ਡਾ. ਗੁਰਵਿੰਦਰ ਸਿੰਘ
ਗ਼ਦਰ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਵਾ ਸਿੰਘ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ’ਚ ਨਾਂਮਾਤਰ ਹੀ ਮਿਲਦਾ ਹੈ। ਭਾਈ ਮੇਵਾ ਸਿੰਘ ਲੋਪੋਕੇ ਕੈਨੇਡਾ ’ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ। ਉਨ੍ਹਾਂ ਨੇ ਕੈਨੇਡਾ ਅੰਦਰ ਉਸ ਸਮੇਂ ਦੇ ਨਸਲਵਾਦ ਅਤੇ ਭਾਰਤ ਵਿਚਲੇ ਬਸਤੀਵਾਦ ਖ਼ਿਲਾਫ਼ ਜੂਝਦਿਆਂ ਸ਼ਹੀਦੀ ਪਾਈ। ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਦਾ ਇਤਿਹਾਸ ਜਾਣਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਹ ਸ਼ਹਾਦਤ ਹੀ ਅੱਗਿਓਂ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਸਣੇ ਅਨੇਕਾਂ ਗ਼ਦਰੀ ਯੋਧਿਆਂ ਤੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ। 1914 ਨੂੰ ਵੈਨਕੂਵਰ ਸ਼ਹਿਰ ਦੀ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਿਅਲ ਕੋਰਟ ਵਿੱਚ ਇੱਕ ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਜਾਸੂਸ ਅਤੇ ਐਂਗਲੋ-ਇੰਡੀਅਨ ਅਧਿਕਾਰੀ ਹਾਪਕਿਨਸਨ ਨੂੰ ਮਾਰਿਆ ਸੀ ਤੇ ਮਗਰੋਂ ਖ਼ੁਦ ਨੂੰ ਪੁਲੀਸ ਹਵਾਲੇ ਕਰ ਦਿੱਤਾ ਸੀ। ਇਹ ਕਹਾਣੀ ਊਧਮ ਸਿੰਘ ਵੱਲੋਂ ਲੰਡਨ ਜਾ ਕੇ ਮਾਈਕਲ ਉਡਵਾਇਰ ਨੂੰ 1940 ਵਿੱਚ ਮਾਰਨ ਨਾਲ ਕਾਫ਼ੀ ਮਿਲਦੀ ਹੈ, ਫ਼ਰਕ ਸਿਰਫ਼ ਏਨਾ ਹੈ ਕਿ ਸ਼ਹੀਦ ਮੇਵਾ ਸਿੰਘ ਨੇ ਇਹ ਕਾਰਨਾਮਾ 26 ਸਾਲ ਪਹਿਲਾਂ ਕੀਤਾ ਸੀ।
ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਲੋਪੋਕੇ, ਤਹਿਸੀਲ ਅਜਨਾਲਾ ਵਿਖੇ 1880 ਨੂੰ ਸ. ਨੰਦ ਸਿੰਘ ਔਲਖ ਦੇ ਘਰ ਹੋਇਆ। 20ਵੀਂ ਸਦੀ ਦੇ ਸ਼ੁਰੂ ਵਿੱਚ ਹੋਰਨਾਂ ਪੰਜਾਬੀਆਂ ਵਾਂਗ ਮੇਵਾ ਸਿੰਘ ਵੀ ਸੁਨਹਿਰੀ ਭਵਿੱਖ ਸਿਰਜਣ ਲਈ 1906 ਵਿੱਚ ਵੈਨਕੂਵਰ ਆ ਵੱਸੇ। ਉਨ੍ਹਾਂ ਦਿਨੀਂ ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ੀਆਈ ਲੋਕਾਂ ਖਿਲਾਫ਼ ਕਾਲੇ ਕਾਨੂੰਨ ਬਣਾ ਰਹੀ ਸੀ, ਜਿਸ ਦੀ ਸਭ ਤੋਂ ਘਿਣਾਉਣੀ ਮਿਸਾਲ 1907 ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸੀ। ਭਾਈ ਮੇਵਾ ਸਿੰਘ ਭਾਵੇਂ ਕਿਰਤੀ ਵਜੋਂ ਨਿਊ ਵੈਸਟਮਿੰਸਟਰ ਦੀ ਫਰੇਜ਼ਰ ਮਿੱਲ ਵਿੱਚ ਕੰਮ ਕਰਦੇ ਸਨ, ਪਰ ਉਨ੍ਹਾਂ ਦਾ ਸੰਪਰਕ ਆਜ਼ਾਦੀ ਲਈ ਜੂਝਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ।
ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਨਸਲਵਾਦ ਅਤੇ ਸਥਾਪਤੀ ਦੇ ਖ਼ਿਲਾਫ਼ ਸਿੱਖ ਇਤਿਹਾਸ ਦੇ ਕੁਰਬਾਨੀਆਂ ਭਰੇ ਜਜ਼ਬੇ ਤੋਂ ਭਾਈ ਮੇਵਾ ਸਿੰਘ ਲੋਪੋਕੇ ਅੰਦਰ ਆਜ਼ਾਦੀ ਦੀ ਚਿਣਗ ਅਵਚੇਤਨ ਮਨ ਅਤੇ ਪਰੋਖ ਰੂਪ ਵਿੱਚ ਪਹਿਲਾਂ ਹੀ ਮੌਜੂਦ ਸੀ। ਕੈਨੇਡਾ ਵਿਚਲੇ ਨਸਲਵਾਦ ਅਤੇ ਵਿਤਕਰਿਆਂ ਦੇ ਮਾਹੌਲ ਨੇ ਇਸ ਨੂੰ ਹੋਰ ਹਵਾ ਦਿੱਤੀ। ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ। ਇੱਥੇ ਹੀ 21 ਜੂਨ 1908 ਨੂੰ ਮੇਵਾ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਆਪਣਾ ਜੀਵਨ ਜ਼ੁਲਮ ਖਿਲਾਫ਼ ਲੜਨ ਅਤੇ ਸੱਚ ’ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ। ਹੱਕ ਸੱਚ ਅਤੇ ਇਨਸਾਫ਼ ਲਈ ਮਰ-ਮਿਟਣ ਦੀ ਭਾਈ ਸਾਹਿਬ ਦੀ ਭਾਵਨਾ ਇਸ ਗੱਲ ਤੋਂ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਅਜੇ ਉਨ੍ਹਾਂ ਨੇ ਵਿਆਹ ਵੀ ਨਹੀਂ ਸੀ ਕਰਾਇਆ, ਜਦੋਂ ਉਹ ਭਰ ਜੁਆਨੀ ਵਿੱਚ ਹੀ ਸ਼ਹੀਦੀ ਪਾ ਗਏ।
ਸ਼ਹੀਦ ਮੇਵਾ ਸਿੰਘ ਦੇ ਜੀਵਨ ’ਤੇ ਕੌਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ ਵਿੱਚ ‘ਗੁਰੂ ਨਾਨਕ ਜਹਾਜ਼’ ਜਿਸ ਨੂੰ ਸਮੁੰਦਰੀ ਬੇੜੇ ਕੌਮਾਗਾਟਾ ਮਾਰੂ ਵਜੋਂ ਜਾਣਿਆ ਜਾਂਦਾ ਹੈ, ਦੇ ਵੈਨਕੂਵਰ ਪੁੱਜਣ ’ਤੇ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਰਾਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕ ਦਿੱਤਾ। ਭਾਈ ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ ਵਿੱਚ ਵੱਸਦੇ ਸਾਰੇ ਗ਼ਦਰੀ ਯੋਧਿਆਂ ਅੰਦਰ ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ ਉਨ੍ਹਾਂ ਨੂੰ ਵਾਪਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਗ਼ਦਰੀ ਬਾਬਿਆਂ ਨੇ ਫ਼ੈਸਲਾ ਕੀਤਾ ਕਿ ਕੌਮਾਗਾਟਾ ਮਾਰੂ ਦੇ ਵਾਪਸ ਜਾਣ ਤੋਂ ਪਹਿਲਾਂ ਇਸ ਦੇ ਸਵਾਰਾਂ ਰਾਹੀਂ ਭਾਰਤ ਅੰਦਰ ਗ਼ਦਰ ਲਹਿਰ ਦੇ ਸਾਹਿਤ ਤੋਂ ਇਲਾਵਾ ਹਥਿਆਰ ਵੀ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਵੈਨਕੂਵਰ ਦੇ ਆਗੂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਸਮੇਤ ਭਾਈ ਮੇਵਾ ਸਿੰਘ ਕੈਨੇਡਾ ਵੀ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਏ, ਜਿੱਥੋਂ ਹਥਿਆਰ ਖ਼ਰੀਦ ਕੇ ਅਗਲੇ ਦਿਨ ਵਾਪਸ ਪਰਤੇ।
ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿੱਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਲ ਹੁੰਦਿਆਂ ਭਾਈ ਮੇਵਾ ਸਿੰਘ ਵੀ ਬਾਕੀ ਗ਼ਦਰੀ ਆਗੂਆਂ ਸਮੇਤ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ। ਉਨ੍ਹਾਂ ਨੂੰ ਹਿੰਦ ਸਰਕਾਰ ਦੇ ਸੂਹੀਏ ਵਿਲੀਅਮ ਹਾਪਕਿਨਸਨ ਅਤੇ ਇਮੀਗ੍ਰੇਸ਼ਨ ਅਧਿਕਾਰੀ ਮੈਕਲਮ ਹੀਡ ਨੇ ਕਈ ਤਰ੍ਹਾਂ ਦੀ ਸਜ਼ਾ ਦੇ ਡਰਾਵੇ ਤੇ ਰਿਹਾਈ ਦੇ ਲਾਲਚ ਦੇ ਕੇ ਹੋਰਨਾਂ ਗ਼ਦਰੀ ਯੋਧਿਆਂ ਖਿਲਾਫ਼ ਬਿਆਨ ਦੇਣ ਲਈ ਧਮਕਾਇਆ, ਪਰ ਭਾਈ ਮੇਵਾ ਸਿੰਘ ਨੇ ਝੂਠੀ ਗਵਾਹੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਗਰੋਂ 7 ਅਗਸਤ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਇਸ ਦੌਰਾਨ ਹੀ 23 ਜੁਲਾਈ ਨੂੰ ਕੌਮਾਗਾਟਾ ਮਾਰੂ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੋਂ ਮੋੜ ਦਿੱਤਾ, ਜਿਸ ਕਰਕੇ ਗ਼ਦਰੀ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜ ਖਿਲਾਫ਼ ਵਿਰੋਧ ਸਿਖਰਾਂ ’ਤੇ ਸੀ।
4 ਅਗਸਤ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗ਼ਦਰੀ ਬਾਬੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ ਤਾਂ ਇੱਕ ਸਰਕਾਰੀ ਪਿੱਠੂ ਬੇਲੇ ਜਿਆਣ ਨੇ ਹਾਪਕਿਨਸਨ ਦੀ ਸ਼ਹਿ ’ਤੇ ਵਹਿਸ਼ੀਆਨਾ ਕਾਰਵਾਈ ਕਰਦਿਆਂ 5 ਸਤੰਬਰ ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਚਲਾ ਦਿੱਤੀਆਂ। ਦੀਵਾਨ ਹਾਲ ਅੰਦਰ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਨ੍ਹਾਂ ਨੂੰ ਬਚਾਉਂਦਿਆਂ ਭਾਈ ਬਤਨ ਸਿੰਘ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿੱਚੋਂ ਕਈ ਹੋਰ ਵਿਅਕਤੀ ਜ਼ਖ਼ਮੀ ਵੀ ਹੋਏ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਦਰਦਨਾਕ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਉਨ੍ਹਾਂ ਦੀ ਨਜ਼ਰ ਵਿੱਚ ਇਸ ਦੁਖਾਂਤ ਲਈ ਹਾਪਕਿਨਸਨ ਤੇ ਰੀਡ ਮੁੱਖ ਦੋਸ਼ੀ ਸਨ।
21 ਅਕਤੂਬਰ 1914 ਨੂੰ ਗ਼ੱਦਾਰ ਬੇਲਾ ਜਿਆਣ ਖਿਲਾਫ਼ ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ। ਅਜੇ ਉਹ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਆਪਣੇ ਪਿਸਤੌਲ ਅਤੇ ਰਿਵਾਲਵਰ ਦੋਹਾਂ ਹੱਥਾਂ ਵਿੱਚ ਵਾਰੀ-ਵਾਰੀ ਲੈ ਕੇ, ਗੋਲੀਆਂ ਦਾਗ਼ ਦਿੱਤੀਆਂ। ਹਾਪਕਿਨਸਨ ਮੌਕੇ ’ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲੀਸ ਹਵਾਲੇ ਕਰ ਦਿੱਤਾ। 30 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ’ਤੇ ਮੁਕੱਦਮੇ ਦੀ ਸੁਣਵਾਈ ਲਈ ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵੱਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਚਾਓ ਪੱਖ ਦੇ ਵਕੀਲ ਮਿਸਟਰ ਵੁੱਡ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ ਵਿੱਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿਨ੍ਹਾਂ ’ਚੋਂ ਚਾਰ ਕੁ ਹੀ ਭਾਰਤੀ ਸਨ।
ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ ਇਸ ਮੌਕੇ ’ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਤੇ ਨਿਡਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਇੰਟਰਪਰੇਟਰ ਮਿਸਟਰ ਡਾਲਟਨ ਵੱਲੋਂ ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ, ਜਿਨ੍ਹਾਂ ਨੂੰ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਪੰਜਾਬੀ ਵਿੱਚ ਇਉਂ ਲਿਖਿਆ ਹੈ: ‘‘ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ। ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪਰੇਸ਼ਾਨੀਆਂ ਝੱਲਣੀਆਂ ਪਈਆਂ ਹਨ… ਅਸੀਂ ਸਿੱਖ ਗੁਰਦੁਆਰੇ ’ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰਦੁਆਰੇ ਵਿੱਚ ਗੋਲੀ ਚਲਾ ਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ ਵਿੱਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ਵਿੱਚ ਅੱਗ ਲਾ ਦਿੱਤੀ ਹੈ। ਇਹ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ।’’
‘‘ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ ’ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈ ਹਾਪਕਿਨਸਨ ਨੂੰ ਗੋਲ਼ੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈਂ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲੀਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ…।’’ ਭਾਈ ਮੇਵਾ ਸਿੰਘ ਦਾ ਵੈਨਕੂਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ ਵਿੱਚ ਉਨ੍ਹਾਂ ਪਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਉ ਦੀ ਦਿਲਕੰਬਾਊ ਤਸਵੀਰ ਪੇਸ਼ ਕੀਤੀ ਗਈ ਹੈ। ਆਪਣੇ ਸ਼ਬਦਾਂ ’ਚ ਕਤਲ ਦੀ ਜ਼ਿੰਮੇਵਾਰੀ ਕਬੂਲਣ ਮਗਰੋਂ ਅਦਾਲਤ ਨੇ ਸਿਰਫ਼ ਇੱਕ ਘੰਟਾ ਚਾਲੀ ਮਿੰਟ ਵਿੱਚ ਫ਼ੈਸਲਾ ਕਰਦਿਆਂ ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ।
11 ਜਨਵਰੀ 1915 ਨੂੰ ਨਿਊ ਵੈਸਟਮਿੰਸਟਰ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਸਵੇਰੇ ਪੌਣੇ ਅੱਠ ਵਜੇ ਭਾਈ ਮੇਵਾ ਸਿੰਘ ਗੁਰਬਾਣੀ ਦਾ ਗਾਇਨ ਕਰਦਿਆਂ ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਦੇ ਬਾਹਰ ਹਾਜ਼ਰ ਚਾਰ ਸੌ ਦੇ ਕਰੀਬ ਲੋਕ ਵੈਰਾਗ ਵਿੱਚ ‘ਸ਼ਹੀਦ ਮੇਵਾ ਸਿੰਘ ਅਮਰ ਰਹੇ’ ਦੇ ਨਾਅਰੇ ਲਾ ਕੇ ਧਰਮੀ ਯੋਧੇ ਦੀ ਜੈ ਜੈ ਕਾਰ ਕਰ ਰਹੇ ਸਨ। ਭਾਈ ਸਾਹਿਬ ਦੀ ਸ਼ਹਾਦਤ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਲੰਮੀ ਜੰਗ ਦੀ ਪ੍ਰਤੀਕ ਹੈ ਜੋ ਅੱਜ ਵੀ ਜਾਰੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਨਸਲਵਾਦ ਅਤੇ ਬਸਤੀਵਾਦ ਦਾ ਅੱਜ ਨਵਾਂ ਰੂਪ ਵੇਖਣ ਨੂੰ ਮਿਲ ਰਿਹਾ ਹੈ।
ਸੰਪਰਕ: 001 -604-825-1550