਜਿਹੇ ਹੋਰ ਵੀ ਬਹੁਤ ਲੋਕ ਹੋਣਗੇ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਅਸੀਂ ਸਹੂਲਤਾਂ ਬਾਰੇ ਸ਼ਿਕਾਇਤ ਕੀਤੀ ਤਾਂ ਸਾਨੂੰ ਡਰਾਇਆ ਧਮਕਾਇਆ ਗਿਆ ਕਿ ਅਸੀਂ ਤੁਹਾਡੀ ਸ਼ਿਕਾਇਤ ਕਰ ਦੇਵਾਂਗੇ। ਜਿਹੜੇ ਨੌਜਵਾਨ ਬੱਚੇ ਪਹਿਲੀ ਵਾਰ ਇਸ ਮੁਲਕ ਵਿਚ ਆਏ ਹੋਣ, ਉਨ੍ਹਾਂ ਲਈ ਅਜਿਹੀ ਹਾਲਤ ਵਿਚ ਡਰ ਜਾਣਾ ਕੁਦਰਤੀ ਹੈ।
ਮੈਂ ਇਨ੍ਹਾਂ ਵਿਚੋਂ ਕੁਝ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਮਦਦ ਲਈ ਪੇਸ਼ਕਸ਼ ਕੀਤੀ, ਪਰ ਉਹ ਐਨੇ ਡਰੇ ਹੋਏ ਨੇ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਕਿਵੇਂ ਔਖੇ ਹੋ ਕੇ ਪੰਜ-ਸੱਤ ਦਿਨ ਹੋਰ ਕੱਢ ਲਈਏ। ਉਹ ਕੋਈ ਵੀ ਪੰਗਾ ਲੈਣ ਤੋਂ ਡਰਦੇ ਹਨ।
ਇਕ ਨੌਜਵਾਨ ਜਿਹੜਾ ਇੱਥੋਂ ਨਿਕਲ ਆਇਆ, ਉਸ ਨੇ ਮੇਰੇ ਰੇਡੀਓ ਸ਼ੋਅ ਵਿਚ ਆ ਕੇ ਆਪਣੀ ਕਹਾਣੀ ਸੁਣਾਈ। ਜਿਸ ਨੂੰ ਸੁਣਨ ਤੋਂ ਬਾਅਦ ਮੈਨੂੰ ਕੁਝ ਹੋਰ ਲੋਕਾਂ ਦੇ ਫੋਨ ਆਏ। ਇਕ ਬਜ਼ੁਰਗ ਦੇ ਸ਼ਬਦ ਮੇਰੇ ਦਿਮਾਗ਼ ਵਿਚ ਚੱਲ ਰਹੇ ਹਨ: “ਅਸੀਂ ਹੋਰ ਕਿੰਨਾ ਕੁ ਗਰਕਾਂਗੇ!” ਉਨ੍ਹਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਬਿਜ਼ਨਸ ਚਲਾ ਹੀ ਰਹੇ ਹੋ, ਹਰ ਵਿਦਿਆਰਥੀ ਤੋਂ ਪੰਜ-ਸੱਤ ਸੌ ਲੈ ਰਹੇ ਹੋ ਤਾਂ ਜੇ ਉਨ੍ਹਾਂ ਨੂੰ ਤਿੰਨ ਵਕਤ ਖਾਣਾ ਦੇ ਦੇਵੋਗੇ ਤਾਂ ਤੁਹਾਡਾ ਕੀ ਘਟ ਜਾਣਾ ਹੈ। ਉਹ ਬੋਲੇ ਕਿ ਅਸੀਂ ਉਹ ਲੋਕ ਹਾਂ, ਜੋ ਜਗ੍ਹਾ-ਜਗ੍ਹਾ ਲੰਗਰ ਖਵਾਉਣ ਵਾਲੇ ਹਾਂ। ਪਰ ਪੈਸੇ ਦੇ ਲਾਲਚ ਵਿਚ ਸਾਡੀ ਇਹ ਹਾਲਤ ਹੋ ਗਈ ਹੈ।
ਇਸ ਇਕ ਮਿਸਾਲ ਨੂੰ ਸਾਰੀ ਕਮਿਊਨਿਟੀ ਦੀ ਮਿਸਾਲ ਨਹੀਂ ਬਣਾਇਆ ਜਾ ਸਕਦਾ, ਪਰ ਅਜਿਹਾ ਐਨਾ ਕੁਝ ਹੋ ਰਿਹਾ ਹੈ, ਜਿਹੜਾ ਅਸੀਂ ਰੋਜ਼ ਦੇਖ ਰਹੇ ਹਾਂ ਜਾਂ ਸੁਣ ਰਹੇ ਹਾਂ। ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਇਨ੍ਹਾਂ ਮੁਲਕਾਂ ਵਿਚ ਪਹੁੰਚਣ ਵਾਲੇ ਸਾਡੇ ਬਹੁਤ ਸਾਰੇ ਲੋਕਾਂ ਅੰਦਰ ਪੈਸੇ ਦੀ ਦੌੜ ਨੇ ਐਨਾ ਕੁਝ ਤੋੜ ਦਿੱਤਾ ਹੈ, ਜਿਹੜਾ ਕਈ ਵਾਰ ਸਾਰੀ ਕਮਿਊਨਿਟੀ ਦਾ ਜਲੂਸ ਕੱਢ ਦਿੰਦਾ ਹੈ।
ਇਸ ਨੈਤਿਕ ਨਿਘਾਰ ਦੀ ਇਕ ਵਿਆਖਿਆ ਕਿਸੇ ਦੋਸਤ ਨੇ ਦਿੱਤੀ। ਉਹ ਕਹਿੰਦਾ ਹੈ ਕਿ ਕੈਨੇਡਾ ਪਹੁੰਚਣ ਲਈ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਲੋਕ ਧੋਖੇ, ਝੂਠ ਅਤੇ ਹੇਰਾਫੇਰੀਆਂ ਦਾ ਸਹਾਰਾ ਲੈ ਰਹੇ ਹਨ, ਉਨ੍ਹਾਂ ਦਾ ਨਿਘਾਰ ਉਸੇ ਦਿਨ ਸ਼ੁਰੂ ਹੋ ਜਾਂਦਾ ਹੈ। ਜਿਹੜੇ ਇਨਸਾਨ ਨੇ ਕੈਨੇਡਾ ਪਹੁੰਚਣ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਝੂਠੀਆਂ ਲਾਵਾਂ ਲਈਆਂ ਹੋਣਗੀਆਂ, ਉਸ ਨੂੰ ਤੁਸੀਂ ਦੁਨੀਆਂ ਦੀ ਕਿਹੜੀ ਸਹੁੰ ਨਾਲ ਡਰਾ ਸਕੋਗੇ? ਜਾਂ ਉਸ ਦੀ ਕਿਹੜੀ ਸਹੁੰ ’ਤੇ ਤੁਸੀਂ ਯਕੀਨ ਕਰੋਗੇ?
ਇਮੀਗ੍ਰੇਸ਼ਨ, ਪ੍ਰਾਪਰਟੀਆਂ ਖ਼ਰੀਦਣ, ਮੌਰਗੇਜ ਲੈਣ, ਸਰਕਾਰਾਂ ਵੱਲੋਂ ਮਿਲਦੇ ਤਰ੍ਹਾਂ ਤਰ੍ਹਾਂ ਦੇ ਲਾਭ ਲੈਣ ਅਤੇ ਹਰ ਸੁਵਿਧਾ ਦੀ ਦੁਰਵਰਤੋਂ ਕਰਨ ਲਈ ਦੁਨੀਆਂ ਦੀ ਜੋ ਧੋਖਾਧੜੀ ਸਾਡੇ ਲੋਕ ਕਰ ਰਹੇ ਹਨ, ਉਸ ਨੇ ਅਜਿਹੀ ਹਾਲਤ ਬਣਾ ਦਿੱਤੀ ਹੈ ਕਿ ਸਾਨੂੰ ਅੱਜਕੱਲ੍ਹ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਲੋਕਾਂ ਨੇ ਕੈਨੇਡਾ ਨੂੰ ਵੀ ਉਸੇ ਤਰ੍ਹਾਂ ਦਾ ਬਣਾ ਦੇਣਾ ਹੈ, ਜਿਹੋ ਜਿਹੇ ਇਹ ਆਪ ਹਨ।
ਇਸ ਦਾ ਇਹ ਮਤਲਬ ਨਹੀਂ ਕਿ ਸਾਡੀ ਕਮਿਊਨਿਟੀ ਵਿਚ ਚੰਗੇ ਲੋਕਾਂ ਦੀ ਕਮੀ ਹੈ ਅਤੇ ਨਾ ਹੀ ਇਸ ਦਾ ਇਹ ਮਤਲਬ ਹੈ ਕਿ ਇਹ ਨੈਤਿਕ ਨਿਘਾਰ ਸਿਰਫ਼ ਸਾਡੇ ਲੋਕਾਂ ਵਿਚ ਹੀ ਹੈ। ਪਰ ਅਸੀਂ ਚਿੰਤਾ ਸਿਰਫ਼ ਆਪਣਿਆਂ ਦੀ ਕਰ ਸਕਦੇ ਹਾਂ ਅਤੇ ਜੇ ਅੱਜਕੱਲ੍ਹ ਕਿਤੇ ਵੀ ਬੈਠੀਏ ਤਾਂ ਗੱਲ ਇਸ ਤਰ੍ਹਾਂ ਦੀਆਂ ਧੋਖਾਧੜੀਆਂ ਅਤੇ ਨੈਤਿਕ ਨਿਘਾਰ ’ਤੇ ਪਹੁੰਚ ਹੀ ਜਾਂਦੀ ਹੈ। ਕੁਝ ਤਾਂ ਅਜਿਹਾ ਹੈ, ਜਿਸ ਬਾਰੇ ਸਾਨੂੰ ਸੋਚਣ ਵਿਚਾਰਨ ਦੀ ਲੋੜ ਹੈ।
ਈ-ਮੇਲ: Jay.shameel@gmail.com